ਇਸ ਸਾਲ ਦੇ ਸ਼ੁਰੂ ਦੀ ਗੱਲ ਹੈ ਕਿ ਸਮਾਜਕ ਮਾਧਿਅਮ ਦੇ ਉੱਤੇ ਇੱਕ ਵਾਰ ਮਧੂਬਾਲਾ ਦੀ ਕਾਫ਼ੀ ਚਰਚਾ ਹੋ ਗਈ। ਜਿਹੜੇ ਪਾਠਕਾਂ ਨੂੰ ਮਧੂਬਾਲਾ ਬਾਰੇ ਪਤਾ ਨਹੀਂ, ਉਨ੍ਹਾਂ ਦੀ ਜਾਣਕਾਰੀ ਲਈ ਦੱਸ ਦੇਵਾਂ ਕਿ ਮਧੂਬਾਲਾ ਹਿੰਦੀ ਫਿਲਮਾਂ ਦੀ ਅਭਿਨੇਤਰੀ ਸੀ ਜੋ ਆਪਣੇ ਸਮੇਂ ਦੇ ਵਿੱਚ ਬਹੁਤ ਮਸ਼ਹੂਰ ਰਹੀ ਸੀ ਅਤੇ ਉਹ ਸਿਰਫ਼ 36 ਸਾਲ ਦੀ ਸੀ ਜਦ ਉਸਨੇ ਆਪਣੀ ਸੰਸਾਰ ਯਾਤਰਾ ਪੂਰੀ ਕਰ ਲਈ।
ਪਰ ਗੱਲ ਮੋੜਦੇ ਹਾਂ ਸਮਾਜਕ ਮਾਧਿਅਮ ਉੱਤੇ ਹੋਈ ਚਰਚਾ ਬਾਰੇ। ਇਸ ਚਰਚਾ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਮਧੂਬਾਲਾ ਸਿੱਖ ਧਰਮ ਤੋਂ ਬਹੁਤ ਪ੍ਰਭਾਵਿਤ ਸੀ। ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਉਹ ਆਪਣੇ ਪਰਸ ਵਿੱਚ ਜਪੁ ਜੀ ਸਾਹਿਬ ਦਾ ਗੁਟਕਾ ਰੱਖਦੀ ਸੀ ਜੋ ਕਿ ਫ਼ਾਰਸੀ ਲਿੱਪੀ ਵਿੱਚ ਸੀ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਸੀ ਉਹ ਮੁੰਬਈ ਦੇ ਕਿਸੇ ਗੁਰਦੁਆਰੇ ਵਿਖੇ ਵੀ ਬਹੁਤ ਸੇਵਾ ਕਰਦੀ ਸੀ ਅਤੇ ਮਧੂਬਾਲਾ ਦੇ ਮਰਨ ਤੋਂ ਬਾਅਦ ਉਸਦੇ ਪਿਤਾ ਨੇ ਕਾਫ਼ੀ ਅਰਸੇ ਤੱਕ ਉੱਥੇ ਸਾਲ ਵਿੱਚ ਇਕ ਦਿਨ ਲੰਗਰ ਲਾਉਣ ਦੀ ਸੇਵਾ ਜਾਰੀ ਰੱਖੀ।
ਇਸ ਤਰ੍ਹਾਂ ਦੀ ਮਿਥਿਆ ਪੜ੍ਹ ਕੇ ਮੈਨੂੰ ਬੜੀ ਹੈਰਾਨੀ ਹੋਈ ਤੇ ਮੈਂ ਆਪਣੀ ਜਾਣ ਪਛਾਣ ਵਾਲੇ ਸੱਜਣਾਂ ਰਾਹੀਂ ਮੁੰਬਈ ਦੇ ਕਈ ਗੁਰਦੁਆਰਿਆਂ ਨਾਲ ਮਿਲਾਪ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਇਹ ਪੁਸ਼ਟੀ ਹੋ ਸਕੇ ਕਿ ਇਹ ਮਿਥਿਆ ਹੈ ਜਾਂ ਫਿਰ ਤੱਥ। ਕਈ ਥਾਂ ੳਫੋਨ ਖੜਕਾਉਣ ਤੋਂ ਬਾਅਦ ਵੀ ਇਸ ਬਾਰੇ ਕੋਈ ਹੋਰ ਜਾਣਕਾਰੀ ਨਾ ਮਿਲ ਸਕੀ। ਮੈਂ ਜਾਣ ਪਛਾਣ ਦੇ ਸੱਜਨਾਂ ਨੂੰ ਇਹ ਬੇਨਤੀ ਕੀਤੀ ਕਿ ਜੇਕਰ ਇਸ ਬਾਰੇ ਕੁਝ ਹੋਰ ਪਤਾ ਲੱਗੇ ਜਾਂ ਕੀ ਇਹ ਵਿਕਿਆ ਹੀ ਸੱਚ ਸੀ ਤਾਂ ਮੈਨੂੰ ਜ਼ਰੂਰ ਦੱਸਿਓ। ਪਰ ਹਾਲੇ ਤੱਕ ਕਿਸੇ ਪਾਸਿਓਂ ਕੋਈ ਵੀ ਪੱਕੀ ਜਾਣਕਾਰੀ ਲੈ ਕੇ ਕੋਈ ਵੀ ਬਹੁੜਿਆ ਨਹੀਂ ਹੈ।
ਇਸ ਚਰਚਾ ਦੇ ਚੱਲਦੇ, ਮਿਥਿਆ ਜਾਂ ਤੱਥ ਪੁਸ਼ਟੀ ਕਰਨ ਦਾ ਮੇਰਾ ਕਾਰਨ ਇਹ ਵੀ ਸੀ ਕਿ ਅੱਜ ਤੋਂ ਪੱਚੀ ਕੁ ਸਾਲ ਪਹਿਲਾਂ ਪੰਜਾਬੀ ਦਾ ਇੱਕ ਨਾਮਵਰ ਰਸਾਲਾ ਜੋ ਕਿ ਦਿੱਲੀ ਤੋਂ ਆਰਸੀ ਦੇ ਨਾਂਅ ਹੇਠ ਛਪਦਾ ਸੀ ਉਸ ਦੇ ਵਿੱਚ ਮਧੂਬਾਲਾ ਦੇ ਜੀਵਨ ਦੇ ਉੱਤੇ ਬਹੁਤ ਵਿਸਥਾਰ ਸਾਹਿਤ ਇੱਕ ਲੇਖ ਲਿਖ ਛਪਿਆ ਸੀ। ਉਸ ਲੇਖ ਵਿੱਚ ਇਹ ਗੱਲ ਕੀਤੀ ਗਈ ਸੀ ਕਿ ਮਧੂਬਾਲਾ ਨੂੰ ਸ਼ੁਰੂ- ਸ਼ੁਰੂ ਵਿੱਚ ਮੁੰਬਈ ਦੀ ਕਿਸੇ ਸਿੱਖ ਫ਼ਿਲਮੀ ਹਸਤੀ ਦਾ ਨਾਲ ਇਸ਼ਕ ਹੋ ਗਿਆ ਸੀ। ਉਹ ਬੰਦਾ ਪਹਿਲਾਂ ਹੀ ਵਿਆਹਿਆ ਸੀ ਤੇ ਨਵੇਂ ਵਿਆਹ ਜਾਂ ਨਵੇਂ ਇਸ਼ਕ ਤੋਂ ਡਰਦਾ ਉਹ ਛੇਤੀ ਹੀ ਠਠੰਬਰ ਗਿਆ ਤੇ ਉਸ ਦਾ ਮਧੂਬਾਲਾ ਨਾਲ ਤੋੜ ਵਿਛੋੜਾ ਹੋ ਗਿਆ।
ਉਪਰੋਕਤ ਲੇਖ ਮੇਰੀ ਯਾਦਾਸ਼ਤ ਵਿੱਚ ਹੈ ਪਰ ਮੈਂ ਇਸ ਬਾਰੇ ਹੋਰ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਂ ਚਾਹੁੰਦਾ ਸੀ ਕਿ ਜੇਕਰ ਉਪਰੋਕਤ ਲੇਖ ਕਿਤੇ ਦੁਬਾਰਾ ਪੜ੍ਹਣ ਨੂੰ ਮਿਲ ਜਾਵੇ ਤਾਂ ਵਧੀਆ ਰਹੇਗਾ ਤਾਂ ਜੋ ਠੋਸ ਗੱਲ ਹੋ ਸਕੇ।
ਇਸ ਤੋਂ ਇਲਾਵਾ ਮੈਨੂੰ ਇਹ ਵੀ ਮਹਿਸੂਸ ਹੋਇਆ ਕਿ ਮੁੰਬਈ ਦੀ ਇੱਕ ਪੁਰਾਣੀ ਪ੍ਰਮੁੱਖ ਹਸਤੀ, ਸੰਗੀਤਕਾਰ ਐੱਸ ਮਹਿੰਦਰ ਨਾਲ ਕਿਸੇ ਤਰ੍ਹਾਂ ਮਿਲਾਪ ਕੀਤਾ ਜਾਵੇ ਤਾਂ ਜੋ ਮਿਥਿਆ ਜਾਂ ਤੱਥ ਦੀ ਪੁਸ਼ਟੀ ਕੀਤੀ ਜਾ ਸਕੇ। ਕੀ ਵਾਕਿਆ ਹੀ ਮਧੂਬਾਲਾ ਦਾ ਕੋਈ ਅਜਿਹਾ ਰਾਜ਼ ਸੀ? ਜੇ ਸੀ ਤਾਂ ਸੱਚਾਈ ਕੀ ਸੀ? ਕੁਝ ਗੱਲਾਂ ਬਾਰੇ ਇਕਬਾਲ ਮਾਹਲ ਦੀ ਕਿਤਾਬ “ਸੁਰਾਂ ਦੇ ਜਾਦੂਗਰ” ਵਿੱਚੋਂ ਪਤਾ ਚੱਲਦਾ ਹੈ ਪਰ ਇਸ ਮਿਥਿਆ ਜਾਂ ਤੱਥ ਦੇ ਹੋਰ ਤਹਿ ਤੱਕ ਜਾਣ ਦੀ ਲੋੜ ਸੀ।
ਸੰਗੀਤਕਾਰ ਐੱਸ ਮਹਿੰਦਰ ਨੂੰ ਲੱਭਣ ਲਈ ਮੈਂ ਕਈ ਪਾਸੇ ਫ਼ੋਨ ਕੀਤੇ ਪਰ ਉਨ੍ਹਾਂ ਨਾਲ ਕੋਈ ਮਿਲਾਪ ਨਾ ਹੋ ਸਕਿਆ। ਕਿਸੇ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਕੋਲ ਕੈਨੇਡਾ ਜਾ ਵੱਸੇ ਸਨ ਤੇ ਕੋਈ ਕਹਿੰਦਾ ਸੀ ਕਿ ਉਹ ਬਿਮਾਰ ਚੱਲ ਰਹੇ ਨੇ। ਮੇਰੀ ਕਾਫੀ ਕੋਸ਼ਿਸ਼ ਦੇ ਬਾਵਜੂਦ ਵੀ ਇਹ ਗੱਲ ਦੇ ਅੱਗੇ ਨਾ ਤੁਰ ਸਕੀ ਤੇ ਨਾ ਹੀ ਸੰਗੀਤਕਾਰ ਐੱਸ ਮਹਿੰਦਰ ਨਾਲ ਮਿਲਾਪ ਹੋ ਸਕਿਆ।
ਹੁਣ ਲੱਗਦਾ ਹੈ ਕਿ ਮਧੂਬਾਲਾ ਦੇ ਰਾਜ਼ ਦੀਆਂ ਬਹੁਤੀਆਂ ਤਹਿਆਂ ਨਹੀਂ ਖੁੱਲ ਸਕਣਗੀਆਂ ਕਿਉਂਕਿ ਦੋ ਕੁ ਹਫ਼ਤੇ ਹੋਏ ਮੈਨੂੰ ਇਹ ਖ਼ਬਰ ਪੜ੍ਹਨ ਨੂੰ ਮਿਲੀ ਕਿ 6 ਸਤੰਬਰ 2020 ਦਿਨ ਐਤਵਾਰ ਨੂੰ ਮਸ਼ਹੂਰ ਸੰਗੀਤਕਾਰ ਐੱਸ ਮਹਿੰਦਰ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਮੁੰਬਈ ਦੇ ਓਸ਼ਿਵਾਰਾ ਵਿਖੇ ਆਪਣੇ ਘਰੇ 95 ਸਾਲ ਦੀ ਉਮਰ ਵਿੱਚ ਆਖ਼ਰੀ ਸਾਹ ਲਿਆ। ਸੰਗੀਤਕਾਰ ਐੱਸ ਮਹਿੰਦਰ ਦਾ ਪੂਰਾ ਨਾਂ “ਮਹਿੰਦਰ ਸਿੰਘ ਸਰਨਾ” ਸੀ।
ਜੇ ਕਦੀ ਆਰਸੀ ਦਾ ਉਹ ਪੁਰਾਣਾ ਅੰਕ ਮੈਨੂੰ ਕਿਧਰੋਂ ਲੱਭ ਗਿਆ ਤਾਂ ਮੈਂ ਇਸ ਵਿਸ਼ੇ ਤੇ ਫੇਰ ਚਰਚਾ ਛੇੜਾਂਗਾ!