ਅੱਜ ਤੋਂ ਠੀਕ ਇੱਕ ਹਫ਼ਤੇ ਬਾਅਦ ਸ਼ਨਿੱਚਰਵਾਰ, 17 ਅਕਤੂਬਰ 2020 ਨੂੰ ਨਿਊਜ਼ੀਲੈਂਡ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਹੋਣਗੀਆਂ।
ਪਰ ਜ਼ਰੂਰੀ ਨਹੀਂ ਕਿ ਸਿਰਫ ਉਹੀ ਇੱਕ ਦਿਨ ਹੈ ਲੋਕਾਂ ਦੇ ਵੋਟਾਂ ਪਾਉਣ ਦੇ ਲਈ। ਅਗੇਤੀ ਵੋਟ ਪਾਉਣ ਦਾ ਕੰਮ ਤਾਂ ਪਿਛਲੇ ਹਫਤੇ ਤੋਂ ਹੀ ਸ਼ੁਰੂ ਹੋ ਗਿਆ ਹੈ। ਨਿਊਜ਼ੀਲੈਂਡ ਦੇ ਹਰ ਸ਼ਹਿਰ ਅਤੇ ਕਸਬੇ ਵਿੱਚ ਅਗੇਤੀ ਵੋਟ ਪਾਉਣ ਦੇ ਕੇਂਦਰ ਬਣ ਚੁੱਕੇ ਹਨ। ਮੈਂ ਵੀ ਅਗੇਤੀ ਵੋਟ ਪਾਉਣ ਦੀ ਸਹੂਲਤ ਦਾ ਲਾਹਾ ਲੈ ਲਿਆ ਹੈ।

ਇਸ ਵਾਰ ਨਿਊਜ਼ੀਲੈਂਡ ਵਿੱਚ ਵੋਟਾਂ ਦੇ ਦੌਰਾਨ, ਦੋ ਮੁੱਦਿਆਂ ਦੇ ਉੱਤੇ ਜਨਮੱਤ ਵੀ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਦੋਵਾਂ ਜਨਮਤਿਆਂ ਬਾਰੇ ਵਿਸਥਾਰ ਸਾਹਿਤ ਪੜ੍ਹਨ ਲਈ ਇੱਥੇ ਅਤੇ ਇੱਥੇ ਕਲਿੱਕ ਕਰੋ।
ਬੀਤੇ ਕੱਲ੍ਹ, ਮੇਰੀ ਹੈਰਾਨੀ ਦੀ ਉਸ ਵੇਲੇ ਹੱਦ ਨਾ ਰਹੀ ਜਦ ਮੈਂ ਨਿਊਜ਼ੀਲੈਂਡ ਦੇ ਇੱਕ ਪੰਜਾਬੀ ਅਖ਼ਬਾਰ ਦੇ ਵੈੱਬਸਾਈਟ ਦੇ ਉੱਤੇ ਨਿਊਜ਼ੀਲੈਂਡ ਦੀ ਇੱਕ ਸਿੱਖ ਸੰਸਥਾ ਵੱਲੋਂ ਇਨ੍ਹਾਂ ਦੋ ਜਨਮਤਿਆਂ ਵਿੱਚੋਂ ਇੱਕ ਦੇ ਉੱਤੇ ਦਿੱਤੇ ਫ਼ਰਮਾਨ ਨੂੰ ਪੜ੍ਹਿਆ। ਇੱਕ ਜਨਮਤੇ ਬਾਰੇ ਜੋ ਫ਼ਰਮਾਨ ਦਿੱਤਾ ਗਿਆ ਸੀ ਉਹਦੇ ਹੱਕ ਵਿੱਚ ਇਸ ਸੰਸਥਾ ਦੇ ਬੁਲਾਰੇ ਨੇ ਗੁਰਬਾਣੀ ਦੀਆਂ ਦੋ ਤੁਕਾਂ ਵੀ ਦਿੱਤੀਆਂ ਹੋਈਆਂ ਸਨ।
ਮੈਂ ਇਨ੍ਹਾਂ ਤੁਕਾਂ ਨੂੰ ਲੈ ਕੇ ਅੱਗੇ ਕੋਈ ਵਿਚਾਰ ਵਟਾਂਦਰਾ ਇੱਥੇ ਨਹੀਂ ਕਰਾਂਗਾ, ਕਿਉਂਕਿ ਅਜਿਹੀਆਂ ਸਿੱਖ ਸੰਸਥਾਵਾਂ ਜਿਹੜੀਆਂ ਡੇਰਿਆਂ ਅਤੇ ਸੰਪ੍ਰਦਾਵਾਂ ਨਾਲ ਸਬੰਧਤ ਹੁੰਦੀਆਂ ਹਨ ਉਹ ਬਿਨਾਂ ਕਿਸੇ ਸੰਦਰਭ ਦੇ ਅਤੇ ਬਿਨਾਂ ਰਹਾਉ ਦੀ ਪੰਗਤੀ ਵੱਲ ਧਿਆਨ ਦਿੱਤਿਆਂ ਆਪਣੀ ਮਨ-ਮਰਜ਼ੀ ਦੇ ਅਰਥ ਕੱਢ ਲੈਂਦੇ ਹਨ।
ਇੱਥੇ ਮੈਂ ਇਹ ਗੱਲ ਇਸ ਕਰਕੇ ਕਰ ਰਿਹਾ ਹਾਂ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੁਗੋ-ਜੁਗ ਅਟਲ ਹਨ ਪਰ ਜੇਕਰ ਅਸੀਂ ਗੁਰਬਾਣੀ ਦੀਆਂ ਤੁਕਾਂ ਨੂੰ ਆਪਣੇ ਨਿੱਜੀ ਨਜ਼ਰੀਏ ਮੁਤਾਬਕ ਇਧਰ-ਉਧਰ ਢਾਲ ਕੇ ਪੇਸ਼ ਕਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਅਸੀਂ ਗੁਰਬਾਣੀ ਨੂੰ ਜੁਗੋ ਜੁਗ ਅਟੱਲ ਜਾਂ ਸਾਰੇ ਜਗਤ ਲਈ ਨਾ ਸਮਝ ਕੇ ਆਪਣੇ ਨਿੱਜੀ ਸੌੜੇ ਵਿਚਾਰਾਂ ਦੇ ਘੇਰੇ ਅੰਦਰ ਹੀ ਬੰਨ੍ਹਣ ਦੀ ਕੋਸ਼ਿਸ਼ ਕਰ ਰਹੇ ਹੋਵਾਂਗੇ।
ਜਨਮੱਤ ਬਾਰੇ ਕਿਸੇ ਸੰਸਥਾ ਦੀ ਰਾਏ ਤੁਸੀਂ ਸਿਰਫ਼ ਇਸ਼ਤਿਹਾਰ ਵੱਜੋਂ ਦੇ ਸਕਦੇ ਹੋ ਅਤੇ ਉਸ ਇਸ਼ਤਿਹਾਰ ਵਿੱਚ ਇਸ਼ਤਿਹਾਰ ਦਾ ਖਰਚਾ ਦੇਣ ਵਾਲੇ ਦੀ ਵੀ ਪਛਾਣ ਕਰਵਾਉਣੀ ਪੈਂਦੀ ਹੈ।
ਨਿਊਜ਼ੀਲੈਂਡ ਦੇ ਕਨੂੰਨ ਮੁਤਾਬਕ ਇਨ੍ਹਾਂ ਜਨਮਤਿਆਂ ਬਾਰੇ ਕੀ ਕੁਝ ਇਸ਼ਤਿਹਾਰ ਨਹੀਂ ਗਿਣਿਆ ਜਾਵੇਗਾ:
- ਇਨ੍ਹਾਂ ਜਨਮਤਿਆਂ ਬਾਰੇ ਜਾਣੂੰ ਕਰਵਾਉਣ ਲਈ ਖ਼ਬਰਾਂ,
- ਇਨ੍ਹਾਂ ਜਨਮਤਿਆਂ ਬਾਰੇ ਸਰਕਾਰੀ ਜਾਣਕਾਰੀ,
- ਇਨ੍ਹਾਂ ਜਨਮਤਿਆਂ ਬਾਰੇ ਕਿਸੇ ਵੀ ਨਾਗਰਿਕ ਦੇ ਨਿੱਜੀ ਵਿਚਾਰ ਬਸ਼ਰਤੇ ਕਿ ਇਨ੍ਹਾਂ ਵਿਚਾਰਾਂ ਲਈ ਉਸ ਨੂੰ ਕਿਸੇ ਕਿਸਮ ਦਾ ਕੋਈ ਭੁਗਤਾਨ ਨਾ ਕੀਤਾ ਗਿਆ ਹੋਵੇ, ਅਤੇ
- ਕਿਸੇ ਐਮ ਪੀ ਦਾ ਸਿਰਨਾਵਾਂ ਛਾਪਣਾ।
ਸੋ ਜ਼ਰੂਰੀ ਹੈ ਕਿ ਤੁਸੀਂ ਉੱਪਰ ਦਿੱਤੇ ਲਿੰਕ ਮੁਤਾਬਕ ਇਨ੍ਹਾਂ ਜਨਮਤਿਆਂ ਬਾਰੇ ਗੰਭੀਰ ਹੋ ਕੇ ਚੰਗੀ ਤਰ੍ਹਾਂ ਪੜ੍ਹੋ ਅਤੇ ਆਪਣਾ ਪੱਖ ਵਿਚਾਰੋ। ਆਪਣੀ ਸੋਚ ਅਤੇ ਸਮਝ ਮੁਤਾਬਕ ਇਨ੍ਹਾਂ ਜਨਮਤਿਆਂ ਬਾਰੇ ਤੁਸੀਂ ਆਪਣਾ ਨਿੱਜੀ ਵਿਚਾਰ ਬਣਾਓ ਅਤੇ ਉਸੇ ਅਨੁਸਾਰ ਹੀ ਵੋਟ ਪਾਓ।