Posted in ਚਰਚਾ

ਕਿਸਾਨ ਸੰਘਰਸ਼ ਦੀ ਅਗਵਾਈ ਅਤੇ ਨੌਜੁਆਨ

ਅੱਜ ਸਾਂਝਾ ਟੀ ਵੀ (ਸਰ੍ਹੀ, ਬੀ ਸੀ ਕੈਨੇਡਾ) ਨਾਲ ਕਿਸਾਨ ਸੰਘਰਸ਼ ਦੇ ਵਰਤਮਾਨ ਅਤੇ ਭਵਿੱਖ ਬਾਰੇ ਖੁੱਲ ਕੇ ਗੱਲ ਹੋਈ। ਕਈ ਪਹਿਲੂ ਵਿਚਾਰੇ ਗਏ ਜਿੰਨ੍ਹਾਂ ਵਿੱਚ ਸੰਘਰਸ਼ ਦੀ ਅਗਵਾਈ ਅਤੇ ਨੌਜੁਆਨਾਂ ਉੱਤੇ ਵੀ ਚਰਚਾ ਹੋਈ। ਇਸ ਦੇ ਬਾਰੇ ਇਥੇ ਕੁਝ ਹੋਰ ਲਿਖਣ ਦੀ ਲੋੜ ਨਹੀਂ ਹੈ ਕਿਉਂਕਿ ਸਾਂਝਾ ਟੀ ਵੀ ਦੇ ਇਸ ਪ੍ਰੋਗਰਾਮ ਦੀ ਰਿਕਾਰਡਿੰਗ ਯੂਟਿਊਬ ਤੇ ਹੈ ਇਸ ਲਈ ਉਸਦਾ ਲਿੰਕ ਹੇਠਾਂ ਸਾਂਝਾ ਕਰ ਦਿੱਤਾ ਹੈ।

ਤੁਹਾਡੀਆਂ ਟਿੱਪਣੀਆਂ ਦੀ ਉਡੀਕ ਰਹੇਗੀ।

Processing…
Success! You're on the list.
Posted in ਚਰਚਾ

ਫੇਸਬੁੱਕ ਅਤੇ ਇਨਕਲਾਬ

ਅੱਜ ਆਸਟ੍ਰੇਲੀਆ ਦੁਨੀਆਂ ਦਾ ਉਹ ਪਹਿਲਾ ਮੁਲਕ ਬਣ ਗਿਆ ਜਿਸ ਨੇ ਫੇਸਬੁੱਕ ਨੂੰ ਲਗਾਮ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਆਸਟ੍ਰੇਲੀਆ ਉਹ ਕਨੂੰਨ ਲਾਗੂ ਕਰਨ ਜਾ ਰਿਹਾ ਹੈ ਜਿਨ੍ਹਾਂ ਦੇ ਹੇਠ ਫੇਸਬੁਕ ਮੁਫ਼ਤ ਦੇ ਵਿਚ ਆਸਟ੍ਰੇਲੀਆ ਦੇ ਅਖ਼ਬਾਰਾਂ ਅਤੇ ਸੰਚਾਰ ਮਾਧਿਅਮਾਂ ਦੀਆਂ ਕੋਈ ਵੀ ਖਬਰਾਂ ਬਿਨਾ ਕਿਸੇ ਮੁਆਵਜ਼ੇ ਦੇ ਦੁਨੀਆ ਵਿਚ ਸਾਂਝੀਆਂ ਨਹੀਂ ਕਰ ਸਕਦਾ।   

ਆਸਟ੍ਰੇਲੀਆ ਦੇ ਅਖ਼ਬਾਰ ਅਤੇ ਹੋਰ ਸੰਚਾਰ ਮਾਧਿਅਮ ਚਾਹੁੰਦੇ ਹਨ ਕਿ ਫੇਸਬੁੱਕ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦੇਵੇ। ਗੂਗਲ ਨੇ ਵੀ ਇਹੋ ਜਿਹੀ ਧਮਕੀ ਦਿੱਤੀ ਸੀ ਪਰ ਪਤਾ ਲੱਗਾ ਹੈ ਕਿ ਗੂਗਲ ਨੇ ਆਪਣੀ ਪੂਛ ਲੱਤਾਂ ਚ ਦੇ ਕੇ ਆਸਟ੍ਰੇਲੀਆ ਦੇ ਕਈ ਅਖ਼ਬਾਰਾਂ ਅਤੇ ਸੰਚਾਰ ਮਾਧਿਅਮਾਂ ਦੇ ਨਾਲ ਮਾਲੀ ਸਮਝੌਤਾ ਕਰ ਲਿਆ ਹੈ। ਨਾਲੇ ਪਿੱਛੇ ਜਿਹੇ ਮਾਈਕ੍ਰੋਸੌਫਟ ਨੇ ਐਲਾਨ ਕੀਤਾ ਸੀ ਕਿ ਜੇਕਰ ਗੂਗਲ ਆਸਟ੍ਰੇਲੀਆ ਵਿੱਚੋਂ ਹਟਦੀ ਹੈ ਤਾਂ ਉਹ ਗੂਗਲ ਦਾ ਖੱਪਾ ਭਰਨ ਨੂੰ ਤਿਆਰ ਹੈ।

ਅੱਜ ਫੇਸਬੁੱਕ ਨੇ ਆਸਟ੍ਰੇਲੀਆ ਦੇ ਸਾਰੇ ਸੰਚਾਰ ਮਾਧਿਅਮਾਂ ਦੀ ਆਪਣੇ ਪਲੈਟਫਾਰਮ ਤੇ ਪਾਬੰਧੀ ਲਾ ਕੇ ਉਨ੍ਹਾਂ ਦੇ ਖਾਤੇ ਖਾਲੀ ਕਰ ਦਿੱਤੇ ਹਨ ਤਾਂ ਜੋ ਉਹ ਫੇਸਬੁੱਕ ਰਾਹੀਂ ਆਪਣੀ ਕੋਈ ਖ਼ਬਰ ਸਾਂਝੀ ਨਾ ਕਰ ਸਕਨ। ਹਾਲਾਂਕਿ ਟਵਿੱਟਰ ਰਾਹੀਂ ਜਾਂ ਤਸਵੀਰਾਂ ਰਾਹੀਂ ਆਸਟ੍ਰੇਲੀਆ ਦੇ ਸੰਚਾਰ ਮਾਧਿਅਮ ਫੇਸਬੁੱਕ ਤੇ ਆਪਣੀਆਂ ਖ਼ਬਰਾਂ ਚੜ੍ਹਾ ਸਕਦੇ ਹਨ ਪਰ ਸਿਰ ਦੁਆਲੇ ਬਾਂਹ ਘੁਮਾ ਕੇ ਕੰਨ ਕੌਣ ਫੜੇ?

ਪਰ ਕੀ ਇਸ ਨਾਲ ਖ਼ਬਰਾਂ ਦੇ ਪਸਾਰ ਦੇ ਉੱਤੇ ਕੋਈ ਫ਼ਰਕ ਪਵੇਗਾ? ਮੇਰੀ ਜਾਚੇ ਤਾਂ ਨਹੀਂ ਪੈਣਾ ਚਾਹੀਦਾ। ਜਦੋਂ ਇਸ ਦੁਨੀਆਂ ਵਿੱਚ ਫੇਸਬੁੱਕ ਨਹੀਂ ਸੀ ਹੁੰਦੀ ਤਾਂ ਕੀ ਦੁਨੀਆਂ ਦੇ ਉੱਤੇ ਖਬਰਾਂ ਸਾਂਝੀਆਂ ਨਹੀਂ ਸੀ ਹੁੰਦੀਆਂ? ਕਿ ਜਦ ਫੇਸਬੁੱਕ ਨਹੀਂ ਸੀ ਹੁੰਦੀ ਤਾਂ ਕੀ ਆਮ ਲੋਕਾਂ ਦੇ ਹੱਕਾਂ ਦੀ ਆਵਾਜ਼ ਦੁਨੀਆਂ ਦੇ ਵਿੱਚ ਨਹੀਂ ਸੀ ਸੁਣੀ ਜਾਂਦੀ? ਲੱਗਦਾ ਹੈ ਕਿ ਕੁੱਕੜ ਇਹ ਸੋਚ ਰਿਹਾ ਹੈ ਕਿ ਮੇਰੇ ਬਾਂਗ ਦਿੱਤੇ ਬਿਨਾ ਦਿਨ ਨਹੀਂ ਚੜ੍ਹਣਾ! 

ਇਹ ਠੀਕ ਹੈ ਕਿ ਫੇਸਬੁੱਕ ਨੇ ਕੁਝ ਚੀਜ਼ਾਂ ਬਹੁਤ ਸੌਖੀਆਂ ਕਰ ਦਿੱਤੀਆਂ ਹਨ। ਪਰ ਕੀ ਇਹ ਸੁਸਤ ਅਤੇ ਅਲਗਰਜ਼ ਲੋਕਾਂ ਦਾ ਬਹਾਨਾ ਨਹੀਂ ਕਿ ਜੇ ਫੇਸਬੁੱਕ ਨਾ ਹੋਵੇ ਤਾਂ ਸ਼ਾਇਦ ਦੁਨੀਆਂ ਖੜ੍ਹ ਹੀ ਜਾਵੇਗੀ। ਅੱਜ ਆਸਟ੍ਰੇਲੀਆ ਖੜ੍ਹ ਨਹੀਂ ਗਿਆ; ਸੂਰਜ ਉਵੇਂ ਹੀ ਚੜ੍ਹਿਆ ਅਤੇ ਉਵੇਂ ਹੀ ਡੁੱਬਿਆ ਜਿਵੇਂ ਕਿ ਆਮ ਹੁੰਦਾ ਹੈ। ਨਾਲੇ ਗੂਗਲ ਤਾਂ ਰਾਹ ਸਿਰ ਆ ਹੀ ਗਿਆ ਹੈ।    

ਅੱਜ ਦੇ ਸਮਾਜਿਕ ਮਾਧਿਅਮਾਂ ਨੇ ਦੁਨੀਆਂ ਨੂੰ ਅਸਲੀਅਤ ਤੋਂ ਬਹੁਤ ਦੂਰ ਕਰ ਦਿੱਤਾ ਹੈ। ਇਸ ਦੀ ਇਕ ਮਿਸਾਲ ਪੰਜਾਬ ਦੀ ਹੀ ਦੇ ਸਕਦੇ ਹਾਂ ਜਿੱਥੇ ਮੌਜੂਦਾ ਚੱਲਦੇ ਕਿਸਾਨ ਸੰਘਰਸ਼ ਦੇ ਦੌਰਾਨ ‘ਜੀਓ’ ਕੰਪਨੀ ਦੇ ਵਿਰੋਧੀ ਤਾਂ ਬਹੁਤ ਬਣ ਗਏ। ਉਨ੍ਹਾਂ ਨੇ ਜੀਓ ਦਾ ਸਿੰਮ ਬਦਲਣ ਲਈ ਤਾਂ ਪੂਰੀ ਲਹਿਰ ਚਲਾ ਦਿੱਤੀ ਅਤੇ ਜੋਸ਼ ਵਿੱਚ ਆ ਕੇ ਜੀਓ ਦੀਆਂ ਅਟਾਰੀਆਂ ਦੀਆਂ ਤਾਰਾਂ ਵੀ ਕੱਟ ਦਿੱਤੀਆਂ ਪਰ ਜਦ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਉਹੀ ਕੰਪਨੀ ਜਿਹੜੀ ਜੀਓ ਚਲਾ ਰਹੀ ਹੈ ਉਹੀ ਕੰਪਨੀ ਵ੍ਹੱਟਸਐਪ ਦਾ ਭਾਰਤੀ ਕਾਰੋਬਾਰ ਖ਼ਰੀਦ ਚੁੱਕੀ ਹੈ ਅਤੇ ਉਹ ਵ੍ਹੱਟਸਐਪ ਦੇ ਉੱਤੇ ਭੁਗਤਾਨ ਆਦਿ ਦਾ ਵੀ ਕੰਮ ਕਰੇਗੀ ਤਾਂ ਉਹੀ ਲੋਕ ਵ੍ਹੱਟਸਐਪ ਦੇ ਸੰਬੰਧ ਵਿੱਚ ਘੇਸਲ ਵੱਟ ਗਏ ਕਿਉਂਕਿ ਵ੍ਹੱਟਸਐਪ ਉਨ੍ਹਾਂ ਨੂੰ ਅਫ਼ੀਮ ਦੇ ਅਮਲ ਵਾਂਙ ਨਿਗਲ ਚੁੱਕੀ ਹੈ। ਕਿਸੇ ਵਿੱਚ ਵੀ ਏਨਾ ਦਮ ਨਹੀਂ ਹੈ ਕਿ ਉਹ ਆਪਣੇ ਫ਼ੋਨ ਤੋਂ ਵ੍ਹੱਟਸਐਪ ਕੱਢ ਦੇਵੇ। 

ਇਸ ਸਭ ਨੂੰ ਪਾਖੰਡਵਾਦ ਅਤੇ ਦੂਹਰੇ ਮਾਪਦੰਡ ਕਿਹਾ ਜਾਂਦਾ ਹੈ। ਠੀਕ ਉਸੇ ਤਰ੍ਹਾਂ ਹੀ ਜਿਵੇਂ ਲੋਕ ਵ੍ਹੱਟਸਐਪ ਦੇ ਜੰਜਾਲ ਵਿੱਚੋਂ ਤਾਂ ਨਹੀਂ ਨਿਕਲ ਨਹੀਂ ਸਕੇ ਅਤੇ ਸਗੋਂ ਅਫੀਮਚੀਆਂ ਵਾਂਙ ਇਹੀ  ਸੋਚਦੇ ਹਨ ਕਿ ਜੇ ਫੇਸਬੁੱਕ ਹੈ ਤਾਂ ਕੁਰਸੀ ਤੇ ਬੈਠਿਆਂ-ਬੈਠਿਆਂ ਹੀ ਇਨਕਲਾਬ ਆ ਜਾਵੇਗਾ। 

ਪਤਾ ਨਹੀਂ ਇਹ ਲੱਗੀ ਹੋਈ ਪੀਨਕ ਕਦੀ ਟੁੱਟੇਗੀ ਵੀ ਕਿ ਨਹੀਂ। 

Posted in ਚਰਚਾ

ਛੁਣਛੁਣੇ ਦਾ ਕਮਾਲ

ਦੇਸ ਪੰਜਾਬ ਤੋਂ ਬਾਹਰ—ਖ਼ਾਸ ਕਰਕੇ ਸਮੁੰਦਰੋਂ ਪਾਰ—ਵੱਸਦੇ ਕੁਝ ਅਨਾੜੀ ਕਿਸਮ ਦੇ ਲੋਕ ਕੁਝ ਸਾਲਾਂ ਤੋਂ ਨਵੰਬਰ 2020 ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਧਿਆਨ ਨਾਲ ਵੇਖਿਆਂ ਪਤਾ ਲੱਗਦਾ ਸੀ ਕਿ ਉਨ੍ਹਾਂ ਦੇ ਹੱਥ ਵਿਚ ਰੈਫਰੈਂਡਮ 2020 ਦੇ ਨਾਂ ਦਾ ਇੱਕ ਛੁਣਛੁਣਾ ਫੜ੍ਹਿਆ ਹੋਇਆ ਸੀ।  

ਚਾਈਂ-ਚਾਈਂ ਵੋਟਾਂ ਬਣਾਉਣ ਦੇ ਚੱਕਰ ਵਿੱਚ ਇਹ ਲੋਕ ਵ੍ਹੱਟਸਐਪ ਯੂਨੀਵਰਸਿਟੀ ਦੀ ਵਰਤੋਂ ਕਰ ਰਹੇ ਸਨ ਤੇ ਇਹਦਾ ਕੋਈ ਪਤਾ ਨਹੀਂ ਕਿ ਭਾਵੇਂ ਇਹ ਵੋਟਾਂ ਭਾਜਪਾ ਦੇ ਆਈਟੀ ਸੈੱਲ ਵਿੱਚ ਹੀ ਪਹੁੰਚ ਰਹੀਆਂ ਹੋਣ।   

ਨਵੰਬਰ 2020 ਦੇ ਆਉਣ ਤੋਂ ਪਹਿਲਾਂ ਸ਼ਾਇਦ ਇਨ੍ਹਾਂ ਲੋਕਾਂ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਉਨ੍ਹਾਂ ਦੇ ਹੱਥ ਵਿੱਚ ਫੜ੍ਹਿਆ ਇਹ ਤਾਂ ਖ਼ਰਾਬ ਛੁਣਛੁਣਾ ਸੀ। ਪਰ ਬਜਾਏ ਇਸ ਦੇ ਕਿ ਇਹ ਲੋਕ ਇਸ ਗੱਲ ਦੀ ਪੜਚੋਲ ਕਰਦੇ, ਕੋਈ ਪੜ੍ਹਿਆ ਲਿਖਿਆ ਵਿਚਾਰਦੇ ਅਤੇ ਤੱਥ ਛਾਣਦੇ ਹੋਏ ਸਮਝ ਦੀ ਅਗਲੀ ਪੌੜੀ ਚੜ੍ਹਦੇ, ਉਨ੍ਹਾਂ ਨੇ ਨਵੰਬਰ 2020 ਵਿੱਚ ਇੱਕ ਹੋਰ ਛੁਣਛੁਣਾ ਫੜ ਲਿਆ। ਇਹ ਛੁਣਛੁਣਾ ਭਾਵੇਂ ਭਾਜਪਾ ਨਾਲ ਹਿੱਕ ਤੋਂ ਬੱਝਾ ਹੋਇਆ ਸੀ ਪਰ ਫੇਰ ਵੀ ਅਨਾੜੀ ਕਿਸਮ ਦੇ ਇਹ ਲੋਕ ਉਸ ਦੀਆਂ ਚੋਪੜੀਆਂ-ਚੋਪੜੀਆਂ ਗੱਲਾਂ ਵਿੱਚ ਲਪੇਟੇ ਗਏ ਜਿਹੜੀਆਂ ਕਿ ਉਨ੍ਹਾਂ ਨੂੰ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨੀ ਸੰਘਰਸ਼ ਤੋਂ ਵੀ ਕਿਤੇ ਅੱਗੇ ਦੀ ਕੋਈ ਮੰਜ਼ਿਲ ਵਖਾ ਰਹੀਆਂ ਸਨ।   

Photo by Pixabay on Pexels.com

ਸੰਯੁਕਤ ਕਿਸਾਨ ਸੰਘਰਸ਼ ਦੇ ਆਗੂਆਂ ਨੇ ਤਾਂ ਪੈਰਾਸ਼ੂਟ ਰਾਹੀਂ ਉਤਰ ਰਹੇ ਭਾਜਪਾਈ ਪਿਛੋਕੜ ਵਾਲੇ ਇਸ ਅਖੌਤੀ ਆਗੂ ਨੂੰ ਮੂੰਹ ਲਾਉਣ ਤੋਂ ਨਾਂਹ ਕਰ ਦਿੱਤੀ ਸੀ ਪਰ ਅਖੀਰ 26 ਜਨਵਰੀ ਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ।   

ਸ਼ੁਰੂ-ਸ਼ੁਰੂ ਵਿੱਚ ਤਾਂ 26 ਜਨਵਰੀ 2021 ਨੂੰ ਅਨਾੜੀ ਮਹਿਕਮੇ ਨੇ ਫੇਸਬੁੱਕ ਉੱਤੇ ਦੁਨੀਆਂ ਭਰ ਦੇ ਵਿੱਚ ਜਿੱਤ ਦੇ ਬੱਕਰੇ ਬੁਲਾਉਣੇ ਸ਼ੁਰੂ ਕਰ ਦਿੱਤੇ ਪਰ ਛੇਤੀ ਹੀ ਜਦ ਦੁਨੀਆਂ ਭਰ ਵਿੱਚ ਹੁੰਦੀ ਤੋਏ-ਤੋਏ ਵੇਖੀ ਤਾਂ ਉਹ ਬੇਜੋੜ, ਬੇਮੌਕਾ ਅਤੇ ਜਜ਼ਬਾਤੀ ਕਿਸਮ ਦੇ ਸਵਾਲਾਂ ਵਿੱਚ ਉਲਝਣ ਲੱਗ ਪਏ। ਉਹ ਹਵਾਈ ਕਿਲ੍ਹੇ ਇਹੀ ਬਣਾਉਂਦੇ ਰਹੇ ਕਿ ਉਨ੍ਹਾਂ ਦਾ ਇਹ ਰੂਪੋਸ਼ ਆਗੂ ਛੇਤੀ ਹੀ ਪਰਗਟ ਹੋ ਕੇ ਕੋਈ ਵੱਡੀ ਗੱਲ ਕਰੂਗਾ।   

ਪਰ ਹੁਣ ਜਦੋਂ ਇਹ ਆਗੂ ਗ੍ਰਿਫ਼ਤਾਰ ਹੋ ਗਿਆ ਹੈ (ਜਾਂ ਅੰਦਰਖਾਤੇ ਕੋਈ ਸਰਕਾਰੀ ਗੋਂਦ ਗੁੰਦੀ ਗਈ ਹੈ) ਤਾਂ ਅਨਾੜੀ ਮਹਿਕਮੇ ਕੋਲ ਸਵਾਏ ਜਜ਼ਬਾਤਾਂ ਅਤੇ ਫੇਸਬੁੱਕ ਦੇ ਹੋਰ ਕੁਝ ਵੀ ਨਹੀਂ ਹੈ।   

ਅਨਾੜੀ ਮਹਿਕਮੇ ਨੂੰ ਤਾਂ ਸਗੋਂ ਖ਼ੁਸ਼ ਹੋਣਾ ਚਾਹੀਦਾ ਕਿ ਉਨ੍ਹਾਂ ਨੂੰ ਕਿਸਾਨ ਸੰਘਰਸ਼ ਵਿੱਚੋਂ ਉਨ੍ਹਾਂ ਦਾ ਆਗੂ ਲੱਭ ਗਿਆ ਹੈ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਅਗਲੇ ਪੜਾਅ ਤੇ ਲੈ ਕੇ ਜਾਵੇਗਾ। ਸੋ ਸ਼ਿਕਾਇਤ ਕਿਸ ਗੱਲ ਦੀ? ਰੋਸਾ ਕਿਸ ਗੱਲ ਦਾ? ਚਾਹੀਦਾ ਤਾਂ ਇਹ ਹੈ ਕਿ ਹੁਣ ਅਨਾੜੀ ਮਹਿਕਮਾ, ਜ਼ਮੀਨੀ ਪੱਧਰ ਤੇ ਸੰਘਰਸ਼ ਨਾਲ ਜੁੜੇ ਹੋਏ ਲੋਕਾਂ ਨੂੰ ਆਪਣਾ ਸੰਘਰਸ਼ ਕਰਨ ਦੇਣ ਅਤੇ ਆਪ ਉਹ ਪਾਸੇ ਹੋ ਜਾਣ।   

ਤਕਨੀਕੀ ਸਵਾਲ: ਕਿਹਾ ਜਾ ਰਿਹਾ ਹੈ ਕਿ ਰੂਪੋਸ਼ੀ ਦੌਰਾਨ ਸੈਲਫੀ ਵੀਡੀਓ ਤਾਂ ਬਾਹਰਲੇ ਮੁਲਕ ਵਿਚ ਬੈਠੀ ਕਿਸੇ ਦੋਸਤ ਤੋਂ ਪੁਆਏ ਜਾ ਰਹੇ ਸਨ ਤਾਂ ਕਿ ਉਸ ਦੇ ਆਪਣੇ ਫ਼ੋਨ ਦੇ ਮੁਕਾਮ ਦਾ ਕੋਈ ਥਹੁ-ਪਤਾ ਨਾ ਲੱਗੇ। ਪਰ ਕੀ ਉਹ ਸੈਲਫੀ ਵੀਡੀਓ ਬਾਹਰ ਬੈਠੀ ਦੋਸਤ ਨੂੰ ਡਾਕ ਰਾਹੀਂ ਭੇਜੇ ਜਾ ਰਹੇ ਸਨ?   

Posted in ਚਰਚਾ

26 ਜਨਵਰੀ: ਕੀ ਖੱਟਿਆ ਕੀ ਗਵਾਇਆ?

26 ਜਨਵਰੀ 2021 ਨੂੰ ਲੰਘਿਆਂ ਹੁਣ ਤਿੰਨ ਦਿਨ ਬੀਤ ਚੁੱਕੇ ਹਨ। ਬੀਤੇ ਕੁਝ ਵਰ੍ਹਿਆਂ ਵਰ੍ਹਿਆਂ ਵਿੱਚ ਮੇਰੇ ਨਾਲ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਵਾਕਿਆ ਵਾਲੇ ਦਿਨ ਨੂੰ ਸ਼ਿੱਦਤ ਨਾਲ ਉਡੀਕਿਆ ਹੋਵੇ ਅਤੇ ਉਸ ਤੋਂ ਦੋ ਦਿਨ ਬਾਅਦ ਵੀ ਸੰਚਾਰ ਅਤੇ ਸਮਾਜਕ ਮਾਧਿਅਮਾਂ ਦੀ ਉਸ ਦਿਨ ਬਾਰੇ ਹੋਰ ਜਾਣਕਾਰੀ ਲੈਣ ਲਈ ਲਗਾਤਾਰ ਛਣਾਈ ਕੀਤੀ ਹੋਵੇ।   

ਕਿਸਾਨ ਸੰਘਰਸ਼ ਬੀਤੀ 26 ਜਨਵਰੀ ਨੂੰ ਇਕ ਜਵਾਰ ਭਾਟੇ ਥਾਣੀਂ ਲੰਘਿਆ ਹੈ। ਜਦ ਕਿ ਆਸ ਤਾਂ ਇਹ ਸੀ ਕਿ ਇਹ ਦਿਨ ਯਾਦਗਾਰੀ ਹੋ ਨਿਬੜੇਗਾ ਜਦੋਂ ਭਾਰਤ ਦੀ ਰਾਜਧਾਨੀ ਵਿੱਚ ਪਹਿਲੀ ਵਾਰ ਆਮ ਲੋਕਾਂ ਨੇ ਗਣਤੰਤਰ ਦਿਹਾੜੇ ਨੂੰ ਇਕ ਕਿਸਾਨ ਨਾਗਰਿਕ ਦਿਹਾੜੇ ਵਜੋਂ ਮਨਾਇਆ ਹੋਵੇਗਾ। ਇਸੇ ਆਸ ਵਿੱਚ ਖ਼ਾਸ ਕਰਕੇ ਪੰਜਾਬ ਅਤੇ ਦਿੱਲੀ ਦੇ ਹੋਰ ਗੁਆਂਢੀ ਰਾਜਾਂ ਵਿੱਚੋਂ ਲੋਕ ਹੁੰਮ ਹੁਮਾ ਕੇ ਦਿੱਲੀ ਪਹੁੰਚ ਰਹੇ ਸਨ।   

26 ਜਨਵਰੀ ਨੂੰ ਟਰੈਕਟਰ ਪਰੇਡ ਦੇ ਮਿੱਥੇ ਸਮੇਂ ਤੋਂ ਪਹਿਲਾਂ ਹੀ ਪੁਲਸ ਦੇ ਨਾਲ ਝੜਪਾਂ ਅਤੇ ਨਾਕਾਬੰਦੀ ਤੋੜਨ ਦੀਆਂ ਖਬਰਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ। ਕੋਈ ਸਪਸ਼ਟ ਤਸਵੀਰ ਉਭਰ ਨਹੀਂ ਸੀ ਰਹੀ। ਪਰ ਛੇਤੀ ਹੀ ਕਿਸਾਨ ਏਕਤਾ ਮੋਰਚਾ ਆਪਣੇ ਫੇਸਬੁੱਕ ਸਫ਼ੇ ਤੇ ਲਾਈਵ ਹੋ ਗਿਆ ਅਤੇ ਉਨ੍ਹਾਂ ਦਾ ਕਾਫ਼ਲਾ ਜਿੱਧਰ ਵੀ ਜਾ ਰਿਹਾ ਸੀ, ਦਿੱਲੀ ਦੇ ਵਸਨੀਕ ਉਨ੍ਹਾਂ ਦੀਆਂ ਤਸਵੀਰਾਂ ਖਿੱਚ ਰਹੇ ਸਨ ਅਤੇ ਸਵਾਗਤ ਦੇ ਨਿਸ਼ਾਨ ਚੁੱਕੀ ਖੜ੍ਹੇ ਸਨ। ਕਈ ਥਾਵਾਂ ਤੇ ਫੁੱਲਾਂ ਦੀ ਵਰਖਾ ਵੀ ਹੋ ਰਹੀ ਸੀ। ਅਚਾਨਕ ਹੀ ਕਿਸਾਨ ਏਕਤਾ ਮੋਰਚਾ ਦੇ ਫੇਸਬੁੱਕ ਲਾਈਵ ਵੀਡੀਓ ਵਿੱਚ ਧੁੰਦਲਾਪਣ ਆਉਣਾ ਸ਼ੁਰੂ ਹੋ ਗਿਆ ਅਤੇ ਵਿਘਨ ਪੈ ਕੇ ਬੰਦ ਹੋ ਗਿਆ। ਬਾਅਦ ਵਿੱਚ ਇਹ ਪਤਾ ਲੱਗਾ ਕਿ ਦਿੱਲੀ ਵਿਚ ਉਸ ਦਿਨ ਕਈ ਥਾਵਾਂ ਤੇ ਇੰਟਰਨੈੱਟ ਠੱਪ ਕਰ ਦਿੱਤਾ ਗਿਆ ਸੀ। ਮੋਬਾਇਲ ਫੋਨਾਂ ਤੇ ਕਾਲ ਤਾਂ ਕੀਤੀ ਜਾ ਸਕਦੀ ਸੀ ਪਰ ਡਾਟਾ ਬੰਦ ਕਰ ਦਿੱਤਾ ਗਿਆ ਸੀ।   

ਮੈਂ ਫੇਸਬੁੱਕ ਤੇ ਹੋਰ ਲਾਈਵ ਵੀਡੀਓ ਲੱਭਣੇ ਸ਼ੁਰੂ ਕਰ ਦਿੱਤੇ। ਇੱਕ – ਦੋ – ਚਾਰ, ਵਾਰੀ ਵਾਰੀ ਕਰਕੇ ਮੈਂ ਕਈ ਲਾਈਵ ਵੀਡੀਓ ਵੇਖੇ। ਇਹ ਸਾਰੇ ਹੀ ਲਾਲ ਕਿਲੇ ਨੂੰ ਜਾਣ ਵਾਲੇ ਰਸਤਿਆਂ ਤੋਂ ਚੱਲ ਰਹੇ ਸਨ। ਮੈਨੂੰ ਖਿਆਲ ਆਇਆ ਕਿ ਇਹ ਤਾਂ ਟਰੈਕਟਰ ਪਰੇਡ ਦਾ ਰੂਟ ਨਹੀਂ ਸੀ।  ਇਹ ਖੇਡ ਕੀ ਬਣਦੀ ਪਈ ਸੀ?   

ਖ਼ੈਰ, ਉਸ ਤੋਂ ਬਾਅਦ 26 ਜਨਵਰੀ ਨੂੰ ਕੀ ਹੋਇਆ ਉਹ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਸੋ ਗੱਲ ਅਮਲ ਅਤੇ ਅਸੂਲ ਦੀ ਕਰਦੇ ਹਾਂ। ਅਨੁਸ਼ਾਸਨ ਇੱਕ ਅਜਿਹੀ ਸ਼ੈਅ ਹੈ ਜਿਸ ਦੇ ਮਹੱਤਵ ਦੀ ਖ਼ਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਸੂਝ ਸੀ। ਇਸੇ ਕਰਕੇ ਉਨ੍ਹਾਂ ਨੇ ਆਪਣੀ ਫ਼ੌਜ ਦੇ ਵਿੱਚ ਕਈ ਫਰਾਂਸੀਸੀ  ਜਰਨੈਲ ਇਸੇ ਵਾਸਤੇ ਰੱਖੇ ਸਨ ਕਿ ਖ਼ਾਲਸਾ ਫੌਜਾਂ ਨੂੰ ਤਰੀਕੇ ਅਤੇ ਤਰਤੀਬ ਦੇ ਨਾਲ ਚਾਂਦਮਾਰੀ ਅਤੇ ਮਸ਼ਕਾਂ ਕਰਨ ਦੀ ਸਿਖਲਾਈ ਦਿੱਤੀ ਜਾ ਸਕੇ। ਮਹਾਰਾਜਾ ਰਣਜੀਤ ਸਿੰਘ ਆਪਣੀ ਦੂਰ-ਦ੍ਰਿਸ਼ਟੀ ਕਰਕੇ ਇਹ ਭਲੀ-ਭਾਂਤ ਜਾਣਦੇ ਸਨ ਕਿ ਇਸ ਤਰ੍ਹਾਂ ਦੀ ਸਿਖਲਾਈ ਅੰਗਰੇਜ਼ਾਂ ਦਾ ਸਾਹਮਣਾ ਕਰਨ ਲਈ ਬਹੁਤ ਜ਼ਰੂਰੀ ਸੀ। ਬਾਕੀ ਉਂਝ ਵੀ ਭਾਵੇਂ ਫ਼ੌਜ ਹੋਵੇ ਤੇ ਭਾਵੇਂ ਆਮ ਜ਼ਿੰਦਗੀ ਹੋਵੇ, ਜ਼ਿੰਦਗੀ ਵਿੱਚ ਅਨੁਸ਼ਾਸਨ ਅਤੇ ਜ਼ਾਬਤੇ ਦੀ ਬਹੁਤ ਲੋੜ ਹੁੰਦੀ ਹੈ।   

26 ਜਨਵਰੀ ਨੂੰ ਲਾਲ ਕਿਲੇ ਤੇ ਜੋ ਵੀ ਹੋਇਆ, ਬੀਤੇ ਤਿੰਨ ਦਿਨਾਂ ਵਿੱਚ ਬਹੁਤ ਸਾਰੇ ਲੋਕ ਇਸ ਬਾਰੇ ਕਈ ਕਿਸਮ ਦੀਆਂ ਸਫਾਈਆਂ ਪੇਸ਼ ਕਰ ਰਹੇ ਹਨ। ਇਕ ਗੱਲ ਤਾਂ ਇਹ ਚੱਲ ਰਹੀ ਹੈ ਕਿ ਭਾਜਪਾ (ਆਰ ਐੱਸ ਐੱਸ) ਆਪ ਤਾਂ ਆਪਣੀ ਪਾਰਟੀ ਦਾ ਝੰਡਾ ਉੱਪਰ ਰੱਖਦੀ ਹੈ ਅਤੇ ਉਸ ਨੂੰ ਭਾਰਤੀ ਝੰਡੇ ਨਾਲ ਕੋਈ ਸਰੋਕਾਰ ਨਹੀਂ ਹੈ। ਪਰ ਇਸ ਸੰਦਰਭ ਵਿੱਚ ਇਹ ਗੱਲ ਕੋਈ ਬਹੁਤੀ ਵਜ਼ਨਦਾਰ ਨਹੀਂ ਹੈ। ਅੰਗਰੇਜ਼ੀ ਵਿੱਚ ਕਹਾਵਤ ਹੈ: two wrongs do not make a right ਮਤਲਬ ਏ ਕਿ ਦੋ ਗ਼ਲਤੀਆਂ ਮਿਲ ਕੇ ਇੱਕ ਠੀਕ ਗੱਲ ਨਹੀਂ ਬਣਦੀਆਂ।   

ਜਿੱਥੋਂ ਤਕ ਪੁਲਿਸ ਦਾ ਸਵਾਲ ਹੈ ਉਨ੍ਹਾਂ ਨੇ ਆਪ ਵੀ ਡਾਂਗਾਂ ਬਹੁਤ ਚਲਾਈਆਂ ਅਤੇ ਕਈ ਪੁਲੀਸ ਵਾਲੇ ਲਾਲ ਕਿਲ੍ਹੇ ਵਿੱਚ ਛੱਜੇ ਤੋਂ ਡਿੱਗ ਕੇ ਜ਼ਖ਼ਮੀ ਵੀ ਬਹੁਤ ਹੋਏ। ਇਹ ਵੀ ਠੀਕ ਹੈ ਕਿ ਕਈ ਥਾਂ ਕਿਸਾਨ ਪੁਲੀਸ ਵਾਲਿਆਂ ਨੂੰ ਪਾਣੀ ਵੀ ਦੇ ਰਹੇ ਸਨ ਤਾਂ ਹੋਰ ਤਰ੍ਹਾਂ ਦਾ ਬਚਾਅ ਵੀ ਕਰ ਰਹੇ ਸਨ। ਇਹ ਸਭ ਆਪਣੀ ਜਗ੍ਹਾ ਠੀਕ ਹੈ ਪਰ ਅਸੀਂ ਗੱਲ ਕਿਸਾਨ ਸੰਘਰਸ਼ ਦੇ ਸੰਦਰਭ ਵਿੱਚ ਅਮਲ ਅਤੇ ਅਸੂਲਾਂ ਦੀ ਕਰ ਰਹੇ ਹਾਂ।   

ਇਕ ਗੱਲ ਇਹ ਵੀ ਕੀਤੀ ਜਾ ਰਹੀ ਹੈ ਕਿ ਲਾਲ ਕਿਲੇ ਤੇ ਝੰਡਾ ਲਾ ਦੇਣਾ ਬਹੁਤ ਵੱਡੀ ਪ੍ਰਾਪਤੀ ਸੀ। ਜੇਕਰ ਇਹ ਬਹੁਤ ਵੱਡੀ ਪ੍ਰਾਪਤੀ ਸੀ ਤਾਂ ਕਿ ਹੁਣ ਮੋਦੀ ਨੇ ਕਾਲੇ ਕਾਨੂੰਨ ਵਾਪਸ ਲੈ ਲਏ ਹਨ?   

ਕਈ ਤਾਂ ਇਹ ਵੀ ਕਹਿ ਰਹੇ ਹਨ ਕਿ ਝੰਡਾ ਲਾ ਕੇ ਉਨ੍ਹਾਂ ਨੇ ਚੁਰਾਸੀ ਦੀ ਭਾਜੀ ਮੋੜ ਦਿੱਤੀ ਹੈ। ਉਨ੍ਹਾਂ ਦੀ ਨਾਸਮਝੀ ਤੇ ਹਾਸਾ ਆਉਂਦਾ ਹੈ ਕਿ ਉਨ੍ਹਾਂ ਨੇ ਕਿਸਾਨ ਸੰਘਰਸ਼ ਦੀ ਪਿੱਠ ਵਿੱਚ ਛੁਰਾ ਹੀ ਮਾਰਿਆ ਹੈ। ਨਾ ਹੀ ਉਨ੍ਹਾਂ ਨੇ ਕਦੀ ਇਤਿਹਾਸ ਪੜ੍ਹਿਆ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੁਝ ਸਾਲ ਪਹਿਲਾਂ ਦੀਆਂ ਖ਼ਬਰਾਂ ਯਾਦ ਹਨ। ਭਾਜਪਾ (ਆਰ ਐੱਸ ਐੱਸ) ਦਾ ਰਾਜ ਆਉਂਦਿਆਂ ਹੀ ਉਨ੍ਹਾਂ ਨੇ 2014 ਵਿੱਚ ਮੁਸਲਮਾਨਾਂ ਤੇ ਹਾਵੀ ਹੋਣ ਲਈ ਦਿੱਲੀ ਦੀ ਗੁਰਦੁਆਰਾ ਕਮੇਟੀ ਨੂੰ ਨਾਲ ਲੈ ਕੇ ਮੁਗ਼ਲ ਕਾਲ ਦੇ ਖ਼ਿਲਾਫ਼ ਬਿਰਤਾਂਤ ਬੰਨ੍ਹਣ ਲਈ “ਫ਼ਤਿਹ ਦਿਵਸ” ਮਨਾਇਆ ਅਤੇ ਬਾਬਾ ਬਘੇਲ ਸਿੰਘ ਨੂੰ ਯਾਦ ਕੀਤਾ।

ਤਸਵੀਰਾਂ ਹੇਠਾਂ ਵੇਖ ਲਓ ਅਤੇ ਨਿਸ਼ਾਨ ਸਾਹਿਬ ਵੀ ਵੇਖ ਲਵੋ। ਇੱਥੋਂ ਤਕ ਕਿ ਇਸ ਫ਼ਤਿਹ ਦਿਵਸ ਬਾਰੇ ਅਕਾਦਮਕ ਖੋਜ ਪੱਤਰ ਵੀ ਛਪ ਚੁੱਕਾ ਹੈ ਜੋ ਕਿ ਇਥੇ ਪੜ੍ਹਿਆ ਜਾ ਸਕਦਾ ਹੈ। ਸੋ ਇਸ ਖੋਜ ਪੱਤਰ ਰਾਹੀਂ ਦੁਨੀਆਂ ਭਰ ਦੇ ਵਿਦਵਾਨ ਫ਼ਤਿਹ ਦਿਵਸ ਬਾਰੇ ਜਾਣ ਗਏ ਹਨ। ਇਤਿਹਾਸਕਾਰਾਂ ਲਈ ਇਸ ਦੇ ਮਾਅਨੇ ਹਨ ਨਾ ਕਿ ਸਸਤੀ ਮਸ਼ਹੂਰੀ ਖੱਟਣ ਵਾਲਿਆਂ ਦੀਆਂ ਖਰੂਦੀਆਂ ਦੀ।

Photo courtesy thewire.in

ਸੋ ਇਸ ਤੋਂ ਤਾਂ ਇਹੀ ਸਾਫ਼ ਜ਼ਾਹਿਰ ਹੁੰਦਾ ਹੈ ਕਿ ਬੀਤੀ 26 ਜਨਵਰੀ ਨੂੰ ਝੰਡੇ ਨੂੰ ਲੈ ਕੇ ਜੋ ਵੀ ਹੋਇਆ, ਉਹ ਸਸਤੀ ਮਸ਼ਹੂਰੀ ਖੱਟਣ ਤੋਂ ਵੱਧ ਕੁਝ ਨਹੀਂ ਸੀ ਅਤੇ ਬਾਕੀ ਜੋ ਕਿਸਾਨ ਸੰਘਰਸ਼ ਨਾਲ ਵਿਸਾਹਘਾਤ ਕੀਤਾ ਉਹ ਵੱਖਰਾ। ਸਸਤੀ ਮਸ਼ਹੂਰੀ ਖੱਟਣ ਵਾਲਿਆਂ ਨੂੰ ਇਤਿਹਾਸ ਦੇ ਉਹ ਸਫ਼ੇ ਵੀ ਪੜ੍ਹ ਲੈਣੇ ਚਾਹੀਦੇ ਹਨ ਜਦ 1982 ਦੀਆਂ ਏਸ਼ੀਅਨ ਖੇਡਾਂ ਵੇਲੇ ਹਰਿਆਣੇ ਨੇ ਪੰਜਾਬ ਤੋਂ ਦਿੱਲੀ ਲਈ ਪਰਿੰਦਾ ਵੀ ਨਹੀਂ ਸੀ ਫੜਕਣ ਦਿੱਤਾ। ਜਦ ਕਿ ਹੁਣ ਕਿਸਾਨ ਸੰਘਰਸ਼ ਪੰਜਾਬ ਤੋਂ ਦਿੱਲੀ ਪਹੁੰਚਿਆ ਹੀ ਇਸ ਕਰਕੇ ਹੈ ਕਿ ਹਰਿਆਣੇ ਦੇ ਕਿਸਾਨਾਂ ਅਤੇ ਲੋਕਾਂ ਨੇ ਇਸ ਨੂੰ ਪੂਰਾ ਪੂਰਾ ਹੁੰਗਾਰਾ ਦਿੱਤਾ ਹੈ। ਜਿਹੜੇ ਲੋਕ ਭਾਜੀ ਮੋੜਨ ਦੀਆਂ ਗੱਲਾਂ ਕਰਦੇ ਹਨ ਉਹ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਢਾਂਚਾ ਸਵਾਰ ਲੈਣ ਅਤੇ ਗੁੰਮ ਹੋਈਆਂ ਬੀੜਾਂ ਦਾ ਮਸਲਾ ਹੱਲ ਕਰ ਦੇਣ ਤਾਂ ਇਹ ਬਹੁਤ ਵੱਡੀ ਪ੍ਰਾਪਤੀ ਹੋਵੇਗੀ।   

ਇੱਕ ਹੋਰ ਗੱਲ। ਜਿਹੜੇ ਇਸ ਝੰਡੇ ਨੂੰ ਨਿਸ਼ਾਨ ਸਾਹਿਬ ਕਹਿ ਕੇ ਹਰ ਕਿਸਮ ਦੀ ਪੜਚੋਲ ਆਲੋਚਨਾ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਇਹ ਦੱਸ ਸਕਦੇ ਹਨ ਕੀ ਕਦੀ ਉਨ੍ਹਾਂ ਨੇ ਨਿਸ਼ਾਨ ਸਾਹਿਬ ਨਾਲ ਕੋਈ ਦੂਜਾ ਵੀ ਝੰਡਾ ਲੱਗਾ ਦੇਖਿਆ ਹੈ? ਨਹੀਂ। ਤਾਂ ਫਿਰ ਇਸ ਮਿਲਗੋਭੇ ਦੇ ਦਮਗਜੇ ਮਾਰਨ ਦੀ ਕੀ ਲੋੜ ਹੈ?   

ਸਮੁੱਚੇ ਤੌਰ ਤੇ, ਬੀਤੇ ਤਿੰਨ ਦਿਨਾਂ ਵਿੱਚ ਸਮਾਜਕ ਮਾਧਿਅਮਾਂ ਉੱਤੇ ਜਿਸ ਤਰ੍ਹਾਂ ਕਿਸਾਨ ਸੰਘਰਸ਼ ਦੀ ਪਿੱਠ ਵਿੱਚ ਛੁਰਾ ਮਾਰਨ ਵਾਲਿਆਂ ਨੂੰ ਪਛਾਣ ਕੇ ਉਨ੍ਹਾਂ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ ਉਸ ਤੋਂ ਆਸ ਦੀਆਂ ਕਿਰਨਾਂ ਇੱਕ ਵਾਰ ਫੇਰ ਰੋਸ਼ਨ ਹੋ ਗਈਆਂ ਹਨ। ਕਿਸਾਨ ਆਗੂਆਂ ਦੇ ਬੁਲੰਦ ਬਿਆਨ ਵੀ ਹੌਸਲਾ ਅਫ਼ਜ਼ਾਈ ਕਰਨ ਵਾਲੇ ਹਨ। ਕਿਸਾਨ ਸੰਘਰਸ਼ ਮੁੜ ਲੀਹਾਂ ਤੇ ਪੈ ਗਿਆ ਜਾਪਦਾ ਹੈ। ਬਹੁਤ ਸਾਰੇ ਲੋਕ ਸਿਰਫ 26 ਜਨਵਰੀ ਕਰਕੇ ਵੀ ਦਿੱਲੀ ਗਏ ਸਨ। ਉਹ ਵਾਪਸ ਆ ਰਹੇ ਹਨ। ਕਈ ਪਿੰਡਾਂ ਵਿੱਚ ਲੋਕਾਂ ਨੇ ਆਪਸੀ ਵਾਰੀਆਂ ਬੰਨ੍ਹੀਆਂ ਹੋਈਆਂ ਹਨ ਸੋ ਇਹ ਤਾਂ ਆਉਣਾ ਜਾਣਾ ਚੱਲਦਾ ਹੀ ਰਹੇਗਾ।   

ਅਖ਼ੀਰ ਵਿੱਚ ਇੱਕ ਗੱਲ ਹੋਰ। 26 ਜਨਵਰੀ ਨੂੰ ਸ਼ਹੀਦ ਹੋਏ ਨਵਰੀਤ ਸਿੰਘ ਦੇ ਦਾਦਾ ਜੀ ਦਾ ਵੀਡੀਓ ਮੈਂ ਵੇਖਿਆ ਹੈ। ਉਨ੍ਹਾਂ ਨੇ ਕਿਸਾਨ ਸੰਘਰਸ਼ ਨੂੰ ਜਾਰੀ ਰੱਖਣ ਦੀ ਗੱਲ ਕੀਤੀ ਅਤੇ ਇਹ ਵੀ ਕਿਹਾ ਕਿ ਇਹ ਦੇਸ਼ ਦਾ “ਆਖ਼ਰੀ” ਅੰਦੋਲਨ ਹੈ। ਉਨ੍ਹਾਂ ਵੱਲੋਂ ਆਖ਼ਰੀ ਸ਼ਬਦ ਦੀ ਵਰਤੋਂ ਮੈਨੂੰ ਬਹੁਤ ਦੂਰਦਰਸ਼ੀ ਲੱਗੀ ਕਿਉਂਕਿ ਪਿਛਲੇ ਇੱਕ-ਡੇਢ ਸਾਲ ਵਿਚ ਧਾਰਾ 370 ਹਟਾਉਣਾ ਅਤੇ ਨਾਗਰਿਕ ਕਾਨੂੰਨ ਦੀ ਹੇਰ-ਫੇਰ ਤੋਂ ਬਾਅਦ ਜੇਕਰ ਇਸ ਕਿਸਾਨ ਸੰਘਰਸ਼ ਵਿੱਚ ਕਿਸਾਨ ਹਾਰ ਜਾਂਦੇ ਹਨ ਤਾਂ ਵਾਕਿਆ ਹੀ ਇਹ ਭਾਰਤ ਦਾ ਆਖ਼ਰੀ ਅੰਦੋਲਨ ਹੋਵੇਗਾ ਕਿਉਂਕਿ ਇਸ ਤੋਂ ਬਾਅਦ ਭਾਰਤ ਪੱਕੇ ਤੌਰ ਤੇ ਇਕ ਬਹੁਮਤਵਾਦੀ ਮੁਲਕ ਬਣ ਜਾਵੇਗਾ ਜਿੱਥੇ ਕਿਸਾਨ, ਮਜ਼ਦੂਰ ਅਤੇ ਘੱਟ ਗਿਣਤੀਆਂ ਪੂਰੀ ਤਰ੍ਹਾਂ ਦੱਬ-ਕੁਚਲ ਦਿੱਤੀਆਂ ਜਾਣਗੀਆਂ। 

Processing…
Success! You're on the list.

Posted in ਚਰਚਾ

ਕਿਤਾਬਾਂ ਦੀ ਲੋੜ ਕੀ ਹੈ?

ਕਿਤਾਬਾਂ ਨਾਲ ਸਾਡਾ ਪੰਜਾਬੀਆਂ ਦਾ ਕੋਈ ਬਹੁਤਾ ਮੋਹ ਪਿਆਰ ਨਹੀਂ ਹੈ। ਅਸੀਂ ਆਮ ਕਹਿਣ ਨੂੰ ਤਾਂ ਕਹਿ ਦਿੰਦੇ ਹਾਂ ਕਿ ਪੰਜਾਬ ਜਿਊਂਦਾ ਗੁਰਾਂ ਦੇ ਨਾਂ ਤੇ ਅਤੇ ਗੁਰੂ ਸਾਹਿਬਾਨ ਨੇ ਸਾਡੀ ਸੋਚ ਦੀ ਬੁਨਿਆਦ ਵੀ ਸ਼ਬਦ ਤੇ ਹੀ ਰੱਖੀ ਹੈ। ਪਰ ਜਦ ਵੀ ਕੋਈ ਸਬੱਬ ਬਣਦਾ ਹੈ ਤਾਂ ਅਸੀਂ ਇਸ ਗੱਲ ਦੀ ਸਫ਼ਾਈ ਦੇਣ ਤੇ ਜ਼ੋਰ ਦਿੰਦੇ ਹਾਂ ਕਿ ਸਾਨੂੰ ਕਿਤਾਬਾਂ ਦੀ ਬਹੁਤੀ ਲੋੜ ਨਹੀਂ ਜਾਂ ਕਿਤਾਬਾਂ ਪੜ੍ਹਦੇ ਪੜ੍ਹਦੇ ਅਸੀਂ ਬਹੁਤ ਪਿੱਛੇ ਰਹਿ ਜਾਵਾਂਗੇ।  

ਇਸ ਦੀ ਇਕ ਤਾਜ਼ਾ ਮਿਸਾਲ ਮੈਨੂੰ ਬੀਤੇ ਹਫ਼ਤੇ ਯੂ-ਟਿਊਬ ਤੇ ਇਕ ਵੀਡੀਓ ਰਾਹੀਂ ਮਿਲੀ ਜਿਹਦੇ ਵਿਚ ਪੰਜਾਬੀ ਗਾਇਕ ਬੱਬੂ ਮਾਨ ਦੇ ਨਾਲ ਗੱਲਬਾਤ ਕੀਤੀ ਗਈ ਸੀ।   

ਇਸ ਗੱਲਬਾਤ ਦੌਰਾਨ ਬੱਬੂ ਮਾਨ ਦਾ ਸਾਰਾ ਜ਼ੋਰ ਇਸ ਗੱਲ ਤੇ ਲੱਗਿਆ ਹੋਇਆ ਸੀ ਕਿ ਅੱਜਕੱਲ੍ਹ ਦੇ ਜ਼ਮਾਨੇ ਵਿੱਚ ਗਾਇਕ ਅਤੇ ਫ਼ਿਲਮਾਂ ਹੀ ਸਭ ਕੁਝ ਹਨ ਜੋ ਕਿ ਹਰ ਚੀਜ਼ ਨੂੰ “ਤਿੱਖਾ”ਕਰਦੀਆਂ ਹਨ। ਉਸ ਨੇ ਇਹ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਕਿਸਾਨ ਸੰਘਰਸ਼ ਨੂੰ ਗੀਤਾਂ ਨੇ ਹੀ “ਤਿੱਖਾ” ਕੀਤਾ।

ਬੱਬੂ ਮਾਨ ਮਤਾਬਕ ਕਿਤਾਬਾਂ ਪੜ੍ਹਨ ਨੂੰ ਵਕਤ ਲੱਗਦਾ ਹੈ ਇਸ ਕਰ ਕੇ ਅੱਜ ਦਾ ਸਾਰਾ ਕੰਮ ਗੀਤਾਂ ਤੇ ਫਿਲਮਾਂ ਦੇ ਕਰਕੇ ਹੀ ਹੈ।  

Photo by Josh Hild on Pexels.com

ਮੈਂ ਨਿੱਜੀ ਤੌਰ ਤੇ ਇਨਕਲਾਬੀ ਗੀਤਾਂ ਬਾਰੇ ਤਾਂ ਜ਼ਰੂਰ ਸੁਣਿਆ ਹੈ ਪਰ ਕਦੀ ਇਹ ਨਹੀਂ ਸੁਣਿਆ ਕਿ ਗੀਤਾਂ ਦੇ ਸਿਰ ਤੇ ਹੀ ਇਨਕਲਾਬ ਆ ਗਏ ਹੋਣ। ਜੇਕਰ ਇਸ ਦੀ ਕੋਈ ਮਿਸਾਲ ਹੋਵੇ ਤਾਂ ਮੈਨੂੰ ਜ਼ਰੂਰ ਦਿਓ।

ਨਿੱਜੀ ਤਜਰਬੇ ਤੋਂ ਮੈਂ ਇਹ ਵੀ ਕਹਿ ਸਕਦਾ ਹਾਂ ਕਿ ਆਮ ਤੌਰ ਤੇ 100 ਕੁ ਸਫ਼ੇ ਦੀ ਕਿਤਾਬ ਪੜ੍ਹਨ ਲਈ ਇਕ ਦਿਨ ਤੋਂ ਵੱਧ ਨਹੀਂ ਲੱਗਦਾ। ਮੌਜੂਦਾ ਕਿਸਾਨ  ਸੰਘਰਸ਼ ਵਿੱਚ ਅਜਿਹੀ ਕੀ ਕਾਹਲ ਹੋਵੇਗੀ ਕਿ ਇੱਕ ਦਿਨ ਦੀ ਵੀ ਉਡੀਕ ਨਾ ਹੋ ਸਕੇ?

ਨਹੀਂ ਅਜਿਹਾ ਕੋਈ ਕਾਹਲ ਨਹੀਂ ਹੋ ਸਕਦੀ। ਬੱਬੂ ਮਾਨ ਵੱਲੋਂ ਅਜਿਹੇ ਵਿਚਾਰ ਦੇਣੇ ਇਸ ਗੱਲ ਦਾ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਬੀਤੇ ਪੰਦਰਾਂ-ਵੀਹ ਸਾਲਾਂ ਤੋਂ ਪੰਜਾਬ ਦੇ ਵਿੱਚ ਜਿਹੜਾ ਗਵੱਈਆ ਸੱਭਿਆਚਾਰ ਜਿਹੜਾ ਉਸਰ ਗਿਆ ਹੈ ਉਸ ਨਾਲ ਟਟੌਲ਼ੀ ਨੂੰ ਭੁਲੇਖਾ ਪੈ ਗਿਆ ਹੈ ਕਿ ਸਾਰਾ ਅਸਮਾਨ ਉਸ ਨੇ ਹੀ ਚੁੱਕਿਆ ਹੋਇਆ ਹੈ। ਇਸ ਗਵੱਈਆ ਸੱਭਿਆਚਾਰ ਨੇ ਚੰਗੀ ਗੀਤਕਾਰੀ ਨੂੰ ਲਤਾੜ ਕੇ ਰੱਖਿਆ ਹੋਇਆ ਹੈ।

ਗਵੱਈਆ ਸੱਭਿਆਚਾਰ ਅਤੇ ਚੰਗੀ ਗੀਤਕਾਰੀ ਦੀ ਜੱਦੋ-ਜਹਿਦ ਵਿੱਚ ਮੈਂ ਤਾਂ ਸੋਚਦਾ ਸੀ ਕਿ ਬੱਬੂ ਮਾਨ ਚੰਗੀ ਗੀਤਕਾਰੀ ਵਾਲੇ ਪਾਸੇ ਹੈ, ਇਸ ਕਰਕੇ ਮੈਨੂੰ ਉਸ ਤੋਂ ਕਿਤਾਬਾਂ ਦੇ ਲਈ ਅਜਿਹੀ ਟਿੱਪਣੀ ਦੀ ਆਸ ਨਹੀਂ ਸੀ। 

ਪੱਛਮੀ ਮੁਲਕਾਂ ਵਿੱਚ ਵੀ ਫ਼ਿਲਮਾਂ ਹਨ। ਪੱਛਮੀ ਮੁਲਕਾਂ ਵਿੱਚ ਵੀ ਗਾਇਕ ਹਨ ਅਤੇ ਪੱਛਮੀ ਮੁਲਕਾਂ ਵਿੱਚ ਸਮਾਜਕ ਮਾਧਿਅਮ ਵੀ ਬਹੁਤ ਚੱਲਦਾ ਹੈ ਪਰ ਇੱਥੇ ਤਾਂ ਕਿਤਾਬਾਂ ਦੀ ਕਦਰ ਕੋਈ ਨਹੀਂ ਘਟੀ। ਅਸਲ ਵਿੱਚ ਜਿਸ ਸਮਾਜ ਵਿਚ ਕਿਤਾਬਾਂ ਦੀ ਕੋਈ ਵੁੱਕਤ ਨਾ ਹੋਵੇ ਉੱਥੇ ਰੋਜ਼ ਦਿਹਾੜੇ ਕੋਈ ਨਾ ਕੋਈ ਨਵੇਂ ਬਹਾਨੇ ਲੱਭੇ ਜਾਂਦੇ ਹਨ ਕਿ ਕਿਸ ਤਰ੍ਹਾਂ ਅਸੀਂ ਇਹ ਦਰਸਾ ਸਕੀਏ ਕਿ ਕਿਤਾਬਾਂ ਦੀ ਸਾਨੂੰ ਕੋਈ ਲੋੜ ਨਹੀਂ ਹੈ।  

ਪਰ ਮੈਂ ਇਸ ਬਾਰੇ ਅੱਜ ਇਥੇ ਕੋਈ ਫ਼ੈਸਲਾ ਨਹੀਂ ਕਰਾਂਗਾ। ਤੁਸੀਂ ਆਪ ਹੀ ਸੋਚੋ ਕਿ ਕਿਸੇ ਵੀ ਸਮਾਜ ਦੀ ਤਰੱਕੀ, ਸਮਾਜਕ ਹਲਚੱਲ, ਸਮਾਜਕ ਗਤੀਵਿਧੀਆਂ, ਸਮਾਜਕ ਸੰਘਰਸ਼ ਤੇ ਸਮਾਜਕ ਇਨਕਲਾਬ – ਕੀ ਇਨ੍ਹਾਂ ਸਭ ਦੇ ਵਾਸਤੇ ਸਿਰਫ਼ ਗੀਤ ਅਤੇ ਫ਼ਿਲਮਾਂ ਹੀ ਕਾਫ਼ੀ ਹਨ ਜਾਂ ਫਿਰ ਸਾਨੂੰ ਕਿਤਾਬਾਂ ਦੀ ਵੀ ਲੋੜ ਹੈ?

Processing…
Success! You're on the list.