Posted in ਚਰਚਾ

ਤਿਉਹਾਰ ਅਤੇ ਸਭਿਆਚਾਰ

ਪਿਛਲੇ ਕੁਝ ਸਾਲਾਂ ਤੋਂ ਹਰ ਸਾਲ ਹੀ ਇਸ ਮਹੀਨੇ ਦੌਰਾਨ ਸਮਾਜਕ ਮਾਧਿਅਮ ਉੱਤੇ ਸਿੱਖ ਨਜ਼ਰੀਏ ਤੋਂ ਇਸ ਗੱਲ ਦੀ ਚਰਚਾ ਹੋਣ ਲੱਗ ਪੈਂਦੀ ਹੈ ਕਿ ਕੀ ਦਿਵਾਲੀ ਸਾਡਾ ਤਿਉਹਾਰ ਹੈ ਕਿ ਨਹੀਂ ਹੈ? ਇਸ ਨੂੰ ਮਨਾਉਣਾ ਚਾਹੀਦਾ ਹੈ ਕਿ ਨਹੀਂ ਮਨਾਉਣਾ ਚਾਹੀਦਾ ਹੈ?   

ਦਿਨ-ਤਿਉਹਾਰ ਸਮਾਜਕ ਰਹੁ-ਰੀਤਾਂ ਹੁੰਦੀਆਂ ਹਨ ਤੇ ਧਾਰਮਕ ਵੀ। ਉਸੇ ਦਾਇਰੇ ਵਿੱਚ ਰਹਿ ਕੇ ਹੀ ਇਸ ਵਿਸ਼ੇ ਦੇ ਬਾਰੇ ਕੋਈ ਗੱਲ ਕਰਨੀ ਚਾਹੀਦੀ ਹੈ। ਪਰ ਦੀਵਾਲੀ ਦੀ ਗੱਲ ਤੇ ਕਈ ਵਾਰੀ ਇਸ ਕਰਕੇ ਵੀ ਭੰਬਲਭੂਸਾ ਪੈ ਜਾਂਦਾ ਹੈ ਕਿ ਦੀਵਾਲੀ ਨੂੰ ਕੁਝ ਅਰਸੇ ਤੋਂ ਬੰਦੀ ਛੋੜ ਦਿਵਸ ਤੇ ਤੌਰ ਤੇ ਵੀ ਮਨਾਇਆ ਜਾਣ ਲੱਗ ਪਿਆ ਹੈ। ਇਹ ਬੰਦੀ ਛੋੜ ਦਾ ਨਾਮਕਰਨ 40-50 ਸਾਲ ਤੋਂ ਵੱਧ ਪੁਰਾਣਾ ਨਹੀਂ ਹੈ।

ਅਸਲੀਅਤ ਤਾਂ ਇਹ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਤੋਂ ਫੱਗਣ ਦੇ ਮਹੀਨੇ ਵਿੱਚ ਰਿਹਾਅ ਹੋ ਕੇ ਆਏ ਸਨ ਜੋ ਕਿ ਅੰਗਰੇਜ਼ੀ ਮਹੀਨਾ ਫਰਵਰੀ ਬਣਦਾ ਹੈ। ਪਰ ਗੁਰੂ ਨਾਨਕ ਸਾਹਿਬ ਨੇ ਵੀ ਮੁਗ਼ਲਾਂ ਦੀ ਕੈਦ ਕੱਟੀ ਸੀ। ਉਨ੍ਹਾਂ ਬਾਰੇ ਕੋਈ ਗੱਲ ਹੀ ਨਹੀਂ ਕਰਦਾ। ਬੰਦੀ ਛੋੜ ਨੂੰ ਦੀਵਾਲੀ ਦੇ ਨਾਲ ਜੋੜ ਦੇਣ ਦਾ ਕੋਈ ਤਰਕ ਸਮਝ ਨਹੀਂ ਆਉਂਦਾ ਕਿ ਇਸ ਤਰ੍ਹਾਂ ਕਿਉਂ ਕੀਤਾ ਗਿਆ?   

ਦੁਨੀਆਂ ਵਿੱਚ ਯੂਰਪੀ ਲੋਕਾਂ ਨੇ ਜਿੱਥੇ-ਜਿੱਥੇ ਵੀ ਬਸਤੀਆਂ ਬਣਾਈਆਂ ਭਾਵੇਂ ਉਹ ਏਸ਼ੀਆ ਹੋਵੇ ਜਾਂ ਅਫ਼ਰੀਕਾ ਹੋਵੇ ਤੇ ਜਾਂ ਹੋਵੇ ਅਮਰੀਕਾ, ਜਿੱਥੇ-ਜਿੱਥੇ ਇਸਾਈ ਧਰਮ ਦਾ ਪ੍ਰਚਾਰ ਜ਼ਿਆਦਾ ਹੋ ਗਿਆ ਅਤੇ ਸਥਾਨਕ ਅਬਾਦੀ ਇਸਾਈ ਬਣ ਗਈ ਹੋਵੇ ਉੱਥੇ ਉਨ੍ਹਾਂ ਲੋਕਾਂ ਨੇ ਆਪਣੇ ਸਥਾਨਕ ਦਿਨ-ਤਿਉਹਾਰ ਵੀ ਕ੍ਰਿਸਮਸ ਦੇ ਦੁਆਲੇ ਲਿਆ ਖੜ੍ਹੇ ਕੀਤੇ। ਇਸੇ ਤਰਜ਼ ਤੇ ਜੇਕਰ ਬੰਦੀ ਛੋੜ ਦਿਵਸ ਨੂੰ ਦੀਵਾਲੀ ਦੁਆਲੇ ਬੰਨ੍ਹ ਦਿੱਤਾ ਗਿਆ ਹੈ ਤਾਂ ਕੀ ਇਹ ਗ਼ੁਲਾਮ ਮਾਨਸਿਕਤਾ ਦੀ ਨਿਸ਼ਾਨੀ ਨਹੀਂ ਹੈ? ਪਰ ਜੇਕਰ ਦਿਵਾਲੀ ਦਾ ਕੋਈ ਸਮਾਜਕ-ਸਭਿਆਚਾਰਕ ਪੱਖ ਹੈ ਤਾਂ ਉਸ ਨੂੰ ਉਸੇ ਰੂਪ ਵਿੱਚ ਹੀ ਕ਼ਬੂਲ ਕਰਨਾ ਚਾਹੀਦਾ ਹੈ ਅਤੇ ਮਨਾਉਣਾ ਚਾਹੀਦਾ ਹੈ।    

Photo by Rakicevic Nenad on Pexels.com

ਪਿਛਲੇ ਤਿੰਨ-ਚਾਰ ਸਾਲ ਤੋਂ ਇਕ ਹੋਰ ਚਰਚਾ ਦਾ ਵੀ ਜਨਮ ਹੋਇਆ ਹੈ। ਇਹ ਚਰਚਾ ਵੀ ਅੱਜ-ਕੱਲ੍ਹ ਦੇ ਦਿਨਾਂ ਵਿੱਚ ਹੀ ਹੁੰਦੀ ਹੈ। ਇਸ ਚਰਚਾ ਦੀ ਸਮਾਜਕ ਮਾਧਿਅਮ ਉੱਤੇ ਉਦੋਂ ਸ਼ੁਰੂਆਤ ਹੋਈ ਸੀ ਜਦੋਂ ਵੈਨਕੂਵਰ, ਕੈਨੇਡਾ ਦੇ ਢਾਹਾਂ ਗਰੁੱਪ ਨੇ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖੇ ਬਲਦੇਵ ਸਿੰਘ ਦੇ ਨਾਵਲ “ਸੂਰਜ ਦੀ ਅੱਖ” ਨੂੰ ਹਜ਼ਾਰਾਂ ਡਾਲਰਾਂ ਦਾ ਇਨਾਮ ਦਿੱਤਾ।    

ਸੂਰਜ ਦੀ ਅੱਖ ਨਾਵਲ ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਕਾਫ਼ੀ ਨਕਾਰਾਤਮਕ ਤੌਰ ਤੇ ਪੇਸ਼ ਕੀਤਾ ਗਿਆ ਹੈ। ਸਿੱਖ ਜਗਤ ਦੇ ਵਿਚ ਇਸ ਗੱਲ ਦਾ ਕਾਫ਼ੀ ਰੋਸ ਹੈ ਕਿ ਬਲਦੇਵ ਸਿੰਘ ਨੂੰ ਇਨਾਮ ਕਿਉਂ ਦਿੱਤਾ ਗਿਆ?   

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਮਿਸਾਲ ਲਾਸਾਨੀ ਹੈ। ਜ਼ਾਹਰ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਲਈ ਸਤਿਕਾਰ ਨਾ ਰੱਖਣ ਵਾਲੇ ਲੋਕ ਉਸ ਨਾਲ ਢਿੱਡੋਂ ਈਰਖਾ ਕਰਦੇ ਹਨ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਰੋਸ ਜਾਂ ਧਮਕੀਆਂ ਤੇ ਹੀ ਜ਼ੋਰ ਦੇਈ ਰੱਖੋ। 

ਇਸ ਸਾਲ ਬੀ ਬੀ ਸੀ ਪੰਜਾਬੀ ਨੇ ਮੋਰਾਂ ਮਾਈ ਨੂੰ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੇ ਲੇਖ ਲਿਖ ਦਿੱਤਾ ਤਾਂ ਸਮਾਜਕ ਮਾਧਿਅਮ ਉੱਤੇ ਬੀ ਬੀ ਸੀ ਪੰਜਾਬੀ ਖਿਲਾਫ਼ ਰੋਸ ਸ਼ੁਰੂ ਹੋ ਗਿਆ। 

ਚਾਹੀਦਾ ਤਾਂ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਨ ਵੱਡੇ ਪੱਧਰ ਤੇ ਮਨਾਇਆ ਜਾਵੇ। ਯਾਦਗਾਰੀ ਭਾਸ਼ਣ ਹੋਣ। ਖੇਡ ਮੁਕਾਬਲੇ ਹੋਣ। ਮੇਲੇ ਭਖਣ। ਪਰ ਹਰ ਸਾਲ ਸਮਾਜਕ ਮਾਧਿਅਮ ਤੇ ਕੁੜ੍ਹੀ ਜਾਣਾ ਸਿਆਣਪ ਦੀ ਨਿਸ਼ਾਨੀ ਨਹੀਂ ਹੈ।  

ਹਰ ਚੀਜ਼ ਨੂੰ ਜੇ ਧਾਰਮਕ ਰੰਗਤ ਵਿੱਚ ਬੰਨ੍ਹ ਦਿੱਤਾ ਜਾਵੇ ਤਾਂ ਉਸ ਦੀ ਸਮਾਜਕ-ਸਭਿਆਚਾਰਕ ਕੜੀ ਟੁੱਟ ਜਾਵੇਗੀ ਅਤੇ ਲੋਕ ਆਪ ਮੁਹਾਰੇ ਹੀ ਹੋਰ ਸਮਾਜਕ-ਸਭਿਆਚਾਰਕ ਦਿਨ-ਤਿਉਹਾਰਾਂ ਵੱਲ ਖਿੱਚੇ ਜਾਣਗੇ। ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬ ਦਾ ਮੁੱਖ ਤਿਉਹਾਰ ਵਸਾਖੀ ਸਿਰਫ ਧਾਰਮਕ ਰੰਗਤ ਵਿੱਚ ਹੀ ਬੱਝ ਕੇ ਰਹਿ ਗਿਆ ਹੈ। ਲੋੜ ਹੈ ਵਸਾਖੀ ਦਾ ਸਮਾਜਕ-ਸਭਿਆਚਾਰ ਪੱਖ ਮੁੜ ਸੁਰਜੀਤ ਕੀਤਾ ਜਾਵੇ ਤਾਂ ਕਿ ਇਸ ਗੱਲ ਦੀ ਟੈਂਅ-ਟੈਂਅ ਖ਼ਤਮ ਹੋਵੇ ਕਿ ਕਿਹੜਾ ਕਿਸਦਾ ਦਿਨ-ਤਿਉਹਾਰ ਹੈ!