ਰਾਸ਼ਟਰੀ ਸਵੈਮ ਸੇਵਕ ਸੰਘ (ਇਸ ਤੋਂ ਬਾਅਦ ਰਸਸ) ਦੇ ਮੁਖੀ ਮੋਹਨ ਭਾਗਵਤ ਨੇ ਭਾਰਤੀ ਤਿਉਹਾਰ ਦੁਸਹਿਰੇ ਵਾਲੇ ਦਿਨ 25 ਅਕਤੂਬਰ 2020 ਨੂੰ ਆਪਣਾ ਸਾਲਾਨਾ ਭਾਸ਼ਣ ਦਿੱਤਾ।
ਰਸਸ ਵਰਗੀ ਜਥੇਬੰਦੀ ਵਲੋਂ ਇਸ ਤਰ੍ਹਾਂ ਦਾ ਕੋਈ ਸਾਲਾਨਾ ਭਾਸ਼ਣ ਦੇਣਾ ਭਾਵੇਂ ਚਰਚਾ ਦਾ ਕਾਰਨ ਨਾ ਬਣੇ ਪਰ ਕਿਉਂਕਿ ਭਾਰਤ ਦੀ ਮੌਜੂਦਾ ਹੁਕਮਰਾਨ ਰਾਜਨੀਤਕ ਪਾਰਟੀ ਦੀ ਜੜ੍ਹ ਰਸਸ ਹੈ, ਇਸ ਕਰਕੇ ਅਜਿਹੇ ਭਾਸ਼ਣ ਨੂੰ ਧਿਆਨ ਨਾਲ ਸਮਝਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ।
ਬੀਤੇ ਕੁਝ ਸਾਲਾਂ ਵਿਚ ਭਾਰਤ ਵਿੱਚ ਨਾਗਰਿਕਤਾ ਕਾਨੂੰਨ, ਰਾਮ ਜਨਮ ਭੂਮੀ ਅਤੇ ਕਸ਼ਮੀਰ ਨੂੰ ਲੈ ਕੇ ਬਹੁਤ ਸਾਰੇ ਫ਼ੈਸਲੇ ਲਏ ਜਾ ਚੁੱਕੇ ਹਨ ਇਸ ਕਰਕੇ ਮੋਹਨ ਭਾਗਵਤ ਕੋਲ ਲੱਗਦਾ ਸੀ ਕਿ ਇਸ ਵਾਰ ਹੋਰ ਕੁਝ ਬੋਲਣ ਲਈ ਰਹਿ ਨਹੀਂ ਗਿਆ ਸੀ। ਪਰ ਇਹ ਵੀ ਸੰਭਵ ਹੈ ਕਿ ਹੁਣ ਬਾਕੀ ਅੜਿੱਕਿਆਂ ਤੋਂ ਵਿਹਲੇ ਹੋ ਕੇ ਇਸ ਵਾਰ ਗੁੱਝੀ ਗੱਲ ਕੀਤੀ ਗਈ ਹੋਵੇ।
ਇਸ ਸਾਲ ਦੇ ਭਾਸ਼ਣ ਦੇ ਵਿੱਚ ਰਸਮੀ ਤੌਰ ਤੇ ਚੀਨ ਨੂੰ ਚਿਤਾਵਨੀ ਦੇਣ ਤੋਂ ਬਾਅਦ ਮੋਹਨ ਭਾਗਵਤ ਨੇ ਆਪਣਾ ਸਾਰਾ ਧਿਆਨ ਹਿੰਦੂਤਵਵਾਦ ਉੱਤੇ ਹੀ ਕੇਂਦਰਤ ਕੀਤਾ ਹੋਇਆ ਲੱਗਦਾ ਸੀ।
ਇਸ ਭਾਸ਼ਨ ਦੇ ਵਿੱਚ ਮੁੱਖ ਤੌਰ ਤੇ ਮੋਹਨ ਭਾਗਵਤ ਨੇ ‘ਸਵਦੇਸ਼ੀ’ ਸ਼ਬਦ ਨੂੰ ਲੈ ਕੇ ਭੂਮਿਕਾ ਬੰਨ੍ਹੀ ਹੈ ਅਤੇ ਗੱਲ ਸਵਦੇਸ਼ੀ ਸ਼ਬਦ ਦੇ ‘ਸਵ’ ਤੋਂ ਸ਼ੁਰੂ ਕਰ ਕੇ ਸਵਦੇਸ਼ੀ ਦੇ ‘ਸਵ’ ਨੂੰ ਹਿੰਦੂਤਵ ਦੇ ਵਿੱਚ ਹੀ ਖਪਾ ਦਿੱਤਾ ਹੈ।
ਮੋਹਨ ਭਾਗਵਤ ਨੇ ਵਾਰ-ਵਾਰ ਉਨ੍ਹਾਂ ਗੱਲਾਂ ਦਾ ਹੀ ਰਟਨ ਕੀਤਾ ਜੋ ਰਸਸ ਹਮੇਸ਼ਾ ਤੋਂ ਹੀ ਕਰਦੀ ਆਈ ਹੈ। ਜਿਵੇਂ ਕਿ ਹਿੰਦੂ ਕੌਣ ਹੈ? ਰਸਸ ਅਤੇ ਮੋਹਨ ਭਾਗਵਤ ਲਈ ਹਿੰਦੂ ਕੋਈ ਧਰਮ ਨਾ ਹੋ ਕੇ ਹਰ ਬਾਸ਼ਿੰਦਾ ਹੈ ਜਿਸ ਦੇ ਤਹਿਤ ਉਹ ਕਹਿੰਦਾ ਹੈ ਕਿ ਭਾਰਤ ਵਿੱਚ ਰਹਿਣ ਵਾਲੇ ਸਾਰੇ ਲੋਕ ਹਿੰਦੂ ਹੀ ਹਨ।

ਕਿਸੇ ਵੀ ਸਿਧਾਂਤਕ ਪ੍ਰਣਾਲੀ ਜਾਂ ਨੇਮ ਨੂੰ ਲੈ ਕੇ ਮੋਹਨ ਭਾਗਵਤ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਭਾਰਤ ਕੀ ਹੈ, ਹਿੰਦੋਸਤਾਨ ਕੀ ਹੈ ਤੇ ਹਿੰਦੂਤਵ ਕੀ ਹੈ? ਇਹ ਜੇ ਵੱਖਰੇ ਨਹੀਂ ਤਾਂ ਇਕਸੁਰ ਕਿਵੇਂ ਹਨ? ਮੋਹਨ ਭਾਗਵਤ ਨੇ ਸਭ ਕਾਸੇ ਦਾ ਡਾਂਗਾਂ ਦੇ ਗ਼ਜ਼ਾਂ ਦੇ ਹਿਸਾਬ ਨਾਲ ਮਿਲਗੋਭਾ ਕੀਤਾ ਹੋਇਆ ਹੈ।
ਮੋਟੇ ਤੌਰ ਤੇ ਮੋਹਨ ਭਾਗਵਤ ਨੇ ਸਵਦੇਸ਼ੀ ਵਿਚੋਂ ‘ਸਵ’ ਲੈ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਵਦੇਸ਼ੀ ਦਾ ਮਤਲਬ ਚੀਜ਼ਾਂ-ਵਸਤਾਂ ਨਾ ਹੋ ਕੇ ਸਾਰਾ ਕੁਝ ਹੀ ਹੁੰਦਾ ਹੈ। ਇਸ ਵਿੱਚ ਆਰਥਕ ਵੀ ਆ ਜਾਂਦਾ ਹੈ, ਸਮਾਜਕ ਵੀ ਆ ਜਾਂਦਾ ਹੈ, ਰਾਜਨੀਤਕ ਵੀ ਆ ਜਾਂਦਾ ਹੈ ਤੇ ਹਰ ਕਿਸਮ ਦੇ ਲੋਕ ਵੀ ਆ ਜਾਂਦੇ ਹਨ।
ਅਜਿਹੇ ਹੂੰਝਾ ਫੇਰ ਬਿਆਨ ਦੇਣ ਤੋਂ ਪਹਿਲਾਂ ਤੁਹਾਨੂੰ ਭਾਸ਼ਾਈ ਭਿੰਨਤਾ, ਕੌਮੀਅਤ ਅਤੇ ਸਭਿਆਚਾਰ ਨੂੰ ਸਿਧਾਂਤਕ ਤੌਰ ਤੇ ਚਰਚਾ ਦਾ ਵਿਸ਼ਾ ਬਨਾਉਣਾ ਪਵੇਗਾ ਅਤੇ ਇਹ ਦੱਸਣਾ ਪਵੇਗਾ ਕਿ ਸਵਦੇਸ਼ੀ ਦਾ ‘ਸਵ’, ਭਾਸ਼ਾਈ ਭਿੰਨਤਾ, ਕੌਮੀਅਤ ਅਤੇ ਸਭਿਆਚਾਰ ਨੂੰ ਕਿਵੇਂ ਰੱਦ ਕਰਦਾ ਹੈ? ਪਰ ਇਸ ਬਾਰੇ ਮੋਹਨ ਭਾਗਵਤ ਨੇ ਕੋਈ ਗੱਲ ਨਹੀਂ ਕੀਤੀ। ਮੋਹਨ ਭਾਗਵਤ ਦਾ ਸਵਦੇਸ਼ੀ ਸਿਧਾਂਤ ਇਹ ਵੀ ਸਪਸ਼ਟ ਨਹੀਂ ਕਰਦਾ ਕਿ ‘ਸਵ’ ਦੇ ਅਧੀਨ ਕੀ ਕਿਸੇ ਬਾਸ਼ਿੰਦੇ ਨੂੰ ਆਪਣੀ ਸੋਚ ਅਜ਼ਾਦ ਰੱਖਣ ਦਾ ਹੱਕ ਹੈ ਵੀ ਕਿ ਨਹੀਂ?
ਮੋਹਨ ਭਾਗਵਤ ਨੇ ਕਿਸਾਨਾਂ ਅਤੇ ਛੋਟੇ ਵਪਾਰੀਆਂ ਨੂੰ ਉੱਦਮੀ ਬਨਾਉਣ ਦੀ ਗੱਲ ਵੀ ਕੀਤੀ ਹੈ। ਇਥੇ ਉੱਦਮੀ ਹੋਣ ਦਾ ਸੰਦਰਭ entrepreneurial ਹੈ। ਇਸ ਦਾ ਮਤਲਬ ਤਾਂ ਇਹ ਹੋਇਆ ਕਿ ਹਿੰਦੂਤਵ ਹੁਣ ਤੁਹਾਡੇ ਤੇ ਉੱਦਮੀ ਹੋਣਾ ਵੀ ਥੋਪ ਰਿਹਾ ਹੈ। ਜਦਕਿ ਪੱਛਮੀ ਮੁਲਕਾਂ ਵਿੱਚ ਉੱਦਮੀ ਹੋਣ ਦਾ ਮਤਲਬ ਆਜ਼ਾਦਾਨਾ ਸੋਚ (ਬਿਨਾ ਕਿਸੇ ਸਰਕਾਰੀ ਥਾਪੜੇ ਜਾਂ ਇਸ ਸੰਦਰਭ ਵਿੱਚ ਰਸਸ ਕਹਿ ਲਓ) ਅਤੇ ਆਪਣੇ ਤਰੀਕੇ ਨਾਲ ਅੱਗੇ ਵਧਣਾ ਹੁੰਦਾ ਹੈ। ਪਰ ਮੋਹਨ ਭਾਗਵਤ ਦੇ ‘ਸਵ’ ਨੇ ਤੁਹਾਨੂੰ ਤੁਹਾਡੇ ਜਨਮ ਤੋਂ ਲੈ ਕੇ ਸਿਵਿਆਂ ਤੱਕ ਹਿੰਦੂਤਵ ਦੇ ਰੱਸੇ ਨਾਲ ਨਪੀੜ ਦਿੱਤਾ ਹੈ।
ਦੂਜੇ ਪਾਸੇ ਭਾਸ਼ਾਈ, ਧਾਰਮਿਕ ਅਤੇ ਸਭਿਆਚਾਰਕ ਤੌਰ ਦੇ ਉੱਤੇ ਕਿਸੇ ਨਿਵੇਕਲੀ ਪਛਾਣ ਨੂੰ ਖ਼ਤਮ ਕਰ ਦੇਣਾ ਇਨਸਾਨੀ ਹੱਕਾਂ ਦੀ ਖ਼ਿਲਾਫ਼ਵਰਜ਼ੀ ਹੁੰਦਾ ਹੈ। ਸ਼ਾਇਦ ਮੋਹਨ ਭਾਗਵਤ ਨੂੰ ਇਸ ਚੀਜ਼ ਦਾ ਗਿਆਨ ਹੀ ਨਹੀਂ ਹੈ ਕਿ ਇਨਸਾਨੀ ਹੱਕ ਹੁੰਦੇ ਕੀ ਹਨ!