ਕੁਝ ਦਿਨ ਪਹਿਲਾਂ ਇਹ ਖ਼ਬਰ ਪੜ੍ਹਨ ਨੂੰ ਮਿਲੀ ਕਿ ਆਮ ਆਦਮੀ ਪਾਰਟੀ ਦੇ ਬਾਗ਼ੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਇਸ ਤੋਂ ਬਾਅਦ ਛੇਤੀ ਹੀ ਸਮਾਜਿਕ ਮਾਧਿਅਮਾਂ ਉੱਤੇ ਸੁਨੇਹਿਆਂ ਦੀ ਭਰਮਾਰ ਲੱਗ ਗਈ ਜਿਨ੍ਹਾਂ ਵਿੱਚ ਸੁਖਪਾਲ ਸਿੰਘ ਖਹਿਰਾ ਦੇ ਇਸ ਕਦਮ ਨੂੰ ਕਾਫ਼ੀ ਨਿੰਦਿਆ ਜਾ ਰਿਹਾ ਸੀ।
ਯਕੀਨ ਮੰਨਿਓ, ਜਦ ਮੈਂ ਇਹ ਖ਼ਬਰ ਪੜ੍ਹੀ ਤਾਂ ਮੈਨੂੰ ਉੱਕਾ ਹੀ ਕੋਈ ਹੈਰਾਨੀ ਨਹੀਂ ਹੋਈ ਕਿਉਂਕਿ ਅਜਿਹੇ ਰਾਜਨੇਤਾਵਾਂ ਨੂੰ ਮੈਂ ਥਾਲੀ ਦੇ ਬਤਾਊਂਆਂ ਵਾਂਙੂ ਗਿਣਦਾ ਹਾਂ ਜਿਹੜੇ ਵਕ਼ਤ ਦੇ ਨਾਲ-ਨਾਲ ਏਧਰ ਓਧਰ ਰਿੜਦੇ ਰਹਿੰਦੇ ਹਨ।
ਅਸਲ ਵਿਚ ਮਸਲਾ ਇਹ ਹੈ ਕਿ ਸਾਨੂੰ ਪੰਜਾਬੀਆਂ ਨੂੰ ਰਾਜਨੀਤੀ ਦੀ ਸਮਝ ਹੈ ਹੀ ਨਹੀਂ। ਅਸੀਂ ਸ਼ਰਧਾਲੂ ਜਾਂ ਭਾਵੁਕ ਹੋ ਕੇ ਬੰਦਿਆਂ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹਨ ਨਾ ਕਿ ਮੁੱਦਿਆਂ ਦੀ ਪੈਰਵਾਈ ਕਰਦੇ ਹਾਂ। ਇਹੀ ਸਭ ਤੋਂ ਵੱਡਾ ਮਸਲਾ ਹੈ ਜਿਹੜਾ ਕਿ ਸਾਨੂੰ ਕਦੀ ਹੈਰਾਨ ਕਰਦਾ ਹੈ, ਕਦੀ ਭੰਬਲਭੂਸਾ ਪਾ ਦਿੰਦਾ ਹੈ ਅਤੇ ਕਦੀ ਪਿੱਛਲੱਗੂ ਬਣਾ ਦਿੰਦਾ ਹੈ।
ਜੇਕਰ ਤੁਸੀਂ ਮੇਰੇ ਪੁਰਾਣੇ ਰਾਜਨੀਤਕ ਚੋਣਾਂ ਬਾਰੇ ਤੇ ਹੋਰ ਬਲੌਗ ਇੱਥੇ ਅਤੇ ਇੱਥੇ ਪੜ੍ਹੋ ਤਾਂ ਤੁਸੀਂ ਵੇਖੋਗੇ ਕਿ ਮੈਂ ਤਾਂ ਆਮ ਆਦਮੀ ਪਾਰਟੀ ਨੂੰ ਕਦੀ ਵੀ ਆਜ਼ਾਦ ਅਤੇ ਖੁਦ-ਮੁਖ਼ਤਿਆਰ ਰਾਜਨੀਤਕ ਪਾਰਟੀ ਮੰਨਿਆ ਹੀ ਨਹੀਂ। ਜਦ ਦੀ ਇਸ ਪਾਰਟੀ ਦੀ ਉਪਜ ਹੋਈ ਹੈ ਹਮੇਸ਼ਾਂ ਹੀ ਇਹ ਸ਼ੱਕ ਰਿਹਾ ਹੈ ਕਿ ਇਹ ਭਾਜਪਾ ਦਾ ਹੀ ਇੱਕ ਪਾਸਾ ਹੈ।
ਜੇਕਰ ਆਨੰਦਪੁਰ ਸਾਹਿਬ ਦਾ ਮਤਾ ਪੜ੍ਹ ਲਈਏ ਤਾਂ ਪਤਾ ਨਹੀਂ ਪੰਜਾਬ ਨਾਲ ਸਬੰਧਤ ਕਿੰਨੇ ਹੀ ਰਾਜਨੀਤਕ ਮੁੱਦੇ ਹਨ। ਪਰ ਆਮ ਆਦਮੀ ਪਾਰਟੀ ਵਰਗਿਆਂ ਨੇ ਇਨ੍ਹਾਂ ਸਾਰਿਆਂ ਨੂੰ ਅੱਖੋਂ ਪਰੋਖੇ ਕਰਕੇ ਬਿਨਾਂ ਕਿਸੇ ਮੁੱਦੇ ਨੂੰ ਚੁੱਕਿਆ ਹੁਣ ਤੱਕ ਸਾਰਾ ਰੌਲਾ ਇਸ ਗੱਲ ਦਾ ਹੀ ਪਾਇਆ ਹੈ ਕਿ ਭ੍ਰਿਸ਼ਟਾਚਾਰ ਮੁਕਾਓ।
ਭ੍ਰਿਸ਼ਟਾਚਾਰ ਇੱਕ ਬਿਮਾਰੀ ਤਾਂ ਹੋ ਸਕਦੀ ਹੈ ਪਰ ਮੁੱਦਾ ਨਹੀਂ। ਜੇ ਕਰ ਵੱਡੇ ਮੁੱਦੇ ਸੁਲਝਾ ਲਏ ਜਾਣ ਤਾਂ ਇਹ ਛੋਟੀਆਂ ਮੋਟੀਆਂ ਬਿਮਾਰੀਆਂ ਆਪੇ ਹੀ ਖਤਮ ਹੋ ਜਾਣਗੀਆਂ।

ਇੱਕ ਹੋਰ ਮਿਸਾਲ ਦੇ ਤੌਰ ਤੇ, ਇਸੇ ਤਰ੍ਹਾਂ ਹੀ ਪੰਜਾਬ ਦੀ ਇੱਕ ਹੋਰ ਛੋਟੀ ਜਿਹੀ ਪਾਰਟੀ ਦਾ ਇੱਕ ਵਿਧਾਇਕ ਕੁਝ ਸਾਲ ਪਹਿਲਾਂ ਬੜੇ ਚਾਅ ਨਾਲ ਫੇਸਬੁੱਕ ਉਤੇ ਲਾਈਵ ਹੋ ਜਾਂਦਾ ਸੀ ਅਤੇ ਛੋਟੇ ਮੋਟੇ ਕਲਰਕਾਂ ਦੇ ਦੁਆਲੇ ਹੋਇਆ ਰਹਿੰਦਾ ਸੀ। ਕਦੀ ਕਿਸੇ ਦੀ ਫਾਈਲ ਵਿੱਚੋਂ ਹਜ਼ਾਰ ਰੁਪਈਆ ਵਖਾ ਦਿੱਤਾ ਅਤੇ ਕਦੇ ਕਿਸੇ ਦੀ ਜੇਬ ਵਿੱਚੋਂ ਦੋ ਹਜ਼ਾਰ ਬਰਾਮਦ ਕਰਵਾ ਲਿਆ। ਇਸ ਸਭ ਦੇ ਨਾਲ ਦੇ ਨਾਲ ਫੇਸਬੁੱਕ ਰਾਹੀਂ ਮਸ਼ਹੂਰੀ ਵੱਖਰੀ। ਪਰ ਕੀ ਇਸ ਨਾਲ ਪੰਜਾਬ ਦਾ ਭ੍ਰਿਸ਼ਟਾਚਾਰ ਖ਼ਤਮ ਹੋ ਗਿਆ? ਭ੍ਰਿਸ਼ਟਾਚਾਰ ਤਾਂ ਖ਼ਤਮ ਹੋਏਗਾ ਜੇ ਭ੍ਰਿਸ਼ਟਾਚਾਰ ਦੀ ਜੜ੍ਹ ਨੂੰ ਹੱਥ ਪਾਓਗੇ ਨਾ ਕੇ ਛੋਟੇ ਮੋਟੇ ਪੱਤਿਆਂ ਨੂੰ।
ਗੱਲ ਖਹਿਰੇ ਵੱਲ ਮੋੜਦੇ ਹਾਂ। ਪੰਜਾਬ ਦਾ ਅੱਜ ਇੱਕ ਮਸਲਾ ਇਹ ਵੀ ਬਣਿਆ ਹੋਇਆ ਹੈ ਕਿ ਪੰਜਾਬ ਦੇ ਵਿੱਚ ਵਿਧਾਇਕ ਤੁਹਾਨੂੰ ਘੱਟ ਲੱਭਣਗੇ ਦੇ ਮੁੱਖ ਮੰਤਰੀ ਦੇ ਦਾਅਵੇਦਾਰ ਜ਼ਿਆਦਾ। ਉਧਰ ਅਕਾਲੀ ਦਲ ਨਾਲੋਂ ਵੱਖ ਹੋ ਕੇ ਭਾਜਪਾ ਤਾਂ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਉਹ ਸੰਨ 2022 ਵਿੱਚ ਪੰਜਾਬ ਦੀਆਂ ਸਾਰੀਆਂ ਸੀਟਾਂ ਦੇ ਉੱਤੇ ਸੂਬਾਈ ਚੋਣਾਂ ਲੜੇਗੀ।
ਓਧਰ ਛੇ ਮਹੀਨੇ ਤੋਂ ਵੱਧ ਚੱਲ ਰਹੇ ਕਿਸਾਨ ਸੰਘਰਸ਼ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਹੋਣੀਆਂ ਵੇਖਣ ਨੂੰ ਮਿਲੀਆਂ ਹਨ। ਕਿਸਾਨ ਸੰਘਰਸ਼ ਵਿੱਚੋਂ ਸਿਆਸੀ ਅਤੇ ਖੁਦ-ਮੁਖ਼ਤਿਆਰੀ ਦੀਆਂ ਧਾਰਾਂ ਚੋਂਦੇ ਕਈ ਪਿਆਦੇ ਆਉਂਦੇ ਜਾਂਦੇ ਰਹੇ ਹਨ। ਇਸ ਸਾਰੇ ਰੌਲ਼-ਘਚੌਲੇ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਵੀ ਮਹਿਸੂਸ ਹੋ ਗਿਆ ਹੋਵੇਗਾ ਕਿ ਉਸਦਾ ਆਪਣਾ ਰਾਜਨੀਤਕ ਕੱਦ ਕਿਸੇ ਪਿਆਦੇ ਨਾਲੋਂ ਵੱਧ ਨਹੀਂ ਹੈ। ਸੋ ਕੋਈ ਚਾਰਾ ਨਾ ਚੱਲਦਾ ਵੇਖ ਅਤੇ ਸੰਨ 2022 ਦੀਆਂ ਚੋਣਾਂ ਨੇੜੇ ਆਉਂਦੀਆਂ ਵੇਖ ਆਪਣਾ ਡਾਵਾਂਡੋਲ ਰਾਜਨੀਤਕ ਭਵਿੱਖ ਕਿਸੇ ਤਰ੍ਹਾਂ ਬਚਾਉਣ ਲਈ ਹੁਣ ਉਸ ਨੇ ਆ ਕੇ ਕਾਂਗਰਸ ਪਾਰਟੀ ਵਿੱਚ ਪਨਾਹ ਲੈ ਲਈ ਹੈ।
ਅਜਿਹੀਆਂ ਬਾਂਦਰ ਟਪੂਸੀਆਂ ਤੋਂ ਕੀ ਪੰਜਾਬੀ ਕੋਈ ਸਬਕ ਸਿੱਖਣਗੇ ਜਾਂ ਨਹੀਂ? ਇਹ ਤਾਂ ਆਉਣ ਵਾਲਾ ਵਕ਼ਤ ਹੀ ਦੱਸੇਗਾ ਜਿਸ ਦਿਨ 2022 ਦੀਆਂ ਚੋਣਾਂ ਹੋਣਗੀਆਂ। ਪਰ ਜਿਸ ਤਰ੍ਹਾਂ ਪਿਛਲੇ ਛੇ ਮਹੀਨਿਆਂ ਦੇ ਵਿੱਚ ਕਿਸਾਨ ਸੰਘਰਸ਼ ਤੋਂ ਲੈ ਕੇ ਜੋ ਕੁਝ ਵੀ ਹੁਣ ਤੱਕ ਹਿੰਦ ਪੰਜਾਬ ਵਿੱਚ ਵਾਪਰਿਆ ਹੈ ਕੀ ਉਸ ਤੋਂ ਇਸ ਗੱਲ ਦੀ ਸੋਝੀ ਆ ਗਈ ਹੋਵੇਗੀ ਕਿ ਪਿਆਦਿਆਂ ਨਾਲੋਂ ਮੁੱਦੇ ਜ਼ਿਆਦਾ ਜ਼ਰੂਰੀ ਹੁੰਦੇ ਹਨ?
One thought on “ਸਿਆਸੀ ਪਿਆਦੇ”