Posted in ਚਰਚਾ

ਪੱਤਰਕਾਰ-ਰਾਜਨੇਤਾ ਜਰਨੈਲ ਸਿੰਘ ਦੀ ਮੌਤ

ਅੱਜ ਸਵੇਰੇ ਉੱਠ ਕੇ ਆਪਣੇ ਨਿੱਤਕਰਮ ਅਨੁਸਾਰ ਮੈਂ ਕੌਫ਼ੀ ਬਣਾ ਕੇ ਆਪਣੇ ਕੰਪਿਊਟਰ ਦੇ ਸਾਹਮਣੇ ਬੈਠ ਗਿਆ। ਖ਼ਬਰਾਂ ਪੜ੍ਹਦਿਆਂ ਇਹ ਜਾਣ ਕੇ ਮੈਨੂੰ ਬਹੁਤ ਦੁੱਖ ਹੋਇਆ ਕਿ ਸ. ਜਰਨੈਲ ਸਿੰਘ ਅਕਾਲ ਚਲਾਣਾ ਕਰ ਗਏ। ਇਹ ਉਹ ਜਰਨੈਲ ਸਿੰਘ ਹਨ ਜਿਨ੍ਹਾਂ ਨੇ 1984 ਦੇ ਦਿੱਲੀ ਵਿੱਚ ਸਿੱਖਾਂ ਦੇ ਕ਼ਤਲੇਆਮ ਬਾਰੇ ਕਿਤਾਬ ਲਿਖੀ ਸੀ।

ਪੇਸ਼ੇ ਵੱਜੋਂ ਸ. ਜਰਨੈਲ ਸਿੰਘ ਇੱਕ ਪੱਤਰਕਾਰ ਸਨ ਅਤੇ ਸੰਨ 2015 ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੇ ਰਜੌਰੀ ਗਾਰਡਨ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਸ.ਮਨਜਿੰਦਰ ਸਿੰਘ ਸਿਰਸਾ ਦੇ ਖ਼ਿਲਾਫ਼ ਚੋਣਾਂ ਲੜੀਆਂ ਸਨ।   

ਸ. ਜਰਨੈਲ ਸਿੰਘ ਦਾ ਜਨਮ ਸੰਨ 1973 ਵਿੱਚ ਹੋਇਆ ਸੀ ਅਤੇ ਵਿਦਿਆ ਦੇ ਪੱਖੋਂ ਉਨ੍ਹਾਂ ਨੇ ਰਾਜਨੀਤੀ ਸ਼ਾਸਤਰ ਵਿੱਚ ਐੱਮ ਏ ਕਰਕੇ ਪੱਤਰਕਾਰੀ ਦਾ ਪੇਸ਼ਾ ਚੁਣਿਆ ਜਿਸ ਵਿੱਚ ਉਹ ਬਹੁਤ ਕਾਮਯਾਬੀ ਨਾਲ ਕੰਮ ਕਰਦੇ ਰਹੇ ਹਨ।   

ਇਹ ਖ਼ਬਰਾਂ ਪੜ੍ਹਦਿਆਂ ਮੇਰੇ ਧਿਆਨ ਵਿੱਚ ਉਹ ਕਿਤਾਬ ਆ ਗਈ ਜਿਸ ਦਾ ਮੈਂ ਉਪਰ ਬਿਆਨ ਕੀਤਾ ਹੈ। ਮੈਂ ਇਹ ਕਿਤਾਬ ਦਸ ਕੁ ਸਾਲ ਪਹਿਲਾਂ ਜਦ ਛਪ ਕੇ ਆਈ ਤਾਂ ਖਰੀਦ ਕੇ ਪੜ੍ਹੀ। ਇਸ ਕਿਤਾਬ ਨੂੰ ਖਰੀਦਣ ਵਿੱਚ ਮੇਰਾ ਸ਼ੁਕਰਾਨਾ ਵੀ ਸ਼ਾਮਲ ਸੀ ਕਿ ਸ. ਜਰਨੈਲ ਸਿੰਘ ਨੇ ਬਹੁਤ ਮਿਹਨਤ ਕਰਕੇ, ਜਾਣਕਾਰੀ ਇਕੱਠੀ ਕਰਕੇ 1984 ਦੇ ਦਿੱਲੀ ਵਿੱਚ ਸਿੱਖਾਂ ਦੇ ਕ਼ਤਲੇਆਮ ਬਾਰੇ ਲਿਖਿਆ ਸੀ। ਇਹ ਕਿਤਾਬ ਬਹੁਤ ਹੀ ਉੱਘੇ ਪ੍ਰਕਾਸ਼ਕ ਪੈਂਗੂਇਨ ਇੰਡੀਆ-ਵਾਈਕਿੰਗ ਨੇ ਛਾਪੀ ਸੀ ਅਤੇ ਇਸ ਕਿਤਾਬ ਦਾ ਮੁੱਖਬੰਦ ਸ. ਖੁਸ਼ਵੰਤ ਸਿੰਘ ਵੱਲੋਂ ਲਿਖਿਆ ਗਿਆ ਸੀ।   

ਪਰ ਜਿਵੇਂ ਹੀ ਮੈਂ ਸਮਾਜਿਕ ਮਾਧਿਅਮਾਂ ਦੇ ਵਿੱਚ ਵਿਚਰਨਾ ਸ਼ੁਰੂ ਕੀਤਾ ਤਾਂ ਫੇਸਬੁੱਕ ਇਸ ਗੱਲ ਨਾਲ ਭਰਿਆ ਪਿਆ ਸੀ ਕਿ ਉਹ ਜਰਨੈਲ ਸਿੰਘ ਅਕਾਲ ਚਲਾਣਾ ਕਰ ਗਏ ਜਿਨ੍ਹਾਂ ਨੇ ਭਾਰਤ ਦੇ ਕਿਸੇ ਮੰਤਰੀ ਜਿਸ ਦਾ ਨਾਂ ਚਿਦਾਂਬਰਮ ਸੀ, ਉਹਨੂੰ ਜੁੱਤੀ ਮਾਰੀ ਸੀ। ਸਮਾਜਿਕ ਮਾਧਿਅਮਾਂ ਦੇ ਉੱਤੇ ਕਿਤੇ ਵੀ ਕੋਈ ਉਨ੍ਹਾਂ ਦੀਆਂ ਯੋਗਤਾਵਾਂ, ਪੇਸ਼ੇ ਜਾਂ ਉਨ੍ਹਾਂ ਦੀ ਕਿਤਾਬ ਦੀ ਚਰਚਾ ਨਹੀਂ ਸੀ ਕਰ ਰਿਹਾ।   

ਮੈਨੂੰ ਇਸ ਗੱਲ ਦੀ ਹੈਰਾਨੀ ਉਦੋਂ ਨਾ ਰਹੀ ਜਦ ਸਮਾਜਿਕ ਮਾਧਿਅਮਾਂ ਤੇ ਕੁਝ ਲੋਕ ਇਸ ਗੱਲ ਦਾ ਇਸ਼ਾਰਾ ਕਰ ਰਹੇ ਸਨ ਕਿ ਮੌਜੂਦਾ ਹਾਲਾਤ ਵਿੱਚ ਸ. ਜਰਨੈਲ ਸਿੰਘ ਦੇ ਪਰਿਵਾਰ ਲਈ ਮਾਇਆ ਇਕੱਠੀ ਕੀਤੀ ਜਾਵੇ।   

ਜੇਕਰ ਅਸੀਂ ਕਿਤਾਬਾਂ ਦੀ ਦੁਨੀਆਂ ਦੇ ਵਿੱਚ ਝਾਤ ਮਾਰੀਏ ਤਾਂ ਬਹੁਤ ਸਾਰੇ ਲੇਖਕ ਅਜਿਹੇ ਹਨ ਜਿਨ੍ਹਾਂ ਨੂੰ ਕਿਤਾਬਾਂ ਲਿਖ ਕੇ ਜੋ ਕਿਰਤਫ਼ਲ ਮਿਲਦਾ ਹੈ, ਉਸ ਨਾਲ ਉਹ ਜ਼ਿੰਦਗੀ ਦੇ ਖਰਚ ਪਾਣੀ ਤੋਂ ਬੇਫ਼ਿਕਰ ਤਾਂ ਹੁੰਦੇ ਹੀ ਹਨ ਸਗੋਂ ਅਗਲੀ ਕਿਤਾਬ ਲਈ ਖੋਜ ਵਿੱਚ ਵੀ ਜੁੱਟ ਜਾਂਦੇ ਹਨ।  ਖ਼ਾਸ ਤੌਰ ਤੇ ਜਦ ਕਿਸੇ ਲੇਖਕ ਦੀ ਕਿਤਾਬ ਕਿਸੇ ਵਧੀਆ ਪ੍ਰਕਾਸ਼ਕ ਨੇ ਛਾਪੀ ਹੋਵੇ।  ਇਸ ਸਭ ਦੇ ਬਾਵਜੂਦ ਜਦ ਕੋਈ ਚੰਗੀ ਕਿਤਾਬ ਖਰੀਦ ਕੇ ਨਾ ਪੜ੍ਹੀ ਗਈ ਹੋਵੇ ਅਤੇ ਕਿਸੇ ਲੇਖਕ ਨੂੰ ਬਹੁਤੀਆਂ ਕਿਤਾਬਾਂ ਨਾ ਵਿਕਣ ਕਰਕੇ ਚੰਗਾ ਕਿਰਤਫ਼ਲ ਨਾ ਮਿਲਿਆ ਹੋਵੇ ਤਾਂ ਇਹ ਵਾਕਿਆ ਹੀ ਉਸ ਕੌਮ ਦੀ ਤਰਾਸਦੀ ਹੋਏਗੀ ਜਿਸਦੇ ਬਾਰੇ ਇਹ ਕਿਤਾਬ ਲਿਖੀ ਗਈ ਹੋਵੇਗੀ।    

ਤੁਸੀਂ ਆਪ ਹੀ ਸੋਚੋ ਕਿ ਕੀ ਅਸੀਂ ਉਹ ਲੋਕ ਬਨਣਾ ਚਾਹੁੰਦੇ ਹਾਂ ਜੋ ਕਿਸੇ ਦੇ ਜਿਊਂਦਿਆਂ ਜੀਅ, ਉਸ ਦੀ ਮਿਹਨਤ ਨੂੰ ਮਾਨਤਾ ਦਿੰਦੇ ਹੋਏ ਸ਼ੁਕਰਾਨੇ ਵੱਜੋਂ ਉਸ ਦੀ ਕਿਤਾਬ ਨੂੰ ਖਰੀਦ ਕੇ ਪੜ੍ਹਦੇ ਹੋਈਏ ਕਿ ਜਾਂ ਫਿਰ ਜੁੱਤੀ ਮਾਰ ਲੋਕ ਬਣ ਕੇ ਕਿਸੇ ਦੀ ਮੌਤ ਤੋਂ ਬਾਅਦ ਮਾਇਆ ਦੀ ਉਗਰਾਹੀ ਕਰਦੇ ਫਿਰਦੇ ਹੋਈਏ?  

Processing…
Success! You're on the list.