Posted in ਖੋਜ, ਚਰਚਾ

ਇਤਿਹਾਸ ਦੀ ਕਦਰ

ਅੱਜ ਦੇ ਪਦਾਰਥਵਾਦੀ ਜੁਗ ਦੇ ਵਿੱਚ ਸ਼ਾਇਦ ਇਨਸਾਨ ਦੀ ਪਹਿਲੀ ਲੋੜ ਆਰਥਿਕਤਾ ਤੇ ਹੀ ਕੇਂਦਰਿਤ ਹੋ ਚੁੱਕੀ ਹੈ। ਬੀਤੇ ਕੁਝ ਦਹਾਕਿਆਂ ਤੋਂ ਪੰਜਾਬ ਜਿਸ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਉਸ ਨੂੰ ਵੇਖ ਕੇ ਲੱਗਦਾ ਹੈ ਕਿ ਪੜ੍ਹਾਈ ਤੋਂ ਵੀ ਪਹਿਲਾਂ ਰੁਜ਼ਗਾਰ ਦਾ ਫ਼ਿਕਰ ਹੋਣ ਲੱਗ ਪਿਆ ਹੈ। ਸ਼ਾਇਦ ਇਸੇ ਕਰਕੇ ਗਲੀ-ਮੁਹੱਲਿਆਂ ਦਿਆਂ ਖੂੰਜਿਆਂ ਵਿੱਚ ਖੁੱਲ੍ਹੀਆਂ ਅੰਗਰੇਜ਼ੀ ਇਮਤਿਹਾਨ ਦੀਆਂ ਦੁਕਾਨਾਂ ਲੱਖਾਂ ਦੀਆਂ ਕਮਾਈਆਂ ਕਰ ਰਹੀਆਂ ਹਨ। ਜਦ ਕਿ ਇਤਿਹਾਸ ਸਿਰਜਣਾ ਅਤੇ ਇਸ ਨੂੰ ਸਾਂਭਣਾ ਇਸ ਵਾਵਰੋਲੇ ਵਿੱਚ ਗੁਆਚ ਜਿਹਾ ਗਿਆ ਹੈ।   

ਪੰਜਾਬ ਵਿਚੋਂ ਨਵੀਆਂ ਇਤਿਹਾਸਕ ਖੋਜ ਦੀਆਂ ਕਿਤਾਬਾਂ ਬਹੁਤ ਘੱਟ ਪੜ੍ਹਨ ਨੂੰ ਮਿਲ ਰਹੀਆਂ ਹਨ। ਸ਼ਾਇਦ ਇਸ ਦਾ ਕਾਰਨ ਇਹ ਵੀ ਹੈ ਕਿ ਆਮ ਰਾਏ ਇਹੀ ਕਹਿੰਦੀ ਹੈ ਕਿ ਇਤਿਹਾਸ ਪੜ੍ਹ ਕੇ ਕੀ ਲੈਣਾ? ਉਹੀ ਰੱਟੋ ਜਿਸ ਤੋਂ ਰੁਜ਼ਗਾਰ ਮਿਲੇ। ਇਸ ਸੋਚ ਦੀਆਂ ਜੜ੍ਹਾਂ ਏਡੀਆਂ ਡੂੰਘੀਆਂ ਹੋ ਚੁੱਕੀਆਂ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀਆਂ ਕਿਤਾਬਾਂ ਵਿੱਚ ਵੀ ਕਈ ਵਾਰ ਗੁਰ-ਇਤਿਹਾਸ ਬਾਰੇ ਕੀਤੀਆਂ ਬੱਜਰ ਗ਼ਲਤੀਆਂ ਬਾਰੇ ਖ਼ਬਰਾਂ ਪੜ੍ਹਣ ਨੂੰ ਮਿਲਦੀਆਂ ਹਨ।    

ਜੇਕਰ ਅਸੀਂ ਇਤਿਹਾਸ ਪੜ੍ਹਾਂਗੇ ਹੀ ਨਹੀਂ ਤਾਂ ਇਤਿਹਾਸ ਲਿਖਾਂਗੇ ਕਿਵੇਂ? ਅਸੀਂ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਕਰਦੇ ਕਿ ਸਰਦਾਰ ਕਰਮ ਸਿੰਘ ਜੋ ਕਿ ਸੰਨ 1884 ਦੇ ਵਿੱਚ ਪੈਦਾ ਹੋਏ ਸਨ, ਜੇਕਰ ਉਨ੍ਹਾਂ ਨੇ ਆਪਣੇ ਵੇਲੇ ਪੰਜਾਬ ਦੇ ਪਿੰਡ-ਪਿੰਡ ਜਾ ਕੇ ਸਿੱਖ ਇਤਿਹਾਸ ਦੇ ਸਰੋਤ ਨਾ ਇਕੱਠੇ ਕੀਤੇ ਹੁੰਦੇ ਤਾਂ ਸਾਡੇ ਕੋਲ ਜੋ ਅੱਜ ਦਾ ਸਿੱਖ ਇਤਿਹਾਸ ਲਿਖਿਆ ਪਿਆ ਹੈ ਸ਼ਾਇਦ ਉਹ ਵੀ ਨਹੀਂ ਹੋਣਾ ਸੀ।   

ਬਜ਼ੁਰਗ ਸੱਜਣਾਂ ਤੋਂ ਸਿੱਖ ਰਾਜ ਦੇ ਹਾਲ ਪੁੱਛਣ ਦੀ ਸਖ਼ਤ ਮਿਹਨਤ ਕਰ ਕੇ ਸਰਦਾਰ ਕਰਮ ਸਿੰਘ ਨੇ ਸਿਰਫ਼ ਇਹ ਕੰਮ ਸਿਰੇ ਹੀ ਨਹੀਂ ਚਾੜ੍ਹਿਆ ਸਗੋਂ ਆਪ ਬਗ਼ਦਾਦ ਵੀ ਗਏ ਤਾਂ ਕਿ ਉਥੋਂ ਗੁਰੂ ਨਾਨਕ ਸਾਹਿਬ ਜੀ ਦੀਆਂ ਪੱਛਮ ਯਾਤਰਾਵਾਂ ਦੇ ਸਿਲਸਿਲੇ ਵਿਚ ਇਤਿਹਾਸਕ ਜਾਣਕਾਰੀ ਇਕੱਠੀ ਕਰ ਸਕਣ।   

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀਆਂ ਕਿਤਾਬਾਂ ਵਿੱਚ ਗ਼ਲਤੀਆਂ ਤਾਂ ਇੱਕ ਪਾਸੇ, ਅਜੋਕੀ ਭਾਰਤ ਸਰਕਾਰ ਸਾਰਾ ਇਤਿਹਾਸ ਹੀ ਪੁੱਠਾ ਲਿਖਣ ਤੇ ਲੱਗੀ ਹੋਈ ਹੈ। ਸਕੂਲੀ ਕਿਤਾਬਾਂ ਵਿੱਚ ਫੇਰ-ਬਦਲ ਕਰਕੇ ਇਤਿਹਾਸ ਗ਼ਲਤ-ਮਲਤ ਹੀ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ।

ਜੇਕਰ ਅਸੀਂ ਇਤਿਹਾਸ ਦੇ ਲਈ ਅਵੇਸਲੇ ਹੀ ਪਏ ਰਹੇ ਤਾਂ ਸਰਦਾਰ ਕਰਮ ਸਿੰਘ ਤੋਂ ਬਾਅਦ ਡਾ. ਗੰਡਾ ਸਿੰਘ ਦੀ ਕੀਤੀ ਅਣਥੱਕ ਮਿਹਨਤ ਨੂੰ ਕਿਤੇ ਗੁਆ ਹੀ ਨਾ ਲਈਏ। 

ਦੁਨੀਆਂ ਭਰ ਦੇ ਲੋਕ ਜਿਹੜੇ ਬਸਤੀਵਾਦ ਅਤੇ ਨਸਲਵਾਦ ਦਾ ਸ਼ਿਕਾਰ ਹੋਏ ਹਨ ਉਹ ਅੱਜ ਇਤਿਹਾਸਕ ਖੋਜਾਂ ਕਰਨ ਵਿੱਚ ਬੇਮਿਸਾਲ ਮਿਹਨਤ ਕਰ ਰਹੇ ਹਨ। ਸਿੱਖ ਅਤੇ ਪੰਜਾਬ ਇਤਿਹਾਸ ਲਈ ਵੀ ਅਜਿਹੀ ਮਿਹਨਤ ਕਰਨ ਦੀ ਲੋੜ ਹੈ।

ਹਾਲ ਵਿਚ ਹੀ ਮੈਨੂੰ ਰਾਊਲ ਪੈੱਕ ਵੱਲੋਂ ਨਿਰਦੇਸ਼ਿਤ ਕੀਤੀ ਗਈ ਇੱਕ ਦਸਤਾਵੇਜ਼ੀ ਫ਼ਿਲਮ ਲੜੀ ਬਾਰੇ ਪੜ੍ਹਣ ਦਾ ਮੌਕਾ ਲੱਗਾ ਹੈ। ਇਸ ਲੜੀ ਦੀਆਂ ਚਾਰ ਕਿਸ਼ਤਾਂ ਵਿੱਚ ਰਾਊਲ ਪੈੱਕ ਨੇ ਬਸਤੀਵਾਦ ਦਾ ਸ਼ਿਕਾਰ ਹੋਏ ਲੋਕਾਂ ਦੇ ਨਜ਼ਰੀਏ ਤੋਂ ਇਤਿਹਾਸ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਰਾਊਲ ਪੈੱਕ ਦੇ ਇਸ ਉੱਦਮ ਬਾਰੇ ਜਾਣਕਾਰੀ ਇਸ ਲਿੰਕ ਤੋਂ ਮਿਲ ਸਕਦੀ ਹੈ। ਉਨ੍ਹਾਂ ਨਾਲ ‘ਡਿਮੋਕਰੇਸੀ ਨਾਓ’ ਪ੍ਰੋਗਰਾਮ ਵੱਲੋਂ ਵਿਸਥਾਰ ਵਿੱਚ ਕੀਤੀ ਗੱਲਬਾਤ ਯੂਟਿਊਬ ਤੇ ਵੇਖੀ ਜਾ ਸਕਦੀ ਹੈ ਜੋ ਕਿ ਮੈਂ ਹੇਠਾਂ ਪਾ ਦਿੱਤੀ ਹੈ। 

ਰਾਊਲ ਪੈੱਕ ਨੇ ਇਸ ਦਸਤਾਵੇਜ਼ੀ ਲੜੀ ਦਾ ਆਧਾਰ ਸ੍ਵੇਨ ਲਿੰਡਕ੍ਵਿਸਟ ਦੀ ਲਿਖੀ ਹੋਈ ਕਿਤਾਬ ਨੂੰ ਬਣਾਇਆ ਹੈ। ਸ੍ਵੇਨ ਲਿੰਡਕ੍ਵਿਸਟ ਲਿਖਦੇ ਹਨ ਕਿ ਕਈ ਵਾਰ ਸਾਡੇ ਕੋਲ ਜਾਣਕਾਰੀ ਤਾਂ ਜ਼ਰੂਰ ਹੁੰਦੀ ਹੈ ਪਰ ਇਸ ਗੱਲ ਦੀ ਜੁਰਅਤ ਨਹੀਂ ਹੁੰਦੀ ਕਿ ਅਸੀਂ ਜਾਣਕਾਰੀ ਨੂੰ ਚੰਗੀ ਤਰ੍ਹਾਂ ਸਮਝ ਸਕੀਏ ਅਤੇ ਆਪਣੀ ਸੋਚ ਮੁਤਾਬਕ ਇਸ ਜਾਣਕਾਰੀ ਦਾ ਨਿਚੋੜ ਕੱਢ ਸਕੀਏ ਜਾਂ ਪੇਸ਼ ਕਰ ਸਕੀਏ।

ਸੋ ਜੇ ਕਰ ਅਸੀਂ ਆਪ ਇਤਿਹਾਸ ਬਾਰੇ ਇਹ ਜੁਰਅਤ ਨਹੀਂ ਕਰਾਂਗੇ ਤਾਂ ਸਾਡੇ ਉੱਤੇ ਕੋਈ ਵੀ ਕੁਝ ਵੀ ਥੋਪ ਸਕਦਾ ਹੈ। ਕਿ ਨਹੀਂ?

Posted in ਚਰਚਾ

26 ਜਨਵਰੀ: ਕੀ ਖੱਟਿਆ ਕੀ ਗਵਾਇਆ?

26 ਜਨਵਰੀ 2021 ਨੂੰ ਲੰਘਿਆਂ ਹੁਣ ਤਿੰਨ ਦਿਨ ਬੀਤ ਚੁੱਕੇ ਹਨ। ਬੀਤੇ ਕੁਝ ਵਰ੍ਹਿਆਂ ਵਰ੍ਹਿਆਂ ਵਿੱਚ ਮੇਰੇ ਨਾਲ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਵਾਕਿਆ ਵਾਲੇ ਦਿਨ ਨੂੰ ਸ਼ਿੱਦਤ ਨਾਲ ਉਡੀਕਿਆ ਹੋਵੇ ਅਤੇ ਉਸ ਤੋਂ ਦੋ ਦਿਨ ਬਾਅਦ ਵੀ ਸੰਚਾਰ ਅਤੇ ਸਮਾਜਕ ਮਾਧਿਅਮਾਂ ਦੀ ਉਸ ਦਿਨ ਬਾਰੇ ਹੋਰ ਜਾਣਕਾਰੀ ਲੈਣ ਲਈ ਲਗਾਤਾਰ ਛਣਾਈ ਕੀਤੀ ਹੋਵੇ।   

ਕਿਸਾਨ ਸੰਘਰਸ਼ ਬੀਤੀ 26 ਜਨਵਰੀ ਨੂੰ ਇਕ ਜਵਾਰ ਭਾਟੇ ਥਾਣੀਂ ਲੰਘਿਆ ਹੈ। ਜਦ ਕਿ ਆਸ ਤਾਂ ਇਹ ਸੀ ਕਿ ਇਹ ਦਿਨ ਯਾਦਗਾਰੀ ਹੋ ਨਿਬੜੇਗਾ ਜਦੋਂ ਭਾਰਤ ਦੀ ਰਾਜਧਾਨੀ ਵਿੱਚ ਪਹਿਲੀ ਵਾਰ ਆਮ ਲੋਕਾਂ ਨੇ ਗਣਤੰਤਰ ਦਿਹਾੜੇ ਨੂੰ ਇਕ ਕਿਸਾਨ ਨਾਗਰਿਕ ਦਿਹਾੜੇ ਵਜੋਂ ਮਨਾਇਆ ਹੋਵੇਗਾ। ਇਸੇ ਆਸ ਵਿੱਚ ਖ਼ਾਸ ਕਰਕੇ ਪੰਜਾਬ ਅਤੇ ਦਿੱਲੀ ਦੇ ਹੋਰ ਗੁਆਂਢੀ ਰਾਜਾਂ ਵਿੱਚੋਂ ਲੋਕ ਹੁੰਮ ਹੁਮਾ ਕੇ ਦਿੱਲੀ ਪਹੁੰਚ ਰਹੇ ਸਨ।   

26 ਜਨਵਰੀ ਨੂੰ ਟਰੈਕਟਰ ਪਰੇਡ ਦੇ ਮਿੱਥੇ ਸਮੇਂ ਤੋਂ ਪਹਿਲਾਂ ਹੀ ਪੁਲਸ ਦੇ ਨਾਲ ਝੜਪਾਂ ਅਤੇ ਨਾਕਾਬੰਦੀ ਤੋੜਨ ਦੀਆਂ ਖਬਰਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ। ਕੋਈ ਸਪਸ਼ਟ ਤਸਵੀਰ ਉਭਰ ਨਹੀਂ ਸੀ ਰਹੀ। ਪਰ ਛੇਤੀ ਹੀ ਕਿਸਾਨ ਏਕਤਾ ਮੋਰਚਾ ਆਪਣੇ ਫੇਸਬੁੱਕ ਸਫ਼ੇ ਤੇ ਲਾਈਵ ਹੋ ਗਿਆ ਅਤੇ ਉਨ੍ਹਾਂ ਦਾ ਕਾਫ਼ਲਾ ਜਿੱਧਰ ਵੀ ਜਾ ਰਿਹਾ ਸੀ, ਦਿੱਲੀ ਦੇ ਵਸਨੀਕ ਉਨ੍ਹਾਂ ਦੀਆਂ ਤਸਵੀਰਾਂ ਖਿੱਚ ਰਹੇ ਸਨ ਅਤੇ ਸਵਾਗਤ ਦੇ ਨਿਸ਼ਾਨ ਚੁੱਕੀ ਖੜ੍ਹੇ ਸਨ। ਕਈ ਥਾਵਾਂ ਤੇ ਫੁੱਲਾਂ ਦੀ ਵਰਖਾ ਵੀ ਹੋ ਰਹੀ ਸੀ। ਅਚਾਨਕ ਹੀ ਕਿਸਾਨ ਏਕਤਾ ਮੋਰਚਾ ਦੇ ਫੇਸਬੁੱਕ ਲਾਈਵ ਵੀਡੀਓ ਵਿੱਚ ਧੁੰਦਲਾਪਣ ਆਉਣਾ ਸ਼ੁਰੂ ਹੋ ਗਿਆ ਅਤੇ ਵਿਘਨ ਪੈ ਕੇ ਬੰਦ ਹੋ ਗਿਆ। ਬਾਅਦ ਵਿੱਚ ਇਹ ਪਤਾ ਲੱਗਾ ਕਿ ਦਿੱਲੀ ਵਿਚ ਉਸ ਦਿਨ ਕਈ ਥਾਵਾਂ ਤੇ ਇੰਟਰਨੈੱਟ ਠੱਪ ਕਰ ਦਿੱਤਾ ਗਿਆ ਸੀ। ਮੋਬਾਇਲ ਫੋਨਾਂ ਤੇ ਕਾਲ ਤਾਂ ਕੀਤੀ ਜਾ ਸਕਦੀ ਸੀ ਪਰ ਡਾਟਾ ਬੰਦ ਕਰ ਦਿੱਤਾ ਗਿਆ ਸੀ।   

ਮੈਂ ਫੇਸਬੁੱਕ ਤੇ ਹੋਰ ਲਾਈਵ ਵੀਡੀਓ ਲੱਭਣੇ ਸ਼ੁਰੂ ਕਰ ਦਿੱਤੇ। ਇੱਕ – ਦੋ – ਚਾਰ, ਵਾਰੀ ਵਾਰੀ ਕਰਕੇ ਮੈਂ ਕਈ ਲਾਈਵ ਵੀਡੀਓ ਵੇਖੇ। ਇਹ ਸਾਰੇ ਹੀ ਲਾਲ ਕਿਲੇ ਨੂੰ ਜਾਣ ਵਾਲੇ ਰਸਤਿਆਂ ਤੋਂ ਚੱਲ ਰਹੇ ਸਨ। ਮੈਨੂੰ ਖਿਆਲ ਆਇਆ ਕਿ ਇਹ ਤਾਂ ਟਰੈਕਟਰ ਪਰੇਡ ਦਾ ਰੂਟ ਨਹੀਂ ਸੀ।  ਇਹ ਖੇਡ ਕੀ ਬਣਦੀ ਪਈ ਸੀ?   

ਖ਼ੈਰ, ਉਸ ਤੋਂ ਬਾਅਦ 26 ਜਨਵਰੀ ਨੂੰ ਕੀ ਹੋਇਆ ਉਹ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਸੋ ਗੱਲ ਅਮਲ ਅਤੇ ਅਸੂਲ ਦੀ ਕਰਦੇ ਹਾਂ। ਅਨੁਸ਼ਾਸਨ ਇੱਕ ਅਜਿਹੀ ਸ਼ੈਅ ਹੈ ਜਿਸ ਦੇ ਮਹੱਤਵ ਦੀ ਖ਼ਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਸੂਝ ਸੀ। ਇਸੇ ਕਰਕੇ ਉਨ੍ਹਾਂ ਨੇ ਆਪਣੀ ਫ਼ੌਜ ਦੇ ਵਿੱਚ ਕਈ ਫਰਾਂਸੀਸੀ  ਜਰਨੈਲ ਇਸੇ ਵਾਸਤੇ ਰੱਖੇ ਸਨ ਕਿ ਖ਼ਾਲਸਾ ਫੌਜਾਂ ਨੂੰ ਤਰੀਕੇ ਅਤੇ ਤਰਤੀਬ ਦੇ ਨਾਲ ਚਾਂਦਮਾਰੀ ਅਤੇ ਮਸ਼ਕਾਂ ਕਰਨ ਦੀ ਸਿਖਲਾਈ ਦਿੱਤੀ ਜਾ ਸਕੇ। ਮਹਾਰਾਜਾ ਰਣਜੀਤ ਸਿੰਘ ਆਪਣੀ ਦੂਰ-ਦ੍ਰਿਸ਼ਟੀ ਕਰਕੇ ਇਹ ਭਲੀ-ਭਾਂਤ ਜਾਣਦੇ ਸਨ ਕਿ ਇਸ ਤਰ੍ਹਾਂ ਦੀ ਸਿਖਲਾਈ ਅੰਗਰੇਜ਼ਾਂ ਦਾ ਸਾਹਮਣਾ ਕਰਨ ਲਈ ਬਹੁਤ ਜ਼ਰੂਰੀ ਸੀ। ਬਾਕੀ ਉਂਝ ਵੀ ਭਾਵੇਂ ਫ਼ੌਜ ਹੋਵੇ ਤੇ ਭਾਵੇਂ ਆਮ ਜ਼ਿੰਦਗੀ ਹੋਵੇ, ਜ਼ਿੰਦਗੀ ਵਿੱਚ ਅਨੁਸ਼ਾਸਨ ਅਤੇ ਜ਼ਾਬਤੇ ਦੀ ਬਹੁਤ ਲੋੜ ਹੁੰਦੀ ਹੈ।   

26 ਜਨਵਰੀ ਨੂੰ ਲਾਲ ਕਿਲੇ ਤੇ ਜੋ ਵੀ ਹੋਇਆ, ਬੀਤੇ ਤਿੰਨ ਦਿਨਾਂ ਵਿੱਚ ਬਹੁਤ ਸਾਰੇ ਲੋਕ ਇਸ ਬਾਰੇ ਕਈ ਕਿਸਮ ਦੀਆਂ ਸਫਾਈਆਂ ਪੇਸ਼ ਕਰ ਰਹੇ ਹਨ। ਇਕ ਗੱਲ ਤਾਂ ਇਹ ਚੱਲ ਰਹੀ ਹੈ ਕਿ ਭਾਜਪਾ (ਆਰ ਐੱਸ ਐੱਸ) ਆਪ ਤਾਂ ਆਪਣੀ ਪਾਰਟੀ ਦਾ ਝੰਡਾ ਉੱਪਰ ਰੱਖਦੀ ਹੈ ਅਤੇ ਉਸ ਨੂੰ ਭਾਰਤੀ ਝੰਡੇ ਨਾਲ ਕੋਈ ਸਰੋਕਾਰ ਨਹੀਂ ਹੈ। ਪਰ ਇਸ ਸੰਦਰਭ ਵਿੱਚ ਇਹ ਗੱਲ ਕੋਈ ਬਹੁਤੀ ਵਜ਼ਨਦਾਰ ਨਹੀਂ ਹੈ। ਅੰਗਰੇਜ਼ੀ ਵਿੱਚ ਕਹਾਵਤ ਹੈ: two wrongs do not make a right ਮਤਲਬ ਏ ਕਿ ਦੋ ਗ਼ਲਤੀਆਂ ਮਿਲ ਕੇ ਇੱਕ ਠੀਕ ਗੱਲ ਨਹੀਂ ਬਣਦੀਆਂ।   

ਜਿੱਥੋਂ ਤਕ ਪੁਲਿਸ ਦਾ ਸਵਾਲ ਹੈ ਉਨ੍ਹਾਂ ਨੇ ਆਪ ਵੀ ਡਾਂਗਾਂ ਬਹੁਤ ਚਲਾਈਆਂ ਅਤੇ ਕਈ ਪੁਲੀਸ ਵਾਲੇ ਲਾਲ ਕਿਲ੍ਹੇ ਵਿੱਚ ਛੱਜੇ ਤੋਂ ਡਿੱਗ ਕੇ ਜ਼ਖ਼ਮੀ ਵੀ ਬਹੁਤ ਹੋਏ। ਇਹ ਵੀ ਠੀਕ ਹੈ ਕਿ ਕਈ ਥਾਂ ਕਿਸਾਨ ਪੁਲੀਸ ਵਾਲਿਆਂ ਨੂੰ ਪਾਣੀ ਵੀ ਦੇ ਰਹੇ ਸਨ ਤਾਂ ਹੋਰ ਤਰ੍ਹਾਂ ਦਾ ਬਚਾਅ ਵੀ ਕਰ ਰਹੇ ਸਨ। ਇਹ ਸਭ ਆਪਣੀ ਜਗ੍ਹਾ ਠੀਕ ਹੈ ਪਰ ਅਸੀਂ ਗੱਲ ਕਿਸਾਨ ਸੰਘਰਸ਼ ਦੇ ਸੰਦਰਭ ਵਿੱਚ ਅਮਲ ਅਤੇ ਅਸੂਲਾਂ ਦੀ ਕਰ ਰਹੇ ਹਾਂ।   

ਇਕ ਗੱਲ ਇਹ ਵੀ ਕੀਤੀ ਜਾ ਰਹੀ ਹੈ ਕਿ ਲਾਲ ਕਿਲੇ ਤੇ ਝੰਡਾ ਲਾ ਦੇਣਾ ਬਹੁਤ ਵੱਡੀ ਪ੍ਰਾਪਤੀ ਸੀ। ਜੇਕਰ ਇਹ ਬਹੁਤ ਵੱਡੀ ਪ੍ਰਾਪਤੀ ਸੀ ਤਾਂ ਕਿ ਹੁਣ ਮੋਦੀ ਨੇ ਕਾਲੇ ਕਾਨੂੰਨ ਵਾਪਸ ਲੈ ਲਏ ਹਨ?   

ਕਈ ਤਾਂ ਇਹ ਵੀ ਕਹਿ ਰਹੇ ਹਨ ਕਿ ਝੰਡਾ ਲਾ ਕੇ ਉਨ੍ਹਾਂ ਨੇ ਚੁਰਾਸੀ ਦੀ ਭਾਜੀ ਮੋੜ ਦਿੱਤੀ ਹੈ। ਉਨ੍ਹਾਂ ਦੀ ਨਾਸਮਝੀ ਤੇ ਹਾਸਾ ਆਉਂਦਾ ਹੈ ਕਿ ਉਨ੍ਹਾਂ ਨੇ ਕਿਸਾਨ ਸੰਘਰਸ਼ ਦੀ ਪਿੱਠ ਵਿੱਚ ਛੁਰਾ ਹੀ ਮਾਰਿਆ ਹੈ। ਨਾ ਹੀ ਉਨ੍ਹਾਂ ਨੇ ਕਦੀ ਇਤਿਹਾਸ ਪੜ੍ਹਿਆ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੁਝ ਸਾਲ ਪਹਿਲਾਂ ਦੀਆਂ ਖ਼ਬਰਾਂ ਯਾਦ ਹਨ। ਭਾਜਪਾ (ਆਰ ਐੱਸ ਐੱਸ) ਦਾ ਰਾਜ ਆਉਂਦਿਆਂ ਹੀ ਉਨ੍ਹਾਂ ਨੇ 2014 ਵਿੱਚ ਮੁਸਲਮਾਨਾਂ ਤੇ ਹਾਵੀ ਹੋਣ ਲਈ ਦਿੱਲੀ ਦੀ ਗੁਰਦੁਆਰਾ ਕਮੇਟੀ ਨੂੰ ਨਾਲ ਲੈ ਕੇ ਮੁਗ਼ਲ ਕਾਲ ਦੇ ਖ਼ਿਲਾਫ਼ ਬਿਰਤਾਂਤ ਬੰਨ੍ਹਣ ਲਈ “ਫ਼ਤਿਹ ਦਿਵਸ” ਮਨਾਇਆ ਅਤੇ ਬਾਬਾ ਬਘੇਲ ਸਿੰਘ ਨੂੰ ਯਾਦ ਕੀਤਾ।

ਤਸਵੀਰਾਂ ਹੇਠਾਂ ਵੇਖ ਲਓ ਅਤੇ ਨਿਸ਼ਾਨ ਸਾਹਿਬ ਵੀ ਵੇਖ ਲਵੋ। ਇੱਥੋਂ ਤਕ ਕਿ ਇਸ ਫ਼ਤਿਹ ਦਿਵਸ ਬਾਰੇ ਅਕਾਦਮਕ ਖੋਜ ਪੱਤਰ ਵੀ ਛਪ ਚੁੱਕਾ ਹੈ ਜੋ ਕਿ ਇਥੇ ਪੜ੍ਹਿਆ ਜਾ ਸਕਦਾ ਹੈ। ਸੋ ਇਸ ਖੋਜ ਪੱਤਰ ਰਾਹੀਂ ਦੁਨੀਆਂ ਭਰ ਦੇ ਵਿਦਵਾਨ ਫ਼ਤਿਹ ਦਿਵਸ ਬਾਰੇ ਜਾਣ ਗਏ ਹਨ। ਇਤਿਹਾਸਕਾਰਾਂ ਲਈ ਇਸ ਦੇ ਮਾਅਨੇ ਹਨ ਨਾ ਕਿ ਸਸਤੀ ਮਸ਼ਹੂਰੀ ਖੱਟਣ ਵਾਲਿਆਂ ਦੀਆਂ ਖਰੂਦੀਆਂ ਦੀ।

Photo courtesy thewire.in

ਸੋ ਇਸ ਤੋਂ ਤਾਂ ਇਹੀ ਸਾਫ਼ ਜ਼ਾਹਿਰ ਹੁੰਦਾ ਹੈ ਕਿ ਬੀਤੀ 26 ਜਨਵਰੀ ਨੂੰ ਝੰਡੇ ਨੂੰ ਲੈ ਕੇ ਜੋ ਵੀ ਹੋਇਆ, ਉਹ ਸਸਤੀ ਮਸ਼ਹੂਰੀ ਖੱਟਣ ਤੋਂ ਵੱਧ ਕੁਝ ਨਹੀਂ ਸੀ ਅਤੇ ਬਾਕੀ ਜੋ ਕਿਸਾਨ ਸੰਘਰਸ਼ ਨਾਲ ਵਿਸਾਹਘਾਤ ਕੀਤਾ ਉਹ ਵੱਖਰਾ। ਸਸਤੀ ਮਸ਼ਹੂਰੀ ਖੱਟਣ ਵਾਲਿਆਂ ਨੂੰ ਇਤਿਹਾਸ ਦੇ ਉਹ ਸਫ਼ੇ ਵੀ ਪੜ੍ਹ ਲੈਣੇ ਚਾਹੀਦੇ ਹਨ ਜਦ 1982 ਦੀਆਂ ਏਸ਼ੀਅਨ ਖੇਡਾਂ ਵੇਲੇ ਹਰਿਆਣੇ ਨੇ ਪੰਜਾਬ ਤੋਂ ਦਿੱਲੀ ਲਈ ਪਰਿੰਦਾ ਵੀ ਨਹੀਂ ਸੀ ਫੜਕਣ ਦਿੱਤਾ। ਜਦ ਕਿ ਹੁਣ ਕਿਸਾਨ ਸੰਘਰਸ਼ ਪੰਜਾਬ ਤੋਂ ਦਿੱਲੀ ਪਹੁੰਚਿਆ ਹੀ ਇਸ ਕਰਕੇ ਹੈ ਕਿ ਹਰਿਆਣੇ ਦੇ ਕਿਸਾਨਾਂ ਅਤੇ ਲੋਕਾਂ ਨੇ ਇਸ ਨੂੰ ਪੂਰਾ ਪੂਰਾ ਹੁੰਗਾਰਾ ਦਿੱਤਾ ਹੈ। ਜਿਹੜੇ ਲੋਕ ਭਾਜੀ ਮੋੜਨ ਦੀਆਂ ਗੱਲਾਂ ਕਰਦੇ ਹਨ ਉਹ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਢਾਂਚਾ ਸਵਾਰ ਲੈਣ ਅਤੇ ਗੁੰਮ ਹੋਈਆਂ ਬੀੜਾਂ ਦਾ ਮਸਲਾ ਹੱਲ ਕਰ ਦੇਣ ਤਾਂ ਇਹ ਬਹੁਤ ਵੱਡੀ ਪ੍ਰਾਪਤੀ ਹੋਵੇਗੀ।   

ਇੱਕ ਹੋਰ ਗੱਲ। ਜਿਹੜੇ ਇਸ ਝੰਡੇ ਨੂੰ ਨਿਸ਼ਾਨ ਸਾਹਿਬ ਕਹਿ ਕੇ ਹਰ ਕਿਸਮ ਦੀ ਪੜਚੋਲ ਆਲੋਚਨਾ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਇਹ ਦੱਸ ਸਕਦੇ ਹਨ ਕੀ ਕਦੀ ਉਨ੍ਹਾਂ ਨੇ ਨਿਸ਼ਾਨ ਸਾਹਿਬ ਨਾਲ ਕੋਈ ਦੂਜਾ ਵੀ ਝੰਡਾ ਲੱਗਾ ਦੇਖਿਆ ਹੈ? ਨਹੀਂ। ਤਾਂ ਫਿਰ ਇਸ ਮਿਲਗੋਭੇ ਦੇ ਦਮਗਜੇ ਮਾਰਨ ਦੀ ਕੀ ਲੋੜ ਹੈ?   

ਸਮੁੱਚੇ ਤੌਰ ਤੇ, ਬੀਤੇ ਤਿੰਨ ਦਿਨਾਂ ਵਿੱਚ ਸਮਾਜਕ ਮਾਧਿਅਮਾਂ ਉੱਤੇ ਜਿਸ ਤਰ੍ਹਾਂ ਕਿਸਾਨ ਸੰਘਰਸ਼ ਦੀ ਪਿੱਠ ਵਿੱਚ ਛੁਰਾ ਮਾਰਨ ਵਾਲਿਆਂ ਨੂੰ ਪਛਾਣ ਕੇ ਉਨ੍ਹਾਂ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ ਉਸ ਤੋਂ ਆਸ ਦੀਆਂ ਕਿਰਨਾਂ ਇੱਕ ਵਾਰ ਫੇਰ ਰੋਸ਼ਨ ਹੋ ਗਈਆਂ ਹਨ। ਕਿਸਾਨ ਆਗੂਆਂ ਦੇ ਬੁਲੰਦ ਬਿਆਨ ਵੀ ਹੌਸਲਾ ਅਫ਼ਜ਼ਾਈ ਕਰਨ ਵਾਲੇ ਹਨ। ਕਿਸਾਨ ਸੰਘਰਸ਼ ਮੁੜ ਲੀਹਾਂ ਤੇ ਪੈ ਗਿਆ ਜਾਪਦਾ ਹੈ। ਬਹੁਤ ਸਾਰੇ ਲੋਕ ਸਿਰਫ 26 ਜਨਵਰੀ ਕਰਕੇ ਵੀ ਦਿੱਲੀ ਗਏ ਸਨ। ਉਹ ਵਾਪਸ ਆ ਰਹੇ ਹਨ। ਕਈ ਪਿੰਡਾਂ ਵਿੱਚ ਲੋਕਾਂ ਨੇ ਆਪਸੀ ਵਾਰੀਆਂ ਬੰਨ੍ਹੀਆਂ ਹੋਈਆਂ ਹਨ ਸੋ ਇਹ ਤਾਂ ਆਉਣਾ ਜਾਣਾ ਚੱਲਦਾ ਹੀ ਰਹੇਗਾ।   

ਅਖ਼ੀਰ ਵਿੱਚ ਇੱਕ ਗੱਲ ਹੋਰ। 26 ਜਨਵਰੀ ਨੂੰ ਸ਼ਹੀਦ ਹੋਏ ਨਵਰੀਤ ਸਿੰਘ ਦੇ ਦਾਦਾ ਜੀ ਦਾ ਵੀਡੀਓ ਮੈਂ ਵੇਖਿਆ ਹੈ। ਉਨ੍ਹਾਂ ਨੇ ਕਿਸਾਨ ਸੰਘਰਸ਼ ਨੂੰ ਜਾਰੀ ਰੱਖਣ ਦੀ ਗੱਲ ਕੀਤੀ ਅਤੇ ਇਹ ਵੀ ਕਿਹਾ ਕਿ ਇਹ ਦੇਸ਼ ਦਾ “ਆਖ਼ਰੀ” ਅੰਦੋਲਨ ਹੈ। ਉਨ੍ਹਾਂ ਵੱਲੋਂ ਆਖ਼ਰੀ ਸ਼ਬਦ ਦੀ ਵਰਤੋਂ ਮੈਨੂੰ ਬਹੁਤ ਦੂਰਦਰਸ਼ੀ ਲੱਗੀ ਕਿਉਂਕਿ ਪਿਛਲੇ ਇੱਕ-ਡੇਢ ਸਾਲ ਵਿਚ ਧਾਰਾ 370 ਹਟਾਉਣਾ ਅਤੇ ਨਾਗਰਿਕ ਕਾਨੂੰਨ ਦੀ ਹੇਰ-ਫੇਰ ਤੋਂ ਬਾਅਦ ਜੇਕਰ ਇਸ ਕਿਸਾਨ ਸੰਘਰਸ਼ ਵਿੱਚ ਕਿਸਾਨ ਹਾਰ ਜਾਂਦੇ ਹਨ ਤਾਂ ਵਾਕਿਆ ਹੀ ਇਹ ਭਾਰਤ ਦਾ ਆਖ਼ਰੀ ਅੰਦੋਲਨ ਹੋਵੇਗਾ ਕਿਉਂਕਿ ਇਸ ਤੋਂ ਬਾਅਦ ਭਾਰਤ ਪੱਕੇ ਤੌਰ ਤੇ ਇਕ ਬਹੁਮਤਵਾਦੀ ਮੁਲਕ ਬਣ ਜਾਵੇਗਾ ਜਿੱਥੇ ਕਿਸਾਨ, ਮਜ਼ਦੂਰ ਅਤੇ ਘੱਟ ਗਿਣਤੀਆਂ ਪੂਰੀ ਤਰ੍ਹਾਂ ਦੱਬ-ਕੁਚਲ ਦਿੱਤੀਆਂ ਜਾਣਗੀਆਂ। 

Processing…
Success! You're on the list.

Posted in ਚਰਚਾ

ਸਮਲਿੰਗੀ ਵਿਆਹ

ਕੁਝ ਕੁ ਦਿਨ ਹੋਏ, ਇਹ ਖ਼ਬਰ ਆਮ ਚਰਚਾ ਵਿਚ ਆ ਗਈ ਕਿ ਇੱਕ ਸਮਲਿੰਗੀ ਜੋੜੇ ਦਾ ਵਿਆਹ ਗੁਰਦੁਆਰੇ ਵਿੱਚ ਹੋਇਆ ਹੈ। ਬਾਅਦ ਵਿੱਚ ਇਹ ਵੀ ਪਤਾ ਲੱਗਾ ਕਿ ਇਹ ਵਿਆਹ ਕਿਸੇ ਗੁਰਦੁਆਰੇ ਵਿਚ ਨਾ ਹੋ ਕੇ ਮੈਕਸੀਕੋ ਦੇ ਇਕ ਸ਼ਹਿਰ ਕੈਨਕੁਨ ਵਿਖੇ ਹੋਇਆ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਜਾ ਕੇ ਸਥਾਨਕ ਤੌਰ ਤੇ ਉਥੇ ਵਿਆਹ ਕਰਵਾ ਦਿੱਤਾ ਗਿਆ।   

ਇਸ ਵਿਆਹ ਦੀ ਰਸਮ ਨੂੰ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਇਕ ਸ਼ਖ਼ਸ ਨੇ ਨੇਪਰੇ ਚਾੜ੍ਹਿਆ ਅਤੇ ਸ਼ਾਇਦ ਇਸੇ ਕਰਕੇ ਵੈਨਕੂਵਰ ਦੇ ਸਾਂਝਾ ਟੀਵੀ ਨੇ ਇਸੇ ਵਿਆਹ ਨੂੰ ਲੈ ਕੇ ਵਿਚਾਰ-ਚਰਚਾ ਦਾ ਇੱਕ ਖ਼ਾਸ ਪ੍ਰੋਗਰਾਮ ਕੀਤਾ।   

ਪ੍ਰੋਗਰਾਮ ਨੂੰ ਬੜੇ ਸੁਚੱਜੇ ਢੰਗ ਨਾਲ ਪੇਸ਼ ਕਰਦਿਆਂ ਹੋਇਆ ਕੁਲਦੀਪ ਸਿੰਘ ਅਤੇ ਬਲਜਿੰਦਰ ਕੌਰ ਹੋਰਾਂ ਨੇ ਗਿਆਨੀ ਜਸਵੀਰ ਸਿੰਘ ਅਤੇ ਡਾਕਟਰ ਪਰਗਟ ਸਿੰਘ ਭੁਰਜੀ ਨਾਲ ਗੱਲਬਾਤ ਕੀਤੀ। ਡਾਕਟਰ ਭੁਰਜੀ ਨੇ ਆਪਣੇ ਵਿਚਾਰ ਡਾਕਟਰੀ ਮੁਹਾਰਤ ਦੇ ਪੱਖ ਤੋਂ ਦਿੱਤੇ ਅਤੇ ਬੜੇ ਹੀ ਵਿਸਥਾਰ ਦੇ ਨਾਲ ਹਰ ਪਹਿਲੂ ਨੂੰ ਪੇਸ਼ ਕੀਤਾ।   

ਗਿਆਨੀ ਜਸਵੀਰ ਸਿੰਘ ਹੋਰਾਂ ਨੇ ਆਪਣੇ ਵਿਚਾਰ ਗੁਰਮਤ ਨਜ਼ਰੀਏ ਤੋਂ ਪੇਸ਼ ਕੀਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਦਾ ਹਵਾਲਾ ਦਿੰਦਿਆਂ ਹੋਇਆਂ ਉਨ੍ਹਾਂ ਨੇ ਇਹ ਦੱਸਿਆ ਕਿ ਸਿੱਖੀ ਵਿੱਚ ਕਿਤੇ ਵੀ ਕਿਸੇ ਨਾਲ ਕੋਈ ਵੀ ਵਿਤਕਰੇ ਵਾਲੀ ਗੱਲ ਨਹੀਂ ਹੈ।   

ਗਿਆਨੀ ਜਸਵੀਰ ਸਿੰਘ ਨੇ ਆਪਣੀ ਗੱਲ ਇੱਥੇ ਮੁਕਾਈ ਕਿ ਸਮਲਿੰਗੀ ਵਿਆਹ ਗੁਰਦੁਆਰੇ ਵਿਚ ਤਾਂ ਨਹੀਂ ਹੋ ਸਕਦੇ ਪਰ ਸਮਲਿੰਗੀ ਜੋੜਾ ਗੁਰਦੁਆਰੇ ਆ ਕੇ ਮੱਥਾ ਟੇਕ ਸਕਦਾ ਅਤੇ ਹੋਰ ਪਾਠ ਆਦਿ ਦੀ ਰਸਮ ਕਰਵਾ ਸਕਦਾ ਹੈ।   

ਅਜਿਹੀ ਕਥਨੀ ਆਪਣੇ ਆਪ ਦੇ ਵਿੱਚ ਹੀ ਸ੍ਵੈ-ਵਿਰੋਧੀ ਹੈ ਕਿਉਂਕਿ ਜੇ ਇੱਕ ਚੀਜ਼ ਠੀਕ ਹੈ ਤਾਂ ਦੂਜੀ ਕਿਉਂ ਨਹੀਂ ਜਾਂ ਇਕ ਚੀਜ਼ ਗ਼ਲਤ ਹੈ ਤਾਂ ਫਿਰ ਦੂਜੀ ਕਿਉਂ ਨਹੀਂ? ਅਸੀਂ ਕਿਸੇ ਵੀ ਚੀਜ਼ ਦਾ ਯਥਾਰਥਕ ਤੌਰ ਤੇ ਇਸ ਤਰ੍ਹਾਂ ਮਿਲਗੋਭਾ ਨਹੀਂ ਕਰ ਸਕਦੇ।   

ਇੱਥੇ ਨਿਊਜ਼ੀਲੈਂਡ ਦੇ ਵਿਚ ਵੀ ਜਦੋਂ ਸਮਲਿੰਗੀ ਵਿਆਹ ਨੂੰ ਮਾਨਤਾ ਦਿੱਤੀ ਗਈ ਸੀ ਤਾਂ ਵੱਖ ਵੱਖ ਗਿਰਜਾ ਘਰਾਂ ਨੂੰ ਇਸੇ ਉੱਤੇ ਕਾਫੀ ਇਤਰਾਜ਼ ਸੀ। ਕੁਝ ਇੱਕ ਗਿਰਜਾ ਘਰਾਂ ਨੇ ਤਾਂ ਇਹ ਵੀ ਕਿਹਾ ਸੀ ਕਿ ਠੀਕ ਹੈ, ਜੇ ਸਮਲਿੰਗੀ ਵਿਆਹ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਅਦਾਲਤੀ ਵਿਆਹ ਕਰਵਾ ਲੈਣ, ਇੱਥੇ ਗਿਰਜੇ ਵਿੱਚ ਆ ਕੇ ਕਿਉਂ ਵਿਆਹ ਕਰਨਾ ਚਾਹੁੰਦੇ ਹਨ? ਪਰ ਵਕ਼ਤ ਨਾਲ ਹੌਲੀ-ਹੌਲੀ ਕਾਫ਼ੀ ਕੁਝ ਬਦਲ ਰਿਹਾ ਹੈ।  

ਇਹ ਮਸਲਾ ਇਸ ਤਰ੍ਹਾਂ ਕਿਸੇ ਇਕੱਲੇ ਧਰਮ ਦਾ ਨਾ ਹੋ ਕੇ ਸਗੋਂ ਹਰ ਧਰਮ ਦਾ ਮਸਲਾ ਬਣੇਗਾ। ਉਸ ਦਾ ਮੁੱਖ ਕਾਰਨ ਇਹ ਹੈ ਕਿ ਸਮਲਿੰਗੀ ਵਿਆਹ ਵੀ ਮਨੁੱਖੀ ਹੱਕਾਂ ਅਤੇ ਬਰਾਬਰਤਾ ਦਾ ਮੁੱਦਾ ਹੈ ਅਤੇ ਸਮਲਿੰਗੀ ਇਹੀ ਚਾਹੁਣਗੇ ਕਿ ਜੋ ਵੀ ਰਸਮ ਕੋਈ ਹੋਰ ਕਰ ਸਕਦਾ ਹੈ ਉਹੀ ਰਸਮ ਉਨ੍ਹਾਂ ਨੂੰ ਵੀ ਕਰਨ ਦਿੱਤੀ ਜਾਵੇ।   

ਇਹ ਮੁੱਦਾ ਕੋਈ ਛੋਟਾ ਮੋਟਾ ਨਹੀਂ ਹੈ ਤੇ ਮੇਰੇ ਵਿਚਾਰ ਅਨੁਸਾਰ ਇਸ ਤੇ ਉੱਤੇ ਲਗਾਤਾਰ ਗੱਲਬਾਤ ਚੱਲਦੀ ਰਹਿਣੀ ਚਾਹੀਦੀ ਹੈ ਤਾਂ ਕਿ ਇਸ ਨੂੰ ਕਿਤੇ ਪਿੱਛੇ ਨਾ ਲੁਕਾ ਕੇ ਸਗੋਂ ਇਸ ਸਬੰਧੀ ਖੁੱਲ੍ਹੇ ਤੌਰ ਤੇ ਆਮ ਫੈਸਲਾ ਹੋਣਾ ਚਾਹੀਦਾ ਹੈ।

ਸਿੱਖ ਵਿਆਹ ਤੇ ਚੱਲਦੀ ਬਹਿਸ ਦੇ ਦੌਰਾਨ ਕੁਝ ਇੱਕ ਮੁੱਦਿਆਂ ਉੱਤੇ ਖ਼ਾਸ ਧਿਆਨ ਦੇਣਾ ਬਣਦਾ ਹੈ। ਜਿਹੜੀ ਇਹ ਚਾਰ ਲਾਵਾਂ ਦੀ ਰਸਮ ਹੈ, ਜੇਕਰ ਇਸ ਨੂੰ ਇਤਿਹਾਸਕ ਤੌਰ ਤੇ ਫੋਲੀਏ ਤਾਂ ਪਤਾ ਲੱਗਦਾ ਹੈ ਕਿ ਇਹ 19ਵੀਂ ਸਦੀ ਦੀ ਰਸਮ ਹੈ ਅਤੇ ਉਸ ਤੋਂ ਪਹਿਲਾਂ ਇਸ ਦਾ ਕੋਈ ਜ਼ਿਕਰ ਨਹੀਂ ਹੈ।   

ਦੂਜੀ ਗੱਲ ਇਹ ਕਿ ਜਿਵੇਂ-ਜਿਵੇਂ ਸੰਚਾਰ ਦੇ ਮਾਧਿਅਮ ਆਦਿ ਵਧਦੇ ਗਏ, ਇਕ ਦੂਜੇ ਨੂੰ ਵੇਖ ਕੇ ਟੀਵੀ ਅਤੇ ਫ਼ਿਲਮਾਂ ਰਾਹੀਂ ਹੋਰ ਜਾਣਕਾਰੀ ਵਧਦੀ ਗਈ ਅਤੇ ਰੀਤੀ ਰਿਵਾਜ ਹੋਰ ਪੱਕੇ ਹੁੰਦੇ ਗਏ। ਮੈਂ ਛੋਟੇ ਹੁੰਦਿਆਂ ਦੀ ਆਪਣੀ ਯਾਦਾਸ਼ਤ ਨੂੰ ਫ਼ਰੋਲਾਂ ਤਾਂ ਮੈਂ ਕਈ ਵਿਆਹ ਅਜਿਹੇ ਵੀ ਵੇਖੇ ਸਨ ਜਿੱਥੇ ਚਾਰ ਲਾਵਾਂ ਜੋੜੇ ਦੇ ਬੈਠਿਆਂ-ਬੈਠਿਆਂ ਹੀ ਹੋ ਗਈਆਂ ਜਾਂ ਫਿਰ ਲਾਵਾਂ ਪੜ੍ਹਣ ਵੇਲੇ ਖੜ੍ਹੇ ਹੋ ਗਏ ਅਤੇ ਫਿਰ ਮੱਥਾ ਟੇਕ ਕੇ ਬੈਠ ਗਏ।   

ਉਹ ਵੀ ਵਿਆਹ ਵੇਖੇ ਜਿੱਥੇ ਵਹੁਟੀ ਨੂੰ ਸਹਾਰਾ ਦੇਣ ਲਈ ਹੋਰ ਵੀ ਨਾਲ-ਨਾਲ ਤੁਰਦੇ ਰਹਿੰਦੇ ਸਨ। ਕੀ ਇਸ ਤਰ੍ਹਾਂ ਨਾਲ-ਨਾਲ ਤੁਰਣਾ ਵਾਲੇ ਦਾ ਵੀ ਵਿੱਚੇ ਹੀ ਆਨੰਦ ਕਾਰਜ ਨਹੀਂ ਹੋ ਗਿਆ? ਫੁੱਲ-ਪੱਤੀਆਂ ਸੁੱਟਣ ਦਾ ਰਵਾਜ਼ ਵੀ ਚੰਗਾ ਹੋਇਆ ਖਤਮ ਹੋ ਗਿਆ ਹੈ ਜਾਂ ਘਟ ਗਿਆ ਹੈ।   

ਦੂਜੇ ਪਾਸੇ, ਦੋ ਕੁ ਸਾਲ ਹੋਏ ਨੇ ਇਹ ਵੀ ਸੁਣਨ ਵਿੱਚ ਆਇਆ ਸੀ  ਕਿ ਮਲੇਸ਼ੀਆ ਦੇ ਸਿੱਖ ਭਾਈਚਾਰਾ ਨੇ ਫ਼ੈਸਲਾ ਲਿਆ ਕਿ ਵਿਆਹ ਦੇ ਸਮੇਂ ਲਾੜ੍ਹੇ ਵੱਲੋਂ ਕਿਰਪਾਨ ਰੱਖਣੀ ਨਿੱਜੀ ਫੈਸਲਾ ਹੈ ਤੇ ਆਨੰਦ ਕਾਰਜ ਵੇਲੇ ਕਿਰਪਾਨ  ਰੱਖਣੀ ਜ਼ਰੂਰੀ ਨਹੀਂ।    

ਉਪਰੋਕਤ ਤੋਂ ਸਪਸ਼ਟ ਹੈ ਕਿ ਕਦੀ ਵੀ ਅਨੰਦ ਕਾਰਜ ਜਾਂ ਲਾਵਾਂ ਦੀ ਰਸਮ ਇਕਸਾਰ ਨਹੀਂ ਰਹੀ ਹੈ ਅਤੇ ਇਹ ਵਕਤ ਅਨੁਸਾਰ ਬਦਲਦੀ ਰਹੀ ਹੈ। ਬਹੁਤਾ ਕਰਕੇ ਇਹ ਧਾਰਮਕ ਰਸਮ ਨਾ ਹੋ ਕੇ ਸਗੋਂ ਪੰਜਾਬੀ ਸਭਿਆਚਾਰਕ ਅਸਰ ਹੇਠ ਰਹੀ ਹੈ। ਇਸ ਕਰਕੇ ਜ਼ਰੂਰੀ ਹੈ ਕਿ ਸਮਲਿੰਗੀ ਵਿਆਹ ਬਾਰੇ ਕਿਸੇ ਵੀ ਕਿਸਮ ਦੀ ਵਿਚਾਰ-ਚਰਚਾ ਦੌਰਾਨ ਪੰਜਾਬੀ ਸਭਿਆਚਾਰ ਨੂੰ ਸਿੱਖੀ ਦੇ ਨਾਲ ਰਲ-ਗੱਡ ਨਾ ਕਰਕੇ ਇਹਦੇ ਬਾਰੇ ਜੋ ਵੀ ਚਰਚਾ ਹੋਵੇ ਉਹ ਗੁਰਮਤਿ ਦੇ ਚਾਨਣ ਵਿੱਚ ਹੋਵੇ।   

ਸਾਂਝਾ ਟੀਵੀ ਕੈਨੇਡਾ ਦੇ ਇਸ ਪ੍ਰੋਗਰਾਮ ਦੀ ਰਿਕਾਡਿੰਗ ਦਾ ਯੂਟਿਊਬ ਲਿੰਕ ਮੈਂ ਹੇਠਾਂ ਪਾ ਦਿੱਤਾ ਹੈ।

Posted in ਚਰਚਾ

ਖੱਟੇ-ਮਿੱਠੇ ਤਜਰਬੇ

ਸੰਨ 2003 ਦੀ ਗੱਲ ਹੈ, ਵੈਲਿੰਗਟਨ ਦੀਆਂ ਰਾਜਨੀਤਕ ਸਫ਼ਾਂ ਵਿੱਚ ਵਿਚਰਦਿਆਂ ਇੱਕ ਛੋਟੀ ਰਾਜਨੀਤਕ ਪਾਰਟੀ ਦੇ ਐੱਮ.ਪੀ ਦੇ ਨਾਲ ਜਾਣ ਪਛਾਣ ਹੋਈ।  ਇਸ ਐੱਮ.ਪੀ ਦਾ ਆਕਲੈਂਡ ਵੱਸਦੇ ਸਿੱਖ ਭਾਈਚਾਰੇ ਨਾਲ ਕਾਫੀ ਗੂੜ੍ਹਾ ਸੰਬੰਧ ਸੀ। ਉਨ੍ਹਾਂ ਦਿਨਾਂ ਦੇ ਵਿੱਚ ਇਨਸਾਨੀ ਹੱਕਾਂ ਨੂੰ ਲੈ ਕੇ ਇਸ ਐੱਮ.ਪੀ ਨੇ ਨਿਊਜ਼ੀਲੈਂਡ ਵੱਸਦੇ ਸਿੱਖ ਭਾਈਚਾਰੇ ਦੇ ਵੱਲੋਂ ਭਾਰਤੀ ਮੰਤਰੀਆਂ ਨੂੰ ਕੁਝ ਚਿੱਠੀਆਂ ਵੀ ਲਿਖੀਆਂ ਸਨ। ਇਸ ਐੱਮ.ਪੀ ਦੇ ਅਜਿਹੇ ਸ਼ਲਾਘਾਯੋਗ ਕਦਮ ਅੱਜ ਵੀ ਜਾਰੀ ਹਨ ਤੇ ਅੱਜ ਜਦੋਂ ਉਹ ਬਤੌਰ ਵਕੀਲ ਦੇ ਕਿਰਤ ਕਰ ਰਿਹਾ ਹੈ ਤਾਂ ਮੌਕਾ ਮਿਲਣ ਤੇ ਭਾਈਚਾਰੇ ਦੇ ਨਾਲ ਖੜ੍ਹਦਾ ਹੈ। ਅੱਜ ਵੀ ਪਰਵਾਸ ਦੇ ਨਵੇਂ ਕਾਨੂੰਨਾਂ ਖਿਲਾਫ਼ ਲੜ ਰਹੇ ਭਾਈਚਾਰੇ ਦੀ ਪ੍ਰਤਿਨਿਧਤਾ ਕਰ ਰਿਹਾ ਹੈ।

ਉਨ੍ਹਾਂ ਦਿਨਾਂ ਵਿੱਚ ਇਹ ਐੱਮ.ਪੀ ਵੈਲਿੰਗਟਨ ਦੇ ਕਿਸੇ ਨਾ ਕਿਸੇ ਸਮਾਰੋਹ ਵਿੱਚ ਅਕਸਰ ਹੀ ਮੈਨੂੰ ਟੱਕਰ ਜਾਂਦਾ ਸੀ ਅਤੇ ਸਾਡੀ ਕਈ ਵਾਰ ਪੰਜਾਬ ਦੀ ਰਾਜਨੀਤੀ ਅਤੇ ਪੰਜਾਬ ਦੇ ਅਰਥਚਾਰੇ ਬਾਰੇ ਗੱਲ ਛਿੜ ਪੈਂਦੀ। ਇੱਕ ਦਿਨ ਉਸ ਨੇ ਗੱਲਾਂ-ਗੱਲਾਂ ਵਿੱਚ ਮੈਨੂੰ ਦੱਸਿਆ ਕਿ ਛੇਤੀ ਹੀ ਆਕਲੈਂਡ ਸਿੱਖਾਂ ਦਾ ਵਫ਼ਦ ਪਾਰਲੀਮੈਂਟ ਵੇਖਣ ਦੇ ਲਈ ਵੈਲਿੰਗਟਨ ਆ ਰਿਹਾ ਸੀ। ਉਸ ਨੇ ਕਿਹਾ ਕਿ ਉਨ੍ਹਾਂ ਦੀ ਆਓ-ਭਗਤ ਦੀ ਤਾਂ ਉਸ ਨੂੰ ਕੋਈ ਫਿਕਰ ਨਹੀਂ ਹੈ ਪਰ ਉਨ੍ਹਾਂ ਨੂੰ ਉਹ ਥੋੜ੍ਹਾ ਜਿਹਾ ਪ੍ਰਭਾਵਿਤ ਕਰਨਾ ਚਾਹੁੰਦਾ ਸੀ। ਇਸ ਲਈ ਉਸ ਨੇ ਮੇਰੇ ਕੋਲੋਂ ਸਿੱਖੀ ਬਾਰੇ ਦੋ ਕਿਤਾਬਾਂ ਦੇ ਨਾਂ ਮੰਗੇ ਤਾਂ ਜੋ ਉਹ ਸਿੱਖ ਇਤਿਹਾਸ ਬਾਰੇ ਜਾਣੂ ਹੋ ਸਕੇ। ਮੈਂ ਉਸ ਨੂੰ ਦੋ ਕਿਤਾਬਾਂ ਪੜ੍ਹਨ ਦਾ ਸੁਝਾਅ ਦੇ ਦਿੱਤਾ ਅਤੇ ਇਹ ਵੀ ਦੱਸ ਦਿੱਤਾ ਕਿ ਉਹ ਕਿਤਾਬਾਂ ਵੈਲਿੰਗਟਨ ਦੀ ਕਿਹੜੇ ਕਿਤਾਬਖਾਨੇ ਵਿੱਚੋਂ ਕਢਵਾਈਆਂ ਜਾ ਸਕਦੀਆਂ ਸਨ।  

ਮਹੀਨੇ ਕੁ ਬਾਅਦ ਇਸ ਐੱਮ.ਪੀ ਨਾਲ ਫਿਰ ਕਿਸੇ ਸਮਾਰੋਹ ਤੇ ਮੇਲ ਹੋਇਆ ਤਾਂ ਉਸ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਬੜਾ ਅਜੀਬ ਕਿੱਸਾ ਹੋ ਗਿਆ! ਮੈਂ ਵੀ ਉਸ ਨੂੰ ਸੁਭਾਇਕੀ ਮੋੜਵਾਂ ਪੁੱਛ ਲਿਆ ਕਿ ਕੀ ਗੱਲ ਹੋ ਗਈ? ਉਸ ਐੱਮ.ਪੀ ਨੇ ਮੀਸਣੀ ਜਿਹੀ ਮੁਸਕਾਨ ਨਾਲ ਮੇਰੇ ਨਾਲ ਸਿੱਖ ਇਤਿਹਾਸ ਦੀ ਇੱਕ ਘਟਨਾ ਦਾ ਜ਼ਿਕਰ ਛੇੜ ਲਿਆ। ਉਸ ਘਟਨਾ ਬਾਰੇ ਸਾਡੀ ਵਾਹਵਾ ਦਸ ਕੁ ਮਿੰਟ ਗੱਲ ਚਲਦੀ ਰਹੀ। ਉਸ ਦੀ ਤਸੱਲੀ ਜਿਹੀ ਹੋ ਗਈ।  

Photo credits: Historic Places Aotearoa

ਫਿਰ ਉਸ ਨੇ ਹੱਸਦਿਆਂ ਕਿਹਾ ਕਿ ਦੱਸਦਾ ਹਾਂ ਕਿ ਅਜੀਬ ਕਿੱਸਾ ਕੀ ਹੋ ਗਿਆ ਸੀ। ਉਹ ਬੋਲਿਆ ਕਿ ਉਸ ਨੇ ਬੜੇ ਰੁਝੇਵਿਆਂ ਦੇ ਵਿਚੋਂ ਵਕ਼ਤ ਕੱਢ ਕੇ ਦੋਵੇਂ ਕਿਤਾਬਾਂ ਤਾਂ ਵੇਲ਼ੇ ਸਿਰ ਪੜ੍ਹ ਲਈਆਂ ਸਨ। ਪਰ ਜਦੋਂ ਉਹ ਸਿੱਖਾਂ ਦਾ ਵਫ਼ਦ ਵੈਲਿੰਗਟਨ ਆਇਆ ਤਾਂ ਗੱਲਾਂ ਬਾਤਾਂ ਦੇ ਵਿੱਚ ਉਸ ਨੇ ਦੋ-ਚਾਰ ਵਾਰੀ ਸਿੱਖ ਇਤਿਹਾਸ ਬਾਰੇ ਗੱਲ ਛੇੜਨ ਦੀ ਕੋਸ਼ਿਸ਼ ਕੀਤੀ ਤਾਂ ਸਾਹਮਣੇ ਬੈਠੇ ਵਫ਼ਦ ਵਿੱਚ ਸਾਰੇ ਮੁਸਕਰਾ ਕੇ ਚੁੱਪ ਜਿਹੇ ਹੋ ਜਾਂਦੇ ਸਨ।

ਉਸ ਨੇ ਅੱਗੇ ਦੱਸਿਆ ਕਿ ਪਹਿਲਾਂ-ਪਹਿਲ ਤਾਂ ਉਸ ਨੂੰ ਸਮਝ ਨਾ ਆਵੇ ਕਿ ਹੋ ਕੀ ਰਿਹਾ ਸੀ। ਪਰ ਛੇਤੀ ਹੀ ਉਸ ਨੂੰ ਅਹਿਸਾਸ ਹੋ ਗਿਆ ਕਿ ਸਾਮਣੇ ਬੈਠੇ ਵਫ਼ਦ ਨੂੰ ਸਿੱਖ ਇਤਿਹਾਸ ਬਾਰੇ ਥਹੁ-ਪਤਾ ਹੀ ਨਹੀਂ ਸੀ। ਇਸੇ ਕਰਕੇ ਉਸ ਨੇ ਗੱਲ ਦਾ ਪਾਸਾ ਬਦਲ ਕੇ ਆਕਲੈਂਡ ਦੇ ਗੱਪ-ਗਪੌੜ ਤੇ ਇਕਾਗਰਚਿੱਤ ਕਰ ਦਿੱਤਾ। 

ਇਹ ਉਹੀ ਐੱਮ.ਪੀ ਸੀ ਜਿਹੜਾ ਬਾਅਦ ਵਿੱਚ ਜਦ ਆਕਲੈਂਡ ਵਿੱਚ ਸੰਨ 2005 ਦੇ ਲਾਗੇ-ਚਾਗੇ ਇੱਕ ਬਹੁਤ ਵੱਡਾ ਗੁਰਦੁਆਰਾ ਬਣਿਆ ਤਾਂ ਇਹ ਉੱਥੇ ਅਕਸਰ ਪੱਗ ਬੰਨ ਕੇ ਪਹੁੰਚ ਜਾਂਦਾ ਸੀ।  ਉਸ ਦੀਆਂ ਪੱਗ ਵਾਲੀਆਂ ਤਸਵੀਰਾਂ ਕਾਫੀ ਮਸ਼ਹੂਰ ਵੀ ਹੋਈਆਂ ਸਨ।

ਸੰਨ 2005 ਦੇ ਵਿੱਚ ਨਿਊਜ਼ੀਲੈਂਡ ਦੀਆਂ ਚੋਣਾਂ ਵੀ ਹੋਈਆਂ ਸਨ। ਇਸ ਐੱਮ.ਪੀ ਨੇ ਰੋਣਾ ਰੋਇਆ ਕਿ ਉਸ ਨੇ ਆਕਲੈਂਡ ਸਿੱਖ ਭਾਈਚਾਰੇ ਨੂੰ ਬੇਨਤੀ ਕੀਤੀ ਸੀ ਕਿ ਉਹ ਥੋੜ੍ਹੇ ਬਹੁਤ ਪਾਰਟੀ ਮੈਂਬਰ ਬਣਾਉਣ ਦੇ ਵਿੱਚ ਮਦਦ ਕਰਨ ਤਾਂ ਜੋ ਪਾਰਟੀ ਨੂੰ ਮਾਇਕ ਤੌਰ ਦੇ ਉੱਤੇ ਸਰਕਾਰ ਵੱਲੋਂ ਚੋਣ-ਪਰਚਾਰ ਲਈ ਵੱਧ ਡਾਲਰ ਮਿਲ ਸਕਣ। ਪਰ ਇੰਝ ਨਹੀਂ ਹੋਇਆ। ਉਸ ਨੇ ਇਹ ਵੀ ਦੱਸਿਆ ਕਿ ਉਸ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਚੋਣ ਪਰਚਾਰ ਵਿੱਚ ਮਦਦ ਕਰਨ ਤੇ ਉਥੋਂ ਆਕਲੈਂਡ ਤੋਂ ਉਸ ਨੂੰ ਇਹ ਵਾਅਦਾ ਮਿਲਿਆ ਸੀ ਕਿ ਉਹ ਜ਼ਰੂਰ ਵੈਲਿੰਗਟਨ ਆਉਣਗੇ ਪਰ ਆਇਆ ਕੋਈ ਨਹੀਂ। ਮੈਂ ਵੀ ਗੱਲ ਖਤਮ ਕਰਨ ਲਈ ਇਹ ਕਹਿ ਦਿੱਤਾ ਕਿ ਉਨ੍ਹਾਂ ਦਾ ਕੋਈ ਕਸੂਰ ਨਹੀਂ ਕਿਉਂਕਿ ਕਸੂਰ ਸਾਰਾ ਅੰਗਰੇਜ਼ੀ ਦਾ ਹੋਵੇਗਾ।

ਬਾਅਦ ਵਿੱਚ ਸੰਨ 2005 ਦੀਆਂ ਚੋਣਾਂ ਤੋਂ ਪਹਿਲਾਂ ਮੈਂ ਕੁਝ ਦਿਨ ਇਸ ਐੱਮ.ਪੀ ਦੀ ਸਥਾਨਕ ਵੈਲਿੰਗਟਨ ਚੋਣ-ਪਰਚਾਰ ਵਿੱਚ ਕਾਫੀ ਮਦਦ ਕੀਤੀ। ਸਾਈਨਬੋਰਡ ਲਾਉਂਦੇ-ਲਾਉਂਦੇ ਮੀਰਾਮਾਰ ਤੋਂ ਓਰੀਐਂਟਲ ਪਰੇਡ ਤਕ ਪਹੁੰਚ ਗਏ ਅਤੇ ਫਿਰ ਇੱਕ ਦੋ ਮੁਹੱਲਿਆਂ ਦੇ ਵਿੱਚ ਵੀ ਸਾਈਨਬੋਰਡ ਲਾਏ। 

ਇਸ ਸਭ ਦੇ ਚੱਲਦੇ, ਚੋਣਾਂ ਤੋਂ ਪਹਿਲਾਂ ਇੱਕ ਹੋਰ ਬੜਾ ਦਿਲਚਸਪ ਵਾਕਿਆ ਐੱਮ.ਪੀ ਦੇ ਦਫ਼ਤਰ ਵਿੱਚ ਹੋਇਆ। ਹੋਇਆ ਇੰਝ ਕਿ ਉਸਨੇ ਮੈਨੂੰ ਇੱਕ ਪਾਰਟੀ ਬੈਠਕ ਵਿੱਚ ਬੁਲਾਇਆ ਹੋਇਆ ਸੀ। ਉਸ ਦੀ ਇਹ ਬੈਠਕ ਤਿੰਨ ਚਾਰ ਗੋਰੀਆਂ ਬੀਬੀਆਂ ਨਾਲ ਸੀ ਜੋ ਕਿ ਪਾਰਟੀ ਦੀ ਨਾਮਜ਼ਦਗੀ ਦੀਆਂ ਚਾਹਵਾਨ ਸਨ ਤੇ ਚੋਣਾਂ ਲੜਨੀਆਂ ਚਾਹੁੰਦੀਆਂ ਸਨ। ਉਨ੍ਹਾਂ ਵਿੱਚੋਂ ਇੱਕ ਗੋਰੀ ਬੀਬੀ ਬੜੀ ਰਵਾਇਤੀ ਕਿਸਮ ਦੀ ਸੀ ਤੇ ਉਸ ਨੇ ਗੱਲਾਂ-ਗੱਲਾਂ ਵਿੱਚ ਦੱਸਿਆ ਕਿ ਛੇਤੀ ਹੀ ਉਸ ਦੇ ਪਿਤਾ ਵੀ ਇਸ ਮੀਟਿੰਗ ਵਿਚ ਸ਼ਾਮਲ ਹੋਣ ਲਈ ਆਉਣ ਵਾਲੇ ਸਨ।

ਐੱਮ.ਪੀ ਇਨ੍ਹਾਂ ਬੀਬੀਆਂ ਦੇ ਨਾਲ ਰਸਮੀ ਗੱਲਬਾਤ ਕਰ ਰਿਹਾ ਸੀ ਤੇ ਮੈਂ ਥੋੜ੍ਹਾ ਜਿਹਾ ਪਿੱਛੇ ਹਟਵਾਂ ਹੋ ਕੇ ਬੈਠਿਆ ਹੋਇਆ ਸੀ। ਜਦ ਉਸ ਬੀਬੀ ਦਾ ਪਿਤਾ ਆਇਆ ਤਾਂ ਉਸ ਨੇ ਆਉਂਦੇ ਸਾਰ ਹੀ ਦੋ ਕੁ ਮਜ਼ਾਕੀਆ ਕਿਸਮ ਦੇ ਪੱਖਪਾਤੀ ਜਿਹੇ ਟੋਟਕੇ ਸੁੱਟੇ ਅਤੇ ਉਸ ਨੇ ਟੇਢੀ ਅੱਖੀਂ ਇਹ ਵੀ ਤਾੜ ਲਿਆ ਕਿ ਮੈਂ ਵੀ ਇਕ ਪਾਸੇ ਬੈਠਾ ਹੋਇਆ ਸਾਂ। ਆਪਣੀ ਗੱਲ ਖਤਮ ਕਰਨ ਤੋਂ ਬਾਅਦ ਉਹ ਮੇਰੇ ਵਲ ਆਇਆ ਤੇ ਮੈਨੂੰ ਕਿਹਾ ਕਿ ਮੁੰਡੂ ਚਾਹ ਲਿਆ ਮੇਰੇ ਲਈ। ਇਹ ਸੁਣਦੇ ਸਾਰ ਹੀ ਐੱਮ.ਪੀ ਛੜੱਪਾ ਮਾਰ ਕੇ ਸੋਫੇ ਤੋਂ ਉੱਠਿਆ ਅਤੇ ਬਜ਼ੁਰਗ ਦਾ ਮੋਢਾ ਫੜ੍ਹ ਕਿ ਕਿਹਾ ਕਿ ਇਹ ਸਾਡੇ ਮਾਣਯੋਗ ਮਹਿਮਾਨ ਹਨ ਅਤੇ ਉਸ ਨੂੰ ਦੂਜੇ ਕਮਰੇ ਦੇ ਵੱਲ ਲੈ ਗਿਆ ਜਿੱਥੇ ਚਾਹ ਬਨਾਉਣ ਵਾਲੀ ਕੇਤਲੀ ਪਈ ਸੀ। ਐੱਮ.ਪੀ ਨੇ ਉਸ ਬਜ਼ੁਰਗ ਨੂੰ ਕਿਹਾ ਕਿ ਇੱਥੇ ਆਪ ਹੀ ਚਾਹ ਬਣਾਉਂਦੇ ਹਾਂ। ਜ਼ਾਹਿਰ ਹੈ ਕਿ ਇਸ ਬਜ਼ੁਰਗ ਨੂੰ ਭਾਵੇਂ ਇਸ ਗੱਲ ਦਾ ਅਹਿਸਾਸ ਨਾ ਹੋਵੇ ਪਰ ਉਸ ਦੇ ਇਸ ਵਤੀਰੇ ਵਿੱਚੋਂ ਨਸਲਵਾਦ ਬਿਲਕੁਲ ਸਪੱਸ਼ਟ ਝਲਕਦਾ ਸੀ।   

Posted in ਚਰਚਾ

ਹੀਰ ਵੰਨਾ ਪੰਜਾਬ!!

ਸੁਮੇਲ ਸਿੰਘ ਸਿੱਧੂ ਦਾ ਲੇਖ “ਹੀਰਵੰਨੇ ਪੰਜਾਬ ਦੀ ਸਿਰਜਣਾ ਲਈ ਧਰਮ ਯੁੱਧ ਦੀ ਸੇਧ ਦਾ ਸਵਾਲ” ਹਾਲ ਵਿੱਚ ਹੀ ਪੰਜਾਬੀ ਟ੍ਰਿਬਿਊਨ ਵਿੱਚ ਦੋ ਕਿਸ਼ਤਾਂ ਵਿੱਚ ਛਪਿਆ ਹੈ। ਜਿਸਦੀ ਪਹਿਲੀ ਕਿਸ਼ਤ ਇਥੇ ਅਤੇ ਦੂਜੀ ਕਿਸ਼ਤ ਇਥੇ ਪੜ੍ਹੀ ਜਾ ਸਕਦੀ ਹੈ।

ਮੈਂ ਦੋਵੇਂ ਲੇਖ ਇਕ ਨਹੀਂ ਸਗੋਂ ਦੋ-ਦੋ ਵਾਰ ਪੜ੍ਹੇ ਹਨ। ਦੂਜੀ ਵਾਰ ਪੜ੍ਹਦੇ ਵੇਲ਼ੇ ਮੈਂ ‘ਸੇਧ ਦਾ ਸਵਾਲ’ ਉੱਤੇ ਹੀ ਅੱਖ ਰੱਖੀ। ਮੈਂ ਵਾਕ-ਦਰ-ਵਾਕ ਲੇਖ ਨੂੰ ਮੋਟਾ-ਮੋਟਾ ਸਮਝਣ ਦੀ ਕੋਸ਼ਿਸ਼ ਕੀਤੀ ਹੈ।

ਲੇਖ ਦੀ ਸ਼ੁਰੂਆਤ ਸਵਰਾਜਬੀਰ ਦੇ ਹਵਾਲੇ ਦੇ ਨਾਲ ਹੁੰਦੀ ਹੈ। ਮੈਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਹੈ ਕਿ ਸਵਰਾਜਬੀਰ ਕੌਣ ਹੈ ਤੇ ਨਾ ਹੀ ਇਸ ਬਾਰੇ ਪਤਾ ਹੈ ਕਿ ਸਵਰਾਜਬੀਰ ਉਸ ਕਿਸ ਕਸਵੱਟੀ ਦੀ ਗੱਲ ਕਰਦਾ ਹੈ ਜਿਸ ਕਰਕੇ ਸੁਮੇਲ ਨੇ ਉਸ ਨੂੰ ਪਹਿਲੇ ਹੀ ਵਾਕ ਵਿੱਚ ਲਿਆ ਖੜ੍ਹਾ ਕੀਤਾ ਹੈ। ਨਿਊਜ਼ੀਲੈਂਡ ਵਿੱਚ ਰਹਿਣ ਕਰਕੇ ਪੰਜਾਬੀ ਸਾਹਿਤ ਨਾਲ ਮੇਰੀ ਤੰਦ ਸਿਰਫ਼ ਇੰਟਰਨੈਟ ਕਰਕੇ ਹੀ ਜੁੜੀ ਹੋਈ ਹੈ। ਖੋਜ ਕਰਣ ਤੇ ਇਹ ਤਾਂ ਪਤਾ ਲੱਗ ਗਿਆ ਕਿ ਸਵਰਾਜਬੀਰ ਕੌਣ ਹੈ ਪਰ ਉਸਦੀ ਕੋਈ ਲਿਖਤ ਪੜ੍ਹਣ ਜਾਂ ਖਰੀਦਣ ਲਈ ਕਿਤੇ ਨਹੀਂ ਲੱਭੀ। ਅੱਗੇ ਚੱਲ ਕੇ ਲੇਖਕ ਨੇ ਸਵਰਾਜਬੀਰ ਦੀ ‘ਅਟਕਲ’ ਦੀ ਗੱਲ ਕੀਤੀ ਹੈ ਜਿਸ ਵਿੱਚ ਇਹ ਤੁਕ ਸ਼ਾਮਲ ਹੈ:
“ਥੋੜ੍ਹਾ ਸੱਚ ਤੇ ਥੋੜ੍ਹਾ ਝੱਲ ਹੋਵੇ”

ਝੱਲ ਸ਼ਬਦ ਦੀ ਵਰਤੋਂ ਮੈਨੂੰ ਥੋੜ੍ਹਾ ਜਿਹਾ ਸ਼ਸ਼ੋਪੰਜ ਵਿੱਚ ਪਾ ਦਿੰਦੀ ਹੈ। ਸਵਰਾਜਬੀਰ ਨੂੰ ਤਾਂ ਆਪਣੀ ਲਿਖਤ ਵਿੱਚ ਬਤੌਰ ਲੇਖਕ ਕੁਝ ਵੀ ਕਹਿਣ ਦਾ ਹੱਕ ਹੈ ਪਰ ਜਦ ਸਾਡਾ ਧਿਆਨ ‘ਧਰਮ ਯੁੱਧ’ ਅਤੇ ‘ਸੇਧ’ ਵਰਗੇ ਸ਼ਬਦਾਂ ਤੇ ਹੋਵੇ ਤਾਂ ਝੱਲ ਜਾਂ ਸ਼ਰਧਾਵਾਨ ਰੂਪੀ ਪਹੁੰਚ ਤਾਂ ਸਾਨੂੰ ਖੁਆਰ ਕਰਨ ਵਿੱਚ ਬਹੁਤਾ ਚਿਰ ਨਹੀਂ ਲਾਵੇਗੀ।

ਅੱਗੇ ਚੱਲ ਕੇ ਲੇਖਕ ਨੇ ‘ਨਵੀਂ ਗੱਲ’ ਦੇ ‘ਜੇਰਾ’ ਲੈ ਕੇ ‘ਮਸਲੇ ਵਿਚਾਰਨ-ਨਿਤਾਰਨ ਦੀਆਂ ਸਿਲਸਿਲੇਵਾਰ ਬੈਠਕਾਂ’ ਤੇ ਨਜ਼ਰਸਾਨੀ ਕੀਤੀ ਹੈ। ਉਪਰ ਗੱਲ ਧਰਮ ਯੁੱਧ ਦੀ ਚੱਲਦੀ ਸੀ ਪਰ 1947 ਤੋਂ ਪਹਿਲਾ ਦਾ ਪੰਜਾਬ, 1947 ਤੋਂ ਬਾਅਦ ਦੇ ਪੰਜਾਬ ਨਾਲ ਧਰਮ ਯੁੱਧ ਰਾਹੀਂ ਕਿਵੇਂ ਜੁੜਦਾ ਹੈ ਇਸ ਦਾ ਕੋਈ ਸੂਤਰ ਬੰਨ੍ਹੇ ਬਿਨਾਂ ਲੇਖਕ ਨੇ ਸਾਡੇ ਦਰਮਿਆਨ ‘ਹੀਰਵੰਨੀ’ ਲਿਸ਼ਕ ਲਿਆ ਖੜ੍ਹੀ ਕਰ ਦਿੱਤੀ। ਜੇਕਰ ‘1947 ਵੰਡ ਦੀ ਮਾਰੂ ਫ਼ਸਲ ਤੋਂ ਅਸੀਂ ਅੱਜ ਵੀ ਹਰ ਪੱਧਰ ’ਤੇ ਹਾਰੇ ਹੋਏ ਹਾਂ’ ਤਾਂ ਕੀ 1966 ਵਿੱਚ ਸਾਡੀ ਜਿੱਤ ਹੋਈ ਸੀ ਕਿ ਹਾਰ? ਜੇਕਰ ਇਹ ਜਿੱਤ ਸੀ ਤਾਂ ਉਪਰ ਲਿਖਿਆ ਗਿਆ 1947 ਤੋਂ ਬਾਅਦ ਦੀ ਹਰ ਪੱਧਰ ਦੀ ਹਾਰ ਦਾ ਬਿਰਤਾਂਤ ਕੀ ਟੁੱਟ ਨਹੀਂ ਗਿਆ? ਜੇਕਰ ਇਹ ਹਾਰ ਸੀ ਤਾਂ 1947 ਵਾਲੀ ਇਕ ਹਾਰ ਤੋਂ ਬਾਅਦ 1966 ਵਿੱਚ ਦੂਜੀ ਹਾਰ ਬਾਰੇ ਲੇਖਕ ਨੇ ਤਰੱਕੀ ਅਤੇ ਖੁਸ਼ਹਾਲੀ ਦੀਆਂ ਗੱਲਾਂ ਕਰਨ ਦੀ ਕਾਹਲ ਕਿਉਂ ਕੀਤੀ?

ਲੇਖਕ ਨੇ ਸਟਾਲਿਨਪ੍ਰਸਤਾਂ ਦਾ ਹਵਾਲਾ ਦੇ “ਸਿੱਖੀ ਨੂੰ ਸਾਧਾਂ-ਸੰਤਾਂ ਦੀ ਅੰਨ੍ਹੀ-ਬੋਲ਼ੀ ਸ਼ਰਧਾ ਦੇ ਕਿੱਲੀਂ ਬੰਨ੍ਹ” ਦਿੱਤੇ ਜਾਣ ਦੀ ਗੱਲ ਜ਼ਰੂਰ ਕੀਤੀ ਹੈ ਪਰ ਉਸੇ ਤਰ੍ਹਾਂ ਹੀ ‘ਸਭੈ ਸਾਂਝੀਵਾਲ ਸਦਾਇਨਿ’, ‘ਸਗਲਿ ਸੰਗ ਹਮ ਕਉ ਬਨਿ ਆਈ’ ਜਾਂ ‘ਖ਼ਾਲਕ ਖ਼ਲਕ ਮਾਹਿ’ ਵਰਗੇ ਸੂਖਮ ਸਿਧਾਂਤਕ ਗੁਣਾਂ ਤੋਂ ਮੂੰਹ ਭੁਆਂ ਲੈਣ ਨੂੰ ਵੀ ਗੋਲ ਮੋਲ ਕਰ ਦਿੱਤਾ ਹੈ। ਲੇਖਕ ਨੂੰ ਚਾਹੀਦਾ ਸੀ ਕਿ ਉਹ ਇੱਥੇ ਹੀ ਰੁਕ ਜਾਂਦਾ ਤੇ ਛਾਨਣਾ ਲਾ ਕੇ ਕੁਝ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਦਾ। ਮਿਸਾਲ ਦੇ ਤੌਰ ਤੇ ਜਲੰਧਰ ਦੇ ਇਕ ਅਖ਼ਬਾਰ ਦਾ ਸਟਾਲਿਨਪ੍ਰਸਤ ਸੰਪਾਦਕ ਜੋ ਟੈਲੀਵਿਜ਼ਨ ਤੇ ਵੀ ਆਉਂਦਾ ਹੈ, ਉਸ ਨੂੰ ਗੱਲਾਂ ਕਰਕੇ ਗੁਰਬਾਣੀ ਦੀ ਕੋਈ ਤੁਕ ਵਰਤ ਕੇ ਉਸ ਦੇ ਮਨਘੜੰਤ ਮਤਲਬ ਕੱਢਣ ਦੀ ਲੋੜ ਕਿਉਂ ਮਹਿਸੂਸ ਹੁੰਦੀ ਹੈ। ਜਾਂ ਫਿਰ ਦੂਜੇ ਬੰਨੇ ਇਹ ਗੱਲ ਕਿ ਡੇਰਿਆਂ ਦੀ ਸਿੱਖੀ ਵਿੱਚ ਘੁਸਪੈਠ ਕਿਵੇਂ ਹੋਈ? ਕੀ ਇਨ੍ਹਾਂ ਡੇਰਿਆਂ ਦੀ ਗੁਰੂ ਕੇ ਬਾਗ਼ ਜਾਂ ਚਾਬੀਆਂ ਵਾਲੇ ਮੋਰਚੇ ਦੌਰਾਨ ਕੋਈ ਹੈਸੀਅਤ ਵੀ ਸੀ? ਇਨ੍ਹਾਂ ਮੁੱਦਿਆਂ ਤੇ ਵਿਸਤਾਰ ਸਹਿਤ ਗੱਲ ਕੀਤੇ ਬਿਨਾਂ ਅਸੀਂ ਜੋ ਮਰਜ਼ੀ ਲਫ਼ਜ਼ੀ ਛੱਲੇ ਛੱਡੀ ਚਲੀਏ ਸੰਵਾਦ ਕਿਸੇ ਵੀ ਤਰ੍ਹਾਂ ਅੱਗੇ ਨਹੀਂ ਵੱਧੇਗਾ।

1984 ਨੂੰ ਲੈ ਕੇ ਭਾਵੇਂ ਸਟਾਲਿਨਪ੍ਰਸਤਾਂ ਦੀ ਗੱਲ ਕਰ ਲਈਏ ਤੇ ਭਾਵੇਂ ਖਾੜਕੂਆਂ ਦੀ। ਮੇਰੇ ਮਨ ਵਿੱਚ ਇਕ ਸਵਾਲ ਵਾਰ ਵਾਰ ਉਠਦਾ ਹੈ ਜਿਸ ਦਾ ਜਵਾਬ ਕੋਈ ਵੀ ਲੇਖਕ ਦੇਣ ਦੀ ਕੋਸ਼ਿਸ਼ ਨਹੀਂ ਕਰਦਾ। ਜੇਕਰ ਸਟਾਲਿਨਪ੍ਰਸਤ ਅਤੇ ਖਾੜਕੂ ਲਕੀਰ ਦੇ ਦੋ ਵੱਖਰਿਆਂ ਪਾਸਿਆਂ ਤੇ ਖੜ੍ਹੇ ਸਨ ਤਾਂ ਕੀ ਗੱਲ ਸੀ ਕਿ ਪੰਜਾਬ ਤੋਂ ਬਾਹਰ ਦੋਹੇਂ ਧਿਰਾਂ ਸਿਰਫ਼ ਅਮਰੀਕਾ-ਇੰਗਲੈਂਡ-ਕੈਨੇਡਾ ਜਾ ਕੇ ਹੀ ਵੱਸਦੀਆਂ ਰਹੀਆਂ? ਸਟਾਲਿਨਪ੍ਰਸਤ ਕਿਸੇ ਸਟਾਲਿਨ ਪੱਖੀ ਮੁਲਕ ਵਿੱਚ ਜਾ ਕੇ ਕਿਉਂ ਨਹੀਂ ਵੱਸ ਗਏ?

ਲੇਖ ਦੀ ਪਹਿਲੀ ਕਿਸ਼ਤ ਦੇ ਅਖੀਰ ਵਿੱਚ ਲੇਖਕ ਨੇ ਇਤਿਹਾਸਕ ਰੋਲ ਦੀ ਨਿਰਭਉ ਪੜਚੋਲ ਨੂੰ ਹੱਥ ਪਾਉਣ ਦੀ ਗੱਲ ਕੀਤੀ ਹੈ ਜਿਸ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ।

ਲੇਖ ਦੀ ਦੂਜੀ ਕਿਸ਼ਤ ਵਿੱਚ ਸੁਮੇਲ ਸਿੰਘ ਸਿੱਧੂ ਨੇ ਬਹੁਤਾ ਕਰਕੇ ਇਤਿਹਾਸ ਨੂੰ ਫਰੋਲਦਿਆਂ ਹੋਇਆਂ ਟਿੱਪਣੀਆਂ ਕੀਤੀਆਂ ਹਨ ਜੋ ਭਾਵੇਂ ਬਿਲਕੁਲ ਠੀਕ ਹਨ ਪਰ ਮੇਰੀ ਜਾਚੇ ‘ਧਰਮ ਯੁੱਧ ਦੀ ਸੇਧ’ ਦੇ ਸੰਦਰਭ ਵਿੱਚੋਂ ਉੱਕਾ ਹੀ ਬਾਹਰ ਹਨ। ਅੱਜ ਜੇ ਕੋਈ ਲੋੜ ਤਾਂ ਉਹ ਹੈ ਸਿਰਫ਼ ਔਖੇ ਸਵਾਲ ਪੁੱਛਣ ਦੀ ਸ਼ੁਰੂਆਤ ਕਰਨ ਦੀ। ਸਭ ਤੋਂ ਪਹਿਲੀ ਲੋੜ ਹੈ ਸਟਾਲਿਨਪ੍ਰਸਤਾਂ ਨੂੰ ਸ਼ੀਸ਼ਾ ਵਖਾਉਣ ਦੀ। ਉਨ੍ਹਾਂ ਨੂੰ ਇਹ ਦੱਸਣ ਦੀ ਕਿ ਉਹ ਆਰਥਕ-ਰਾਜਨੀਤਕ-ਸਮਾਜਕ ਸੱਚਾਈਆਂ ਤੋਂ ਕੋਰੇ ਹੋਏ ਕਿਵੇਂ ਕਿਸੇ ਖਿਆਲੀ ਸਟਾਲਿਨੀ ਕਿਲ੍ਹੇ ਵਿੱਚ ਸ਼ਰਧਾਵਾਨ ਹੋਏ ਬੈਠੇ ਹਨ ਅਤੇ ਦੂਜਾ ਇਹ ਕਿ ਉਨ੍ਹਾਂ ਨੂੰ ਗੁਰਬਾਣੀ ਦੀ ਉੱਕਾ ਹੀ ਸਮਝ ਨਹੀਂ।

ਦੂਜੇ ਪਾਸੇ ਜਿਹੜੇ ਡੇਰੇ ਆਪਣੇ ਆਪ ਨੂੰ ਇਤਿਹਾਸਕ ਦੱਸਦੇ ਹੋਏ ਸਿੱਖੀ ਨੂੰ ਝੂਠ ਦਾ ਜੱਫਾ ਮਾਰੀ ਬੈਠੇ ਹਨ, ਲੋੜ ਹੈ ਉਸ ਝੂਠ ਨੂੰ ਨੰਗਾ ਕਰਨ ਦੀ ਅਤੇ ਉਸ ਜੱਫੇ ਨੂੰ ਤੋੜਨ ਦੀ। ਪਿਛਲੇ ਤਿੰਨ ਦਹਾਕਿਆਂ ਤੋਂ ਅਸੀਂ 1984 ਦਾ ਬਿਰਤਾਂਤ ਸ਼ਰਧਾ ਦੇ ਚਸ਼ਮੇਂ ਰਾਹੀਂ ਪੜ੍ਹਦੇ-ਵੇਖਦੇ ਆ ਰਹੇ ਹਾਂ। ਲੋੜ ਹੈ 1966 ਤੋਂ ਬਾਅਦ ਦੇ ਪੰਜਾਬ ਦੇ ਇਤਿਹਾਸ ਨੂੰ ਸਿਰਫ ਸੱਚ ਅਤੇ ਸਬੂਤਾਂ ਦੀ ਕਸਵੱਟੀ ਤੇ ਪਰਖਣ ਅਤੇ ਲਿਖਣ ਦੀ। ਇਸ ਤਰ੍ਹਾਂ ਲਿਖਿਆ ਇਤਿਹਾਸ ਸਾਨੂੰ 1984 ਸਮਝਣ ਵਿੱਚ ਬਹੁਤ ਮਦਦ ਕਰੇਗਾ।  ਜੇਕਰ ਅਸੀਂ ਅਜਿਹੇ ਇਤਿਹਾਸ ਨੂੰ ਲਿਖਣ-ਸਾਂਭਣ ਵਿੱਚ ਕਾਮਯਾਬ ਹੋ ਜਾਵਾਂਗੇ ਤਾਂ ਸਾਨੂੰ ਦੋ ਫਾਇਦੇ ਹੋ ਜਾਣਗੇ। ਇਕ ਤਾਂ ਉਸ ਕਲੰਕ ਤੋਂ ਛੁਟਕਾਰਾ ਹੋ ਜਾਵੇਗਾ ਜਿਸਦੇ ਗੋਚਰੇ ਇਹ ਕਿਹਾ ਜਾਂਦਾ ਹੈ ਕਿ ਸਿੱਖਾਂ ਨੂੰ ਇਤਹਾਸ ਬਣਾਉਣਾ ਤਾਂ ਆਉਂਦਾ ਹੈ ਪਰ ਲਿਖਣਾ ਨਹੀਂ। ਦੂਜਾ ਸਾਡੇ ਵਿੱਚ ਸੱਚਾਈ ਦਾ ਕੌੜਾ ਘੁੱਟ ਪੀ ਜਾਣ ਦੀ ਹਿੰਮਤ ਆ ਜਾਵੇਗੀ ਤੇ ਸ਼ਰਧਾ ਦੀ ਚਾਸ਼ਣੀ ਦੀ ਮੁਥਾਜੀ ਤੋਂ ਨਿਜਾਤ ਮਿਲ ਜਾਵੇਗੀ।