ਪੁਰਾਣੇ ਵੇਲ਼ਿਆਂ ਵਿੱਚ ਦੁਨੀਆਂ ਦੇ ਬਹੁਤ ਸਾਰੇ ਸੱਭਿਆਚਾਰਾਂ ਦੇ ਵਿੱਚ ਕਦਰਾਂ ਕੀਮਤਾਂ ਅਤੇ ਰਹਿਣ ਸਹਿਣ ਇਸ ਤਰ੍ਹਾਂ ਪਰਪੱਕ ਹੁੰਦਾ ਸੀ ਕਿ ਵਧਦੇ-ਫੁੱਲਦੇ ਹੋਏ ਬੱਚੇ ਸੁੱਤੇ-ਸਿੱਧ ਹੀ ਇਸ ਸੱਭਿਆਚਾਰ ਦੇ ਵਿੱਚ ਪਰੋਏ ਜਾਂਦੇ ਸਨ। ਸੱਭਿਆਚਾਰਕ ਸਿੱਖਿਆ ਅਤੇ ਵਿੱਦਿਆ ਉਨ੍ਹਾਂ ਬੱਚਿਆਂ ਨੂੰ ਨਿੱਘਰ ਸੋਚ ਵਿੱਚ ਵਲ਼ ਕੇ ਯੋਗ ਬਾਲਗ ਬਣਾ ਦਿੰਦੀਆਂ ਸਨ।
ਜਿਵੇਂ ਜਿਵੇਂ ਸਮਾਜ ਤਰੱਕੀ ਕਰਦਾ ਗਿਆ, ਦੁਨੀਆਂ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਉਦਯੋਗ ਕ੍ਰਾਂਤੀਆਂ ਆਈਆਂ ਅਤੇ ਮਸ਼ੀਨੀਕਰਨ ਹੋਇਆ। ਇਸ ਦੇ ਸਿੱਟੇ ਵੱਜੋਂ ਸਾਂਝੇ ਪਰਿਵਾਰ ਟੁੱਟਣੇ ਸ਼ੁਰੂ ਹੋ ਗਏ ਅਤੇ ਹਰ ਚੀਜ਼ ਆਰਥਕ ਵਿਕਾਸ ਦੇ ਨਾਲ ਬੱਝ ਗਈ। ਲੋਕ ਸਾਂਝੇ ਪਰਿਵਾਰਾਂ ਨਾਲੋਂ ਟੁੱਟ ਕੇ ਆਪੋ ਆਪਣੇ ਨਿੱਜੀ ਪੱਧਰ ਦੇ ਉੱਤੇ ਵੱਸਣੇ ਸ਼ੁਰੂ ਹੋ ਗਏ।
ਇਸ ਨਿੱਜੀ ਵਾਸ ਦਾ ਸਭ ਤੋਂ ਵੱਡਾ ਅਸਰ ਇਹ ਹੋਇਆ ਕਿ ਬੱਚਿਆਂ ਦੀ ਪਰਵਰਿਸ਼ ਲਈ ਜੋ ਸੱਭਿਆਚਾਰਕ ਸਾਂਝਾ ਮਾਹੌਲ ਆਮ ਹੀ ਮਿਲ ਜਾਂਦਾ ਸੀ ਉਹ ਗਾਇਬ ਹੋਣਾ ਸ਼ੁਰੂ ਹੋ ਗਿਆ। ਇਸ ਕਰਕੇ ਜੋ ਰਵਾਇਤੀ ਸਿੱਖਿਆ ਦੇ ਮਾਧਿਅਮ ਸਨ ਉਹ ਟੁੱਟ ਗਏ ਤੇ ਬੱਚੇ ਉੱਥੋਂ ਤੱਕ ਹੀ ਮਹਿਦੂਦ ਹੋ ਗਏ ਜੋ ਕਿ ਉਨ੍ਹਾਂ ਨੂੰ ਸਕੂਲ ਦੇ ਵਿੱਚ ਪੜ੍ਹਾਇਆ ਜਾਂਦਾ ਸੀ ਜਾਂ ਫਿਰ ਜੋ ਕੁਝ ਮਾਪੇ ਆਪ ਸਿਖਾ ਸਕਣ ਦੇ ਕਾਬਲ ਹੁੰਦੇ ਸਨ।

ਪੰਜਾਬੀ ਸਮਾਜ ਇਸ ਤੋਂ ਕੋਈ ਅਲੋਕਾਰਾ ਨਹੀਂ ਹੈ। ਆਰਥਕ ਤਰੱਕੀ ਦਾ ਅਸਰ ਪੰਜਾਬੀ ਸਮਾਜ ਦੇ ਉੱਤੇ ਵੀ ਹੋਇਆ ਜਿਸ ਦੇ ਚੱਲਦਿਆਂ ਬੱਚਿਆਂ ਦੀ ਪਰਵਰਿਸ਼, ਵਿੱਦਿਅਕ ਅਤੇ ਸਿੱਖਿਆ ਸਹੂਲਤਾਂ ਦਾ ਵਿਕਾਸ ਉਸ ਤਰ੍ਹਾਂ ਨਹੀਂ ਹੋਇਆ ਜਿਸ ਤਰ੍ਹਾਂ ਦੁਨੀਆਂ ਦੀਆਂ ਕਈ ਹੋਰ ਭਾਸ਼ਾਵਾਂ ਵਿੱਚ ਹੋਇਆ।
ਮੈਨੂੰ ਵੀ ਆਪਣੇ ਬਚਪਨ ਦੇ ਦਿਨ ਯਾਦ ਆ ਜਾਂਦੇ ਹਨ ਜਦ ਮੈਨੂੰ ਪੰਜਾਬੀ ਦੇ ਵਿੱਚ ਉਸ ਤਰ੍ਹਾਂ ਦੀਆਂ ਰੰਗ ਬਰੰਗੀਆਂ ਤਸਵੀਰਾਂ ਵਾਲੇ ਰਸਾਲੇ ਅਤੇ ਕਹਾਣੀਆਂ ਦੀਆਂ ਕਿਤਾਬਾਂ ਦੀ ਘਾਟ ਬਹੁਤ ਖਟਕਦੀ ਸੀ ਜੋ ਕਿ ਅੰਗਰੇਜ਼ੀ ਦੇ ਵਿੱਚ ਆਮ ਹੀ ਮਿਲਦੇ ਸਨ। ਮੈਂ ਉਦੋਂ ਸੋਚਦਾ ਕਿ ਇਹ ਸਭ ਕੁਝ ਪੰਜਾਬੀ ਦੇ ਵਿੱਚ ਕਿਉਂ ਨਹੀਂ ਸੀ ਮਿਲਦਾ?
ਪੱਛਮੀ ਮੁਲਕਾਂ ਦੇ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਐਤਵਾਰ ਨੂੰ ਪੰਜਾਬੀ ਸਕੂਲ ਚੱਲਦੇ ਹਨ। ਇਹ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਬੱਚਿਆਂ ਨੂੰ ਇਨ੍ਹਾਂ ਪੰਜਾਬੀ ਸਕੂਲਾਂ ਵਿੱਚ ਛੱਡਣ ਆਏ ਇਨ੍ਹਾਂ ਬੱਚਿਆਂ ਦੇ ਕਈ ਮਾਪਿਆਂ ਨੂੰ ਆਪ ਚੰਗੀ ਤਰ੍ਹਾਂ ਪੰਜਾਬੀ ਨਹੀਂ ਆਉਂਦੀ ਹੁੰਦੀ। ਪੜ੍ਹਾਉਣ ਦੀ ਸੇਵਾ ਕਰ ਰਹੇ ਪੰਜਾਬੀ ਅਧਿਆਪਕ ਵੀ ਪੰਜਾਬ ਤੋਂ ਆਏ ਬਜ਼ੁਰਗ ਹੀ ਹੁੰਦੇ ਹਨ ਜਿਨ੍ਹਾਂ ਨੂੰ ਪੱਛਮੀ ਵਿੱਦਿਆ ਅਤੇ ਸਿੱਖਿਆ ਪ੍ਰਣਾਲੀਆਂ ਦਾ ਭੋਰਾ ਜਿਹਾ ਵੀ ਗਿਆਨ ਨਹੀਂ ਹੁੰਦਾ। ਸੋ ਇਹ ਸਭ ਕੁਝ ਖਾਨਾ-ਪੂਰਤੀ ਤੋਂ ਵੱਧ ਕੁਝ ਨਹੀਂ ਲੱਗਦਾ।
ਵਕ਼ਤ ਕੋਈ ਬਹੁਤਾ ਬਦਲ ਨਹੀਂ ਗਿਆ। ਸਮਾਜਕ ਪੱਧਰ ਤੇ ਸਾਡਾ ਧਿਆਨ ਇਸ ਪਾਸੇ ਵੱਲ ਹੈ ਹੀ ਨਹੀਂ ਸਿਵਾਏ ਖਾਨਾ-ਪੂਰਤੀਆਂ ਤੋਂ। ਮੈਨੂੰ ਇੱਕ ਹੱਡਬੀਤੀ ਯਾਦ ਆ ਜਾਂਦੀ ਹੈ।
ਅੱਜ ਤੋਂ ਵੀਹ ਬਾਈ ਸਾਲ ਪਹਿਲਾਂ ਜ਼ੀ ਪੰਜਾਬੀ ਚੈਨਲ ਸ਼ੁਰੂ ਹੋਇਆ ਸੀ। ਜਦੋਂ ਸ਼ੁਰੂ ਹੋਇਆ ਸੀ ਜ਼ਾਹਿਰ ਸੀ ਕਿ ਨਵੇਂ ਸ਼ੁਰੂ ਹੋਏ ਪੰਜਾਬੀ ਚੈਨਲ ਉੱਤੇ ਮੌਲਿਕ ਪੰਜਾਬੀ ਪ੍ਰੋਗਰਾਮ ਘੱਟ ਹੀ ਹੋਣਗੇ। ਇਸ ਕਰਕੇ ਇਹ ਖੱਪਾ ਪੂਰਾ ਕਰਨ ਦੇ ਲਈ ਜ਼ੀ ਪੰਜਾਬੀ ਵਾਲਿਆਂ ਨੇ ਉਨ੍ਹਾਂ ਦਿਨਾਂ ਦਾ ਜ਼ੀ ਚੈਨਲ ਦਾ ਇੱਕ ਬਹੁਤ ਹੀ ਮਸ਼ਹੂਰ ਹਿੰਦੀ ਪ੍ਰੋਗਰਾਮ ਸੁਰਭੀ ਜਿਸ ਨੂੰ ਰੇਣੂਕਾ ਸ਼ਾਹਾਨੇ ਅਤੇ ਸਿਧਾਰਥ ਕਾਕ ਪੇਸ਼ ਕਰਦੇ ਸਨ, ਉਸ ਨੂੰ ਪੰਜਾਬੀ ਦੇ ਵਿੱਚ ਡੱਬ ਕਰਕੇ ਜ਼ੀ ਪੰਜਾਬੀ ਦੇ ਉੱਤੇ ਚਲਾਉਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਨਾਲ ਹੀ ਅਲਾਦੀਨ ਦੀ ਕਾਰਟੂਨ ਵੀ ਪੰਜਾਬੀ ਦੇ ਵਿੱਚ ਡੱਬ ਕਰਕੇ ਉਨ੍ਹਾਂ ਨੇ ਚਲਾਉਣੀ ਸ਼ੁਰੂ ਕਰ ਦਿੱਤੀ। ਮੈਨੂੰ ਇਸ ਗੱਲ ਦੀ ਹੈਰਾਨੀ ਅਤੇ ਖੁਸ਼ੀ ਵੀ ਹੁੰਦੀ ਸੀ ਕਿ ਇਨ੍ਹਾਂ ਦੋਵਾਂ ਦਾ ਪੰਜਾਬੀ ਡੱਬਿੰਗ ਦਾ ਮਿਆਰ ਬਹੁਤ ਹੀ ਉੱਚ ਪੱਧਰੀ ਸੀ। ਪੰਜਾਬੀ ਡੱਬਿੰਗ ਵਿੱਚ ਵਰਤੀ ਗਈ ਸ਼ਬਦਾਵਲੀ ਬਿਲਕੁਲ ਠੇਠ ਪੰਜਾਬੀ ਵਿੱਚ ਸੀ।
ਕੁਝ ਸਾਲ ਪਹਿਲਾਂ ਮੈਂ ਜ਼ੀ ਪੰਜਾਬੀ ਵਾਲਿਆਂ ਨੂੰ ਮੁੰਬਈ ਫੋਨ ਕਰਕੇ ਇਹ ਵੀ ਬਹੁਤ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਅਲਾਦੀਨ ਦੀ ਪੰਜਾਬੀ ਡੱਬ ਕਾਰਟੂਨ ਜੇਕਰ ਅੱਜ ਦੁਬਾਰਾ ਚੱਲੇ ਜਾਂ ਕਿਤੇ ਉਹਦੀ ਕੋਈ ਖਰੀਦਣ ਵਾਸਤੇ ਡੀਵੀਡੀ ਮਿਲ ਜਾਏ। ਪਰ ਉਨ੍ਹਾਂ ਨੇ ਪੱਲਾ ਹੀ ਝਾੜ ਲਿਆ ਕਿ ਉਨ੍ਹਾਂ ਨੂੰ ਇਹ ਪੁਰਾਣੇ ਪੰਜਾਬੀ ਡੱਬ ਪ੍ਰੋਗਰਾਮ ਲੱਭ ਨਹੀਂ ਸਨ ਰਹੇ।
ਇਸ ਦੇ ਮੁਕਾਬਲੇ, ਅੱਜ ਜਦ ਸਮਾਜਕ ਮਾਧਿਅਮਾਂ ਕਰਕੇ ਹਰ ਪਾਸੇ ਪੰਜਾਬੀ ਦੇ ਨਾਂ ਤੇ ਬਹੁਤ ਕੁਝ ਚੱਲਣਾ ਜ਼ਰੂਰ ਸ਼ੁਰੂ ਹੋ ਗਿਆ ਹੈ ਤਾਂ ਘਾਟ ਇਹੀ ਰੜਕਦੀ ਰਹਿੰਦੀ ਹੈ ਕਿ ਬੱਚਿਆਂ ਦੇ ਬੌਧਿਕ ਵਿਕਾਸ ਅਤੇ ਪੰਜਾਬੀ ਭਾਸ਼ਾ ਦੀ ਸਿਖਲਾਈ ਵਾਲੇ ਪਾਸੇ ਕਿਸੇ ਦਾ ਵੀ ਕੋਈ ਧਿਆਨ ਨਹੀਂ। ਸਮਾਜਕ ਮਾਧਿਅਮਾਂ ਉੱਤੇ ਵਰਤੀ ਜਾ ਰਹੀ ਪੰਜਾਬੀ ਸ਼ਬਦਾਵਲੀ ਵੀ ਠੇਠ ਨਹੀਂ ਹੁੰਦੀ। ਲਿਖਣ ਲਈ ਵੀ ਕੱਚਘਰੜ ਰੋਮਨ ਵਰਤੀ ਜਾ ਰਹੀ ਜਿੱਥੇ ਹਰ ਕੋਈ ਆਪਣੇ ਤਰੀਕੇ ਨਾਲ ਅੱਖਰ ਪਾ ਰਿਹਾ ਹੈ। ਸ਼ਾਇਦ ਇਸੇ ਕੱਚਘਰੜਤਾ ਕਰਕੇ ਆਪਣੇ ਇਤਿਹਾਸ ਤੋ ਕੋਰੀ, ਨਵੀਂ ਪਨੀਰੀ ਵਿੱਚੋਂ ਬਹੁਤੇ ਸ਼ਰਾਬ, ਅਸਲੇ ਅਤੇ ਫੁਕਰਪੁਣੇ ਨੂੰ ਹੀ ਆਪਣਾ ਸੱਭਿਆਚਾਰ ਸਮਝੀ ਬੈਠੇ ਹਨ।