ਪੱਛਮੀ ਦੁਨੀਆਂ ਦੇ ਮੁਲਕਾਂ ਵਿੱਚ ਅਕਸਰ ਜਦੋਂ ਕੋਈ ਸਰਕਾਰੇ-ਦਰਬਾਰੇ ਮੰਗ ਰੱਖਣੀ ਹੁੰਦੀ ਹੈ ਤਾਂ ਪੰਜਾਬੀ ਬੋਲਣ ਵਾਲੇ ਜਾਂ ਖਾਸ ਤੌਰ ਤੇ ਸਿੱਖ ਭਾਈਚਾਰੇ ਦੀ ਗਿਣਤੀ ਦੇ ਉੱਪਰ ਜ਼ੋਰ ਪਾ ਕੇ ਕਈ ਮੰਗਾਂ ਰੱਖ ਦਿੱਤੀਆਂ ਜਾਂਦੀਆਂ ਹਨ।
ਪਰ ਅਮਲੀ ਰੂਪ ਦੇ ਵਿੱਚ ਵੱਡੀ ਗਿਣਤੀ ਹੋਣ ਦੇ ਬਾਵਜੂਦ ਵੀ ਕਈ ਚੀਜ਼ਾਂ ਵਕ਼ਤ ਗੁਜ਼ਰਨ ਨਾਲ ਕਾਮਯਾਬ ਨਹੀਂ ਹੁੰਦੀਆਂ। ਇਸ ਦੀ ਸਭ ਤੋਂ ਵੱਡੀ ਮਿਸਾਲ ਤਾਂ ਇੰਗਲੈਂਡ ਦੇ ਵਿੱਚ ਸਕੂਲ ਪੱਧਰ ਤੇ ਪੰਜਾਬੀ ਪੜ੍ਹਾਉਣ ਦਾ ਪ੍ਰਬੰਧ ਹੈ।
ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਇੰਗਲੈਂਡ ਵਰਗੇ ਮੁਲਕ ਦੇ ਵਿੱਚ ਪੰਜਾਬੀਆਂ ਜਾਂ ਸਿੱਖਾਂ ਦੀ ਗਿਣਤੀ ਕਿਵੇਂ ਲੱਖਾਂ ਦੇ ਵਿੱਚ ਹੈ। ਪਰ ਸਕੂਲ ਪੱਧਰ ਦੇ ਪੰਜਾਬੀ ਇਮਤਿਹਾਨ ਵਿੱਚ ਬੈਠਣ ਵਾਲੇ ਪੰਜਾਬੀ ਮਸੀਂ ਸੌ ਕੁ ਹੀ ਵਿਦਿਆਰਥੀ ਲੱਭਦੇ ਹਨ। ਹਾਲਾਤ ਇੱਥੋਂ ਤੱਕ ਹੋ ਗਏ ਸਨ ਕਿ ਇੱਕ ਵਾਰ ਤਾਂ ਇੰਗਲੈਂਡ ਦੇ ਵਿੱਦਿਆ ਮਹਿਕਮੇ ਨੇ ਸਕੂਲ ਪੱਧਰ ਦੇ ਪੰਜਾਬੀ ਇਮਤਿਹਾਨ ਨੂੰ ਬੰਦ ਕਰਨ ਦਾ ਫੈਸਲਾ ਲੈ ਲਿਆ ਸੀ।
ਪਰ ਜਿਵੇਂ ਕਹਿੰਦੇ ਨੇ ਕਿ ਸਿੱਖਾਂ ਵਿੱਚ ਸ਼ਰਧਾ ਭਾਵਨਾ ਬਹੁਤ ਹੈ ਜੋ ਕਿ ਮੁਜ਼ਾਹਰਿਆਂ ਦੇ ਰੂਪ ਵਿੱਚ ਸੜਕ ਤੇ ਆ ਜਾਂਦੀ ਹੈ ਜਾਂ ਫਿਰ ਪਟੀਸ਼ਨਾਂ ਦੇ ਢੇਰ ਲੱਗ ਜਾਂਦੇ ਹਨ। ਸੋ ਇੰਗਲੈਂਡ ਵਿੱਚ ਸਕੂਲ ਪੱਧਰ ਤੇ ਲੰਙੜਵਾਹ ਹੋਈ ਪੰਜਾਬੀ ਹਾਲੇ ਵੀ ਕਿਸੇ ਨਾ ਕਿਸੇ ਤਰ੍ਹਾਂ ਚੱਲ ਰਹੀ ਹੈ ਪਰ ਪਤਾ ਨਹੀਂ ਕਿੰਨੇ ਕੁ ਸਾਹ ਹਾਲੇ ਬਾਕੀ ਨੇ ਇਸ ਦੇ ਵਿੱਚ?

ਇੱਥੇ ਨਿਊਜ਼ੀਲੈਂਡ ਦੇ ਵਿੱਚ ਵੀ ਪਿੱਛੇ ਜਿਹੇ ਨਿਊਜ਼ੀਲੈਂਡ ਸਿੱਖ ਯੂਥ ਨੇ ਇੱਥੇ ਨਿਊਜ਼ੀਲੈਂਡ ਦੇ ਵਿੱਚ ਸਕੂਲਾਂ ਦੇ ਪੱਧਰ ਦੇ ਉੱਤੇ ਪੰਜਾਬੀ ਭਾਸ਼ਾ ਦੀ ਪੜ੍ਹਾਈ ਨੂੰ ਸ਼ਾਮਲ ਕਰਵਾਉਣ ਦੇ ਲਈ ਭਾਰਤੀ ਜਾਂ ਪੰਜਾਬੀ ਮੂਲ ਦੇ ਮੈਂਬਰ ਪਾਰਲੀਆਮੈਂਟ ਨੂੰ ਇੱਕ ਯਾਦ ਪੱਤਰ ਦਿੱਤਾ।
ਪੰਜਾਬੀ ਭਾਸ਼ਾ ਬਾਰੇ ਇਕ ਜ਼ਿਹਾ ਹੰਭਲਾ ਨਿਊਜ਼ੀਲੈਂਡ ਵਿੱਚ ਅੱਜ ਤੋਂ ਸੋਲਾਂ-ਸਤਾਰਾਂ ਸਾਲ ਪਹਿਲਾਂ ਵੀ ਇੱਕ ਵਾਰ ਵੱਜਾ ਸੀ। ਨਿਊਜ਼ੀਲੈਂਡ ਦੇ ਵਿੱਦਿਆ ਅਫ਼ਸਰਾਂ ਨੇ ਉਦੋਂ ਵੀ ਸਪਸ਼ਟ ਕੀਤਾ ਸੀ ਕਿ ਨਿਊਜ਼ੀਲੈਂਡ ਦੇ ਕਈ ਸਕੂਲਾਂ ਵਿੱਚ ਕੈਂਬਰਿਜ ਪ੍ਰਣਾਲੀ ਚੱਲਦੀ ਹੈ। ਉਥੇ ਇੰਗਲੈਂਡ ਵਾਲਾ ਸਕੂਲ ਪੱਧਰ ਦਾ ਪੰਜਾਬੀ ਇਮਤਿਹਾਨ ਪਾਸ ਕਰਕੇ ਉਸਦੇ ਕਰੈਡਿਟ ਨਿਊਜ਼ੀਲੈਂਡ ਸਕੂਲ ਸਰਟੀਫਿਕੇਟ ਵਿੱਚ ਸ਼ਾਮਲ ਕਰਵਾ ਲਓ।
ਬਸ ਫਿਰ ਕੀ ਸੀ, ਗੱਲ ਆਈ-ਚਲਾਈ ਹੋ ਗਈ। ਇਮਤਿਹਾਨ ਦੇਣ ਵਾਲੇ ਵਿਦਿਆਰਥੀ ਕਿੱਥੋਂ ਲੱਭਣੇ ਸਨ?
ਨਿਊਜ਼ੀਲੈਂਡ ਵਿੱਚ ਮਾਤ ਭਾਸ਼ਾ ਲਈ ਵਜ਼ੀਫਾ ਵੀ ਮਿਲਦਾ ਹੈ ਜਿਹਦੇ ਬਾਰੇ ਮੈਂ ਪਹਿਲਾਂ ਵੀ ਲਿਖ ਚੁੱਕਿਆ ਹਾਂ ਜੋ ਕਿ ਇੱਥੇ ਪੜ੍ਹਿਆ ਜਾ ਸਕਦਾ ਹੈ। ਪਰ ਜੇ ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਵਿੱਚੋਂ ਮਾਤ ਭਾਸ਼ਾ ਲਈ ਉਹ ਵਜ਼ੀਫਾ ਕੋਈ ਲੈ ਹੀ ਨਹੀਂ ਰਿਹਾ ਤਾਂ ਪੰਜਾਬੀ ਨੂੰ ਸਕੂਲ ਪੱਧਰ ਤੇ ਕਾਗਜ਼ਾਂ ਵਿੱਚ ਲਾਗੂ ਕਰਵਾਉਣ ਦਾ ਕੋਈ ਫ਼ਾਇਦਾ ਨਹੀਂ ਹੋਣਾ।