Posted in ਚਰਚਾ, ਸਮਾਜਕ

ਅਫ਼ਲਾਤੂਨ ਦੀ ਗੁਫ਼ਾ

ਅੱਜ ਦੀ ਪੀੜੀ ਵਿੱਚ ਬਹੁਤ ਸਾਰੇ ਲੋਕ ਪਲੈਟੋ ਦਾ ਨਾਂ ਤਾਂ ਸੁਣ ਲੈਂਦੇ ਹਨ, ਪਰ ਅਫ਼ਲਾਤੂਨ ਨਾਂ ਨਾਲ ਉਸ ਨੂੰ ਘੱਟ ਹੀ ਜਾਣਦੇ ਹਨ। ਪੰਜਾਬੀ, ਉਰਦੂ ਅਤੇ ਫ਼ਾਰਸੀ ਅਸਰ ਵਾਲੀ ਬੌਧਿਕ ਰਵਾਇਤ ਵਿੱਚ ਪਲੈਟੋ ਨੂੰ ਆਮ ਤੌਰ ਤੇ ਅਫ਼ਲਾਤੂਨ ਕਿਹਾ ਜਾਂਦਾ ਹੈ।

ਅਫ਼ਲਾਤੂਨ ਯੂਨਾਨ ਦਾ ਇੱਕ ਮਹਾਨ ਦਾਰਸ਼ਨਿਕ ਸੀ। ਉਹ ਲਗਭਗ ਢਾਈ ਹਜ਼ਾਰ ਸਾਲ ਪਹਿਲਾਂ ਐਥਨਜ਼ ਵਿੱਚ ਰਹਿੰਦਾ ਸੀ। ਉਸ ਦਾ ਉਸਤਾਦ ਸੁਕਰਾਤ ਸੀ, ਜਿਸ ਨੂੰ ਅੰਗਰੇਜ਼ੀ ਵਿੱਚ ਸੋਕਰੇਟੀਜ਼ ਕਿਹਾ ਜਾਂਦਾ ਹੈ। ਅਫ਼ਲਾਤੂਨ ਨੇ ਆਪਣੇ ਉਸਤਾਦ ਤੋਂ ਸਵਾਲ ਪੁੱਛਣ, ਸੋਚਣ ਅਤੇ ਸੱਚ ਦੀ ਖੋਜ ਕਰਨ ਦੀ ਰੀਤ ਸਿੱਖੀ।

ਅਫ਼ਲਾਤੂਨ ਦਾ ਸਭ ਤੋਂ ਵੱਡਾ ਯੋਗਦਾਨ ਇਹ ਸੀ ਕਿ ਉਸ ਨੇ ਮਨੁੱਖੀ ਜੀਵਨ, ਇਨਸਾਫ਼, ਰਾਜਨੀਤੀ, ਗਿਆਨ ਅਤੇ ਚੰਗੇ ਸਮਾਜ ਬਾਰੇ ਡੂੰਘੇ ਸਵਾਲ ਪੁੱਛੇ। ਉਸ ਦੀ ਮਸ਼ਹੂਰ ਕਿਤਾਬ ਦਾ ਰਿਪਬਲਿਕ ਵਿੱਚ ਉਹ ਪੁੱਛਦਾ ਹੈ: ਇਨਸਾਫ਼ ਕੀ ਹੁੰਦਾ ਹੈ? ਚੰਗਾ ਰਾਜ ਕਿਹੋ ਜਿਹਾ ਹੋਣਾ ਚਾਹੀਦਾ ਹੈ? ਅਤੇ ਰਾਜ ਕਰਨ ਵਾਲੇ ਲੋਕ ਕਿਹੋ ਜਿਹੇ ਹੋਣੇ ਚਾਹੀਦੇ ਹਨ?

ਉਸ ਨੇ ਇਹ ਵੀ ਕਿਹਾ ਕਿ ਅਸੀਂ ਕਈ ਵਾਰ ਚੀਜ਼ਾਂ ਨੂੰ ਕੇਵਲ ਉਪਰੋਂ ਵੇਖਦੇ ਹਾਂ, ਪਰ ਅਸਲ ਸਮਝ ਉਹ ਹੈ ਜੋ ਸੱਚਾਈ ਦੀ ਡੂੰਘਾਈ ਤੱਕ ਜਾਵੇ। ਇਸੇ ਵਿਚਾਰ ਨੂੰ ਸਮਝਾਉਣ ਲਈ ਉਸ ਦੀ ਗੁਫ਼ਾ ਵਾਲੀ ਮਿਸਾਲ ਬਹੁਤ ਮਸ਼ਹੂਰ ਹੈ। ਇਹ ਮਿਸਾਲ ਉਸ ਨੇ ਇਹ ਸਮਝਾਉਣ ਲਈ ਦਿੱਤੀ ਕਿ ਮਨੁੱਖ ਕਈ ਵਾਰ ਸੱਚ ਨੂੰ ਨਹੀਂ, ਸੱਚ ਦੀਆਂ ਸਿਰਫ਼ ਪਰਛਾਵਿਆਂ ਨੂੰ ਹੀ ਅਸਲੀਅਤ ਸਮਝ ਲੈਂਦਾ ਹੈ।

ਅਫ਼ਲਾਤੂਨ ਕਹਿੰਦਾ ਹੈ, ਸੋਚੋ ਕਿ ਕੁਝ ਲੋਕ ਜਨਮ ਤੋਂ ਹੀ ਇੱਕ ਹਨੇਰੀ ਗੁਫ਼ਾ ਵਿੱਚ ਬੱਝੇ ਹੋਏ ਹਨ। ਉਹਨਾਂ ਦੇ ਹੱਥ ਪੈਰ ਬੱਝੇ ਹਨ ਅਤੇ ਉਹ ਸਿਰਫ਼ ਸਾਹਮਣੇ ਵਾਲੀ ਕੰਧ ਵੱਲ ਹੀ ਵੇਖ ਸਕਦੇ ਹਨ। ਉਹ ਨਾ ਪਿੱਛੇ ਮੁੜ ਸਕਦੇ ਹਨ, ਨਾ ਬਾਹਰ ਜਾ ਸਕਦੇ ਹਨ।

ਉਹਨਾਂ ਦੇ ਪਿੱਛੇ ਅੱਗ ਬਲ ਰਹੀ ਹੈ। ਅੱਗ ਅਤੇ ਉਹਨਾਂ ਲੋਕਾਂ ਦੇ ਵਿਚਕਾਰ ਕੁਝ ਹੋਰ ਲੋਕ ਚੀਜ਼ਾਂ ਲੰਘਾਉਂਦੇ ਹਨ। ਉਹਨਾਂ ਚੀਜ਼ਾਂ ਦਾ ਪਰਛਾਵਾਂ ਸਾਹਮਣੇ ਵਾਲੀ ਕੰਧ ਉੱਤੇ ਪੈਂਦਾ ਹੈ। ਗੁਫ਼ਾ ਵਿੱਚ ਬੱਝੇ ਲੋਕ ਸਿਰਫ਼ ਉਹ ਪਰਛਾਵੇਂ ਹੀ ਵੇਖਦੇ ਹਨ। ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਹੋਰ ਕੁਝ ਨਹੀਂ ਵੇਖਿਆ, ਉਹ ਸਮਝਦੇ ਹਨ ਕਿ ਇਹ ਪਰਛਾਵੇਂ ਹੀ ਅਸਲੀ ਦੁਨੀਆਂ ਹਨ।

ਹੁਣ ਸੋਚੋ, ਉਹਨਾਂ ਵਿੱਚੋਂ ਇੱਕ ਇਨਸਾਨ ਕਿਸੇ ਤਰ੍ਹਾਂ ਆਜ਼ਾਦ ਹੋ ਜਾਂਦਾ ਹੈ। ਪਹਿਲਾਂ ਉਹ ਪਿੱਛੇ ਮੁੜ ਕੇ ਅੱਗ ਨੂੰ ਵੇਖਦਾ ਹੈ। ਉਸ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਹਨ, ਕਿਉਂਕਿ ਉਹ ਹਨੇਰੇ ਦਾ ਆਦੀ ਸੀ। ਫਿਰ ਉਹ ਗੁਫ਼ਾ ਤੋਂ ਬਾਹਰ ਨਿਕਲਦਾ ਹੈ। ਬਾਹਰ ਸੂਰਜ ਦੀ ਰੌਸ਼ਨੀ ਹੈ, ਅਸਲੀ ਦਰੱਖਤ ਹਨ, ਅਸਲੀ ਲੋਕ ਹਨ, ਅਸਲੀ ਚੀਜ਼ਾਂ ਹਨ। ਪਹਿਲਾਂ ਉਸ ਨੂੰ ਦਰਦ ਹੁੰਦਾ ਹੈ, ਅੱਖਾਂ ਖੁੱਲ੍ਹਦੀਆਂ ਨਹੀਂ। ਪਰ ਹੌਲੀ-ਹੌਲੀ ਉਹ ਸਮਝਦਾ ਹੈ ਕਿ ਗੁਫ਼ਾ ਦੀ ਕੰਧ ਉੱਤੇ ਜੋ ਉਹ ਵੇਖਦਾ ਰਿਹਾ ਸੀ, ਉਹ ਅਸਲੀਅਤ ਨਹੀਂ ਸੀ। ਉਹ ਸਿਰਫ਼ ਪਰਛਾਵੇਂ ਸਨ।

ਗੁਫ਼ਾ ਦੀ ਸੂਚਕ ਤਸਵੀਰ – Photo by Siarhei Nester on Pexels.com

ਫਿਰ ਉਹ ਵਾਪਸ ਗੁਫ਼ਾ ਵਿੱਚ ਜਾਂਦਾ ਹੈ ਅਤੇ ਬਾਕੀ ਲੋਕਾਂ ਨੂੰ ਦੱਸਦਾ ਹੈ: “ਜੋ ਤੁਸੀਂ ਵੇਖ ਰਹੇ ਹੋ, ਇਹ ਸੱਚ ਨਹੀਂ। ਬਾਹਰ ਇੱਕ ਵੱਡੀ ਦੁਨੀਆਂ ਹੈ। ਅਸਲੀ ਰੌਸ਼ਨੀ ਹੈ। ਅਸਲੀ ਚੀਜ਼ਾਂ ਹਨ।”

ਪਰ ਗੁਫ਼ਾ ਵਿੱਚ ਬੱਝੇ ਲੋਕ ਉਸ ਦੀ ਗੱਲ ਨਹੀਂ ਮੰਨਦੇ। ਉਹ ਉਸ ਦਾ ਮਜ਼ਾਕ ਉਡਾਉਂਦੇ ਹਨ। ਉਹ ਕਹਿੰਦੇ ਹਨ ਕਿ ਇਹ ਵਿਅਕਤੀ ਪਾਗਲ ਹੋ ਗਿਆ ਹੈ। ਕਿਉਂਕਿ ਉਹਨਾਂ ਲਈ ਤਾਂ ਉਹੀ ਕੰਧ, ਉਹੀ ਪਰਛਾਵੇਂ, ਅਤੇ ਉਹੀ ਹਨੇਰਾ ਹੀ ਸੱਚ ਸੀ।

ਅਫ਼ਲਾਤੂਨ ਇਸ ਮਿਸਾਲ ਰਾਹੀਂ ਕਹਿੰਦਾ ਹੈ ਕਿ ਸੱਚ ਦੀ ਖੋਜ ਆਸਾਨ ਨਹੀਂ ਹੁੰਦੀ। ਜਦੋਂ ਮਨੁੱਖ ਅਗਿਆਨਤਾ ਤੋਂ ਗਿਆਨ ਵੱਲ ਜਾਂਦਾ ਹੈ, ਤਾਂ ਪਹਿਲਾਂ ਤਕਲੀਫ਼ ਹੁੰਦੀ ਹੈ। ਪੁਰਾਣੀਆਂ ਧਾਰਣਾਵਾਂ ਟੁੱਟਦੀਆਂ ਹਨ। ਅੱਖਾਂ ਨੂੰ ਰੌਸ਼ਨੀ ਚੁੱਭਦੀ ਹੈ। ਪਰ ਜੇ ਮਨੁੱਖ ਹਿੰਮਤ ਕਰੇ, ਤਾਂ ਉਹ ਪਰਛਾਵਿਆਂ ਤੋਂ ਅੱਗੇ ਜਾ ਕੇ ਅਸਲੀਅਤ ਨੂੰ ਵੇਖ ਸਕਦਾ ਹੈ।

ਇਹ ਮਿਸਾਲ ਅੱਜ ਵੀ ਬਹੁਤ ਮਹੱਤਵਪੂਰਨ ਹੈ। ਅੱਜ ਦੀ ਦੁਨੀਆ ਵਿੱਚ ਵੀ ਅਸੀਂ ਕਈ ਵਾਰ ਸਮਾਜਕ ਮਾਧਿਅਮਾਂ (ਸੋਸ਼ਲ ਮੀਡੀਆ), ਅਧੂਰੀ ਜਾਣਕਾਰੀ, ਧਾਰਮਿਕ ਰਸਮਾਂ, ਰਾਜਨੀਤਿਕ ਪ੍ਰਚਾਰ, ਜਾਂ ਸਮਾਜਕ ਦਬਾਅ ਨੂੰ ਹੀ ਸੱਚ ਸਮਝ ਲੈਂਦੇ ਹਾਂ। ਅਸੀਂ ਪਰਛਾਵਿਆਂ ਨਾਲ ਲੜਦੇ ਰਹਿੰਦੇ ਹਾਂ, ਪਰ ਅਸਲੀ ਸਵਾਲ ਨਹੀਂ ਪੁੱਛਦੇ।

ਅਫ਼ਲਾਤੂਨ ਸਾਨੂੰ ਸਿਖਾਉਂਦਾ ਹੈ ਕਿ ਸੋਚਣ ਵਾਲਾ ਮਨੁੱਖ ਉਹ ਹੈ ਜੋ ਪੁੱਛੇ: ਕੀ ਇਹ ਸੱਚ ਹੈ? ਕੀ ਮੈਂ ਸਿਰਫ਼ ਸੁਣਿਆ ਹੋਇਆ ਦੁਹਰਾ ਰਿਹਾ ਹਾਂ? ਕੀ ਮੈਂ ਪਰਛਾਵਿਆਂ ਨੂੰ ਅਸਲੀਅਤ ਸਮਝ ਰਿਹਾ ਹਾਂ?

ਇਸ ਕਰਕੇ ਗੁਫ਼ਾ ਵਾਲੀ ਮਿਸਾਲ ਸਿਰਫ਼ ਪੁਰਾਣੀ ਯੂਨਾਨੀ ਕਹਾਣੀ ਨਹੀਂ। ਇਹ ਹਰ ਸਮਾਜ ਲਈ ਚੇਤਾਵਨੀ ਹੈ। ਜੇ ਅਸੀਂ ਸਵਾਲ ਪੁੱਛਣੇ ਛੱਡ ਦੇਈਏ, ਤਾਂ ਅਸੀਂ ਗੁਫ਼ਾ ਵਿੱਚ ਹੀ ਰਹਿ ਜਾਂਦੇ ਹਾਂ। ਪਰ ਜੇ ਅਸੀਂ ਸੋਚਣਾ, ਸਮਝਣਾ ਅਤੇ ਸੱਚ ਵੱਲ ਤੁਰਨਾ ਜਾਰੀ ਰੱਖੀਏ, ਤਾਂ ਰੌਸ਼ਨੀ ਵੱਲ ਰਸਤਾ ਖੁੱਲ੍ਹਦਾ ਹੈ।

ਅਫ਼ਲਾਤੂਨ ਸਿਰਫ਼ ਪੁਰਾਣੇ ਯੂਨਾਨ ਤਕ ਹੀ ਸੀਮਤ ਦਾਰਸ਼ਨਿਕ ਨਹੀਂ ਸੀ। ਉਸ ਦੇ ਵਿਚਾਰਾਂ ਨੇ ਪੂਰੀ ਦੁਨੀਆ ਦੀ ਰਾਜਨੀਤਿਕ, ਨੈਤਿਕ ਅਤੇ ਵਿਦਿਅਕ ਸੋਚ ਨੂੰ ਪ੍ਰਭਾਵਿਤ ਕੀਤਾ। ਇਸੇ ਲਈ ਉਸ ਦਾ ਨਾਂ ਅੱਜ ਵੀ ਦਰਸ਼ਨ, ਰਾਜਨੀਤੀ ਅਤੇ ਸਿੱਖਿਆ ਦੀ ਚਰਚਾ ਵਿੱਚ ਆਉਂਦਾ ਹੈ।

ਇਸ ਲਈ ਜਦੋਂ ਅਸੀਂ ਅਫ਼ਲਾਤੂਨ ਕਹਿੰਦੇ ਹਾਂ, ਅਸੀਂ ਕੇਵਲ ਪਲੈਟੋ ਦਾ ਅਨੁਵਾਦ ਨਹੀਂ ਕਰ ਰਹੇ ਹੁੰਦੇ। ਅਸੀਂ ਆਪਣੀ ਪੁਰਾਣੀ ਪੰਜਾਬੀ ਬੌਧਿਕ ਰਿਵਾਇਤ ਨਾਲ ਵੀ ਜੁੜ ਰਹੇ ਹੁੰਦੇ ਹਾਂ ਜਿਸ ਵਿੱਚ ਅਫ਼ਲਾਤੂਨ ਦਾ ਜ਼ਿਕਰ ਆਮ ਹੀ ਹੁੰਦਾ ਸੀ ਜੋ ਕਿ ਪਿਛਲੇ 40 ਕੁ ਸਾਲਾਂ ਵਿੱਚ ਬਹੁਤ ਘਟ ਹੋ ਗਿਆ ਹੈ।


Discover more from ਜੁਗਸੰਧੀ

Subscribe to get the latest posts sent to your email.

Unknown's avatar

Author:

ਵੈਲਿੰਗਟਨ, ਨਿਊਜ਼ੀਲੈਂਡ ਦਾ ਵਸਨੀਕ - ਬਲੌਗਿੰਗ, ਪਗਡੰਡੀਆਂ ਮਾਪਣ ਅਤੇ ਜਿਓਸਟ੍ਰੈਟੀਜਿਕ ਖੋਜ ਦਾ ਸ਼ੌਕ।

Leave a comment