ਕੁਝ ਕੁ ਦਿਨ ਹੋਏ, ਇਹ ਖ਼ਬਰ ਆਮ ਚਰਚਾ ਵਿਚ ਆ ਗਈ ਕਿ ਇੱਕ ਸਮਲਿੰਗੀ ਜੋੜੇ ਦਾ ਵਿਆਹ ਗੁਰਦੁਆਰੇ ਵਿੱਚ ਹੋਇਆ ਹੈ। ਬਾਅਦ ਵਿੱਚ ਇਹ ਵੀ ਪਤਾ ਲੱਗਾ ਕਿ ਇਹ ਵਿਆਹ ਕਿਸੇ ਗੁਰਦੁਆਰੇ ਵਿਚ ਨਾ ਹੋ ਕੇ ਮੈਕਸੀਕੋ ਦੇ ਇਕ ਸ਼ਹਿਰ ਕੈਨਕੁਨ ਵਿਖੇ ਹੋਇਆ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਜਾ ਕੇ ਸਥਾਨਕ ਤੌਰ ਤੇ ਉਥੇ ਵਿਆਹ ਕਰਵਾ ਦਿੱਤਾ ਗਿਆ।
ਇਸ ਵਿਆਹ ਦੀ ਰਸਮ ਨੂੰ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਇਕ ਸ਼ਖ਼ਸ ਨੇ ਨੇਪਰੇ ਚਾੜ੍ਹਿਆ ਅਤੇ ਸ਼ਾਇਦ ਇਸੇ ਕਰਕੇ ਵੈਨਕੂਵਰ ਦੇ ਸਾਂਝਾ ਟੀਵੀ ਨੇ ਇਸੇ ਵਿਆਹ ਨੂੰ ਲੈ ਕੇ ਵਿਚਾਰ-ਚਰਚਾ ਦਾ ਇੱਕ ਖ਼ਾਸ ਪ੍ਰੋਗਰਾਮ ਕੀਤਾ।
ਪ੍ਰੋਗਰਾਮ ਨੂੰ ਬੜੇ ਸੁਚੱਜੇ ਢੰਗ ਨਾਲ ਪੇਸ਼ ਕਰਦਿਆਂ ਹੋਇਆ ਕੁਲਦੀਪ ਸਿੰਘ ਅਤੇ ਬਲਜਿੰਦਰ ਕੌਰ ਹੋਰਾਂ ਨੇ ਗਿਆਨੀ ਜਸਵੀਰ ਸਿੰਘ ਅਤੇ ਡਾਕਟਰ ਪਰਗਟ ਸਿੰਘ ਭੁਰਜੀ ਨਾਲ ਗੱਲਬਾਤ ਕੀਤੀ। ਡਾਕਟਰ ਭੁਰਜੀ ਨੇ ਆਪਣੇ ਵਿਚਾਰ ਡਾਕਟਰੀ ਮੁਹਾਰਤ ਦੇ ਪੱਖ ਤੋਂ ਦਿੱਤੇ ਅਤੇ ਬੜੇ ਹੀ ਵਿਸਥਾਰ ਦੇ ਨਾਲ ਹਰ ਪਹਿਲੂ ਨੂੰ ਪੇਸ਼ ਕੀਤਾ।
ਗਿਆਨੀ ਜਸਵੀਰ ਸਿੰਘ ਹੋਰਾਂ ਨੇ ਆਪਣੇ ਵਿਚਾਰ ਗੁਰਮਤ ਨਜ਼ਰੀਏ ਤੋਂ ਪੇਸ਼ ਕੀਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਦਾ ਹਵਾਲਾ ਦਿੰਦਿਆਂ ਹੋਇਆਂ ਉਨ੍ਹਾਂ ਨੇ ਇਹ ਦੱਸਿਆ ਕਿ ਸਿੱਖੀ ਵਿੱਚ ਕਿਤੇ ਵੀ ਕਿਸੇ ਨਾਲ ਕੋਈ ਵੀ ਵਿਤਕਰੇ ਵਾਲੀ ਗੱਲ ਨਹੀਂ ਹੈ।
ਗਿਆਨੀ ਜਸਵੀਰ ਸਿੰਘ ਨੇ ਆਪਣੀ ਗੱਲ ਇੱਥੇ ਮੁਕਾਈ ਕਿ ਸਮਲਿੰਗੀ ਵਿਆਹ ਗੁਰਦੁਆਰੇ ਵਿਚ ਤਾਂ ਨਹੀਂ ਹੋ ਸਕਦੇ ਪਰ ਸਮਲਿੰਗੀ ਜੋੜਾ ਗੁਰਦੁਆਰੇ ਆ ਕੇ ਮੱਥਾ ਟੇਕ ਸਕਦਾ ਅਤੇ ਹੋਰ ਪਾਠ ਆਦਿ ਦੀ ਰਸਮ ਕਰਵਾ ਸਕਦਾ ਹੈ।
ਅਜਿਹੀ ਕਥਨੀ ਆਪਣੇ ਆਪ ਦੇ ਵਿੱਚ ਹੀ ਸ੍ਵੈ-ਵਿਰੋਧੀ ਹੈ ਕਿਉਂਕਿ ਜੇ ਇੱਕ ਚੀਜ਼ ਠੀਕ ਹੈ ਤਾਂ ਦੂਜੀ ਕਿਉਂ ਨਹੀਂ ਜਾਂ ਇਕ ਚੀਜ਼ ਗ਼ਲਤ ਹੈ ਤਾਂ ਫਿਰ ਦੂਜੀ ਕਿਉਂ ਨਹੀਂ? ਅਸੀਂ ਕਿਸੇ ਵੀ ਚੀਜ਼ ਦਾ ਯਥਾਰਥਕ ਤੌਰ ਤੇ ਇਸ ਤਰ੍ਹਾਂ ਮਿਲਗੋਭਾ ਨਹੀਂ ਕਰ ਸਕਦੇ।
ਇੱਥੇ ਨਿਊਜ਼ੀਲੈਂਡ ਦੇ ਵਿਚ ਵੀ ਜਦੋਂ ਸਮਲਿੰਗੀ ਵਿਆਹ ਨੂੰ ਮਾਨਤਾ ਦਿੱਤੀ ਗਈ ਸੀ ਤਾਂ ਵੱਖ ਵੱਖ ਗਿਰਜਾ ਘਰਾਂ ਨੂੰ ਇਸੇ ਉੱਤੇ ਕਾਫੀ ਇਤਰਾਜ਼ ਸੀ। ਕੁਝ ਇੱਕ ਗਿਰਜਾ ਘਰਾਂ ਨੇ ਤਾਂ ਇਹ ਵੀ ਕਿਹਾ ਸੀ ਕਿ ਠੀਕ ਹੈ, ਜੇ ਸਮਲਿੰਗੀ ਵਿਆਹ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਅਦਾਲਤੀ ਵਿਆਹ ਕਰਵਾ ਲੈਣ, ਇੱਥੇ ਗਿਰਜੇ ਵਿੱਚ ਆ ਕੇ ਕਿਉਂ ਵਿਆਹ ਕਰਨਾ ਚਾਹੁੰਦੇ ਹਨ? ਪਰ ਵਕ਼ਤ ਨਾਲ ਹੌਲੀ-ਹੌਲੀ ਕਾਫ਼ੀ ਕੁਝ ਬਦਲ ਰਿਹਾ ਹੈ।
ਇਹ ਮਸਲਾ ਇਸ ਤਰ੍ਹਾਂ ਕਿਸੇ ਇਕੱਲੇ ਧਰਮ ਦਾ ਨਾ ਹੋ ਕੇ ਸਗੋਂ ਹਰ ਧਰਮ ਦਾ ਮਸਲਾ ਬਣੇਗਾ। ਉਸ ਦਾ ਮੁੱਖ ਕਾਰਨ ਇਹ ਹੈ ਕਿ ਸਮਲਿੰਗੀ ਵਿਆਹ ਵੀ ਮਨੁੱਖੀ ਹੱਕਾਂ ਅਤੇ ਬਰਾਬਰਤਾ ਦਾ ਮੁੱਦਾ ਹੈ ਅਤੇ ਸਮਲਿੰਗੀ ਇਹੀ ਚਾਹੁਣਗੇ ਕਿ ਜੋ ਵੀ ਰਸਮ ਕੋਈ ਹੋਰ ਕਰ ਸਕਦਾ ਹੈ ਉਹੀ ਰਸਮ ਉਨ੍ਹਾਂ ਨੂੰ ਵੀ ਕਰਨ ਦਿੱਤੀ ਜਾਵੇ।
ਇਹ ਮੁੱਦਾ ਕੋਈ ਛੋਟਾ ਮੋਟਾ ਨਹੀਂ ਹੈ ਤੇ ਮੇਰੇ ਵਿਚਾਰ ਅਨੁਸਾਰ ਇਸ ਤੇ ਉੱਤੇ ਲਗਾਤਾਰ ਗੱਲਬਾਤ ਚੱਲਦੀ ਰਹਿਣੀ ਚਾਹੀਦੀ ਹੈ ਤਾਂ ਕਿ ਇਸ ਨੂੰ ਕਿਤੇ ਪਿੱਛੇ ਨਾ ਲੁਕਾ ਕੇ ਸਗੋਂ ਇਸ ਸਬੰਧੀ ਖੁੱਲ੍ਹੇ ਤੌਰ ਤੇ ਆਮ ਫੈਸਲਾ ਹੋਣਾ ਚਾਹੀਦਾ ਹੈ।
ਸਿੱਖ ਵਿਆਹ ਤੇ ਚੱਲਦੀ ਬਹਿਸ ਦੇ ਦੌਰਾਨ ਕੁਝ ਇੱਕ ਮੁੱਦਿਆਂ ਉੱਤੇ ਖ਼ਾਸ ਧਿਆਨ ਦੇਣਾ ਬਣਦਾ ਹੈ। ਜਿਹੜੀ ਇਹ ਚਾਰ ਲਾਵਾਂ ਦੀ ਰਸਮ ਹੈ, ਜੇਕਰ ਇਸ ਨੂੰ ਇਤਿਹਾਸਕ ਤੌਰ ਤੇ ਫੋਲੀਏ ਤਾਂ ਪਤਾ ਲੱਗਦਾ ਹੈ ਕਿ ਇਹ 19ਵੀਂ ਸਦੀ ਦੀ ਰਸਮ ਹੈ ਅਤੇ ਉਸ ਤੋਂ ਪਹਿਲਾਂ ਇਸ ਦਾ ਕੋਈ ਜ਼ਿਕਰ ਨਹੀਂ ਹੈ।
ਦੂਜੀ ਗੱਲ ਇਹ ਕਿ ਜਿਵੇਂ-ਜਿਵੇਂ ਸੰਚਾਰ ਦੇ ਮਾਧਿਅਮ ਆਦਿ ਵਧਦੇ ਗਏ, ਇਕ ਦੂਜੇ ਨੂੰ ਵੇਖ ਕੇ ਟੀਵੀ ਅਤੇ ਫ਼ਿਲਮਾਂ ਰਾਹੀਂ ਹੋਰ ਜਾਣਕਾਰੀ ਵਧਦੀ ਗਈ ਅਤੇ ਰੀਤੀ ਰਿਵਾਜ ਹੋਰ ਪੱਕੇ ਹੁੰਦੇ ਗਏ। ਮੈਂ ਛੋਟੇ ਹੁੰਦਿਆਂ ਦੀ ਆਪਣੀ ਯਾਦਾਸ਼ਤ ਨੂੰ ਫ਼ਰੋਲਾਂ ਤਾਂ ਮੈਂ ਕਈ ਵਿਆਹ ਅਜਿਹੇ ਵੀ ਵੇਖੇ ਸਨ ਜਿੱਥੇ ਚਾਰ ਲਾਵਾਂ ਜੋੜੇ ਦੇ ਬੈਠਿਆਂ-ਬੈਠਿਆਂ ਹੀ ਹੋ ਗਈਆਂ ਜਾਂ ਫਿਰ ਲਾਵਾਂ ਪੜ੍ਹਣ ਵੇਲੇ ਖੜ੍ਹੇ ਹੋ ਗਏ ਅਤੇ ਫਿਰ ਮੱਥਾ ਟੇਕ ਕੇ ਬੈਠ ਗਏ।
ਉਹ ਵੀ ਵਿਆਹ ਵੇਖੇ ਜਿੱਥੇ ਵਹੁਟੀ ਨੂੰ ਸਹਾਰਾ ਦੇਣ ਲਈ ਹੋਰ ਵੀ ਨਾਲ-ਨਾਲ ਤੁਰਦੇ ਰਹਿੰਦੇ ਸਨ। ਕੀ ਇਸ ਤਰ੍ਹਾਂ ਨਾਲ-ਨਾਲ ਤੁਰਣਾ ਵਾਲੇ ਦਾ ਵੀ ਵਿੱਚੇ ਹੀ ਆਨੰਦ ਕਾਰਜ ਨਹੀਂ ਹੋ ਗਿਆ? ਫੁੱਲ-ਪੱਤੀਆਂ ਸੁੱਟਣ ਦਾ ਰਵਾਜ਼ ਵੀ ਚੰਗਾ ਹੋਇਆ ਖਤਮ ਹੋ ਗਿਆ ਹੈ ਜਾਂ ਘਟ ਗਿਆ ਹੈ।
ਦੂਜੇ ਪਾਸੇ, ਦੋ ਕੁ ਸਾਲ ਹੋਏ ਨੇ ਇਹ ਵੀ ਸੁਣਨ ਵਿੱਚ ਆਇਆ ਸੀ ਕਿ ਮਲੇਸ਼ੀਆ ਦੇ ਸਿੱਖ ਭਾਈਚਾਰਾ ਨੇ ਫ਼ੈਸਲਾ ਲਿਆ ਕਿ ਵਿਆਹ ਦੇ ਸਮੇਂ ਲਾੜ੍ਹੇ ਵੱਲੋਂ ਕਿਰਪਾਨ ਰੱਖਣੀ ਨਿੱਜੀ ਫੈਸਲਾ ਹੈ ਤੇ ਆਨੰਦ ਕਾਰਜ ਵੇਲੇ ਕਿਰਪਾਨ ਰੱਖਣੀ ਜ਼ਰੂਰੀ ਨਹੀਂ।
ਉਪਰੋਕਤ ਤੋਂ ਸਪਸ਼ਟ ਹੈ ਕਿ ਕਦੀ ਵੀ ਅਨੰਦ ਕਾਰਜ ਜਾਂ ਲਾਵਾਂ ਦੀ ਰਸਮ ਇਕਸਾਰ ਨਹੀਂ ਰਹੀ ਹੈ ਅਤੇ ਇਹ ਵਕਤ ਅਨੁਸਾਰ ਬਦਲਦੀ ਰਹੀ ਹੈ। ਬਹੁਤਾ ਕਰਕੇ ਇਹ ਧਾਰਮਕ ਰਸਮ ਨਾ ਹੋ ਕੇ ਸਗੋਂ ਪੰਜਾਬੀ ਸਭਿਆਚਾਰਕ ਅਸਰ ਹੇਠ ਰਹੀ ਹੈ। ਇਸ ਕਰਕੇ ਜ਼ਰੂਰੀ ਹੈ ਕਿ ਸਮਲਿੰਗੀ ਵਿਆਹ ਬਾਰੇ ਕਿਸੇ ਵੀ ਕਿਸਮ ਦੀ ਵਿਚਾਰ-ਚਰਚਾ ਦੌਰਾਨ ਪੰਜਾਬੀ ਸਭਿਆਚਾਰ ਨੂੰ ਸਿੱਖੀ ਦੇ ਨਾਲ ਰਲ-ਗੱਡ ਨਾ ਕਰਕੇ ਇਹਦੇ ਬਾਰੇ ਜੋ ਵੀ ਚਰਚਾ ਹੋਵੇ ਉਹ ਗੁਰਮਤਿ ਦੇ ਚਾਨਣ ਵਿੱਚ ਹੋਵੇ।
ਸਾਂਝਾ ਟੀਵੀ ਕੈਨੇਡਾ ਦੇ ਇਸ ਪ੍ਰੋਗਰਾਮ ਦੀ ਰਿਕਾਡਿੰਗ ਦਾ ਯੂਟਿਊਬ ਲਿੰਕ ਮੈਂ ਹੇਠਾਂ ਪਾ ਦਿੱਤਾ ਹੈ।