Posted in ਚਰਚਾ, ਖ਼ਬਰਾਂ

2020 ਦਾ ਕਿਸਾਨ ਸੰਘਰਸ਼

ਸੰਨ 2020 ਦਾ ਕਿਸਾਨ ਸੰਘਰਸ਼ ਹੁਣ ਦਿੱਲੀ ਪਹੁੰਚ ਚੁੱਕਾ ਹੈ। ਇਹ ਸ਼ੰਭੂ ਮੋਰਚੇ ਦਾ ਅਗਲਾ ਪੜਾਅ ਹੈ। ਹਰ ਕਿਸਮ ਦੇ ਸੰਚਾਰ ਮਾਧਿਅਮ ਅਤੇ ਸਮਾਜਕ ਮਾਧਿਅਮ ਇਸ ਸੰਘਰਸ਼ ਉੱਤੇ ਲਗਾਤਾਰ ਨਜ਼ਰਾਂ ਗੱਡੀ ਬੈਠੇ ਹਨ। ਸਾਰਿਆਂ ਨੂੰ ਇਸ ਗੱਲ ਦਾ ਇੰਤਜ਼ਾਰ ਹੈ ਕਿ ਅਗਲਾ ਪੜਾਅ ਕੀ ਹੋਵੇਗਾ? ਗੱਲ ਕਿਸੇ ਪਾਸੇ ਲੱਗੇਗੀ? ਕੋਈ ਹੱਲ ਨਿਕਲੇਗਾ?

ਅੱਜ ਦੇ ਇਸ ਬਲੌਗ ਵਿੱਚ ਇਸ ਸੰਘਰਸ਼ ਨੂੰ ਸਮਝਣ ਲਈ ਖ਼ਬਰਾਂ ਅਤੇ ਲੇਖਾਂ ਦੀ ਇਕੱਤਰਤਾ, ਵੈਬ ਕੜੀਆਂ ਸਮੇਤ। ਲੇਖ ਪੜ੍ਹਨ ਲਈ ਲਕੀਰ ਲੱਗੀਆਂ ਕੜੀਆਂ ਨੂੰ ਕਲਿੱਕ ਜਾਂ ਟੈਪ ਕਰੋ:

ਆਸ ਹੈ ਕਿ 2020 ਦੇ ਕਿਰਸਾਨੀ ਸੰਘਰਸ਼ ਨੂੰ ਛੇਤੀ ਹੀ ਬੂਰ ਪੈ ਜਾਵੇਗਾ!

Posted in ਚਰਚਾ

ਤਿਉਹਾਰ ਅਤੇ ਸਭਿਆਚਾਰ

ਪਿਛਲੇ ਕੁਝ ਸਾਲਾਂ ਤੋਂ ਹਰ ਸਾਲ ਹੀ ਇਸ ਮਹੀਨੇ ਦੌਰਾਨ ਸਮਾਜਕ ਮਾਧਿਅਮ ਉੱਤੇ ਸਿੱਖ ਨਜ਼ਰੀਏ ਤੋਂ ਇਸ ਗੱਲ ਦੀ ਚਰਚਾ ਹੋਣ ਲੱਗ ਪੈਂਦੀ ਹੈ ਕਿ ਕੀ ਦਿਵਾਲੀ ਸਾਡਾ ਤਿਉਹਾਰ ਹੈ ਕਿ ਨਹੀਂ ਹੈ? ਇਸ ਨੂੰ ਮਨਾਉਣਾ ਚਾਹੀਦਾ ਹੈ ਕਿ ਨਹੀਂ ਮਨਾਉਣਾ ਚਾਹੀਦਾ ਹੈ?   

ਦਿਨ-ਤਿਉਹਾਰ ਸਮਾਜਕ ਰਹੁ-ਰੀਤਾਂ ਹੁੰਦੀਆਂ ਹਨ ਤੇ ਧਾਰਮਕ ਵੀ। ਉਸੇ ਦਾਇਰੇ ਵਿੱਚ ਰਹਿ ਕੇ ਹੀ ਇਸ ਵਿਸ਼ੇ ਦੇ ਬਾਰੇ ਕੋਈ ਗੱਲ ਕਰਨੀ ਚਾਹੀਦੀ ਹੈ। ਪਰ ਦੀਵਾਲੀ ਦੀ ਗੱਲ ਤੇ ਕਈ ਵਾਰੀ ਇਸ ਕਰਕੇ ਵੀ ਭੰਬਲਭੂਸਾ ਪੈ ਜਾਂਦਾ ਹੈ ਕਿ ਦੀਵਾਲੀ ਨੂੰ ਕੁਝ ਅਰਸੇ ਤੋਂ ਬੰਦੀ ਛੋੜ ਦਿਵਸ ਤੇ ਤੌਰ ਤੇ ਵੀ ਮਨਾਇਆ ਜਾਣ ਲੱਗ ਪਿਆ ਹੈ। ਇਹ ਬੰਦੀ ਛੋੜ ਦਾ ਨਾਮਕਰਨ 40-50 ਸਾਲ ਤੋਂ ਵੱਧ ਪੁਰਾਣਾ ਨਹੀਂ ਹੈ।

ਅਸਲੀਅਤ ਤਾਂ ਇਹ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਤੋਂ ਫੱਗਣ ਦੇ ਮਹੀਨੇ ਵਿੱਚ ਰਿਹਾਅ ਹੋ ਕੇ ਆਏ ਸਨ ਜੋ ਕਿ ਅੰਗਰੇਜ਼ੀ ਮਹੀਨਾ ਫਰਵਰੀ ਬਣਦਾ ਹੈ। ਪਰ ਗੁਰੂ ਨਾਨਕ ਸਾਹਿਬ ਨੇ ਵੀ ਮੁਗ਼ਲਾਂ ਦੀ ਕੈਦ ਕੱਟੀ ਸੀ। ਉਨ੍ਹਾਂ ਬਾਰੇ ਕੋਈ ਗੱਲ ਹੀ ਨਹੀਂ ਕਰਦਾ। ਬੰਦੀ ਛੋੜ ਨੂੰ ਦੀਵਾਲੀ ਦੇ ਨਾਲ ਜੋੜ ਦੇਣ ਦਾ ਕੋਈ ਤਰਕ ਸਮਝ ਨਹੀਂ ਆਉਂਦਾ ਕਿ ਇਸ ਤਰ੍ਹਾਂ ਕਿਉਂ ਕੀਤਾ ਗਿਆ?   

ਦੁਨੀਆਂ ਵਿੱਚ ਯੂਰਪੀ ਲੋਕਾਂ ਨੇ ਜਿੱਥੇ-ਜਿੱਥੇ ਵੀ ਬਸਤੀਆਂ ਬਣਾਈਆਂ ਭਾਵੇਂ ਉਹ ਏਸ਼ੀਆ ਹੋਵੇ ਜਾਂ ਅਫ਼ਰੀਕਾ ਹੋਵੇ ਤੇ ਜਾਂ ਹੋਵੇ ਅਮਰੀਕਾ, ਜਿੱਥੇ-ਜਿੱਥੇ ਇਸਾਈ ਧਰਮ ਦਾ ਪ੍ਰਚਾਰ ਜ਼ਿਆਦਾ ਹੋ ਗਿਆ ਅਤੇ ਸਥਾਨਕ ਅਬਾਦੀ ਇਸਾਈ ਬਣ ਗਈ ਹੋਵੇ ਉੱਥੇ ਉਨ੍ਹਾਂ ਲੋਕਾਂ ਨੇ ਆਪਣੇ ਸਥਾਨਕ ਦਿਨ-ਤਿਉਹਾਰ ਵੀ ਕ੍ਰਿਸਮਸ ਦੇ ਦੁਆਲੇ ਲਿਆ ਖੜ੍ਹੇ ਕੀਤੇ। ਇਸੇ ਤਰਜ਼ ਤੇ ਜੇਕਰ ਬੰਦੀ ਛੋੜ ਦਿਵਸ ਨੂੰ ਦੀਵਾਲੀ ਦੁਆਲੇ ਬੰਨ੍ਹ ਦਿੱਤਾ ਗਿਆ ਹੈ ਤਾਂ ਕੀ ਇਹ ਗ਼ੁਲਾਮ ਮਾਨਸਿਕਤਾ ਦੀ ਨਿਸ਼ਾਨੀ ਨਹੀਂ ਹੈ? ਪਰ ਜੇਕਰ ਦਿਵਾਲੀ ਦਾ ਕੋਈ ਸਮਾਜਕ-ਸਭਿਆਚਾਰਕ ਪੱਖ ਹੈ ਤਾਂ ਉਸ ਨੂੰ ਉਸੇ ਰੂਪ ਵਿੱਚ ਹੀ ਕ਼ਬੂਲ ਕਰਨਾ ਚਾਹੀਦਾ ਹੈ ਅਤੇ ਮਨਾਉਣਾ ਚਾਹੀਦਾ ਹੈ।    

Photo by Rakicevic Nenad on Pexels.com

ਪਿਛਲੇ ਤਿੰਨ-ਚਾਰ ਸਾਲ ਤੋਂ ਇਕ ਹੋਰ ਚਰਚਾ ਦਾ ਵੀ ਜਨਮ ਹੋਇਆ ਹੈ। ਇਹ ਚਰਚਾ ਵੀ ਅੱਜ-ਕੱਲ੍ਹ ਦੇ ਦਿਨਾਂ ਵਿੱਚ ਹੀ ਹੁੰਦੀ ਹੈ। ਇਸ ਚਰਚਾ ਦੀ ਸਮਾਜਕ ਮਾਧਿਅਮ ਉੱਤੇ ਉਦੋਂ ਸ਼ੁਰੂਆਤ ਹੋਈ ਸੀ ਜਦੋਂ ਵੈਨਕੂਵਰ, ਕੈਨੇਡਾ ਦੇ ਢਾਹਾਂ ਗਰੁੱਪ ਨੇ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖੇ ਬਲਦੇਵ ਸਿੰਘ ਦੇ ਨਾਵਲ “ਸੂਰਜ ਦੀ ਅੱਖ” ਨੂੰ ਹਜ਼ਾਰਾਂ ਡਾਲਰਾਂ ਦਾ ਇਨਾਮ ਦਿੱਤਾ।    

ਸੂਰਜ ਦੀ ਅੱਖ ਨਾਵਲ ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਕਾਫ਼ੀ ਨਕਾਰਾਤਮਕ ਤੌਰ ਤੇ ਪੇਸ਼ ਕੀਤਾ ਗਿਆ ਹੈ। ਸਿੱਖ ਜਗਤ ਦੇ ਵਿਚ ਇਸ ਗੱਲ ਦਾ ਕਾਫ਼ੀ ਰੋਸ ਹੈ ਕਿ ਬਲਦੇਵ ਸਿੰਘ ਨੂੰ ਇਨਾਮ ਕਿਉਂ ਦਿੱਤਾ ਗਿਆ?   

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਮਿਸਾਲ ਲਾਸਾਨੀ ਹੈ। ਜ਼ਾਹਰ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਲਈ ਸਤਿਕਾਰ ਨਾ ਰੱਖਣ ਵਾਲੇ ਲੋਕ ਉਸ ਨਾਲ ਢਿੱਡੋਂ ਈਰਖਾ ਕਰਦੇ ਹਨ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਰੋਸ ਜਾਂ ਧਮਕੀਆਂ ਤੇ ਹੀ ਜ਼ੋਰ ਦੇਈ ਰੱਖੋ। 

ਇਸ ਸਾਲ ਬੀ ਬੀ ਸੀ ਪੰਜਾਬੀ ਨੇ ਮੋਰਾਂ ਮਾਈ ਨੂੰ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੇ ਲੇਖ ਲਿਖ ਦਿੱਤਾ ਤਾਂ ਸਮਾਜਕ ਮਾਧਿਅਮ ਉੱਤੇ ਬੀ ਬੀ ਸੀ ਪੰਜਾਬੀ ਖਿਲਾਫ਼ ਰੋਸ ਸ਼ੁਰੂ ਹੋ ਗਿਆ। 

ਚਾਹੀਦਾ ਤਾਂ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਨ ਵੱਡੇ ਪੱਧਰ ਤੇ ਮਨਾਇਆ ਜਾਵੇ। ਯਾਦਗਾਰੀ ਭਾਸ਼ਣ ਹੋਣ। ਖੇਡ ਮੁਕਾਬਲੇ ਹੋਣ। ਮੇਲੇ ਭਖਣ। ਪਰ ਹਰ ਸਾਲ ਸਮਾਜਕ ਮਾਧਿਅਮ ਤੇ ਕੁੜ੍ਹੀ ਜਾਣਾ ਸਿਆਣਪ ਦੀ ਨਿਸ਼ਾਨੀ ਨਹੀਂ ਹੈ।  

ਹਰ ਚੀਜ਼ ਨੂੰ ਜੇ ਧਾਰਮਕ ਰੰਗਤ ਵਿੱਚ ਬੰਨ੍ਹ ਦਿੱਤਾ ਜਾਵੇ ਤਾਂ ਉਸ ਦੀ ਸਮਾਜਕ-ਸਭਿਆਚਾਰਕ ਕੜੀ ਟੁੱਟ ਜਾਵੇਗੀ ਅਤੇ ਲੋਕ ਆਪ ਮੁਹਾਰੇ ਹੀ ਹੋਰ ਸਮਾਜਕ-ਸਭਿਆਚਾਰਕ ਦਿਨ-ਤਿਉਹਾਰਾਂ ਵੱਲ ਖਿੱਚੇ ਜਾਣਗੇ। ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬ ਦਾ ਮੁੱਖ ਤਿਉਹਾਰ ਵਸਾਖੀ ਸਿਰਫ ਧਾਰਮਕ ਰੰਗਤ ਵਿੱਚ ਹੀ ਬੱਝ ਕੇ ਰਹਿ ਗਿਆ ਹੈ। ਲੋੜ ਹੈ ਵਸਾਖੀ ਦਾ ਸਮਾਜਕ-ਸਭਿਆਚਾਰ ਪੱਖ ਮੁੜ ਸੁਰਜੀਤ ਕੀਤਾ ਜਾਵੇ ਤਾਂ ਕਿ ਇਸ ਗੱਲ ਦੀ ਟੈਂਅ-ਟੈਂਅ ਖ਼ਤਮ ਹੋਵੇ ਕਿ ਕਿਹੜਾ ਕਿਸਦਾ ਦਿਨ-ਤਿਉਹਾਰ ਹੈ!

Posted in ਚਰਚਾ, NZ News

ਸੰਨ 2020 ਦੇ ਰਾਜਨੀਤਕ ਬਦਲਾਅ

ਹਾਲੀਆ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਨੇ ਦੁਨੀਆਂ ਦੇ ਕਈ ਖਿੱਤਿਆਂ ਵਿੱਚ ਲੋਕਾਂ ਨੂੰ ਛਿੱਕੇ ਤੇ ਟੰਗ ਕੇ ਰੱਖਿਆ ਹੋਇਆ ਸੀ। ਨਿਊਜ਼ੀਲੈਂਡ ਦੇ ਵਿਚ ਇਸ ਹਫ਼ਤੇ ਅਕਤੂਬਰ 2020 ਚੋਣਾਂ ਦੇ ਆਖ਼ਰੀ ਨਤੀਜੇ ਆਉਣੇ ਸੀ ਅਤੇ ਨਾਲ ਹੀ ਨਾਲ ਲੋਕੀਂ ਅਮਰੀਕੀ ਚੋਣਾਂ ਦੇ ਨਤੀਜਿਆਂ ਦੀ ਉਡੀਕ ਵੀ ਕਰ ਰਹੇ ਸਨ। ਨਿਊਜ਼ੀਲੈਂਡ ਦੀ ਪਾਰਲੀਮੈਂਟ ਲਈ ਹਰ ਤਿੰਨ ਸਾਲ ਬਾਅਦ ਚੋਣਾਂ ਹੁੰਦੀਆਂ ਹਨ।  

ਅਮਰੀਕੀ ਚੋਣਾਂ ਬਾਰੇ ਮੈਨੂੰ ਯਾਦ ਹੈ ਸੰਨ 2016 ਦੇ ਵਿੱਚ ਹਰ ਥਾਂ ਇਕ ਵੀਡੀਓ ਚੱਲ ਰਿਹਾ ਸੀ ਜਿਸ ਦੇ ਵਿੱਚ ਟਰੰਪ ਦੀ ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਚੋਣ ਮੁਹਿੰਮ ਅਤੇ ਚੋਣ ਪ੍ਰਚਾਰ ਦੀ ਸ਼ੁਰੂਆਤ ਇਕ ਸਟੇਡੀਅਮ ਵਿੱਚ ਹੋਈ। ਕੈਲੀਫੋਰਨੀਆ ਦੀ ਰਿਪਬਲਿਕਨ ਪਾਰਟੀ ਦੀ ਇਕ ਅਹੁਦੇਦਾਰ ਸਿੱਖ ਬੀਬੀ ਨੇ ਸਿੱਖ ਅਰਦਾਸ ਨਾਲ ਇਸ ਚੋਣ ਮੁਹਿੰਮ ਵਿੱਚ ਹਾਜ਼ਰੀ ਭਰੀ ਸੀ।   

ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਵਿਚ ਸੰਨ 2016 ਦੇ ਅਮਰੀਕੀ ਰਾਸ਼ਟਰਪਤੀ ਦੇ ਚੋਣਾਂ ਦੇ ਉਮੀਦਵਾਰਾਂ ਲਈ ਕੋਈ ਖ਼ਾਸ ਰੁਝਾਨ ਨਾ ਹੋਣ ਕਰਕੇ ਜ਼ਿਆਦਾ ਚਰਚਾ ਇਸ ਅਰਦਾਸ ਵੀਡੀਓ ਦੀ ਹੁੰਦੀ ਰਹੀ ਅਤੇ ਟਰੰਪ ਦੀਆਂ ਚੋਣ ਰੈਲੀਆਂ ਦੀ ਜੋ ਆਮ ਕਰਕੇ ਵੱਡੇ-ਵੱਡੇ  ਸਟੇਡੀਅਮਾਂ ਵਿੱਚ ਹੋ ਰਹੀਆਂ ਸਨ।

ਸੰਨ 2020 ਵਿੱਚ ਹਾਲਾਤ ਇਹ ਬਣ ਗਏ ਸਨ ਕਿ ਨਵੰਬਰ ਦੇ ਪਹਿਲੇ ਹਫ਼ਤੇ ਜਦੋਂ ਅਮਰੀਕੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ ਅਤੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਕਿ ਟਰੰਪ ਤੋਂ ਖਹਿੜਾ ਛੁੱਟਿਆ। ਬੀਤੇ ਚਾਰ ਸਾਲਾਂ ਵਿੱਚ ਦੁਨੀਆਂ ਭਰ ਵਿੱਚ ਕੀ ਹੋਇਆ, ਇਸ ਤੋਂ ਆਪ ਸਭ ਭਲੀ-ਭਾਂਤ ਜਾਣੂੰ ਹੀ ਹੋ।    

ਦੂਜੇ ਪਾਸੇ, ਨਿਊਜ਼ੀਲੈਂਡ ਵਿੱਚ ਆਖ਼ਰੀ ਵੋਟਾਂ ਦੀ ਗਿਣਤੀ ਹੋਣ ਤੋਂ ਬਾਅਦ ਲੇਬਰ ਪਾਰਟੀ 65 ਸੀਟਾਂ ਲੈ ਕੇ ਇਤਿਹਾਸਕ ਜਿੱਤ ਵਜੋਂ ਉੱਭਰੀ। ਦੱਸਿਆ ਜਾਂਦਾ ਹੈ ਕਿ ਨਿਊਜ਼ੀਲੈਂਡ ਦੇ ਪਿਛਲੇ ਪੰਜਾਹ ਸਾਲਾਂ ਦੇ ਰਾਜਨੀਤਕ ਇਤਿਹਾਸ ਵਿੱਚ ਵਿੱਚ ਕਿਸੇ ਵੀ ਇੱਕ ਪਾਰਟੀ ਨੇ ਏਨੀਆਂ ਸੀਟਾਂ ਨਹੀਂ ਜਿੱਤੀਆਂ ਅਤੇ ਖ਼ਾਸ ਤੌਰ ਤੇ ਸੰਨ 1996 ਤੋਂ ਬਾਅਦ ਜਦ ਇੱਥੇ ਐਮਐਮਪੀ ਪ੍ਰਣਾਲੀ ਲਾਗੂ ਕਰ ਦਿੱਤੀ ਗਈ ਸੀ। ਸੰਨ 1996 ਤੋਂ ਬਾਅਦ ਤਾਂ ਐਮਐਮਪੀ ਪ੍ਰਣਾਲੀ ਹੇਠ ਹਮੇਸ਼ਾਂ ਗਠਬੰਧਨ ਸਰਕਾਰ ਹੀ ਬਣਦੀ ਰਹੀ ਹੈ। ਇਹ ਐਮਐਮਪੀ ਚੋਣ ਦਾ ਸਿਸਟਮ ਦੁਨੀਆ ਵਿਚ ਸਿਰਫ ਨਿਊਜ਼ੀਲੈਂਡ ਅਤੇ ਜਰਮਨੀ ਦੇ ਵਿੱਚ ਹੀ ਵਰਤਿਆ ਜਾਂਦਾ ਹੈ। ਐਮਐਮਪੀ ਬਾਰੇ ਪੜ੍ਹਨ ਲਈ ਇੱਥੇ ਕਲਿੱਕ ਕਰੋ।   

Photo by cottonbro on Pexels.com

ਹੁਣ ਸੁਆਲ ਇਹ ਏਠਦਾ ਹੈ ਕਿ ਕੀ ਏਨੀਆਂ ਸੀਟਾਂ ਜਿੱਤ ਕੇ ਵਾਕਿਆ ਹੀ ਲੇਬਰ ਪਾਰਟੀ ਕੁਝ ਇਤਿਹਾਸਕ ਫੈਸਲੇ ਲੈ ਸਕੇਗੀ ਜਿਹੜੇ ਵਿੱਚੇ ਹੀ ਅਟਕੇ ਪਏ ਹਨ? ਇਸ ਗੱਲ ਦਾ ਕੋਈ ਆਸਾਰ ਨਜ਼ਰ ਨਹੀਂ ਆ ਰਿਹਾ ਹੈ।

ਮੁੱਖ ਤੌਰ ਤੇ ਤਿੰਨ ਫੈਸਲਿਆਂ ਦਾ ਜ਼ਿਕਰ ਜ਼ਰੂਰੀ ਹੈ ਜਿਨ੍ਹਾਂ ਵਿੱਚ ਆਮਦਨ ਟੈਕਸ, ਜਾਇਦਾਦ ਟੈਕਸ ਅਤੇ ਆਬੋ-ਹਵਾ ਅਤੇ ਪ੍ਰਦੂਸ਼ਣ ਦੇ ਬਾਰੇ ਹੋਰ ਸਖ਼ਤ ਕਾਨੂੰਨ ਅਤੇ ਕਰੜੇ ਵਿਧਾਨ ਸ਼ਾਮਲ ਹਨ।    

ਨਿਊਜ਼ੀਲੈਂਡ ਵਿੱਚ ਆਮ ਤੌਰ ਤੇ ਕੇਂਦਰ ਤੋਂ ਸੱਜੇ-ਪੱਖੀ ਧਿਰ ਵਜੋਂ ਜਾਣੇ ਜਾਣ ਵਾਲੀ ਨੈਸ਼ਨਲ ਪਾਰਟੀ ਦੇ ਐੱਮਪੀ ਘਟ ਕੇ 33 ਹੀ ਰਹਿ ਗਏ ਹਨ ਜੋ ਲੇਬਰ ਪਾਰਟੀ ਦੇ ਐਮ ਪੀਆਂ ਤੋਂ ਅੱਧੇ ਹੀ ਹਨ। ਪਰ ਲੱਗਦਾ ਹੈ ਕਿ ਨੈਸ਼ਨਲ ਦੇ ਇਨ੍ਹਾਂ 33 ਐਮ ਪੀਆਂ ਨੂੰ ਅਗਲੇ ਤਿੰਨ ਸਾਲਾਂ ਦੌਰਾਨ ਲੇਬਰ ਪਾਰਟੀ ਨੂੰ ਨੁੱਕਰ ਵਿੱਚ ਦਬੱਲੀ ਰੱਖਣ ਲਈ ਬਹੁਤੀ ਮਿਹਨਤ ਨਹੀਂ ਕਰਨੀ ਪਏਗੀ।   

ਇਸ ਦਾ ਮੁੱਖ ਕਾਰਨ ਇਹ ਹੈ ਕਿ ਆਮ ਤੌਰ ਤੇ ਕੇਂਦਰ ਤੋਂ ਖੱਬੇ-ਪੱਖੀ ਧਿਰ ਵਜੋਂ ਜਾਣੇ ਜਾਣ ਵਾਲੀ ਲੇਬਰ ਪਾਰਟੀ ਹੁਣ ਕੇਂਦਰ ਤੋਂ ਸੱਜੇ-ਪੱਖ ਵੱਲ ਵੱਧਦੀ ਹੋਈ ਨੈਸ਼ਨਲ ਨੂੰ ਵੀ ਪਿੱਛੇ ਛੱਡਦੀ ਲੱਗ ਰਹੀ ਹੈ। ਲੇਬਰ ਪਾਰਟੀ ਨੇ ਤਾਂ ਆਪਣੇ ਪਿਛਲੇ ਤਿੰਨ ਸਾਲ ਦੇ ਰਾਜਕਾਲ ਦੌਰਾਨ ਘਰ-ਉਸਾਰੀ ਦੇ ਆਪਣੇ ਟੀਚੇ ਵੀ ਪੂਰੇ ਨਹੀਂ ਸਨ ਕੀਤੇ। ਰਾਜਪਾਟ ਦੇ ਹਿਰਸ ਵਿੱਚ ਲੇਬਰ ਨੇ ਤਾਂ ਇਥੋਂ ਤੱਕ ਐਲਾਨ ਕਰ ਦਿੱਤਾ ਕਿ ਉਹ ਜੇ ਜਿੱਤੇ ਤਾਂ ਟੈਕਸਾਂ ਵੱਲ ਝਾਕਣਗੇ ਵੀ ਨਹੀਂ।    

ਨਿਊਜ਼ੀਲੈਂਡ ਵਿੱਚ ਘਰਾਂ ਦੀ ਬਹੁਤ ਥੋੜ੍ਹ ਹੈ ਅਤੇ ਇਸੇ ਕਰਕੇ ਇੱਥੇ ਘਰਾਂ ਦਾ ਮੁੱਲ ਅਸਮਾਨ ਛੂਹ ਰਿਹਾ ਹੈ। ਆਕਲੈਂਡ ਵਰਗੇ ਵੱਡੇ ਸ਼ਹਿਰ ਦੇ ਵਿਚ ਹੁਣ ਔਸਤਨ ਘਰ ਦੀ ਕੀਮਤ ਦੱਸ ਲੱਖ ਡਾਲਰ ਤੋਂ ਵਧ ਚੁੱਕੀ ਹੈ।   

ਕੋਈ ਜਾਇਦਾਦ ਟੈਕਸ ਨਾ ਹੋਣ ਕਰਕੇ ਹਰ ਕੋਈ ਖੱਟੀ ਖਾਤਰ ਘਰਾਂ ਵਿੱਚ ਹੀ ਨਿਵੇਸ਼ ਕਰ ਰਿਹਾ ਹੈ। ਘਰਾਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਕਰਕੇ ਮੈਨੂੰ ਇਹ ਗੱਲ ਕਹਿਣ ਵਿੱਚ ਕੋਈ ਹਰਜ ਨਹੀਂ ਹੋ ਰਿਹਾ ਕਿ ਨਿਊਜ਼ੀਲੈਂਡ ਦੇ ਵਿਚ ਜਾਇਦਾਦ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹੋ ਚੁੱਕੀਆਂ ਹਨ। ਹੁਣ ਤੁਸੀਂ ਆਪ ਹੀ ਸੋਚੋ ਕਿ ਜੇਕਰ ਟੈਕਸਾਂ ਅਤੇ ਜਾਇਦਾਦਾਂ ਬਾਰੇ ਕੋਈ ਫੈਸਲੇ ਹੀ ਨਾ ਲਏ ਜਾਣ ਅਤੇ ਹਰ-ਉਸਾਰੀ ਦੇ ਪਿਛਲੇ ਟੀਚੇ ਵੀ ਨਾ ਪੂਰੇ ਹੋਏ ਹੋਣ ਤਾਂ ਕੀ ਓਨ੍ਹਾਂ ਮਸਲਿਆਂ ਦਾ ਕੋਈ ਹੱਲ ਨਿਕਲੇਗਾ?   

ਇਸ ਤੋਂ ਇਲਾਵਾ ਭਾਰਤੀ ਮੂਲ ਦੀ ਸਾਬਕਾ ਐਮਪੀ ਪਰਮਜੀਤ ਪਰਮਾਰ (ਇਸ ਵਾਰ ਐਮ ਪੀ ਬਣਨ ਦਾ ਮੌਕਾ ਨਹੀਂ ਲੱਗਾ) ਨੇ ਨਿਊਜ਼ੀਲੈਂਡ ਹੈਰਲਡ ਵਿਚ ਇਕ ਲੇਖ ਲਿਖਿਆ ਹੈ ਜਿਸ ਵਿੱਚ ਉਨ੍ਹਾਂ ਇਹ ਗੱਲ ਸਾਹਮਣੇ ਰੱਖੀ ਕਿ ਨੈਸ਼ਨਲ ਪਾਰਟੀ ਕਿਉਂ ਸੋਚ ਰਹੀ ਸੀ ਕਿ ਇਹ 2020 ਦੀਆਂ ਚੋਣਾਂ ਜਿੱਤ ਜਾਵੇਗੀ। 

ਦਰਅਸਲ, 2017 ਦੀਆਂ ਚੋਣਾਂ ਦੌਰਾਨ ਨੈਸ਼ਨਲ ਨੇ 56 ਸੀਟਾਂ ਜਿੱਤੀਆਂ ਸਨ ਤੇ ਲੇਬਰ ਨੇ 46। ਪਰ ਲੇਬਰ ਨੇ ਨਿਊਜ਼ੀਲੈਂਡ ਫੱਸਟ (9 ਸੀਟਾਂ) ਅਤੇ ਗਰੀਨ (8 ਸੀਟਾਂ) ਨਾਲ ਰਲ਼ ਕੇ ਗਠਬੰਧਨ ਸਰਕਾਰ ਬਣਾ ਲਈ ਸੀ। ਨੈਸ਼ਨਲ ਤਾਂ ਪਿਛਲੇ ਤਿੰਨ ਸਾਲ ਇਹੀ ਸੋਚਦੀ ਰਹੀ ਕਿ 2020 ਵਿੱਚ ਵੀ ਉਹ ਮੋਹਰੀ ਬਣੀ ਰਹੇਗੀ। 

ਅਜਿਹੀ ਸੋਚ ਲੈ ਕੇ ਨੈਸ਼ਨਲ ਨਿੱਸਲ ਅਤੇ ਆਲਸੀ ਹੋ ਕੇ ਬੈਠ ਗਈ ਕਿ ਚਲੋ ਅਗਲੀ ਵਾਰ ਤਾਂ ਰਾਜਪਾਟ ਮੁੜ ਹੀ ਆਉਣਾ ਹੈ। ਖ਼ੈਰ, 2020 ਦੇ ਚੋਣ ਨਤੀਜੇ ਜੋ ਵੀ ਰਹੇ ਹੋਣ, ਲੱਗਦਾ ਹੈ ਕਿ ਅਗਲੇ ਤਿੰਨ ਸਾਲ ਦੇ ਰਾਜਪਾਟ ਦੌਰਾਨ ਨਿਊਜ਼ੀਲੈਂਡ ਦੀ ਲੇਬਰ ਪਾਰਟੀ, ਨੈਸ਼ਨਲ ਪਾਰਟੀ ਦੀਆਂ ਨੀਤੀਆਂ ਤੇ ਹੀ ਪਹਿਰਾ ਦਿੰਦੀ ਰਹੇਗੀ।  

Posted in ਚਰਚਾ

1975-77 ਦੀ ਐਮਰਜੈਂਸੀ ਦਾ ਦੂਜਾ ਪਾਸਾ

ਮੈਂ ਹਾਲ ਵਿੱਚ ਹੀ ਇਕ ਬਹੁਤ ਦਿਲਚਸਪ ਲੇਖ ਪੜ੍ਹਿਆ ਹੈ। ਕ੍ਰਿਸਤੌਫ਼ ਜਾਫਰਲੋ ਨਾਲ ਹੱਥਲਾ ਸੰਵਾਦ ਰੂਪੀ ਲੇਖ 1975-77 ਵਿੱਚ ਭਾਰਤ ਵਿੱਚ ਲੱਗੀ ਐਮਰਜੈਂਸੀ ਬਾਰੇ ਹੈ। ਇਸ ਸੰਵਾਦ ਨੂੰ ਪੜ੍ਹਣ ਤੋਂ ਬਾਅਦ ਇਹ ਵੀ ਪਤਾ ਲੱਗਦਾ ਹੈ ਕਿ ਉਸ ਵੇਲ਼ੇ ਪੜਦੇ ਪਿੱਛੇ ਕੀ-ਕੀ ਹੋ ਰਿਹਾ ਸੀ ਅਤੇ ਹੋਰ ਵੀ 1975-77 ਦੀ ਐਮਰਜੈਂਸੀ ਬਾਰੇ ਬਹੁਤ ਕੁਝ ਜੋ ਅੱਜ ਤੱਕ ਕਦੀ ਲਿਖਿਆ ਹੀ ਨਹੀਂ ਗਿਆ ਸੀ।

ਇਹ ਸੰਵਾਦ ਰੂਪੀ ਲੇਖ ਅੱਜ ਦੇ ਪੰਜਾਬ ਕਿਸਾਨ ਮੋਰਚੇ ਨੂੰ ਸਮਝਣ ਵਿੱਚ ਵੀ ਸਹਾਇਤਾ ਕਰਦਾ ਹੈ। ਸਪੱਸ਼ਟ ਹੈ ਕਿ ਜਿੱਥੇ ਸ਼ੰਭੂ ਇਕੱਠੇ ਹੋਣ ਵਾਲੇ ਕਿਸਾਨ ਭਾਰਤ ਦੀ ਕੇਂਦਰ ਸਰਕਾਰ ਦੇ ਖੇਤੀ ਕਨੂੰਨਾਂ ਦੇ ਖਿਲਾਫ਼ ਕੁਦਰਤੀ-ਪ੍ਰਵਾਹ ਦਾ ਰੂਪ ਹਨ, ਉਥੇ ਹੀ ਸ਼ੰਭੂ ਵਿਖੇ ਪੈਦਾ ਹੋ ਰਹੀ ਨੇਤਾਗਿਰੀ ਅਤੇ ਸਮਾਜਕ ਮਾਧਿਅਮਾਂ ਰਾਹੀਂ ਇਸ ਨੇਤਾਗਿਰੀ ਨੂੰ ਦਿੱਤਾ ਜਾ ਰਿਹਾ ਵੱਡਾ ਆਕਾਰ, ਪਿੱਛਵਾੜੇ ਵਿੱਚ ਭਾਜਪਾਈ ਤੰਦਾਂ ਨਾਲ ਹੀ ਬੱਝਾ ਜਾਪਦਾ ਹੈ। ਪੰਜਾਬ ਦੀਆਂ 2022 ਦੀਆਂ ਚੋਣਾਂ ਬਹੁਤ ਦਿਲਚਸਪ ਰਹਿਣਗੀਆਂ!

ਲੇਖ ਪੜ੍ਹਨ ਲਈ ਤਸਵੀਰ ਥੱਲੜੇ ਲਿੰਕ ਨੂੰ ਕਲਿੱਕ ਕਰੋ:

aa3d60cc-462c-44b4-a0f8-cd1dd8ed93aa_391x612.jpeg

Friday Q&A: Christophe Jaffrelot on what we misunderstand about the Emergency – and how it is relevant in Modi’s India – The Political Fix

Plus links on the Bihar elections, the Arnab Goswami arrest and more.

https://thepoliticalfix.substack.com/p/friday-q-and-a-christophe-jaffrelot