ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਦੇ ਨਾਂ ਖੁੱਲ੍ਹੀ ਚਿੱਠੀ
ਮਾਣਯੋਗ ਪ੍ਰੋ: ਅਰਵਿੰਦ ਜੀਓ,
ਅਪ੍ਰੈਲ 2021 ਦੇ ਆਖ਼ਰੀ ਹਫ਼ਤੇ ਦੌਰਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ ਕੁਲਪਤੀ ਵੱਜੋਂ ਅਹੁਦਾ ਸੰਭਾਲਣ ਤੇ ਤੁਹਾਨੂੰ ਬਹੁਤ-ਬਹੁਤ ਵਧਾਈ। ਇਹ ਵੀ ਪਤਾ ਲੱਗਿਆ ਸੀ ਅਹੁਦਾ ਸੰਭਾਲਣ ਵਾਲੇ ਦਿਨ ਹੀ ਤੁਹਾਨੂੰ ਧਰਨਾਕਾਰੀਆਂ ਨੁੂੰ ਭਰੋਸਾ ਦੇਣਾ ਪਿਆ ਸੀ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਲਈ ਮਸਲੇ ਤਾਂ ਹੋਰ ਵੀ ਬਹੁਤ ਹੋਣਗੇ ਪਰ ਮੈਂ ਇੱਥੇ ਗੱਲ ਸਿਰਫ਼ ਪੰਜਾਬੀ ਭਾਸ਼ਾ ਤਕ ਹੀ ਮਹਿਦੂਦ ਰੱਖਾਂਗਾ। ਪੰਜਾਬੀ ਭਾਸ਼ਾ ਦੀ ਤਰੱਕੀ ਦੇ ਨਾਂ ਤੇ ਜੇ ਕਰ ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਤਕਨਾਲੋਜੀ ਦੇ ਪ੍ਰੋਫੈਸਰਾਂ ਨਾਲ ਗੱਲ ਕਰੀਏ ਤਾਂ ਇਹੀ ਸੁਣਨ ਨੂੰ ਮਿਲਦਾ ਹੈ ਕਿ ਉਨ੍ਹਾਂ ਪ੍ਰੋਫੈਸਰਾਂ ਨੇ ਪੰਜਾਬੀ ਭਾਸ਼ਾ ਦੇ ਤਕਨਾਲੋਜੀ ਦੇ ਖੇਤਰ ਵਿੱਚ ਸਾਰੇ ਕੰਮ ਨੇਪਰੇ ਚਾੜ੍ਹ ਦਿੱਤੇ ਹੋਏ ਹਨ ਅਤੇ ਉਹ ਹੁਣ ਸੁਰਖ਼ਰੂ ਹੋਏ ਘੂਕੀ ਵਾਲੀ ਮਦਹੋਸ਼ੀ ਵਿੱਚ ਵਿਚਰ ਰਹੇ ਹਨ।
ਇਹ ਜਾਣਕਾਰੀ ਹਾਸਲ ਕਰਕੇ ਮੈਂ ਚਾਈਂ-ਚਾਈਂ ਆਪਣੇ ਕੰਪਿਊਟਰ ਤੇ ਕ੍ਰੋਮ ਬਰਾਊਜ਼ਰ ਤੇ ਗੂਗਲ ਡੌਕ ਖੋਲ੍ਹ ਕੇ ਟੂਲਜ਼ ਤੇ ਕਲਿੱਕ ਕਰਨ ਤੋਂ ਬਾਅਦ ਬੋਲ ਕੇ ਟਾਈਪ ਕਰਨ ਵਾਲੀ ਮੱਦ ਉੱਤੇ ਕਲਿੱਕ ਕੀਤਾ। ਪ੍ਰੋ: ਅਰਵਿੰਦ, ਯਕੀਨ ਮੰਨਿਓ ਕਿ ਇਸ ਕਲਿੱਕ ਤੋਂ ਬਾਅਦ ਜਿਹੜੀ ਭਾਸ਼ਾਵਾਂ ਦੀ ਸੂਚੀ ਖੁੱਲੀ ਉਸ ਵਿੱਚ ਦੁਨੀਆਂ ਭਰ ਦੀਆਂ ਹੀ ਨਹੀਂ ਸਗੋਂ ਭਾਰਤ ਦੀਆਂ ਵੀ ਲਗਭਗ ਸਾਰੀਆਂ ਹੀ ਭਾਸ਼ਾਵਾਂ ਸਨ। ਮੈਂ ਲਗਭਗ ਇਸ ਲਈ ਕਿਹਾ ਹੈ ਕਿ ਇਸ ਸੂਚੀ ਵਿੱਚ ਮੈਨੂੰ ਪੰਜਾਬੀ ਕਿਤੇ ਵੀ ਨਹੀਂ ਲੱਭੀ।
ਇਸ ਦਾ ਭਲਾ ਕੀ ਕਾਰਨ ਹੋ ਸਕਦਾ ਹੈ ਕਿ ਭਾਰਤ ਦੀਆਂ ਬਾਕੀ ਭਾਸ਼ਾਵਾਂ ਤਾਂ ਗੂਗਲ ਤੇ ਮਿਲਦੀਆਂ ਹਨ ਪਰ ਪੰਜਾਬੀ ਨਹੀਂ? ਖ਼ਾਸ ਤੌਰ ਤੇ ਉਦੋਂ ਜਦ ਪੰਜਾਬੀ ਯੂਨੀਵਰਸਟੀ ਦੇ ਪ੍ਰੋਫੈਸਰ ਸੁਰਖ਼ਰੂ ਹਏ ਮਦਹੋਸ਼ੀਆਂ ਮਾਣ ਰਹੇ ਹਨ।
ਦੂਜੀ ਗੱਲ ਇਹ ਕਿ ਤੁਸੀਂ ਉੱਪਰ ਅੰਗਰੇਜ਼ੀ ਦੇ ਕਈ ਸ਼ਬਦ ਪੜ੍ਹੇ ਹੋਣਗੇ। ਸੱਚ ਮੰਨਿਓ, ਉਨ੍ਹਾਂ ਦੇ ਪੰਜਾਬੀ ਬਦਲ ਨਾ ਤਾਂ ਮੈਨੂੰ ਆਉਂਦੇ ਹਨ ਤੇ ਨਾ ਹੀ ਪੰਜਾਬੀ ਯੂਨੀਵਰਸਟੀ ਦੇ ਕੋਸ਼ ਵਿੱਚ ਕਿਤੇ ਲੱਭਦੇ ਹਨ ਤੇ ਸ਼ਾਇਦ ਕਦੀ ਪੰਜਾਬੀ ਸ਼ਬਦ ਘੜ੍ਹਣ ਜਾਂ ਫਿਰ ਅਪਨਾਉਣ ਦੀ ਕਦੀ ਕੋਈ ਕੋਸ਼ਿਸ਼ ਵੀ ਨਹੀਂ ਹੋਈ ਲੱਗਦੀ ਹੈ। ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੋਰਡ ਨੇ ਪੰਜਾਬੀ ਕੋਸ਼ਕਾਰੀ ਦਾ ਕੰਮ ਜਿੱਥੇ ਛੱਡਿਆ ਸੀ, ਲੱਗਦਾ ਹੈ ਕਿ ਉਸ ਨੂੰ ਅੱਗੇ ਤਾਂ ਕੀ ਲੈ ਕੇ ਤੁਰਨਾ, ਪੰਜਾਬੀ ਯੂਨੀਵਰਸਟੀ ਨੇ ਕੋਸ਼ਕਾਰੀ ਦੇ ਕੰਮ ਦਾ ਉੱਥੇ ਹੀ ਭੋਗ ਪਾਈ ਬੈਠੀ ਹੈ।
ਮੈਨੂੰ ਯਾਦ ਹੈ ਕਿ ਜਦੋਂ ਮੈਂ 1980ਵਿਆਂ ਵਿੱਚ ਕਾਲਜ ਦਾ ਵਿਦਿਆਰਥੀ ਸੀ ਤਾਂ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੋਰਡ ਦੀ ਜ਼ਿੰਮੇਵਾਰੀ ਸੀ ਕਿ ਉਹ ਪੰਜਾਬੀ ਭਾਸ਼ਾ ਵਾਸਤੇ ਕੰਮ ਕਰੇ। ਉਨ੍ਹਾਂ ਨੇ ਉਸ ਵੇਲੇ ਜੋ ਕੋਸ਼ ਬਣਾਇਆ ਉਹਦੇ ਲਈ ਬਹੁਤ ਸਾਰੇ ਪੰਜਾਬੀ ਦੇ ਸ਼ਬਦ ਉਨ੍ਹਾਂ ਨੇ ਲੁਧਿਆਣੇ ਜਾ ਕੇ ਕਾਰਖਾਨਿਆਂ ਚ ਕੰਮ ਕਰਨ ਵਾਲਿਆਂ ਤੋਂ ਲਏ। ਇਸੇ ਤਰ੍ਹਾਂ ਹੋਰਨਾ ਖੇਤਰਾਂ ਦੇ ਕਾਮਿਆਂ ਤੋਂ ਸ਼ਬਦ ਭੰਡਾਰ ਇਕੱਠੇ ਕੀਤੇ। ਉਹ ਹੋਰ ਵੀ ਦੂਰ-ਦੁਰਾਡੇ ਦੇ ਇਲਾਕਿਆਂ ਚ ਗਏ ਤਾਂ ਕਿ ਹੋਰ ਉੱਥੋਂ ਸਥਾਨਕ ਬੋਲੀ ਦੇ ਸ਼ਬਦ ਲਿਆ ਸਕਣ ਅਤੇ ਇਸ ਤਰ੍ਹਾਂ ਪੰਜਾਬੀ ਭਾਸ਼ਾ ਹੋਰ ਸਮਰੱਥ ਹੋ ਸਕੇ। ਪਰ ਮੈਨੂੰ ਨਹੀਂ ਪਤਾ ਕਿ ਉਸ ਬੋਰਡ ਨੂੰ ਆਖਿਰਕਾਰ ਬੰਦ ਕਿਉਂ ਕਰ ਦਿੱਤਾ ਗਿਆ ਸੀ?
ਕਹਿਣ ਨੂੰ ਤਾਂ ਪੰਜਾਬੀ ਯੂਨੀਵਰਸਟੀ ਦੇ ਪ੍ਰੋਫੇਸਰ ਪੰਜਾਬੀ ਭਾਸ਼ਾ ਦਾ ਤਕਨਾਲੋਜੀ ਦੇ ਖੇਤਰ ਵਿੱਚ ਸਾਰਾ ਕੰਮ ਮੁਕਾਈ ਬੈਠੇ ਹਨ ਪਰ ਜੇਕਰ ਪੁੱਛੋ ਤਾਂ ਹੇਠ ਲਿਖੇ ਕਿਸੇ ਸਵਾਲ ਦਾ ਜਵਾਬ ਵੀ ਨਹੀਂ ਮਿਲਦਾ। ਮਿਸਾਲ ਦੇ ਤੌਰ ਤੇ:
- ਪਿਛਲੇ ੧੦ ਵਰ੍ਹਿਆਂ ਵਿੱਚ ਕਿੰਨੇ ਕੁ ਪੰਜਾਬੀ ਸ਼ਬਦ ਘੜੇ ਗਏ ਹਨ? ਇਸ ਦੇ ਲਈ ਜ਼ਿੰਮੇਵਾਰ ਕਿਹੜੀ ਸੰਸਥਾ ਹੈ ਅਤੇ ਇਸ ਕੰਮ ਦਾ ਮਿਆਰੀਕਰਨ ਕਿਵੇਂ ਹੋ ਰਿਹਾ ਅਤੇ ਲੋਕ ਵਰਤੋਂ ਦੀ ਸਹੂਲਤ ਲਈ ਇਸ ਨੂੰ ਕਿਵੇਂ ਪਰਚਾਰਿਆ ਜਾ ਰਿਹਾ ਹੈ?
- ਪੰਜਾਬੀ ਕੋਸ਼ਕਾਰੀ ਲਈ ਜ਼ਿੰਮੇਵਾਰ ਕਿਹੜੀ ਸੰਸਥਾ ਹੈ? ਕੀ ਪੰਜਾਬੀ ਕੋਸ਼ਾਕਾਰੀ ਨੂੰ ਔਨਲਾਈਨ ਅਤੇ ਇਸ ਦੀ ਕੋਈ ਐਪਲੀਕੇਸ਼ਨ ਪ੍ਰੋਗਰਾਮ ਇੰਟਰਫੇਸ (API) ਬਨਾਉਣ ਦਾ ਕੰਮ ਚੱਲ ਰਿਹਾ ਹੈ? ਜੇ ਹੈ ਤਾਂ ਇਸ ਨੂੰ ਕਦ ਤੱਕ open source ਕਰ ਦਿੱਤਾ ਜਾਵੇਗਾ?
- ਪੰਜਾਬੀ ਯੂਨੀਵਰਸਿਟੀ ਜਾਂ ਫਿਰ ਕੋਈ ਹੋਰ ਜ਼ਿੰਮੇਵਾਰ ਸੰਸਥਾ ਪੰਜਾਬੀ Speech to Text ਅਤੇ ਪੰਜਾਬੀ Text to Speech ਦਾ ਕੰਮ ਕਦੋਂ ਸ਼ੁਰੂ ਕਰਨਗੇ ਅਤੇ ਕਦੋਂ ਨੇਪਰੇ ਚਾੜ੍ਹਣਗੇ?
- ਪੰਜਾਬੀ OCR ਤੇ ਕੁਝ ਮੁੱਢਲਾ ਕੰਮ ਤਾਂ ਹੋਇਆ ਹੈ ਜੋ ਕਿ ਬਹੁਤ ਸੁਧਾਰ ਮੰਗਦਾ ਹੈ। ਸੁਧਾਰ ਕਰਨ ਵਾਸਤੇ ਜ਼ਿੰਮੇਵਾਰ ਕਿਹੜੀ ਸੰਸਥਾ ਹੈ?
- ਛਾਪਣ ਲਈ ਤਾਂ ਪੰਜਾਬੀ ਫੌਂਟ ਕਈ ਹਨ ਪਰ ਅੱਜ ਕੱਲ web friendly ਫੌਂਟ ਬਣ ਰਹੇ ਹਨ ਜੋ ਕਿ ਸਕਰੀਨ ਤੇ ਬਹੁਤ ਚੰਗੀ ਤਰ੍ਹਾਂ ਉਘੜਦੇ ਹਨ। ਕੀ ਪੰਜਾਬੀ ਯੂਨੀਵਰਸਟੀ ਨੂੰ ਅਜਿਹੇ ਫੌਂਟ ਨਹੀਂ ਬਨਾਉਣੇ ਚਾਹੀਦੇ?
ਅਸਲ ਵਿੱਚ ਮਸਲਾ ਇਸ ਗੱਲ ਦਾ ਹੈ ਕਿ ਉਪਰ ਦਿੱਤੀ ਸੂਚੀ ਵਿੱਚ ਬਹੁਤ ਸਾਰਾ ਕੰਮ ਇਸ ਕਰਕੇ ਨਹੀਂ ਹੋ ਰਿਹਾ ਕਿਉਂਕਿ ਪੰਜਾਬੀ ਯੂਨੀਵਰਸਟੀ ਦੇ ਤਕਨਾਲੋਜੀ ਪ੍ਰਫੈਸਰ, ਹਰ ਕੰਮ ਉੱਤੇ ਆਪਣੀ ਮਲਕੀਅਤ ਦਾ ਠੱਪਾ ਲਾ ਕੇ ਨੋਟ ਗਿਣਨ ਦੇ ਸੁਫ਼ਨੇ ਲੈ ਰਹੇ ਹਨ। ਆਪਣੇ ਕੀਤੇ ਹੋਏ ਕੰਮ ਲਈ ਆਪਣੀ ਪਛਾਣ ਬਨਾਉਣਾ ਤਾਂ ਠੀਕ ਹੈ ਪਰ ਲੋਕ-ਮੁਖੀ ਕੰਮਾਂ ਵਾਸਤੇ ਤਾਂ ਬਾਹਰਲੀਆਂ ਅਦਾਲਤਾਂ ਪੇਟੰਟ ਵੀ ‘ਵਕੇਟ’ ਕਰ ਦਿੰਦੀਆਂ ਹਨ। ਪ੍ਰਫੈਸਰ ਤਾਂ ਲੱਗਦਾ ਹੈ ਕਿ ਬੈਠਕਾਂ ਵਿੱਚ ਚਾਹ-ਬਰਫ਼ੀ-ਪਕੌੜੇ ਛਕਣ ਅਤੇ ਭੱਤੇ ਇਕੱਠੇ ਕਰਨ ਜੋਗੇ ਹੀ ਰਹਿ ਗਏ ਹਨ। ਪੰਜਾਬੀ ਯੁਨੀਵਰਸਟੀ ਦੇ ਤਕਨਾਲੋਜੀ ਪ੍ਰੋਫੈਸਰ ਸੇਵਾ ਤੋਂ ਏਡਾ ਘਬਰਾਉਂਦੇ ਕਿਉਂ ਹਨ?
ਹੋਰ ਤਾਂ ਹੋਰ, ਪੰਜਾਬੀ ਯੂਨੀਵਰਸਟੀ ਦੇ ਤਕਨਾਲੋਜੀ ਪ੍ਰੋਫੇਸਰਾਂ ਨੇ ਕਿਹੜਾ ਕੋਈ ਅਲੋਕਾਰਾ ਕੰਮ ਕਰਨਾ ਹੈ। ਦੁਨੀਆਂ ਦੀਆਂ ਮਸ਼ਹੂਰ ਯੁਨੀਵਰਸਟੀਆਂ ਦੇ ਆਪਣੀ ਭਾਸ਼ਾ ਲਈ open source ਕੰਮ ਵੇਖ ਲਵੋ:
ਕੈੰਬਰਿੱਜ ਯੂਨੀਵਰਸਟੀ:
https://dictionary.cambridge.org/develop.html
https://dictionary-api.cambridge.org/
ਔਕਸਫਰਡ ਯੂਨੀਵਰਸਟੀ:
https://developer.oxforddictionaries.com/
ਕੋਸ਼ਕਾਰੀ ਖੇਤਰ ਵਿੱਚ ਮੇਰੀਅਮ-ਵੈਬਸਟਰ:
https://dictionaryapi.com/
ਕੈੰਬਰਿੱਜ ਯੂਨੀਵਰਸਟੀ ਤਾਂ ਨਵੇਂ ਘੜ੍ਹੇ ਸ਼ਬਦਾਂ ਦਾ ਬਲੌਗ ਵੀ ਚਲਾਉਂਦੀ ਹੈ:
https://dictionaryblog.cambridge.org/
ਪ੍ਰੋ: ਅਰਵਿੰਦ, ਉੱਪਰ ਗੂਗਲ ਦਾ ਨਾਂ ਤਾਂ ਮੈਂ ਪਹਿਲਾਂ ਹੀ ਲੈ ਚੁੱਕਾ ਹਾਂ। ਮਾਈਕ੍ਰੋਸੌਫਟ ਦੇ ਇਸ ਵੈਬ ਸਫ਼ੇ ਤੇ ਵੀ ਝਾਤ ਮਾਰ ਕੇ ਵੇਖ ਲਵੋ ਕਿ ਪੰਜਾਬੀ ਭਾਸ਼ਾ ਦਾ ਦਰਜਾ ਕੀ ਹੈ? ਮੂਹਰੀ ਕਿ ਫਾਡੀ?
https://www.microsoft.com/en-us/translator/languages/
ਗੱਲ ਨੂੰ ਇੱਥੇ ਹੀ ਖ਼ਤਮ ਕਰਦਾ ਹੋਇਆ ਮੈਂ ਆਸ ਕਰਦਾ ਹਾਂ ਕਿ ਪੰਜਾਬੀ ਯੂਨੀਵਰਸਟੀ ਵਿੱਚ ਤਕਨਾਲੋਜੀ ਦੇ ਖੇਤਰ ਵਿੱਚ ਪੰਜਾਬੀ ਭਾਸ਼ਾ ਦੇ ਨਾਂ ਤੇ ਥੁੱਕ ਵਿੱਚ ਪਕਾਏ ਜਾ ਰਹੇ ਵੜਿਆਂ ਦਾ ਕੰਮ ਬੰਦ ਹੋ ਕੇ ਪੰਜਾਬੀ ਭਾਸ਼ਾ ਨੂੰ ਤਕਨਾਲੋਜੀ ਦੀ ਹਾਨਣ ਬਨਾਉਣ ਦੇ ਪੁਰਜ਼ੋਰ ਉਪਰਾਲੇ ਹੋਣਗੇ। ਮੈਨੂੰ ਇਸ ਗੱਲ ਦਾ ਮਾਨ ਹੈ ਕਿ ਪੰਜਾਬੀ ਯੂਨੀਵਰਸਟੀ ਵਿੱਚ ਸੰਨ 1987 ਤੋਂ 1989 ਤਕ ਕੀਤੀ ਪੜ੍ਹਾਈ ਦੇ ਮੇਰੇ ਲਈ ਪੜ੍ਹਾਈ ਇਹ ਸੁਨਿਹਰੀ ਸਾਲ ਸਨ।
ਪੰਜਾਬੀ ਭਾਸ਼ਾ ਦੇ ਚੰਗੇ ਭਵਿੱਖ ਦੀ ਆਸ ਵਿੱਚ,
ਗੁਰਤੇਜ ਸਿੰਘ
ਗੁਰਤੇਜ ਵੀਰ ਜੀ, ਪੰਜਾਬੀ ਯੂਨੀਵਰਸਿਟੀ ‘ਚ ਤੁਸੀਂ ਕਿਹੜੇ ਵਿਸ਼ੇ ਦੇ ਵਿਦਿਆਰਥੀ ਸਓ? jogasinghvirk@yahoo.co.in ਤੇ ਰੁੱਕਾ ਸੁੱਟ ਦੇਣਾ। ਜੋਗਾ ਸਿੰਘ
ਰੁੱਕਾ ਸੁੱਟ ਦਿੱਤਾ ਹੈ ਪ੍ਰੋਫੈਸਰ ਸਾਹਿਬ। ਧੰਨਵਾਦ ਜੀ।