ਬੀਤੀ 11 ਮਾਰਚ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਵ੍ਹਾਟਸਐਪ ਅਤੇ ਫੇਸਬੁੱਕ ਤੇ ਚਲ ਰਿਹਾ “ਇਨਕਲਾਬ” ਆਖਿਰ ਥੰਮ੍ਹ ਗਿਆ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਬਹੁਤ ਸਾਰੇ ਲੋਕਾਂ ਨੂੰ ਡਾਢਾ ਮਾਯੂਸ ਕੀਤਾ ਖਾਸ ਤੌਰ ਤੇ ਬਾਹਰਲੇ ਮੁਲਕਾਂ ਵਿੱਚ ਵੱਸਦੇ ਪੰਜਾਬੀਆਂ ਨੂੰ। ਹਰ ਕੋਈ ਆਮ ਆਦਮੀ ਪਾਰਟੀ ਦੀ “ਸ਼ਾਨਦਾਰ ਜਿੱਤ” ਯਕੀਨੀ ਕਰੀ ਬੈਠਾ ਸੀ। ਪਰ ਅੱਗੇ ਗੱਲ ਕਰਨ ਤੋਂ ਪਹਿਲਾਂ ਹੇਠਾਂ ਖਾਨੇਵਾਰ ਖਾਕੇ ਤੇ ਥੋੜੀ ਝਾਤ ਮਾਰ ਲਵੋ।

ਕਾਂਗਰਸ ਦਾ ਵੋਟ ਫ਼ੀਸਦੀ ਘਟ ਰਿਹਾ ਹੈ ਪਰ ਸੀਟਾਂ ਵੇਖੋ ਕਿਵੇਂ ਛਲਾਂਗਾ ਮਾਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੀਆਂ ਸੀਟਾਂ ਤੇ ਵੋਟ ਫ਼ੀਸਦੀ ਡਿਗ ਛੜੱਪਾ ਕਰ ਰਿਹਾ ਹੈ। ਭਾਜਪਾ ਦਾ ਵੋਟ ਫ਼ੀਸਦੀ ਥੋੜਾ ਘਟਿਆ ਹੈ ਪਰ ਸੀਟਾਂ ਜ਼ਿਆਦਾ ਹੀ ਖੁੱਸ ਗਈਆਂ ਹਨ। ਮਨਪ੍ਰੀਤ ਬਾਦਲ 2012 ਵਿੱਚ 5.67 ਫ਼ੀਸਦੀ ਵੋਟਾਂ ਲੈ ਕੇ ਇਕ ਵੀ ਸੀਟ ਹਾਸਲ ਨਹੀਂ ਕਰ ਸਕਿਆ ਪਰ ਲੋਕ ਇਨਸਾਫ਼ ਪਾਰਟੀ ਨੇ 2017 ਵਿੱਚ ਸਿਰਫ 1.2 ਫ਼ੀਸਦੀ ਵੋਟਾਂ ਨਾਲ ਮਲਕੜੇ ਜਿਹੇ ਦੋ ਸੀਟਾਂ ਜਿੱਤ ਲਈਆਂ।
ਆਂਕੜਿਆਂ ਦਾ ਜਮ੍ਹਾ-ਘਟਾਓ ਤਾਂ ਚਲਦਾ ਹੀ ਰਹੇਗਾ ਪਰ ਆਓ ਜ਼ਰਾ ਆਮ ਆਦਮੀ ਪਾਰਟੀ ਬਾਰੇ ਵੀ ਥੋੜੀ ਜਿਹੀ ਗੱਲ ਕਰ ਲਈਏ। ਜਿੱਤਣ ਤੋਂ ਬਾਅਦ ਇਸ ਨੇ ਸੂਬੇ ਦਾ ਮੁੱਖ ਮੰਤਰੀ ਕਿਸਨੂੰ ਬਣਾਉਣਾ ਸੀ? ਕਿਸੇ ਨੂੰ ਨਹੀਂ ਪਤਾ। ਪੰਜਾਬ ਦੀ ਆਰਥਿਕਤਾ ਅਤੇ ਕਿਸਾਨੀ ਬਾਰੇ ਨੀਤੀ ਪੱਤਰ? ਕੋਈ ਨਹੀਂ। ਪੰਜਾਬ ਵਿੱਚ ਹੋਈਆਂ ਪੁਲਿਸ ਵਧੀਕੀਆਂ ਦੀ ਪੜਤਾਲ ਕਰਵਾਉਣ ਬਾਰੇ ਕੋਈ ਹਾਮੀ? ਕੋਈ ਨਹੀਂ। ਪੰਜਾਬ ਦੇ ਪਾਣੀਆਂ ਬਾਰੇ ਕੋਈ ਬਿਆਨ? ਕੋਈ ਨਹੀਂ। ਪੰਜਾਬ ਵਿੱਚ ਡਿਗਦੇ ਵਿਦਿਅਕ ਮਿਆਰ ਨੂੰ ਠੱਲ ਪਾਉਣ ਬਾਰੇ ਕੋਈ ਐਲਾਨ ਨਾਮਾ? ਕੋਈ ਨਹੀਂ। ਰੁਲਦੀ ਫਿਰਦੀ ਮਾਂ ਬੋਲੀ ਪੰਜਾਬੀ ਨੂੰ ਬਣਦਾ ਇੱਜ਼ਤ ਮਾਨ ਦੇਣ ਦੀ ਕੋਈ ਸਹੁੰ? ਕੋਈ ਨਹੀਂ। ਤਾਂ ਫਿਰ ਪੂਛ ਨੂੰ ਅੱਗ ਕੀ ਸਿਰਫ ਰਿਸ਼ਵਤਖੋਰੀ ਦੀ ਖਿਲਾਫਵਰਜ਼ੀ ਦੀ ਲੱਗੀ ਹੋਈ ਸੀ? ਉਪਰ ਏਨੇ ਸਾਰੇ “ਕੋਈ ਨਹੀਂ”। ਚੰਗਾ ਹੋਇਆ ਆਮ ਆਦਮੀ ਪਾਰਟੀ ਵਾਲੇ ਜਿੱਤੇ ਨਹੀਂ। ਨਹੀਂ ਤਾਂ ਪੰਜਾਬੀ ਦੀ ਉਹ ਕਹਾਵਤ ਸੱਚ ਹੋ ਜਾਣੀ ਸੀ ਕਿ ਬਾਂਦਰਾਂ ਹੱਥ ਟੋਪੀਆਂ ਆ ਗਈਆਂ।
ਦਿੱਲੀ ਦੀ ਰਾਜਨੀਤੀ ਤੇ ਪੰਜਾਬ ਦੀ ਰਾਜਨੀਤੀ ਵਿੱਚ ਬਹੁਤ ਫਰਕ ਹੈ। ਮੈਨੂੰ ਪੰਜਾਬ ਤੋਂ ਨਿਕਲੇ ਨੂੰ 26 ਸਾਲ ਹੋ ਗਏ ਹਨ। ਸਾਡੇ ਵੇਲੇ ਤਾਂ ਪੰਜਾਬ ਵਿੱਚ ਐਮ.ਐਲ.ਏ ਦਾ “ਲੋਕ ਰੁਤਬਾ” ਐਮ.ਪੀ. ਨਾਲੋਂ ਵੱਧ ਹੁੰਦਾ ਸੀ। ਕਈ ਲੋਕ ਐਮ.ਪੀ. ਬਨਣ ਤੋਂ ਬਾਅਦ ਅਗਲੀ ਪੌੜੀ ਐਮ.ਐਲ.ਏ ਦੀ ਚੜ੍ਹਦੇ ਸਨ। ਆਮ ਆਦਮੀ ਪਾਰਟੀ ਨੇ ਭਾਵੇਂ ਪੰਜਾਬ ਵਿੱਚੋਂ ਐਮ. ਪੀ. ਤਾਂ ਪਹਿਲਾਂ ਬਣਾ ਲਏ ਪਰ ਅਸਲੀ ਪੇਚਾ ਤਾਂ ਵਿਧਾਨ ਸਭਾ ਵਿੱਚ ਪੈਣਾ ਹੈ। ਇਸ ਲਿਖਤ ਵਿੱਚ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਰੱਖ ਕੇ ਮੈਂ ਕਿਸੇ ਹੋਰ ਪਾਰਟੀ ਦੀ ਤੂਤੀ ਨਹੀਂ ਵਜਾਉਣ ਲੱਗਾ। ਮੇਰਾ ਨਿਗਾਹ ਤਾਂ ਉਨ੍ਹਾਂ ਮਸਲਿਆਂ ਤੇ ਟਿਕੀ ਹੈ ਜਿਨ੍ਹਾਂ ਬਾਰੇ ਉਪਰ ਕੀਤੇ ਸੁਆਲਾਂ ਦੇ ਜੁਆਬ “ਕੋਈ ਨਹੀਂ” ਹਨ। ਇਸ ਗੱਲ ਦੀ ਆਸ ਰੱਖਣਾ ਹੀ ਗੁਨਾਹ ਹੈ ਕਿ ਬਾਕੀ ਦੀਆਂ ਪਾਰਟੀਆਂ ਇਨ੍ਹਾਂ ਮਸਲਿਆਂ ਦੇ ਕਿਤੇ ਲਾਗੇ ਵੀ ਢੁੱਕ ਜਾਣ।
ਅੱਜ ਆਮ ਆਦਮੀ ਪਾਰਟੀ ਪੰਜਾਬ ਦੀ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਪਾਰਟੀ ਬਣ ਗਈ ਹੈ। ਹੁਣ ਆਮ ਆਦਮੀ ਪਾਰਟੀ ਕੋਲ ਪੰਜ ਸਾਲ ਦਾ ਵਕਤ ਹੈ ਕਿ ਉਹ ਸਾਬਿਤ ਕਰਨ ਕਿ ਉਨ੍ਹਾਂ ਕੋਲ ਠੋਸ ਨੀਤੀਆਂ ਅਤੇ ਬੁਲਾਰੇ ਹਨ ਤੇ ਉਹ ਉਪਰ ਲਿਖੇ ਮਸਲਿਆਂ ਉੱਤੇ ਦਲੇਰਾਨਾ ਕਦਮ ਚੁੱਕ ਸਕਦੇ ਹਨ। ਜੇਕਰ ਕਾਮਯਾਬ ਰਹੇ ਤਾਂ ਮੇਰੇ ਵਰਗਿਆਂ ਨੂੰ ਇਕ ਵਾਰ ਫਿਰ ਪੰਜਾਬ ਦੀਆਂ ਚੋਣਾਂ ਵਿੱਚ ਦਿਲਚਸਪੀ ਪੈਦਾ ਹੋਵੇਗੀ। ਨਹੀਂ ਤਾਂ ਇਹੀ ਕਿਹਾ ਕਰਾਂਗੇ ਕਿ ਜੋ ਸੋਚ ਕੇ ਪੰਜਾਬ ਛੱਡਿਆ ਸੀ ਉਹੀ ਸਭ ਕੁਝ ਹੋ ਰਿਹਾ ਹੈ।
One thought on “ਪੰਜਾਬ ਚੋਣਾਂ – 2017”