Posted in ਚਰਚਾ, ਸਮਾਜਕ

ਅਫ਼ਲਾਤੂਨ ਦੀ ਗੁਫ਼ਾ

ਅੱਜ ਦੀ ਪੀੜੀ ਵਿੱਚ ਬਹੁਤ ਸਾਰੇ ਲੋਕ ਪਲੈਟੋ ਦਾ ਨਾਂ ਤਾਂ ਸੁਣ ਲੈਂਦੇ ਹਨ, ਪਰ ਅਫ਼ਲਾਤੂਨ ਨਾਂ ਨਾਲ ਉਸ ਨੂੰ ਘੱਟ ਹੀ ਜਾਣਦੇ ਹਨ। ਪੰਜਾਬੀ, ਉਰਦੂ ਅਤੇ ਫ਼ਾਰਸੀ ਅਸਰ ਵਾਲੀ ਬੌਧਿਕ ਰਵਾਇਤ ਵਿੱਚ ਪਲੈਟੋ ਨੂੰ ਆਮ ਤੌਰ ਤੇ ਅਫ਼ਲਾਤੂਨ ਕਿਹਾ ਜਾਂਦਾ ਹੈ।

ਅਫ਼ਲਾਤੂਨ ਯੂਨਾਨ ਦਾ ਇੱਕ ਮਹਾਨ ਦਾਰਸ਼ਨਿਕ ਸੀ। ਉਹ ਲਗਭਗ ਢਾਈ ਹਜ਼ਾਰ ਸਾਲ ਪਹਿਲਾਂ ਐਥਨਜ਼ ਵਿੱਚ ਰਹਿੰਦਾ ਸੀ। ਉਸ ਦਾ ਉਸਤਾਦ ਸੁਕਰਾਤ ਸੀ, ਜਿਸ ਨੂੰ ਅੰਗਰੇਜ਼ੀ ਵਿੱਚ ਸੋਕਰੇਟੀਜ਼ ਕਿਹਾ ਜਾਂਦਾ ਹੈ। ਅਫ਼ਲਾਤੂਨ ਨੇ ਆਪਣੇ ਉਸਤਾਦ ਤੋਂ ਸਵਾਲ ਪੁੱਛਣ, ਸੋਚਣ ਅਤੇ ਸੱਚ ਦੀ ਖੋਜ ਕਰਨ ਦੀ ਰੀਤ ਸਿੱਖੀ।

ਅਫ਼ਲਾਤੂਨ ਦਾ ਸਭ ਤੋਂ ਵੱਡਾ ਯੋਗਦਾਨ ਇਹ ਸੀ ਕਿ ਉਸ ਨੇ ਮਨੁੱਖੀ ਜੀਵਨ, ਇਨਸਾਫ਼, ਰਾਜਨੀਤੀ, ਗਿਆਨ ਅਤੇ ਚੰਗੇ ਸਮਾਜ ਬਾਰੇ ਡੂੰਘੇ ਸਵਾਲ ਪੁੱਛੇ। ਉਸ ਦੀ ਮਸ਼ਹੂਰ ਕਿਤਾਬ ਦਾ ਰਿਪਬਲਿਕ ਵਿੱਚ ਉਹ ਪੁੱਛਦਾ ਹੈ: ਇਨਸਾਫ਼ ਕੀ ਹੁੰਦਾ ਹੈ? ਚੰਗਾ ਰਾਜ ਕਿਹੋ ਜਿਹਾ ਹੋਣਾ ਚਾਹੀਦਾ ਹੈ? ਅਤੇ ਰਾਜ ਕਰਨ ਵਾਲੇ ਲੋਕ ਕਿਹੋ ਜਿਹੇ ਹੋਣੇ ਚਾਹੀਦੇ ਹਨ?

ਉਸ ਨੇ ਇਹ ਵੀ ਕਿਹਾ ਕਿ ਅਸੀਂ ਕਈ ਵਾਰ ਚੀਜ਼ਾਂ ਨੂੰ ਕੇਵਲ ਉਪਰੋਂ ਵੇਖਦੇ ਹਾਂ, ਪਰ ਅਸਲ ਸਮਝ ਉਹ ਹੈ ਜੋ ਸੱਚਾਈ ਦੀ ਡੂੰਘਾਈ ਤੱਕ ਜਾਵੇ। ਇਸੇ ਵਿਚਾਰ ਨੂੰ ਸਮਝਾਉਣ ਲਈ ਉਸ ਦੀ ਗੁਫ਼ਾ ਵਾਲੀ ਮਿਸਾਲ ਬਹੁਤ ਮਸ਼ਹੂਰ ਹੈ। ਇਹ ਮਿਸਾਲ ਉਸ ਨੇ ਇਹ ਸਮਝਾਉਣ ਲਈ ਦਿੱਤੀ ਕਿ ਮਨੁੱਖ ਕਈ ਵਾਰ ਸੱਚ ਨੂੰ ਨਹੀਂ, ਸੱਚ ਦੀਆਂ ਸਿਰਫ਼ ਪਰਛਾਵਿਆਂ ਨੂੰ ਹੀ ਅਸਲੀਅਤ ਸਮਝ ਲੈਂਦਾ ਹੈ।

ਅਫ਼ਲਾਤੂਨ ਕਹਿੰਦਾ ਹੈ, ਸੋਚੋ ਕਿ ਕੁਝ ਲੋਕ ਜਨਮ ਤੋਂ ਹੀ ਇੱਕ ਹਨੇਰੀ ਗੁਫ਼ਾ ਵਿੱਚ ਬੱਝੇ ਹੋਏ ਹਨ। ਉਹਨਾਂ ਦੇ ਹੱਥ ਪੈਰ ਬੱਝੇ ਹਨ ਅਤੇ ਉਹ ਸਿਰਫ਼ ਸਾਹਮਣੇ ਵਾਲੀ ਕੰਧ ਵੱਲ ਹੀ ਵੇਖ ਸਕਦੇ ਹਨ। ਉਹ ਨਾ ਪਿੱਛੇ ਮੁੜ ਸਕਦੇ ਹਨ, ਨਾ ਬਾਹਰ ਜਾ ਸਕਦੇ ਹਨ।

ਉਹਨਾਂ ਦੇ ਪਿੱਛੇ ਅੱਗ ਬਲ ਰਹੀ ਹੈ। ਅੱਗ ਅਤੇ ਉਹਨਾਂ ਲੋਕਾਂ ਦੇ ਵਿਚਕਾਰ ਕੁਝ ਹੋਰ ਲੋਕ ਚੀਜ਼ਾਂ ਲੰਘਾਉਂਦੇ ਹਨ। ਉਹਨਾਂ ਚੀਜ਼ਾਂ ਦਾ ਪਰਛਾਵਾਂ ਸਾਹਮਣੇ ਵਾਲੀ ਕੰਧ ਉੱਤੇ ਪੈਂਦਾ ਹੈ। ਗੁਫ਼ਾ ਵਿੱਚ ਬੱਝੇ ਲੋਕ ਸਿਰਫ਼ ਉਹ ਪਰਛਾਵੇਂ ਹੀ ਵੇਖਦੇ ਹਨ। ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਹੋਰ ਕੁਝ ਨਹੀਂ ਵੇਖਿਆ, ਉਹ ਸਮਝਦੇ ਹਨ ਕਿ ਇਹ ਪਰਛਾਵੇਂ ਹੀ ਅਸਲੀ ਦੁਨੀਆਂ ਹਨ।

ਹੁਣ ਸੋਚੋ, ਉਹਨਾਂ ਵਿੱਚੋਂ ਇੱਕ ਇਨਸਾਨ ਕਿਸੇ ਤਰ੍ਹਾਂ ਆਜ਼ਾਦ ਹੋ ਜਾਂਦਾ ਹੈ। ਪਹਿਲਾਂ ਉਹ ਪਿੱਛੇ ਮੁੜ ਕੇ ਅੱਗ ਨੂੰ ਵੇਖਦਾ ਹੈ। ਉਸ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਹਨ, ਕਿਉਂਕਿ ਉਹ ਹਨੇਰੇ ਦਾ ਆਦੀ ਸੀ। ਫਿਰ ਉਹ ਗੁਫ਼ਾ ਤੋਂ ਬਾਹਰ ਨਿਕਲਦਾ ਹੈ। ਬਾਹਰ ਸੂਰਜ ਦੀ ਰੌਸ਼ਨੀ ਹੈ, ਅਸਲੀ ਦਰੱਖਤ ਹਨ, ਅਸਲੀ ਲੋਕ ਹਨ, ਅਸਲੀ ਚੀਜ਼ਾਂ ਹਨ। ਪਹਿਲਾਂ ਉਸ ਨੂੰ ਦਰਦ ਹੁੰਦਾ ਹੈ, ਅੱਖਾਂ ਖੁੱਲ੍ਹਦੀਆਂ ਨਹੀਂ। ਪਰ ਹੌਲੀ-ਹੌਲੀ ਉਹ ਸਮਝਦਾ ਹੈ ਕਿ ਗੁਫ਼ਾ ਦੀ ਕੰਧ ਉੱਤੇ ਜੋ ਉਹ ਵੇਖਦਾ ਰਿਹਾ ਸੀ, ਉਹ ਅਸਲੀਅਤ ਨਹੀਂ ਸੀ। ਉਹ ਸਿਰਫ਼ ਪਰਛਾਵੇਂ ਸਨ।

ਗੁਫ਼ਾ ਦੀ ਸੂਚਕ ਤਸਵੀਰ – Photo by Siarhei Nester on Pexels.com

ਫਿਰ ਉਹ ਵਾਪਸ ਗੁਫ਼ਾ ਵਿੱਚ ਜਾਂਦਾ ਹੈ ਅਤੇ ਬਾਕੀ ਲੋਕਾਂ ਨੂੰ ਦੱਸਦਾ ਹੈ: “ਜੋ ਤੁਸੀਂ ਵੇਖ ਰਹੇ ਹੋ, ਇਹ ਸੱਚ ਨਹੀਂ। ਬਾਹਰ ਇੱਕ ਵੱਡੀ ਦੁਨੀਆਂ ਹੈ। ਅਸਲੀ ਰੌਸ਼ਨੀ ਹੈ। ਅਸਲੀ ਚੀਜ਼ਾਂ ਹਨ।”

ਪਰ ਗੁਫ਼ਾ ਵਿੱਚ ਬੱਝੇ ਲੋਕ ਉਸ ਦੀ ਗੱਲ ਨਹੀਂ ਮੰਨਦੇ। ਉਹ ਉਸ ਦਾ ਮਜ਼ਾਕ ਉਡਾਉਂਦੇ ਹਨ। ਉਹ ਕਹਿੰਦੇ ਹਨ ਕਿ ਇਹ ਵਿਅਕਤੀ ਪਾਗਲ ਹੋ ਗਿਆ ਹੈ। ਕਿਉਂਕਿ ਉਹਨਾਂ ਲਈ ਤਾਂ ਉਹੀ ਕੰਧ, ਉਹੀ ਪਰਛਾਵੇਂ, ਅਤੇ ਉਹੀ ਹਨੇਰਾ ਹੀ ਸੱਚ ਸੀ।

ਅਫ਼ਲਾਤੂਨ ਇਸ ਮਿਸਾਲ ਰਾਹੀਂ ਕਹਿੰਦਾ ਹੈ ਕਿ ਸੱਚ ਦੀ ਖੋਜ ਆਸਾਨ ਨਹੀਂ ਹੁੰਦੀ। ਜਦੋਂ ਮਨੁੱਖ ਅਗਿਆਨਤਾ ਤੋਂ ਗਿਆਨ ਵੱਲ ਜਾਂਦਾ ਹੈ, ਤਾਂ ਪਹਿਲਾਂ ਤਕਲੀਫ਼ ਹੁੰਦੀ ਹੈ। ਪੁਰਾਣੀਆਂ ਧਾਰਣਾਵਾਂ ਟੁੱਟਦੀਆਂ ਹਨ। ਅੱਖਾਂ ਨੂੰ ਰੌਸ਼ਨੀ ਚੁੱਭਦੀ ਹੈ। ਪਰ ਜੇ ਮਨੁੱਖ ਹਿੰਮਤ ਕਰੇ, ਤਾਂ ਉਹ ਪਰਛਾਵਿਆਂ ਤੋਂ ਅੱਗੇ ਜਾ ਕੇ ਅਸਲੀਅਤ ਨੂੰ ਵੇਖ ਸਕਦਾ ਹੈ।

ਇਹ ਮਿਸਾਲ ਅੱਜ ਵੀ ਬਹੁਤ ਮਹੱਤਵਪੂਰਨ ਹੈ। ਅੱਜ ਦੀ ਦੁਨੀਆ ਵਿੱਚ ਵੀ ਅਸੀਂ ਕਈ ਵਾਰ ਸਮਾਜਕ ਮਾਧਿਅਮਾਂ (ਸੋਸ਼ਲ ਮੀਡੀਆ), ਅਧੂਰੀ ਜਾਣਕਾਰੀ, ਧਾਰਮਿਕ ਰਸਮਾਂ, ਰਾਜਨੀਤਿਕ ਪ੍ਰਚਾਰ, ਜਾਂ ਸਮਾਜਕ ਦਬਾਅ ਨੂੰ ਹੀ ਸੱਚ ਸਮਝ ਲੈਂਦੇ ਹਾਂ। ਅਸੀਂ ਪਰਛਾਵਿਆਂ ਨਾਲ ਲੜਦੇ ਰਹਿੰਦੇ ਹਾਂ, ਪਰ ਅਸਲੀ ਸਵਾਲ ਨਹੀਂ ਪੁੱਛਦੇ।

ਅਫ਼ਲਾਤੂਨ ਸਾਨੂੰ ਸਿਖਾਉਂਦਾ ਹੈ ਕਿ ਸੋਚਣ ਵਾਲਾ ਮਨੁੱਖ ਉਹ ਹੈ ਜੋ ਪੁੱਛੇ: ਕੀ ਇਹ ਸੱਚ ਹੈ? ਕੀ ਮੈਂ ਸਿਰਫ਼ ਸੁਣਿਆ ਹੋਇਆ ਦੁਹਰਾ ਰਿਹਾ ਹਾਂ? ਕੀ ਮੈਂ ਪਰਛਾਵਿਆਂ ਨੂੰ ਅਸਲੀਅਤ ਸਮਝ ਰਿਹਾ ਹਾਂ?

ਇਸ ਕਰਕੇ ਗੁਫ਼ਾ ਵਾਲੀ ਮਿਸਾਲ ਸਿਰਫ਼ ਪੁਰਾਣੀ ਯੂਨਾਨੀ ਕਹਾਣੀ ਨਹੀਂ। ਇਹ ਹਰ ਸਮਾਜ ਲਈ ਚੇਤਾਵਨੀ ਹੈ। ਜੇ ਅਸੀਂ ਸਵਾਲ ਪੁੱਛਣੇ ਛੱਡ ਦੇਈਏ, ਤਾਂ ਅਸੀਂ ਗੁਫ਼ਾ ਵਿੱਚ ਹੀ ਰਹਿ ਜਾਂਦੇ ਹਾਂ। ਪਰ ਜੇ ਅਸੀਂ ਸੋਚਣਾ, ਸਮਝਣਾ ਅਤੇ ਸੱਚ ਵੱਲ ਤੁਰਨਾ ਜਾਰੀ ਰੱਖੀਏ, ਤਾਂ ਰੌਸ਼ਨੀ ਵੱਲ ਰਸਤਾ ਖੁੱਲ੍ਹਦਾ ਹੈ।

ਅਫ਼ਲਾਤੂਨ ਸਿਰਫ਼ ਪੁਰਾਣੇ ਯੂਨਾਨ ਤਕ ਹੀ ਸੀਮਤ ਦਾਰਸ਼ਨਿਕ ਨਹੀਂ ਸੀ। ਉਸ ਦੇ ਵਿਚਾਰਾਂ ਨੇ ਪੂਰੀ ਦੁਨੀਆ ਦੀ ਰਾਜਨੀਤਿਕ, ਨੈਤਿਕ ਅਤੇ ਵਿਦਿਅਕ ਸੋਚ ਨੂੰ ਪ੍ਰਭਾਵਿਤ ਕੀਤਾ। ਇਸੇ ਲਈ ਉਸ ਦਾ ਨਾਂ ਅੱਜ ਵੀ ਦਰਸ਼ਨ, ਰਾਜਨੀਤੀ ਅਤੇ ਸਿੱਖਿਆ ਦੀ ਚਰਚਾ ਵਿੱਚ ਆਉਂਦਾ ਹੈ।

ਇਸ ਲਈ ਜਦੋਂ ਅਸੀਂ ਅਫ਼ਲਾਤੂਨ ਕਹਿੰਦੇ ਹਾਂ, ਅਸੀਂ ਕੇਵਲ ਪਲੈਟੋ ਦਾ ਅਨੁਵਾਦ ਨਹੀਂ ਕਰ ਰਹੇ ਹੁੰਦੇ। ਅਸੀਂ ਆਪਣੀ ਪੁਰਾਣੀ ਪੰਜਾਬੀ ਬੌਧਿਕ ਰਿਵਾਇਤ ਨਾਲ ਵੀ ਜੁੜ ਰਹੇ ਹੁੰਦੇ ਹਾਂ ਜਿਸ ਵਿੱਚ ਅਫ਼ਲਾਤੂਨ ਦਾ ਜ਼ਿਕਰ ਆਮ ਹੀ ਹੁੰਦਾ ਸੀ ਜੋ ਕਿ ਪਿਛਲੇ 40 ਕੁ ਸਾਲਾਂ ਵਿੱਚ ਬਹੁਤ ਘਟ ਹੋ ਗਿਆ ਹੈ।

Posted in ਖੋਜ, ਵਿਚਾਰ

ਪੁਰਾਤਨ ਮਨੁੱਖੀ ਨਸਲ ਦੀ ਖੋਜ

ਵਿਗਿਆਨਕ ਖੋਜ ਦੇ ਅਪਾਰ ਖੇਤਰ ਵਿੱਚ, ਕੁਝ ਬਿਰਤਾਂਤ ਬਹੁਤ ਹੀ ਮਨਮੋਹਕ ਹੁੰਦੇ ਹਨ ਜੋ ਸਾਡੇ ਪੁਰਾਤਨ ਮੂਲ ਦੇ ਭੇਦਾਂ ਨੂੰ ਉਜਾਗਰ ਕਰਦੇ ਹਨ। ਨੈੱਟਫਲਿਕਸ ਦਸਤਾਵੇਜ਼ੀ “ਅਣਜਾਣ: ਹੱਡੀਆਂ ਦੀ ਗੁਫਾ” ਦਰਸ਼ਕਾਂ ਨੂੰ ਇੱਕ ਮਨੋਰੰਜਕ ਯਾਤਰਾ ਉੱਤੇ ਲੈ ਜਾਂਦੀ ਹੈ। 2013 ਵਿੱਚ ਹੋਮੋ ਨਲੇਡੀ, ਇੱਕ ਅਲੋਪ ਹੋ ਚੁੱਕੀ ਪੁਰਾਤੱਤਵ ਮਨੁੱਖੀ ਨਸਲ ਦੀ ਖੋਜ ਦੀ ਕਮਾਲ ਦੀ ਕਹਾਣੀ ਦੀ ਘੋਖ ਕਰਦੀ ਹੈ। ਦੱਖਣੀ ਅਫ਼ਰੀਕਾ ਦੀ ਰਾਈਜ਼ਿੰਗ ਸਟਾਰ ਗੁਫਾ ਪ੍ਰਣਾਲੀ ਦੀ ਡੂੰਘਾਈ ਵਿੱਚ ਸਥਿਤ, ਤੰਗ ਗੁਫਾਵਾਂ ਦੇ ਵਿੱਚ ਇੱਕ ਖੋਜੀ ਜੋੜੇ ਵੱਲੋਂ ਇਸ ਪੁਰਾਤਨ ਮਨੁੱਖੀ ਨਸਲ ਦੀ ਖੋਜ ਜੀਵ-ਵਿਗਿਆਨ ਵਿੱਚ ਇੱਕ ਨਿਵੇਕਲੇ ਪਲ ਦੀ ਨਿਸ਼ਾਨਦੇਹੀ ਕਰਦਾ ਹੈ।

ਇਹ ਦਸਤਾਵੇਜ਼ੀ ਫਿਲਮ ਦੱਸਦੀ ਹੈ ਕਿ ਕਿਵੇਂ ਤੰਗ ਗੁਫਾਵਾਂ ਵਿੱਚ ਲੱਭੇ ਹੱਡੀਆਂ ਦੇ ਟੁਕੜਿਆਂ ਵਿਚਕਾਰ ਇੱਕ ਅਣਕਿਆਸੀ ਲੱਭਤ ਹੋਈ। ਭੇਦ ਭਰੇ ਪਿੰਜਰ ਅਤੇ ਲੱਭੇ ਹੱਡੀਆਂ ਦੇ ਟੁਕੜਿਆਂ ਨੇ ਮਾਹਿਰਾਂ ਨੂੰ ਇੱਕ ਨਵੇਂ ਰਾਹ ਪਾ ਦਿੱਤਾ। ਗੁਫਾ ਦੇ ਵਿਹੜਿਆਂ ਦੇ ਅੰਦਰ ਉਨ੍ਹਾਂ ਨੂੰ ਜੋ ਕੁਝ ਲੱਭਿਆ ਉਹ ਹੈਰਾਨੀਜਨਕ ਤੋਂ ਘੱਟ ਨਹੀਂ ਸੀ – ਇੱਕ ਪੂਰੀ ਤਰ੍ਹਾਂ ਨਵੀਂ ਆਦਮ ਪ੍ਰਜਾਤੀ ਜਿਸਦੇ ਬਾਰੇ ਪੁਰਾਣੇ ਵਰਗੀਕਰਣ ਵਿੱਚ ਕੁਝ ਵੀ ਨਹੀਂ ਸੀ।  ਇਸੇ ਕਰਕੇ ਅਖੀਰ ਵਿੱਚ ਇਸ ਨੂੰ ਹੋਮੋ ਨਲੇਡੀ ਦਾ ਨਵਾਂ ਨਾਂ ਦਿੱਤਾ ਗਿਆ।

ਰਾਈਜ਼ਿੰਗ ਸਟਾਰ ਗੁਫਾ ਮੁਹਿੰਮ ਤੋਂ ਪਹਿਲਾਂ, ਦੁਨੀਆਂ ਹੋਮੋ ਨਲੇਡੀ ਦੀ ਹੋਂਦ ਤੋਂ ਅਣਜਾਣ ਸੀ। ਕਿਸੇ ਵੀ ਪਿਛਲੀ ਖੋਜ ਦੀ ਅਣਹੋਂਦ ਨੇ ਵਿਗਿਆਨਕ ਭਾਈਚਾਰੇ ਨੂੰ ਤੁਲਨਾਤਮਕ ਅੰਕੜਿਆਂ ਦੀ ਘਾਟ ਨਾਲ ਜੂਝਣ ਲਈ ਮਜਬੂਰ ਕਰ ਦਿੱਤਾ ਸੀ। ਡਾ: ਬਰਗਰ ਦੀ ਅਗਵਾਈ ਵਾਲੀ ਟੀਮ ਨੇ ਇਨ੍ਹਾਂ ਵਿਲੱਖਣ ਅਸਥੀਆਂ ਦੇ ਵਿਕਾਸਵਾਦੀ ਮਹੱਤਵ ਨੂੰ ਸਮਝਣ ਦੇ ਔਖੇ ਕੰਮ ਨੂੰ ਨੇਪਰੇ ਚਾੜ੍ਹਿਆ ਜਿਸ ਵਿੱਚ ਉਨ੍ਹਾਂ ਦੀ ਪੜਚੋਲ ਬੇਮਿਸਾਲ ਸੀ। ਧਰਤੀ ਉੱਤੇ ਕਿਤੇ ਵੀ ਹੋਮੋ ਨਲੇਡੀ ਜੀਵ ਦੀ ਅਣਹੋਂਦ ਨੇ ਉਨ੍ਹਾਂ ਦੀਆਂ ਖੋਜਾਂ ਦੇ ਆਲੇ ਦੁਆਲੇ ਅਚੇਤ ਅਤੇ ਹੈਰਾਨੀ ਦੀ ਭਾਵਨਾ ਨੂੰ ਲਬਰੇਜ਼ ਕੀਤਾ।

Illustrative Stock Photo by Deann DaSilva on Pexels.com

ਹੋਮੋ ਨਲੇਡੀ ਖੋਜ ਦੇ ਸਭ ਤੋਂ ਦਿਲਚਸਪ ਪਹਿਲੂਆਂ ਵਿੱਚੋਂ ਇੱਕ ਇਸਦਾ ਮਨੁੱਖ ਜਾਤੀ ਨਾਲੋਂ ਸਪੱਸ਼ਟ ਵਖਰੇਵਾਂ ਹੈ। ਦਸਤਾਵੇਜ਼ੀ ਫਿਲਮ ਇਸ ਸੰਭਾਵਨਾ ਵੱਲ ਇਸ਼ਾਰਾ ਕਰਦੀ ਹੈ ਕਿ ਇਹ ਪੁਰਾਤਨ ਜੀਵ ਗੁਫਾ ਦੇ ਭੁਲੇਖੇ ਵਿਚ ਫਸ ਗਏ ਹੋ ਸਕਦੇ ਹਨ, ਜਿਸ ਨਾਲ ਇਹ ਗੁਫਾ ਉਨ੍ਹਾਂ ਦੀ ਕਬਰ ਬਣ ਗਈ। ਇਹ ਸਿਧਾਂਤ ਉਨ੍ਹਾਂ ਹਾਲਾਤ ਨੂੰ ਸਹੀ ਢੰਗ ਨਾਲ ਸਮਝਣ ਦੀ ਚੁਣੌਤੀ ਦਿੰਦਾ ਹੈ ਜਿੰਨ੍ਹਾਂ ਨੇ ਇਸ ਗੁਫਾ ਨੂੰ ਕੈਦ ਦਾ ਰੂਪ ਦੇ ਦਿੱਤਾ। ਜੇਕਰ ਅਸੀਂ ਭੂ-ਵਿਗਿਆਨਕ ਸੰਦਰਭ ਵਿੱਚ ਖੋਜ ਕਰਦੇ ਹਾਂ, ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਗੁਫਾ ਦੀ ਬਣਤਰ ਨੇ ਹੀ ਇਨ੍ਹਾਂ ਨਾਜ਼ੁਕ ਅਸਥੀਆਂ ਨੂੰ ਸੁਰੱਖਿਅਤ ਰੱਖਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਗੁਫਾ ਦੇ ਤੰਗ ਰੂਪ ਨੇ ਇਸ ਵਿੱਚ ਪਈਆਂ ਅਸਥੀਆਂ ਨੂੰ ਵਕਤ ਦੇ ਨਾਲ ਬਰਬਾਦੀ ਅਤੇ ਜੰਗਲੀ ਜਾਨਵਰਾਂ ਤੋਂ ਬਚਾਇਆ ਹੈ।

ਜਦੋਂ ਕਿ ਹੋਮੋ ਨਲੇਡੀ ਖੋਜ ਅਤੇ ਇਸਦੀ ਵਿਗਿਆਨਕ ਮਹੱਤਤਾ ਸਾਡੇ ਲਈ ਇੱਕ ਦਿਲਚਸਪ ਵਿਸ਼ਾ ਹੈ, ਦਸਤਾਵੇਜ਼ੀ ਫਿਲਮ ਇਨ੍ਹਾਂ ਕਬਰਾਂ ਬਾਰੇ ਹੋਰ ਖੋਜ ਦੀ ਬਜਾਏ ਇਸ ਨੂੰ ਮੌਤ ਤੋਂ ਬਾਅਦ ਦੇ ਜੀਵਨ ਦੀ ਧਾਰਨਾ ਦੇ ਨਾਲ ਰਲ਼ਗੱਡ ਕਰਦੀ ਹੈ। ਵਿਦਵਾਨਾਂ ਨੂੰ ਇਸ ਵਿਚਾਰ ਨਾਲ ਜੂਝਦੇ ਹੋਏ ਵਖਾਇਆ ਗਿਆ ਹੈ ਕਿ ਇਨ੍ਹਾਂ ਪੁਰਾਤਨ ਜੀਵਾਂ ਨੇ ਅਗਲੇ ਜੀਵਨ ਦੀ ਕਲਪਨਾ ਕਰਨ ਨਾਲ ਸੰਬੰਧਿਤ ਬੋਧਾਤਮਕ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੋ ਸਕਦਾ ਹੈ। ਹਾਲਾਂਕਿ, ਜਿਵੇਂ ਕਿ ਤੁਸੀਂ ਸਮਝ ਹੀ ਸਕਦੇ ਹੋ ਕਿ ਵਿਗਿਆਨਕ ਨਿਰੀਖਣ ਤੋਂ ਅੰਦਾਜ਼ੇ ਲਾਉਂਦੇ ਹੋਏ ਮਿਥਿਆਵਾਂ ਨਾਲ ਜੁੜ ਜਾਣ ਦੀ ਇਹ ਛਾਲ ਕਈ ਜਾਇਜ਼ ਸਵਾਲ ਖੜ੍ਹੇ ਕਰਦੀ ਹੈ। ਅਗਲੇ ਜੀਵਨ ਦੀਆਂ ਵਿਆਖਿਆਵਾਂ ਦੇ ਕਿਆਫ਼ੇ ਹੋਮੋ ਨਲੇਡੀ ਨਾਲ ਜੋੜਨੇ ਇੱਕ ਤਰ੍ਹਾਂ ਦੀ ਬੇਇਮਾਨੀ ਹੈ।

ਜਿਵੇਂ ਅਸੀਂ ਆਪਣੀ ਪੂਰਵ-ਇਤਿਹਾਸਕ ਵਿਰਾਸਤ ਦੀਆਂ ਡੂੰਘਾਈਆਂ ਦੀ ਲਗਾਤਾਰ ਖੋਜ ਕਰਨਾ ਜਾਰੀ ਰੱਖਦੇ ਹਾਂ, ਉਸੇ ਤਰ੍ਹਾਂ ਇਹ ਲਾਜ਼ਮੀ ਹੈ ਕਿ ਅਸੀਂ ਵਿਗਿਆਨਕ ਮਾਪ ਦੰਡ ਕਿਸੇ ਵੀ ਹਾਲ ਵਿੱਚ ਆਪਣੀਆਂ ਧਾਰਨਾਵਾਂ ਨਾਲ ਰਲ਼ਗੱਡ ਨਾ ਕਰੀਏ। ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਡੇ ਬਿਰਤਾਂਤ ਸਬੂਤਾਂ ਦੇ ਠੋਸ ਖੇਤਰ ਵਿੱਚ ਹੀ ਰਹਿਣ ਅਤੇ ਅਸੀਂ ਗੁੰਝਲਦਾਰ ਭੇਦਾਂ ਨੂੰ ਸਮਝਣ ਲਈ ਕਿਤੇ ਅਟਕਲ-ਪੱਚੂ ਨਾ ਮਾਰਨੇ ਸ਼ੁਰੂ ਕਰ ਦੇਈਏ।