Posted in ਚਰਚਾ, ਵਿਚਾਰ

ਮਜ਼ਾਕ ਦੇ ਸਿਧਾਂਤ

ਬੀਤੇ ਦਸ ਸਾਲਾਂ ਦੇ ਵਿੱਚ ਪੰਜਾਬੀ ਸਿਨੇਮਾ ਇੱਕ ਅਜਿਹੇ ਦੌਰ ਥਾਣੀਂ ਲੰਘਿਆ ਹੈ ਜਿਸ ਵਿੱਚ ਭਾਂਤ-ਸੁ-ਭਾਂਤ ਦੀਆਂ ਫਿਲਮਾਂ ਵੇਖਣ ਨੂੰ ਮਿਲੀਆਂ ਹਨ। ਜ਼ਾਹਰਾਨਾ ਤੌਰ ਤੇ ਪੰਜਾਬੀ ਗਾਇਕਾਂ ਦੀਆਂ ਬਣਾਈਆਂ ਫਿਲਮਾਂ ਵਿੱਚ ਉਹ ਆਪ ਹੀ ਨਾਇਕ ਦੇ ਰੂਪ ਵਿੱਚ ਅੱਗੇ ਆਉਂਦੇ ਹਨ। ਪੰਜਾਬੀ ਗਾਇਕਾਂ ਨੇ ਜਿਸ ਤਰ੍ਹਾਂ ਸਮਾਜਕ ਮਾਧਿਅਮਾਂ ਰਾਹੀਂ ਪਿਛਲੇ ਇੱਕ ਦਹਾਕੇ ਵਿੱਚ ਗਾਇਕੀ ਦਾ ਜਿਹੜਾ ਅਖੌਤੀ ਅਰਥਚਾਰਾ ਖੜ੍ਹਾ ਕਰ ਦਿੱਤਾ ਹੈ ਉਹ ਵੀ ਇੱਕ ਵੱਖਰੀ ਚਰਚਾ ਦਾ ਵਿਸ਼ਾ ਹੈ। 

ਉਪਰੋਕਤ ਕੀਤੀ ਗੱਲ ਮੁਤਾਬਕ ਇਹ ਪੰਜਾਬੀ ਫਿਲਮਾਂ ਭਾਵੇਂ ਅੱਜ ਦੇ ਦੌਰ ਦੇ ਬਾਰੇ ਹੋਣ ਤੇ ਭਾਵੇਂ ਪੰਜਾਬ ਦੇ ਪੁਰਾਣੇ ਰਵਾਇਤੀ ਸਮਾਜ ਦੇ ਬਾਰੇ ਹੋਣ, ਇੱਕ ਚੀਜ਼ ਇਨ੍ਹਾਂ ਸਾਰੀਆਂ ਦੇ ਵਿੱਚ ਸਾਂਝੀ ਹੈ ਅਤੇ ਉਹ ਹੈ ਹਾਸਾ-ਮਜ਼ਾਕ। ਕਿਤੇ ਵੀ ਪੰਜਾਬੀ ਫਿਲਮਾਂ ਬਾਰੇ ਕੋਈ ਗੱਲ ਚੱਲਦੀ ਹੋਵੇ ਤਾਂ ਹਾਸੇ-ਮਜ਼ਾਕ ਦੇ ਉੱਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਕਿ ਇਹ ਫ਼ਿਲਮ ਦਾ ਹਿੱਸਾ ਹੋਣਾ ਬਹੁਤ ਜ਼ਰੂਰੀ ਹੈ। ਅਜਿਹੀਆਂ ਗੱਲਾਂ ਬਾਤਾਂ ਦੌਰਾਨ ਹਾਸੇ-ਮਜ਼ਾਕ ਲਈ ‘ਕਾਮੇਡੀ’ ਸ਼ਬਦ ਦੀ ਵਰਤੋਂ ਆਮ ਹੀ ਕੀਤੀ ਜਾਂਦੀ ਹੈ।  

ਇਹ ਕੀ ਗੱਲ ਹੈ ਕਿ ਪੰਜਾਬੀ ਸਿਨਮਾ ਕਿਸੇ ਵੀ ਸਮਾਜਕ-ਆਰਥਕ-ਰਾਜਨੀਤਕ ਮਸਲੇ ਬਾਰੇ ਗੰਭੀਰਤਾ ਨਾਲ ਗੱਲ ਕਰਨ ਨਾਲੋਂ ਹਾਸੇ-ਮਜ਼ਾਕ ਦੇ ਉੱਤੇ ਜ਼ਿਆਦਾ ਜ਼ੋਰ ਦੇ ਰਿਹਾ ਹੈ? ਜੇਕਰ ਕਿਤੇ ਕਿਸੇ ਫਿਲਮ ਵਿੱਚ ਸਮਾਜਕ-ਆਰਥਕ-ਰਾਜਨੀਤਕ ਮਸਲੇ ਦੀ ਕੋਈ ਰੱਤੀ-ਭਰ ਗੱਲ ਵੀ ਕੀਤੀ ਹੁੰਦੀ ਹੈ ਤਾਂ ਉਸ ਉੱਤੇ ਵੀ ਹਾਸੇ-ਮਜ਼ਾਕ ਦਾ ਪਹਿਲੂ ਭਾਰਾ ਹੋ ਨਿੱਬੜਦਾ ਹੈ।

ਦਾਰਸ਼ਨਿਕ ਤੌਰ ਤੇ ਉੱਤੇ ਅਸੀਂ ਜੇ ਕੋਈ ਗੱਲ ਕਰੀਏ ਤਾਂ ਹਾਸੇ-ਮਜ਼ਾਕ ਨੂੰ ਤਿੰਨ ਮੁੱਖ ਸਿਧਾਂਤਾਂ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ।  

Photo by Gratisography on Pexels.com

ਇਸ ਦੇ ਪਹਿਲੇ ਸਿਧਾਂਤ ਨੂੰ ਅਸੀਂ ਛੁਟਕਾਰਾ ਮਜ਼ਾਕ ਦਾ ਸਿਧਾਂਤ ਕਹਿ ਸਕਦੇ ਹਾਂ। ਇਸ ਸਿਧਾਂਤ ਅਨੁਸਾਰ ਸਾਡਾ ਦਿਮਾਗ਼ ਹਰ ਵੇਲੇ ਕਿਸੇ ਨਾ ਕਿਸੇ ਬੋਝ ਹੇਠ ਦੱਬਿਆ ਹੁੰਦਾ ਹੈ ਜਿਸ ਨੂੰ ਹਲਕਾ ਕਰਨ ਦੇ ਲਈ ਅਸੀਂ ਕਿਸੇ ਨਾ ਕਿਸੇ ਕਿਸਮ ਦੇ ਹਾਸੇ-ਮਜ਼ਾਕ ਨੂੰ ਲੱਭਣ ਦੀ ਕੋਸ਼ਿਸ਼ ਵਿੱਚ ਜੁਟੇ ਰਹਿੰਦੇ ਹਾਂ ਭਾਵੇਂ ਉਹ ਕਿੰਨਾ ਵੀ ਭੱਦਾ ਹੀ ਕਿਉਂ ਨਾ ਹੋਵੇ ਕਿਉਂਕਿ ਸਾਡਾ ਸਾਰਾ ਜ਼ੋਰ ਛੁਟਕਾਰਾ ਪਾਉਣ ਦੇ ਉੱਤੇ ਹੀ ਕੇਂਦਰਿਤ ਹੁੰਦਾ ਹੈ। 

ਮਿਸਾਲ ਦੇ ਤੌਰ ਤੇ ਸਮਾਜਕ ਮਾਧਿਅਮਾਂ ਉਪਰ ਚੱਲਦੇ ਟਿਚਕਰ-ਠਿੱਠ-ਟੋਟਕੇ ਅਤੇ ਜ਼ਨਾਨੀਆਂ ਦੀ ਗਲਤ ਢੰਗ ਨਾਲ ਕੀਤੀ ਪੇਸ਼ਕਾਰੀ ਹੁੰਦੀ ਹੈ ਜੋ ਅਕਸਰ ਦਵੈਤ ਦੀਆਂ ਹੱਦਾਂ ਪਾਰ ਕਰ ਜਾਂਦੀ ਹੈ।   

ਦੂਜਾ ਸਿਧਾਂਤ ਅਸੰਗਤੀ ਜਾਂ ਬੇਤੁਕਾ ਮਜ਼ਾਕ ਹੁੰਦਾ ਹੈ। ਇਸ ਸਿਧਾਂਤ ਮੁਤਾਬਕ ਅਸੀਂ ਕਈ ਵਾਰੀ ਬੇਤੁਕੀਆਂ ਗੱਲਾਂ ਵਿੱਚੋਂ ਵੀ ਮਜ਼ਾਕੀਆ ਮਤਲਬ ਕੱਢਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਅਤੇ ਸਮਾਜਕ ਮਾਧਿਅਮਾਂ ਰਾਹੀਂ ਵੀ ਇਸ ਨੂੰ ਅੱਗੇ ਤੋਂ ਅੱਗੇ ਚੱਲਦਾ ਰੱਖਦੇ ਹਾਂ ਤਾਂ ਜੋ ਸਾਡੇ ਬੇਤੁਕੇ ਦਿਮਾਗ਼ ਨੂੰ ਚੈਨ ਪੈ ਸਕੇ। 

ਇਸ ਸਿਧਾਂਤ ਨੂੰ ਸਪਸ਼ਟ ਕਰਨ ਦੇ ਲਈ ਮਸ਼ਹੂਰ ਦਾਰਸ਼ਨਿਕ ਇਮੈਨੁਅਲ ਕਾਂਟ ਨੇ ਇੱਕ ਕਹਾਣੀ ਪੇਸ਼ ਕੀਤੀ ਸੀ। ਉਸ ਦੀ ਇਸ ਕਹਾਣੀ ਮੁਤਾਬਕ ਅੰਗਰੇਜ਼ੀ ਰਾਜ ਦੌਰਾਨ ਭਾਰਤ ਦੇ ਸੂਰਤ ਸ਼ਹਿਰ ਦੇ ਵਿੱਚ ਇਕ ਅੰਗਰੇਜ਼ ਨੇ ਆਪਣੀ ਬੀਅਰ ਦੀ ਬੋਤਲ ਖੋਲ੍ਹੀ। ਸਥਾਨਕ ਭਾਰਤੀ ਉਸ ਬੋਤਲ ਵਿੱਚੋਂ ਬਾਹਰ ਨੂੰ ਵਗਦੀ ਝੱਗ ਵੇਖ ਕੇ ਬਹੁਤ ਹੈਰਾਨੀ ਭਰੇ ਹਾਵ-ਭਾਵ ਜ਼ਾਹਰ ਕਰਦਾ ਹੋਇਆ ਬੜਾ ਖੁਸ਼ ਜਾਪ ਰਿਹਾ ਸੀ। ਜਦੋਂ ਅੰਗਰੇਜ਼ ਨੇ ਉਸ ਭਾਰਤੀ ਬੰਦੇ ਨੂੰ ਪੁੱਛਿਆ ਕਿ ਇਹਦੇ ਵਿੱਚ ਏਨੀ ਹੈਰਾਨੀ ਭਰੀ ਖੁਸ਼ੀ ਵਾਲੀ ਕਿਹੜੀ ਗੱਲ ਹੈ ਤਾਂ ਅੱਗੋਂ ਜੁਆਬ ਇਹ ਮਿਲਿਆ ਕਿ ਉਹ ਬੰਦਾ ਹੈਰਾਨੀ ਭਰਿਆ ਖੁਸ਼ ਇਸ ਗੱਲ ਤੋਂ ਸੀ ਕਿ ਉਸ ਬੋਤਲ ਵਿੱਚ ਇਹ ਝੱਗ ਇਕੱਠੀ ਕਿਸ ਤਰ੍ਹਾਂ ਕਰਕੇ ਪਾਈ ਗਈ ਹੋਵੇਗੀ?

ਹਾਸੇ-ਮਜ਼ਾਕ ਦਾ ਤੀਜਾ ਸਿਧਾਂਤ ਉੱਚਤਾ-ਗੁਮਾਨ ਦਾ ਹੁੰਦਾ ਹੈ। ਇਸ ਸਿਧਾਂਤ ਮੁਤਾਬਕ ਹਰ ਕੋਈ ਆਪਣੇ-ਆਪ ਨੂੰ ਕਿਸੇ ਮਨਘੜੰਤ ਉੱਚੀ ਥਾਂ ਤੇ ਸਥਾਪਤ ਕਰਕੇ ਬਾਕੀਆਂ ਨੂੰ ਘਟੀਆ ਜਾਂ ਹੇਠਲੇ ਦਰਜੇ ਦਾ ਸਮਝਦਾ ਹੈ। ਇਹ ਤੀਜਾ ਸਿਧਾਂਤ ਸਮਝਣਾ ਕਈ ਵਾਰ ਬਹੁਤ ਗੁੰਝਲਦਾਰ ਹੋ ਨਿੱਬੜਦਾ ਹੈ ਕਿਉਂਕਿ ਦਾਰਸ਼ਨਿਕ ਸੋਚ ਮੁਤਾਬਕ ਬਹੁਤੀ ਵਾਰ ਉੱਚਤਾ-ਗੁਮਾਨ ਕਿਸੇ ਕਿਸਮ ਦੀ ਹੀਣ-ਭਾਵ ਵਿੱਚੋਂ ਹੀ ਉਪਜਿਆ ਹੁੰਦਾ ਹੈ। ਇਸੇ ਕਰਕੇ ਸਾਹਮਣੇ ਵਾਪਰ ਰਹੀ ਕਿਸੇ ਗੱਲ ਤੇ ਅਸੀਂ ਇਸ ਕਰਕੇ ਵੀ ਖੁਸ਼ੀ ਨਾਲ ਖੀਵੇ ਹੋਏ ਫਿਰਦੇ ਹਾਂ ਕਿ ਚਲੋ ਚੰਗਾ ਹੋਇਆ ਕਿ ਅਜਿਹੀ ਗੱਲ ਸਾਡੇ ਨਾਲ ਤਾਂ ਨਹੀਂ ਵਾਪਰੀ। 

ਵਿਹਾਰੀ ਤੌਰ ਤੇ ਸੋਚ ਭਾਵੇਂ ਕਿਹੋ ਜਿਹੀ ਵੀ ਹੋਵੇ ਗੰਭੀਰਤਾ ਅਤੇ ਹਾਸੇ-ਮਜ਼ਾਕ ਨੂੰ ਇਤਿਹਾਸਕ ਸੱਚ ਦੇ ਦਾਇਰੇ ਵਿੱਚ ਠੀਕ ਅਨੁਪਾਤ ਵਿੱਚ ਰਹਿਣਾ ਚਾਹੀਦਾ ਹੈ। ਹੁਣ ਤੁਸੀਂ ਆਪ ਹੀ ਦੱਸੋ ਕਿ ਸਾਡੀ ਸੋਚ ਵਿੱਚ ਜਾਂ ਫਿਰ ਪੰਜਾਬੀ ਫਿਲਮਾਂ ਵਿੱਚ ਜੇਕਰ ਗੰਭੀਰਤਾ ਦੀ ਥਾਂ ਸਾਰਾ ਜ਼ੋਰ ਹਾਸੇ ਮਜ਼ਾਕ ਦੇ ਉੱਤੇ ਹੀ ਹੋਵੇ ਤਾਂ ਕੀ ਅਸੀਂ ਇਤਿਹਾਸ ਦੇ ਸੁਨਹਿਰੀ ਸਫ਼ਿਆਂ ਦੇ ਢੁਕਵੇਂ ਪਾਤਰ ਬਨਣ ਦੇ ਯੋਗ ਹਾਂ?