Posted in ਚਰਚਾ

ਮਧੂਬਾਲਾ ਦਾ ਰਾਜ਼

ਇਸ ਸਾਲ ਦੇ ਸ਼ੁਰੂ ਦੀ ਗੱਲ ਹੈ ਕਿ ਸਮਾਜਕ ਮਾਧਿਅਮ ਦੇ ਉੱਤੇ ਇੱਕ ਵਾਰ ਮਧੂਬਾਲਾ ਦੀ ਕਾਫ਼ੀ ਚਰਚਾ ਹੋ ਗਈ। ਜਿਹੜੇ ਪਾਠਕਾਂ ਨੂੰ ਮਧੂਬਾਲਾ ਬਾਰੇ ਪਤਾ ਨਹੀਂ, ਉਨ੍ਹਾਂ ਦੀ ਜਾਣਕਾਰੀ ਲਈ ਦੱਸ ਦੇਵਾਂ ਕਿ ਮਧੂਬਾਲਾ ਹਿੰਦੀ ਫਿਲਮਾਂ ਦੀ ਅਭਿਨੇਤਰੀ ਸੀ ਜੋ ਆਪਣੇ ਸਮੇਂ ਦੇ ਵਿੱਚ ਬਹੁਤ ਮਸ਼ਹੂਰ ਰਹੀ ਸੀ ਅਤੇ ਉਹ ਸਿਰਫ਼ 36 ਸਾਲ ਦੀ ਸੀ ਜਦ ਉਸਨੇ ਆਪਣੀ ਸੰਸਾਰ ਯਾਤਰਾ ਪੂਰੀ ਕਰ ਲਈ। 

ਪਰ ਗੱਲ ਮੋੜਦੇ ਹਾਂ ਸਮਾਜਕ ਮਾਧਿਅਮ ਉੱਤੇ ਹੋਈ ਚਰਚਾ ਬਾਰੇ। ਇਸ ਚਰਚਾ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਮਧੂਬਾਲਾ ਸਿੱਖ ਧਰਮ ਤੋਂ ਬਹੁਤ ਪ੍ਰਭਾਵਿਤ ਸੀ। ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਉਹ ਆਪਣੇ ਪਰਸ ਵਿੱਚ ਜਪੁ ਜੀ ਸਾਹਿਬ ਦਾ ਗੁਟਕਾ ਰੱਖਦੀ ਸੀ ਜੋ ਕਿ ਫ਼ਾਰਸੀ ਲਿੱਪੀ ਵਿੱਚ ਸੀ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਸੀ ਉਹ ਮੁੰਬਈ ਦੇ ਕਿਸੇ ਗੁਰਦੁਆਰੇ ਵਿਖੇ ਵੀ ਬਹੁਤ ਸੇਵਾ ਕਰਦੀ ਸੀ ਅਤੇ ਮਧੂਬਾਲਾ ਦੇ ਮਰਨ ਤੋਂ ਬਾਅਦ ਉਸਦੇ ਪਿਤਾ ਨੇ ਕਾਫ਼ੀ ਅਰਸੇ ਤੱਕ ਉੱਥੇ ਸਾਲ ਵਿੱਚ ਇਕ ਦਿਨ ਲੰਗਰ ਲਾਉਣ ਦੀ ਸੇਵਾ ਜਾਰੀ ਰੱਖੀ।  

ਇਸ ਤਰ੍ਹਾਂ ਦੀ ਮਿਥਿਆ ਪੜ੍ਹ ਕੇ ਮੈਨੂੰ ਬੜੀ ਹੈਰਾਨੀ ਹੋਈ ਤੇ ਮੈਂ ਆਪਣੀ ਜਾਣ ਪਛਾਣ ਵਾਲੇ ਸੱਜਣਾਂ ਰਾਹੀਂ ਮੁੰਬਈ ਦੇ ਕਈ ਗੁਰਦੁਆਰਿਆਂ ਨਾਲ ਮਿਲਾਪ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਇਹ ਪੁਸ਼ਟੀ ਹੋ ਸਕੇ ਕਿ ਇਹ ਮਿਥਿਆ ਹੈ ਜਾਂ ਫਿਰ ਤੱਥ। ਕਈ ਥਾਂ ੳਫੋਨ ਖੜਕਾਉਣ ਤੋਂ ਬਾਅਦ ਵੀ ਇਸ ਬਾਰੇ ਕੋਈ ਹੋਰ ਜਾਣਕਾਰੀ ਨਾ ਮਿਲ ਸਕੀ। ਮੈਂ ਜਾਣ ਪਛਾਣ ਦੇ ਸੱਜਨਾਂ ਨੂੰ ਇਹ ਬੇਨਤੀ ਕੀਤੀ ਕਿ ਜੇਕਰ ਇਸ ਬਾਰੇ ਕੁਝ ਹੋਰ ਪਤਾ ਲੱਗੇ ਜਾਂ ਕੀ ਇਹ ਵਿਕਿਆ ਹੀ ਸੱਚ ਸੀ ਤਾਂ ਮੈਨੂੰ ਜ਼ਰੂਰ ਦੱਸਿਓ। ਪਰ ਹਾਲੇ ਤੱਕ ਕਿਸੇ ਪਾਸਿਓਂ ਕੋਈ ਵੀ ਪੱਕੀ ਜਾਣਕਾਰੀ ਲੈ ਕੇ ਕੋਈ ਵੀ ਬਹੁੜਿਆ ਨਹੀਂ ਹੈ।

ਇਸ ਚਰਚਾ ਦੇ ਚੱਲਦੇ, ਮਿਥਿਆ ਜਾਂ ਤੱਥ ਪੁਸ਼ਟੀ ਕਰਨ ਦਾ ਮੇਰਾ ਕਾਰਨ ਇਹ ਵੀ ਸੀ ਕਿ ਅੱਜ ਤੋਂ ਪੱਚੀ ਕੁ ਸਾਲ ਪਹਿਲਾਂ ਪੰਜਾਬੀ ਦਾ ਇੱਕ ਨਾਮਵਰ ਰਸਾਲਾ ਜੋ ਕਿ ਦਿੱਲੀ ਤੋਂ ਆਰਸੀ ਦੇ ਨਾਂਅ ਹੇਠ ਛਪਦਾ ਸੀ ਉਸ ਦੇ ਵਿੱਚ ਮਧੂਬਾਲਾ ਦੇ ਜੀਵਨ ਦੇ ਉੱਤੇ ਬਹੁਤ ਵਿਸਥਾਰ ਸਾਹਿਤ ਇੱਕ ਲੇਖ ਲਿਖ ਛਪਿਆ ਸੀ। ਉਸ ਲੇਖ ਵਿੱਚ ਇਹ ਗੱਲ ਕੀਤੀ ਗਈ ਸੀ ਕਿ ਮਧੂਬਾਲਾ ਨੂੰ ਸ਼ੁਰੂ- ਸ਼ੁਰੂ ਵਿੱਚ ਮੁੰਬਈ ਦੀ ਕਿਸੇ ਸਿੱਖ ਫ਼ਿਲਮੀ ਹਸਤੀ ਦਾ ਨਾਲ ਇਸ਼ਕ ਹੋ ਗਿਆ ਸੀ। ਉਹ ਬੰਦਾ ਪਹਿਲਾਂ ਹੀ ਵਿਆਹਿਆ ਸੀ ਤੇ ਨਵੇਂ ਵਿਆਹ ਜਾਂ ਨਵੇਂ ਇਸ਼ਕ ਤੋਂ ਡਰਦਾ ਉਹ ਛੇਤੀ ਹੀ ਠਠੰਬਰ ਗਿਆ ਤੇ ਉਸ ਦਾ ਮਧੂਬਾਲਾ ਨਾਲ ਤੋੜ ਵਿਛੋੜਾ ਹੋ ਗਿਆ।  

ਉਪਰੋਕਤ ਲੇਖ ਮੇਰੀ ਯਾਦਾਸ਼ਤ ਵਿੱਚ ਹੈ ਪਰ ਮੈਂ ਇਸ ਬਾਰੇ ਹੋਰ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਂ ਚਾਹੁੰਦਾ ਸੀ ਕਿ ਜੇਕਰ ਉਪਰੋਕਤ ਲੇਖ ਕਿਤੇ ਦੁਬਾਰਾ ਪੜ੍ਹਣ ਨੂੰ ਮਿਲ ਜਾਵੇ ਤਾਂ ਵਧੀਆ ਰਹੇਗਾ ਤਾਂ ਜੋ ਠੋਸ ਗੱਲ ਹੋ ਸਕੇ। 

ਇਸ ਤੋਂ ਇਲਾਵਾ ਮੈਨੂੰ ਇਹ ਵੀ ਮਹਿਸੂਸ ਹੋਇਆ ਕਿ ਮੁੰਬਈ ਦੀ ਇੱਕ ਪੁਰਾਣੀ ਪ੍ਰਮੁੱਖ ਹਸਤੀ, ਸੰਗੀਤਕਾਰ ਐੱਸ ਮਹਿੰਦਰ ਨਾਲ ਕਿਸੇ ਤਰ੍ਹਾਂ ਮਿਲਾਪ ਕੀਤਾ ਜਾਵੇ ਤਾਂ ਜੋ ਮਿਥਿਆ ਜਾਂ ਤੱਥ ਦੀ ਪੁਸ਼ਟੀ ਕੀਤੀ ਜਾ ਸਕੇ। ਕੀ ਵਾਕਿਆ ਹੀ ਮਧੂਬਾਲਾ ਦਾ ਕੋਈ ਅਜਿਹਾ ਰਾਜ਼ ਸੀ? ਜੇ ਸੀ ਤਾਂ ਸੱਚਾਈ ਕੀ ਸੀ? ਕੁਝ ਗੱਲਾਂ ਬਾਰੇ ਇਕਬਾਲ ਮਾਹਲ ਦੀ ਕਿਤਾਬ “ਸੁਰਾਂ ਦੇ ਜਾਦੂਗਰ” ਵਿੱਚੋਂ ਪਤਾ ਚੱਲਦਾ ਹੈ ਪਰ ਇਸ ਮਿਥਿਆ ਜਾਂ ਤੱਥ ਦੇ ਹੋਰ ਤਹਿ ਤੱਕ ਜਾਣ ਦੀ ਲੋੜ ਸੀ।

ਸੰਗੀਤਕਾਰ ਐੱਸ ਮਹਿੰਦਰ ਨੂੰ ਲੱਭਣ ਲਈ ਮੈਂ ਕਈ ਪਾਸੇ ਫ਼ੋਨ ਕੀਤੇ ਪਰ ਉਨ੍ਹਾਂ ਨਾਲ ਕੋਈ ਮਿਲਾਪ ਨਾ ਹੋ ਸਕਿਆ। ਕਿਸੇ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਕੋਲ ਕੈਨੇਡਾ ਜਾ ਵੱਸੇ ਸਨ ਤੇ ਕੋਈ ਕਹਿੰਦਾ ਸੀ ਕਿ ਉਹ ਬਿਮਾਰ ਚੱਲ ਰਹੇ ਨੇ। ਮੇਰੀ ਕਾਫੀ ਕੋਸ਼ਿਸ਼ ਦੇ ਬਾਵਜੂਦ ਵੀ ਇਹ ਗੱਲ ਦੇ ਅੱਗੇ ਨਾ ਤੁਰ ਸਕੀ ਤੇ ਨਾ ਹੀ ਸੰਗੀਤਕਾਰ ਐੱਸ ਮਹਿੰਦਰ ਨਾਲ ਮਿਲਾਪ ਹੋ ਸਕਿਆ।  

ਹੁਣ ਲੱਗਦਾ ਹੈ ਕਿ ਮਧੂਬਾਲਾ ਦੇ ਰਾਜ਼ ਦੀਆਂ ਬਹੁਤੀਆਂ ਤਹਿਆਂ ਨਹੀਂ ਖੁੱਲ ਸਕਣਗੀਆਂ ਕਿਉਂਕਿ ਦੋ ਕੁ ਹਫ਼ਤੇ ਹੋਏ ਮੈਨੂੰ ਇਹ ਖ਼ਬਰ ਪੜ੍ਹਨ ਨੂੰ ਮਿਲੀ ਕਿ 6 ਸਤੰਬਰ 2020 ਦਿਨ ਐਤਵਾਰ ਨੂੰ ਮਸ਼ਹੂਰ ਸੰਗੀਤਕਾਰ ਐੱਸ ਮਹਿੰਦਰ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਮੁੰਬਈ ਦੇ ਓਸ਼ਿਵਾਰਾ ਵਿਖੇ ਆਪਣੇ ਘਰੇ 95 ਸਾਲ ਦੀ ਉਮਰ ਵਿੱਚ ਆਖ਼ਰੀ ਸਾਹ ਲਿਆ। ਸੰਗੀਤਕਾਰ ਐੱਸ ਮਹਿੰਦਰ ਦਾ ਪੂਰਾ ਨਾਂ “ਮਹਿੰਦਰ ਸਿੰਘ ਸਰਨਾ” ਸੀ।

ਜੇ ਕਦੀ ਆਰਸੀ ਦਾ ਉਹ ਪੁਰਾਣਾ ਅੰਕ ਮੈਨੂੰ ਕਿਧਰੋਂ ਲੱਭ ਗਿਆ ਤਾਂ ਮੈਂ ਇਸ ਵਿਸ਼ੇ ਤੇ ਫੇਰ ਚਰਚਾ ਛੇੜਾਂਗਾ!

Processing…
Success! You’re on the list.
Posted in ਚਰਚਾ, ਵਿਚਾਰ

ਸੱਭਿਆਚਾਰਕ ਮਾਹੌਲ

ਪੁਰਾਣੇ ਵੇਲ਼ਿਆਂ ਵਿੱਚ ਦੁਨੀਆਂ ਦੇ ਬਹੁਤ ਸਾਰੇ ਸੱਭਿਆਚਾਰਾਂ ਦੇ ਵਿੱਚ ਕਦਰਾਂ ਕੀਮਤਾਂ ਅਤੇ ਰਹਿਣ ਸਹਿਣ ਇਸ ਤਰ੍ਹਾਂ ਪਰਪੱਕ ਹੁੰਦਾ ਸੀ ਕਿ ਵਧਦੇ-ਫੁੱਲਦੇ ਹੋਏ ਬੱਚੇ ਸੁੱਤੇ-ਸਿੱਧ ਹੀ ਇਸ ਸੱਭਿਆਚਾਰ ਦੇ ਵਿੱਚ ਪਰੋਏ ਜਾਂਦੇ ਸਨ। ਸੱਭਿਆਚਾਰਕ ਸਿੱਖਿਆ ਅਤੇ ਵਿੱਦਿਆ ਉਨ੍ਹਾਂ ਬੱਚਿਆਂ ਨੂੰ ਨਿੱਘਰ ਸੋਚ ਵਿੱਚ ਵਲ਼ ਕੇ ਯੋਗ ਬਾਲਗ ਬਣਾ ਦਿੰਦੀਆਂ ਸਨ।  

ਜਿਵੇਂ ਜਿਵੇਂ ਸਮਾਜ ਤਰੱਕੀ ਕਰਦਾ ਗਿਆ, ਦੁਨੀਆਂ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਉਦਯੋਗ ਕ੍ਰਾਂਤੀਆਂ ਆਈਆਂ ਅਤੇ ਮਸ਼ੀਨੀਕਰਨ ਹੋਇਆ। ਇਸ ਦੇ ਸਿੱਟੇ ਵੱਜੋਂ ਸਾਂਝੇ ਪਰਿਵਾਰ ਟੁੱਟਣੇ ਸ਼ੁਰੂ ਹੋ ਗਏ ਅਤੇ ਹਰ ਚੀਜ਼ ਆਰਥਕ ਵਿਕਾਸ ਦੇ ਨਾਲ ਬੱਝ ਗਈ। ਲੋਕ ਸਾਂਝੇ ਪਰਿਵਾਰਾਂ ਨਾਲੋਂ ਟੁੱਟ ਕੇ ਆਪੋ ਆਪਣੇ ਨਿੱਜੀ ਪੱਧਰ ਦੇ ਉੱਤੇ ਵੱਸਣੇ ਸ਼ੁਰੂ ਹੋ ਗਏ।  

ਇਸ ਨਿੱਜੀ ਵਾਸ ਦਾ ਸਭ ਤੋਂ ਵੱਡਾ ਅਸਰ ਇਹ ਹੋਇਆ ਕਿ ਬੱਚਿਆਂ ਦੀ ਪਰਵਰਿਸ਼ ਲਈ ਜੋ  ਸੱਭਿਆਚਾਰਕ ਸਾਂਝਾ ਮਾਹੌਲ ਆਮ ਹੀ ਮਿਲ ਜਾਂਦਾ ਸੀ ਉਹ ਗਾਇਬ ਹੋਣਾ ਸ਼ੁਰੂ ਹੋ ਗਿਆ।   ਇਸ ਕਰਕੇ ਜੋ ਰਵਾਇਤੀ ਸਿੱਖਿਆ ਦੇ ਮਾਧਿਅਮ ਸਨ ਉਹ ਟੁੱਟ ਗਏ ਤੇ ਬੱਚੇ ਉੱਥੋਂ ਤੱਕ ਹੀ ਮਹਿਦੂਦ ਹੋ ਗਏ ਜੋ ਕਿ ਉਨ੍ਹਾਂ ਨੂੰ ਸਕੂਲ ਦੇ ਵਿੱਚ ਪੜ੍ਹਾਇਆ ਜਾਂਦਾ ਸੀ ਜਾਂ ਫਿਰ ਜੋ ਕੁਝ ਮਾਪੇ ਆਪ ਸਿਖਾ ਸਕਣ ਦੇ ਕਾਬਲ ਹੁੰਦੇ ਸਨ। 

Photo by Pixabay on Pexels.com

ਪੰਜਾਬੀ ਸਮਾਜ ਇਸ ਤੋਂ ਕੋਈ ਅਲੋਕਾਰਾ ਨਹੀਂ ਹੈ। ਆਰਥਕ ਤਰੱਕੀ ਦਾ ਅਸਰ ਪੰਜਾਬੀ ਸਮਾਜ ਦੇ ਉੱਤੇ ਵੀ ਹੋਇਆ ਜਿਸ ਦੇ ਚੱਲਦਿਆਂ ਬੱਚਿਆਂ ਦੀ ਪਰਵਰਿਸ਼, ਵਿੱਦਿਅਕ ਅਤੇ ਸਿੱਖਿਆ ਸਹੂਲਤਾਂ ਦਾ ਵਿਕਾਸ ਉਸ ਤਰ੍ਹਾਂ ਨਹੀਂ ਹੋਇਆ ਜਿਸ ਤਰ੍ਹਾਂ ਦੁਨੀਆਂ ਦੀਆਂ ਕਈ ਹੋਰ ਭਾਸ਼ਾਵਾਂ ਵਿੱਚ ਹੋਇਆ।   

ਮੈਨੂੰ ਵੀ ਆਪਣੇ ਬਚਪਨ ਦੇ ਦਿਨ ਯਾਦ ਆ ਜਾਂਦੇ ਹਨ ਜਦ ਮੈਨੂੰ ਪੰਜਾਬੀ ਦੇ ਵਿੱਚ ਉਸ ਤਰ੍ਹਾਂ ਦੀਆਂ ਰੰਗ ਬਰੰਗੀਆਂ ਤਸਵੀਰਾਂ ਵਾਲੇ ਰਸਾਲੇ ਅਤੇ ਕਹਾਣੀਆਂ ਦੀਆਂ ਕਿਤਾਬਾਂ ਦੀ ਘਾਟ ਬਹੁਤ ਖਟਕਦੀ ਸੀ ਜੋ ਕਿ ਅੰਗਰੇਜ਼ੀ ਦੇ ਵਿੱਚ ਆਮ ਹੀ ਮਿਲਦੇ ਸਨ। ਮੈਂ ਉਦੋਂ ਸੋਚਦਾ ਕਿ ਇਹ ਸਭ ਕੁਝ ਪੰਜਾਬੀ ਦੇ ਵਿੱਚ ਕਿਉਂ ਨਹੀਂ ਸੀ ਮਿਲਦਾ?  

ਪੱਛਮੀ ਮੁਲਕਾਂ ਦੇ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਐਤਵਾਰ ਨੂੰ ਪੰਜਾਬੀ ਸਕੂਲ ਚੱਲਦੇ ਹਨ। ਇਹ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਬੱਚਿਆਂ ਨੂੰ ਇਨ੍ਹਾਂ ਪੰਜਾਬੀ ਸਕੂਲਾਂ ਵਿੱਚ ਛੱਡਣ ਆਏ ਇਨ੍ਹਾਂ ਬੱਚਿਆਂ ਦੇ ਕਈ ਮਾਪਿਆਂ ਨੂੰ ਆਪ ਚੰਗੀ ਤਰ੍ਹਾਂ ਪੰਜਾਬੀ ਨਹੀਂ ਆਉਂਦੀ ਹੁੰਦੀ। ਪੜ੍ਹਾਉਣ ਦੀ ਸੇਵਾ ਕਰ ਰਹੇ ਪੰਜਾਬੀ ਅਧਿਆਪਕ ਵੀ ਪੰਜਾਬ ਤੋਂ ਆਏ ਬਜ਼ੁਰਗ ਹੀ ਹੁੰਦੇ ਹਨ ਜਿਨ੍ਹਾਂ ਨੂੰ ਪੱਛਮੀ ਵਿੱਦਿਆ ਅਤੇ ਸਿੱਖਿਆ ਪ੍ਰਣਾਲੀਆਂ ਦਾ ਭੋਰਾ ਜਿਹਾ ਵੀ ਗਿਆਨ ਨਹੀਂ ਹੁੰਦਾ। ਸੋ ਇਹ ਸਭ ਕੁਝ ਖਾਨਾ-ਪੂਰਤੀ ਤੋਂ ਵੱਧ ਕੁਝ ਨਹੀਂ ਲੱਗਦਾ।     

ਵਕ਼ਤ ਕੋਈ ਬਹੁਤਾ ਬਦਲ ਨਹੀਂ ਗਿਆ। ਸਮਾਜਕ ਪੱਧਰ ਤੇ ਸਾਡਾ ਧਿਆਨ ਇਸ ਪਾਸੇ ਵੱਲ ਹੈ ਹੀ ਨਹੀਂ ਸਿਵਾਏ ਖਾਨਾ-ਪੂਰਤੀਆਂ ਤੋਂ। ਮੈਨੂੰ ਇੱਕ ਹੱਡਬੀਤੀ ਯਾਦ ਆ ਜਾਂਦੀ ਹੈ।   

ਅੱਜ ਤੋਂ ਵੀਹ ਬਾਈ ਸਾਲ ਪਹਿਲਾਂ ਜ਼ੀ ਪੰਜਾਬੀ ਚੈਨਲ ਸ਼ੁਰੂ ਹੋਇਆ ਸੀ। ਜਦੋਂ ਸ਼ੁਰੂ ਹੋਇਆ ਸੀ ਜ਼ਾਹਿਰ ਸੀ ਕਿ ਨਵੇਂ ਸ਼ੁਰੂ ਹੋਏ ਪੰਜਾਬੀ ਚੈਨਲ ਉੱਤੇ ਮੌਲਿਕ ਪੰਜਾਬੀ ਪ੍ਰੋਗਰਾਮ ਘੱਟ ਹੀ ਹੋਣਗੇ। ਇਸ ਕਰਕੇ ਇਹ ਖੱਪਾ ਪੂਰਾ ਕਰਨ ਦੇ ਲਈ ਜ਼ੀ ਪੰਜਾਬੀ ਵਾਲਿਆਂ ਨੇ ਉਨ੍ਹਾਂ ਦਿਨਾਂ ਦਾ ਜ਼ੀ ਚੈਨਲ ਦਾ ਇੱਕ ਬਹੁਤ ਹੀ ਮਸ਼ਹੂਰ ਹਿੰਦੀ ਪ੍ਰੋਗਰਾਮ ਸੁਰਭੀ ਜਿਸ ਨੂੰ ਰੇਣੂਕਾ ਸ਼ਾਹਾਨੇ ਅਤੇ ਸਿਧਾਰਥ ਕਾਕ ਪੇਸ਼ ਕਰਦੇ ਸਨ, ਉਸ ਨੂੰ ਪੰਜਾਬੀ ਦੇ ਵਿੱਚ ਡੱਬ ਕਰਕੇ ਜ਼ੀ ਪੰਜਾਬੀ ਦੇ ਉੱਤੇ ਚਲਾਉਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਨਾਲ ਹੀ ਅਲਾਦੀਨ ਦੀ ਕਾਰਟੂਨ ਵੀ ਪੰਜਾਬੀ ਦੇ ਵਿੱਚ ਡੱਬ ਕਰਕੇ ਉਨ੍ਹਾਂ ਨੇ ਚਲਾਉਣੀ ਸ਼ੁਰੂ ਕਰ ਦਿੱਤੀ। ਮੈਨੂੰ ਇਸ ਗੱਲ ਦੀ ਹੈਰਾਨੀ ਅਤੇ ਖੁਸ਼ੀ ਵੀ ਹੁੰਦੀ ਸੀ ਕਿ ਇਨ੍ਹਾਂ ਦੋਵਾਂ ਦਾ ਪੰਜਾਬੀ ਡੱਬਿੰਗ ਦਾ ਮਿਆਰ ਬਹੁਤ ਹੀ ਉੱਚ ਪੱਧਰੀ ਸੀ। ਪੰਜਾਬੀ ਡੱਬਿੰਗ ਵਿੱਚ ਵਰਤੀ ਗਈ ਸ਼ਬਦਾਵਲੀ ਬਿਲਕੁਲ ਠੇਠ ਪੰਜਾਬੀ ਵਿੱਚ ਸੀ।

ਕੁਝ ਸਾਲ ਪਹਿਲਾਂ ਮੈਂ ਜ਼ੀ ਪੰਜਾਬੀ ਵਾਲਿਆਂ ਨੂੰ ਮੁੰਬਈ ਫੋਨ ਕਰਕੇ ਇਹ ਵੀ ਬਹੁਤ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਅਲਾਦੀਨ ਦੀ ਪੰਜਾਬੀ ਡੱਬ ਕਾਰਟੂਨ ਜੇਕਰ ਅੱਜ ਦੁਬਾਰਾ ਚੱਲੇ ਜਾਂ ਕਿਤੇ ਉਹਦੀ ਕੋਈ ਖਰੀਦਣ ਵਾਸਤੇ ਡੀਵੀਡੀ ਮਿਲ ਜਾਏ। ਪਰ ਉਨ੍ਹਾਂ ਨੇ ਪੱਲਾ ਹੀ ਝਾੜ ਲਿਆ ਕਿ ਉਨ੍ਹਾਂ ਨੂੰ ਇਹ ਪੁਰਾਣੇ ਪੰਜਾਬੀ ਡੱਬ ਪ੍ਰੋਗਰਾਮ ਲੱਭ ਨਹੀਂ ਸਨ ਰਹੇ।

ਇਸ ਦੇ ਮੁਕਾਬਲੇ, ਅੱਜ ਜਦ ਸਮਾਜਕ ਮਾਧਿਅਮਾਂ ਕਰਕੇ ਹਰ ਪਾਸੇ ਪੰਜਾਬੀ ਦੇ ਨਾਂ ਤੇ ਬਹੁਤ ਕੁਝ ਚੱਲਣਾ ਜ਼ਰੂਰ ਸ਼ੁਰੂ ਹੋ ਗਿਆ ਹੈ ਤਾਂ ਘਾਟ ਇਹੀ ਰੜਕਦੀ ਰਹਿੰਦੀ ਹੈ ਕਿ ਬੱਚਿਆਂ ਦੇ ਬੌਧਿਕ ਵਿਕਾਸ ਅਤੇ ਪੰਜਾਬੀ ਭਾਸ਼ਾ ਦੀ ਸਿਖਲਾਈ ਵਾਲੇ ਪਾਸੇ ਕਿਸੇ ਦਾ ਵੀ ਕੋਈ ਧਿਆਨ ਨਹੀਂ। ਸਮਾਜਕ ਮਾਧਿਅਮਾਂ ਉੱਤੇ ਵਰਤੀ ਜਾ ਰਹੀ ਪੰਜਾਬੀ ਸ਼ਬਦਾਵਲੀ ਵੀ ਠੇਠ ਨਹੀਂ ਹੁੰਦੀ। ਲਿਖਣ ਲਈ ਵੀ ਕੱਚਘਰੜ ਰੋਮਨ ਵਰਤੀ ਜਾ ਰਹੀ ਜਿੱਥੇ ਹਰ ਕੋਈ ਆਪਣੇ ਤਰੀਕੇ ਨਾਲ ਅੱਖਰ ਪਾ ਰਿਹਾ ਹੈ। ਸ਼ਾਇਦ ਇਸੇ ਕੱਚਘਰੜਤਾ ਕਰਕੇ ਆਪਣੇ ਇਤਿਹਾਸ ਤੋ ਕੋਰੀ, ਨਵੀਂ ਪਨੀਰੀ ਵਿੱਚੋਂ ਬਹੁਤੇ ਸ਼ਰਾਬ, ਅਸਲੇ ਅਤੇ ਫੁਕਰਪੁਣੇ ਨੂੰ ਹੀ ਆਪਣਾ ਸੱਭਿਆਚਾਰ ਸਮਝੀ ਬੈਠੇ ਹਨ।

Processing…
Success! You’re on the list.

 

Posted in ਚਰਚਾ, ਯਾਦਾਂ

ਸੜ੍ਹਕ ਦੀ ਨਵੀਂ ਪਰਤ

ਸੰਨ 2010 ਦੀ ਗੱਲ ਹੈ। ਉਸ ਸਾਲ ਸਾਡੇ ਬਜ਼ੁਰਗ ਪੰਜਾਬ ਤੋਂ ਸਾਨੂੰ ਮਿਲਣ ਲਈ ਇੱਥੇ ਵੈਲਿੰਗਟਨ, ਨਿਊਜ਼ੀਲੈਂਡ ਆਏ ਹੋਏ ਸਨ।  

ਮਾਰਚ ਦਾ ਮਹੀਨਾ ਸੀ। ਪੱਤਝੜ ਦੀ ਰੁੱਤ ਖ਼ਤਮ ਹੋ ਰਹੀ ਸੀ ਤੇ ਛੇਤੀ ਹੀ ਸਰਦੀਆਂ ਸ਼ੁਰੂ ਹੋਣ ਵਾਲੀਆਂ ਸਨ। ਧਰਤੀ ਦੇ ਦੱਖਣੀ ਗੋਲਾਰਧ ਵਿੱਚ ਧਰਤੀ ਦੇ ਉੱਤਰੀ ਗੋਲਾਰਧ ਨਾਲੋਂ ਉਲਟੇ ਮੌਸਮ ਹੁੰਦੇ ਹਨ। ਪੰਜਾਬ ਦੇ ਲੋਕ ਮਾਰਚ ਵਿੱਚ ਬਸੰਤ ਰੁੱਤ ਤੇ ਖਿੜ੍ਹ ਰਹੀ ਕੁਦਰਤ ਵੇਖ ਕੇ ਅਕਸਰ ਹੀ ਕਹਿ ਉਠਦੇ ਹਨ: ਆਈ ਬਸੰਤ ਪਾਲਾ ਉਡੰਤ।

ਇਕ ਹੋਰ ਗੱਲ ਇਹ ਕਿ ਮਾਰਚ ਦਾ ਮਹੀਨਾ ਆਰਥਿਕ ਸਾਲ ਦੇ ਪੱਖੋਂ ਵੀ ਬਹੁਤ ਮਹੱਤਵਪੂਰਨ ਹੁੰਦਾ ਹੈ ਕਿਉਂਕਿ 31 ਮਾਰਚ ਨੂੰ ਆਰਥਕ ਸਾਲ ਮੁੱਕ ਜਾਣਾ ਹੁੰਦਾ ਹੈ। ਇਸ ਲਈ ਸਰਕਾਰੀ ਮਹਿਕਮੇ ਬਚੇ-ਖੁਚੇ ਬਜਟ ਨੂੰ ਵੀ ਖਤਮ ਕਰਨ ਲਈ ਲੱਗੇ ਹੁੰਦੇ ਹਨ। ਛੇਤੀ ਹੀ ਸਾਨੂੰ ਵੀ ਡਾਕ ਰਾਹੀਂ ਸੂਚਨਾ ਮਿਲੀ ਕਿ ਵੈਲਿੰਗਟਨ ਸਿਟੀ ਕੌਂਸਲ ਸਾਡੀ ਗਲੀ ਵਿੱਚ ਸੜ੍ਹਕ ਤੇ ਨਵੀਂ ਪਰਤ ਪਾਉਣ ਦੀਆਂ ਤਿਆਰੀਆਂ ਕਰ ਰਹੀ ਹੈ।  

ਚਿੱਠੀ ਆਉਣ ਤੋਂ ਅਗਲੇ ਹਫ਼ਤੇ ਵੇਖਦੇ ਹੀ ਵੇਖਦੇ ਸਾਡੀ ਗਲੀ ਦੇ ਵਿੱਚ ਭਾਂਤ ਸੁਭਾਂਤ ਦੀਆਂ ਗੱਡੀਆਂ ਤੇ ਮਸ਼ੀਨਾਂ ਆ ਕੇ ਖੜ੍ਹਨੀਆਂ ਸ਼ੁਰੂ ਹੋ ਗਈਆਂ। ਸਾਡੇ ਘਰ ਦੀ ਖਿੜਕੀ ਤੋਂ ਗਲੀ ਦਾ ਬਹੁਤ ਸਾਰਾ ਨਜ਼ਾਰਾ ਬਣਦਾ ਸੀ ਇਸ ਕਰਕੇ ਸਾਡੇ ਬਜ਼ੁਰਗ ਅਕਸਰ ਹੀ ਚਾਅ ਨਾਲ ਖਿੜਕੀ ਲਾਗੇ ਖੜ੍ਹ ਕੇ ਸੜਕ ਦਾ ਹੋ ਰਿਹਾ ਕੰਮ ਵੇਖਦੇ ਰਹਿੰਦੇ।  

ਪਹਿਲੇ ਦਿਨ ਹੀ ਮਸ਼ੀਨਾਂ ਨੇ ਸੜਕ ਨੂੰ ਤਿੰਨ-ਤਿੰਨ ਇੰਚ ਖੁਰਚ ਦਿੱਤਾ ਅਤੇ ਕੋਈ ਘੱਟਾ ਵੀ ਨਹੀਂ ਉੱਡਣ ਦਿੱਤਾ। ਬਜ਼ੁਰਗ ਇਹ ਕੰਮ ਵੇਖ ਕੇ ਬਹੁਤ ਪ੍ਰਭਾਵਿਤ ਹੋਏ। ਮੈਂ ਸ਼ਾਮ ਨੂੰ ਕੰਮ ਤੋਂ ਬਾਅਦ ਘਰੇ ਪਹੁੰਚਿਆਂ ਤਾਂ ਚਾਹ ਦੀ ਚੁਸਕੀ ਲੈਂਦਿਆਂ ਉਨ੍ਹਾਂ ਮੇਰੇ ਕੋਲ ਸੜ੍ਹਕ ਖੁਰਚਣ ਦੇ ਹੋਏ ਕੰਮ ਦੀ ਪੜਚੋਲ ਕੀਤੀ। ਥੋੜ੍ਹਾ ਹੈਰਾਨ ਹੁੰਦਿਆਂ ਹੋਇਆਂ ਮੈਂ ਪੁੱਛਿਆ ਕਿ ਤੁਹਾਨੂੰ ਸੜ੍ਹਕ ਖੁਰਚਣ ਦੇ ਹੋਏ ਕੰਮ ਨੇ ਏਨਾ ਪ੍ਰਭਾਵਿਤ ਕਿਉਂ ਕੀਤਾ ਹੈ?

ਉਨ੍ਹਾਂ ਦੱਸਿਆ ਕਿ ਇਹ ਸੜ੍ਹਕ ਖੁਰਚਣ ਦਾ ਕੰਮ ਤਾਂ ਉੱਥੇ ਪੰਜਾਬ ਦੇ ਵਿੱਚ ਵੀ ਕੀਤਾ ਜਾਂਦਾ ਹੈ ਪਰ ਸਿਰਫ਼ ਕਾਗਜ਼ਾਂ ਦੇ ਵਿੱਚ ਹੀ। ਇਸ ਕੰਮ ਦਾ ਪੈਸਾ ਸਿੱਧਾ ਜੇਬਾਂ ਵਿੱਚ ਚਲਾ ਜਾਂਦਾ ਹੈ। ਪਰ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਪਹਿਲੀ ਵਾਰ ਇਸ ਤਰ੍ਹਾਂ ਮਸ਼ੀਨਾਂ ਨਾਲ ਖੁਰਚੀ ਜਾਂਦੀ ਸੜ੍ਹਕ ਵੇਖ ਰਿਹਾ ਹਾਂ।

ਪ੍ਰਤਿਨਿਧ ਤਸਵੀਰ

ਉਨ੍ਹਾਂ ਨੇ ਅੱਗੇ ਕਿਹਾ ਕਿ ਜਿਵੇਂ ਤੁਹਾਡੇ ਘਰ ਨੂੰ ਬਣਿਆ ਚਾਲੀ ਸਾਲ ਹੋ ਗਏ ਹਨ ਪਰ ਵੇਖ ਕੇ ਇਹੀ ਲੱਗਦਾ ਹੈ ਕਿ ਚਾਲੀ ਸਾਲ ਪਹਿਲਾਂ ਸੜਕ ਜਿਸ ਪੱਧਰ ਤੇ ਬਣੀ ਹੋਵੇਗੀ, ਤੁਹਾਡੀ ਇਸ ਗਲੀ ਵਿੱਚ ਸੜ੍ਹਕ ਦਾ ਪੱਧਰ ਉਥੇ ਦਾ ਉਥੇ ਹੀ ਖੜ੍ਹਾ ਹੈ। ਜਦਕਿ ਪੰਜਾਬ ਦੇ ਮੁਹੱਲਿਆਂ ਵਿੱਚ ਚਾਲੀ ਸਾਲਾਂ ਵਿੱਚ ਸੜ੍ਹਕਾਂ ਘਰਾਂ ਨਾਲੋਂ ਉੱਚੀਆਂ ਹੋ ਜਾਂਦੀਆਂ ਹਨ ਤੇ ਫਿਰ ਘਰਾਂ ਦੇ ਅੰਦਰ ਤੁਹਾਨੂੰ ਕਈ ਤਰ੍ਹਾਂ ਦੇ ਬਦਲਾਅ ਕਰਨੇ ਪੈਂਦੇ ਹਨ ਤਾਂ ਜੋ ਘਰੋਂ ਬਾਹਰ ਜਾਣ ਵੇਲ਼ੇ ਕੋਈ ਮੁਸ਼ਕਿਲ ਨਾ ਹੋਵੇ।    

ਸੜਕ ਦੀ ਪਰਤ ਪੈਣ ਦਾ ਕੰਮ ਹੋਰ ਦੋ ਕੁ ਦਿਨਾਂ ਤੱਕ ਮੁੱਕ ਗਿਆ ਤੇ ਸਾਰੀਆਂ ਮਸ਼ੀਨਾਂ ਅਤੇ ਗੱਡੀਆਂ ਵੀ ਗਾਇਬ ਹੋ ਗਈਆਂ। ਪਰ ਜਿਸ ਤਰ੍ਹਾਂ ਇਹ ਸਾਰਾ ਕੰਮ, ਚਿੱਠੀ ਆਉਣ ਤੋਂ ਲੈ ਕੇ ਮੁਸਤੈਦੀ ਨਾਲ ਖਤਮ ਹੋਣ ਤਕ ਜੋ ਪ੍ਰਬੰਧ ਵਿਹਾਰ ਕੀਤਾ ਗਿਆ ਸੀ ਉਸ ਨੂੰ ਵੇਖ ਕੇ ਸਾਡੇ ਬਜ਼ੁਰਗ ਪ੍ਰਭਾਵਿਤ ਹੋਣੋ ਨਾ ਰਹਿ ਸਕੇ!