ਅੱਜ ਸਵੇਰੇ ਉੱਠ ਕੇ ਆਪਣੇ ਨਿੱਤਕਰਮ ਅਨੁਸਾਰ ਮੈਂ ਕੌਫ਼ੀ ਬਣਾ ਕੇ ਆਪਣੇ ਕੰਪਿਊਟਰ ਦੇ ਸਾਹਮਣੇ ਬੈਠ ਗਿਆ। ਖ਼ਬਰਾਂ ਪੜ੍ਹਦਿਆਂ ਇਹ ਜਾਣ ਕੇ ਮੈਨੂੰ ਬਹੁਤ ਦੁੱਖ ਹੋਇਆ ਕਿ ਸ. ਜਰਨੈਲ ਸਿੰਘ ਅਕਾਲ ਚਲਾਣਾ ਕਰ ਗਏ। ਇਹ ਉਹ ਜਰਨੈਲ ਸਿੰਘ ਹਨ ਜਿਨ੍ਹਾਂ ਨੇ 1984 ਦੇ ਦਿੱਲੀ ਵਿੱਚ ਸਿੱਖਾਂ ਦੇ ਕ਼ਤਲੇਆਮ ਬਾਰੇ ਕਿਤਾਬ ਲਿਖੀ ਸੀ।
ਪੇਸ਼ੇ ਵੱਜੋਂ ਸ. ਜਰਨੈਲ ਸਿੰਘ ਇੱਕ ਪੱਤਰਕਾਰ ਸਨ ਅਤੇ ਸੰਨ 2015 ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੇ ਰਜੌਰੀ ਗਾਰਡਨ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਸ.ਮਨਜਿੰਦਰ ਸਿੰਘ ਸਿਰਸਾ ਦੇ ਖ਼ਿਲਾਫ਼ ਚੋਣਾਂ ਲੜੀਆਂ ਸਨ।
ਸ. ਜਰਨੈਲ ਸਿੰਘ ਦਾ ਜਨਮ ਸੰਨ 1973 ਵਿੱਚ ਹੋਇਆ ਸੀ ਅਤੇ ਵਿਦਿਆ ਦੇ ਪੱਖੋਂ ਉਨ੍ਹਾਂ ਨੇ ਰਾਜਨੀਤੀ ਸ਼ਾਸਤਰ ਵਿੱਚ ਐੱਮ ਏ ਕਰਕੇ ਪੱਤਰਕਾਰੀ ਦਾ ਪੇਸ਼ਾ ਚੁਣਿਆ ਜਿਸ ਵਿੱਚ ਉਹ ਬਹੁਤ ਕਾਮਯਾਬੀ ਨਾਲ ਕੰਮ ਕਰਦੇ ਰਹੇ ਹਨ।
ਇਹ ਖ਼ਬਰਾਂ ਪੜ੍ਹਦਿਆਂ ਮੇਰੇ ਧਿਆਨ ਵਿੱਚ ਉਹ ਕਿਤਾਬ ਆ ਗਈ ਜਿਸ ਦਾ ਮੈਂ ਉਪਰ ਬਿਆਨ ਕੀਤਾ ਹੈ। ਮੈਂ ਇਹ ਕਿਤਾਬ ਦਸ ਕੁ ਸਾਲ ਪਹਿਲਾਂ ਜਦ ਛਪ ਕੇ ਆਈ ਤਾਂ ਖਰੀਦ ਕੇ ਪੜ੍ਹੀ। ਇਸ ਕਿਤਾਬ ਨੂੰ ਖਰੀਦਣ ਵਿੱਚ ਮੇਰਾ ਸ਼ੁਕਰਾਨਾ ਵੀ ਸ਼ਾਮਲ ਸੀ ਕਿ ਸ. ਜਰਨੈਲ ਸਿੰਘ ਨੇ ਬਹੁਤ ਮਿਹਨਤ ਕਰਕੇ, ਜਾਣਕਾਰੀ ਇਕੱਠੀ ਕਰਕੇ 1984 ਦੇ ਦਿੱਲੀ ਵਿੱਚ ਸਿੱਖਾਂ ਦੇ ਕ਼ਤਲੇਆਮ ਬਾਰੇ ਲਿਖਿਆ ਸੀ। ਇਹ ਕਿਤਾਬ ਬਹੁਤ ਹੀ ਉੱਘੇ ਪ੍ਰਕਾਸ਼ਕ ਪੈਂਗੂਇਨ ਇੰਡੀਆ-ਵਾਈਕਿੰਗ ਨੇ ਛਾਪੀ ਸੀ ਅਤੇ ਇਸ ਕਿਤਾਬ ਦਾ ਮੁੱਖਬੰਦ ਸ. ਖੁਸ਼ਵੰਤ ਸਿੰਘ ਵੱਲੋਂ ਲਿਖਿਆ ਗਿਆ ਸੀ।

ਪਰ ਜਿਵੇਂ ਹੀ ਮੈਂ ਸਮਾਜਿਕ ਮਾਧਿਅਮਾਂ ਦੇ ਵਿੱਚ ਵਿਚਰਨਾ ਸ਼ੁਰੂ ਕੀਤਾ ਤਾਂ ਫੇਸਬੁੱਕ ਇਸ ਗੱਲ ਨਾਲ ਭਰਿਆ ਪਿਆ ਸੀ ਕਿ ਉਹ ਜਰਨੈਲ ਸਿੰਘ ਅਕਾਲ ਚਲਾਣਾ ਕਰ ਗਏ ਜਿਨ੍ਹਾਂ ਨੇ ਭਾਰਤ ਦੇ ਕਿਸੇ ਮੰਤਰੀ ਜਿਸ ਦਾ ਨਾਂ ਚਿਦਾਂਬਰਮ ਸੀ, ਉਹਨੂੰ ਜੁੱਤੀ ਮਾਰੀ ਸੀ। ਸਮਾਜਿਕ ਮਾਧਿਅਮਾਂ ਦੇ ਉੱਤੇ ਕਿਤੇ ਵੀ ਕੋਈ ਉਨ੍ਹਾਂ ਦੀਆਂ ਯੋਗਤਾਵਾਂ, ਪੇਸ਼ੇ ਜਾਂ ਉਨ੍ਹਾਂ ਦੀ ਕਿਤਾਬ ਦੀ ਚਰਚਾ ਨਹੀਂ ਸੀ ਕਰ ਰਿਹਾ।
ਮੈਨੂੰ ਇਸ ਗੱਲ ਦੀ ਹੈਰਾਨੀ ਉਦੋਂ ਨਾ ਰਹੀ ਜਦ ਸਮਾਜਿਕ ਮਾਧਿਅਮਾਂ ਤੇ ਕੁਝ ਲੋਕ ਇਸ ਗੱਲ ਦਾ ਇਸ਼ਾਰਾ ਕਰ ਰਹੇ ਸਨ ਕਿ ਮੌਜੂਦਾ ਹਾਲਾਤ ਵਿੱਚ ਸ. ਜਰਨੈਲ ਸਿੰਘ ਦੇ ਪਰਿਵਾਰ ਲਈ ਮਾਇਆ ਇਕੱਠੀ ਕੀਤੀ ਜਾਵੇ।
ਜੇਕਰ ਅਸੀਂ ਕਿਤਾਬਾਂ ਦੀ ਦੁਨੀਆਂ ਦੇ ਵਿੱਚ ਝਾਤ ਮਾਰੀਏ ਤਾਂ ਬਹੁਤ ਸਾਰੇ ਲੇਖਕ ਅਜਿਹੇ ਹਨ ਜਿਨ੍ਹਾਂ ਨੂੰ ਕਿਤਾਬਾਂ ਲਿਖ ਕੇ ਜੋ ਕਿਰਤਫ਼ਲ ਮਿਲਦਾ ਹੈ, ਉਸ ਨਾਲ ਉਹ ਜ਼ਿੰਦਗੀ ਦੇ ਖਰਚ ਪਾਣੀ ਤੋਂ ਬੇਫ਼ਿਕਰ ਤਾਂ ਹੁੰਦੇ ਹੀ ਹਨ ਸਗੋਂ ਅਗਲੀ ਕਿਤਾਬ ਲਈ ਖੋਜ ਵਿੱਚ ਵੀ ਜੁੱਟ ਜਾਂਦੇ ਹਨ। ਖ਼ਾਸ ਤੌਰ ਤੇ ਜਦ ਕਿਸੇ ਲੇਖਕ ਦੀ ਕਿਤਾਬ ਕਿਸੇ ਵਧੀਆ ਪ੍ਰਕਾਸ਼ਕ ਨੇ ਛਾਪੀ ਹੋਵੇ। ਇਸ ਸਭ ਦੇ ਬਾਵਜੂਦ ਜਦ ਕੋਈ ਚੰਗੀ ਕਿਤਾਬ ਖਰੀਦ ਕੇ ਨਾ ਪੜ੍ਹੀ ਗਈ ਹੋਵੇ ਅਤੇ ਕਿਸੇ ਲੇਖਕ ਨੂੰ ਬਹੁਤੀਆਂ ਕਿਤਾਬਾਂ ਨਾ ਵਿਕਣ ਕਰਕੇ ਚੰਗਾ ਕਿਰਤਫ਼ਲ ਨਾ ਮਿਲਿਆ ਹੋਵੇ ਤਾਂ ਇਹ ਵਾਕਿਆ ਹੀ ਉਸ ਕੌਮ ਦੀ ਤਰਾਸਦੀ ਹੋਏਗੀ ਜਿਸਦੇ ਬਾਰੇ ਇਹ ਕਿਤਾਬ ਲਿਖੀ ਗਈ ਹੋਵੇਗੀ।
ਤੁਸੀਂ ਆਪ ਹੀ ਸੋਚੋ ਕਿ ਕੀ ਅਸੀਂ ਉਹ ਲੋਕ ਬਨਣਾ ਚਾਹੁੰਦੇ ਹਾਂ ਜੋ ਕਿਸੇ ਦੇ ਜਿਊਂਦਿਆਂ ਜੀਅ, ਉਸ ਦੀ ਮਿਹਨਤ ਨੂੰ ਮਾਨਤਾ ਦਿੰਦੇ ਹੋਏ ਸ਼ੁਕਰਾਨੇ ਵੱਜੋਂ ਉਸ ਦੀ ਕਿਤਾਬ ਨੂੰ ਖਰੀਦ ਕੇ ਪੜ੍ਹਦੇ ਹੋਈਏ ਕਿ ਜਾਂ ਫਿਰ ਜੁੱਤੀ ਮਾਰ ਲੋਕ ਬਣ ਕੇ ਕਿਸੇ ਦੀ ਮੌਤ ਤੋਂ ਬਾਅਦ ਮਾਇਆ ਦੀ ਉਗਰਾਹੀ ਕਰਦੇ ਫਿਰਦੇ ਹੋਈਏ?
ਸਰਦਾਰ ਜਰਨੈਲ ਸਿੰਘ ਜੀ ਦੇ ਜਾਣ ਨਾਲ਼ ਇੱਕ ਸਿੱਖਾਂ ਦੇ ਦਰਦ ਨੂੰ ਸਮਝਣ ਵਾਲ਼ਾ ਤੇ ਉਨ੍ਹਾਂ ਦੇ ਹੱਕ ਵਿੱਚ ਖੜ੍ਹਕੇ ਅਵਾਜ਼ ਬੁਲੰਦ ਕਰਨ ਵਾਲ਼ਾ ਸਿਪਾਹੀ ਤੁਰ ਗਿਆ ਹੈ। ਵਾਹਿਗੁਰੂ ਉਸ ਜਾਂਬਾਜ਼ ਸਿਪਾਹੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।
ਗੁਰਤੇਜ ਜੀ, ਤੁਸੀਂ ਦੂਜਾ ਬੜਾ ਅਹਿਮ ਨੁੱਕਤਾ ਛੂਇਆ ਹੈ ਕਿ ਪੰਜਾਬੀਆਂ ਵਿੱਚ ਪੜ੍ਹਨ ਦਾ ਰੁਝਾਨ ਤੇ ਉਹ ਵੀ ਮੁੱਲ ਲੈ ਕੇ ਕਿਤਾਬਾਂ ਪੜ੍ਹਨੀਆਂ। ਇਹ ਸੁਆਲ ਬਹੁਤ ਔਖਾ ਹੈ ਤੇ ਇਸ ਦਾ ਜੁਆਬ ਵੀ ਕੋਈ ਸਿੱਧਾ ਨਹੀਂ ਹੈ ਸਾਡੇ ਕੋਲ਼। ਇਹ ਗੱਲ ਸਮਝਣ ਲਈ ਧਾਗੇ ਦੀ ਤੰਦ ਦਾ ਸਿਰਾ ਲੱਭਣਾ ਪੈਣਾ। ਸਾਡੇ ਵੇਲੇ ਵਿੱਚ ਬੀਜੀ ਸਾਨੂੰ ਜਨਮ ਸਾਖੀਆਂ ਪੜ੍ਹਕੇ ਸੁਣਾਇਆ ਕਰਦੇ ਸਨ ਪਰ ਅੱਜ ਕਿਸੇ ਨੂੰ tv ਦੇ serials ਤੋਂ ਹੀ ਵੇਲ੍ਹ ਨਹੀਂ ( ਮੈਂ ਮੰਨਦਾ ਹਾਂ ਕਿ ਏਲੇ ਦੇ ਨਾਲ਼ ਬਦਲਾਅ ਕਿਸੇ ਦੇ ਹੱਥ ਨਹੀਂ ਪਰ ਸੰਤੁਲਨ ਰੱਖਣਾ ਤਾਂ ਸਾਡੇ ਹੱਥ ਹੈ ਕਿ ਨਹੀਂ)
* ਚੰਗੇ ਸਾਹਿਤ ਦੀ ਕਮੀ ਚੁੱਭਦੀ ਹੈ। ਬੱਚਿਆਂ ਲਈ ਆਉਣ ਵਾਲ਼ੇ ਕੱਲ੍ਹ ਦੀ ਸੋਚ ਦੀ ਉਡਾਰੀ ਵਾਲ਼ਾ ਵਾਲ਼ਾ ਸਾਹਿਤ ਕਿੱਥੇ ਹੈ?
* ਸਾਡਾ so called ਵਿਰਸਾ ਵੱਢ ਟੁੱਕ, ਗੰਡਾਸੇ, ਮਿਰਜ਼ਾ, ਹੀਰ, ਜੱਟ ਨੇ ਫਲਾਣੇ ਗਰੀਬ ਦੀ ਕੁੜੀ ਚੁੱਕ ਲਈ….…. ਅਸੀਂ ਬੱਚਿਆਂ ਦੀਆਂ ਕਲਪਨਾਵਾਂ ਨੂੰ ਕਦੇ ਉੰਗਰਨ ਹੀ ਨਹੀਂ ਦਿੱਤਾ।
* ਸਾਡੇ ਲੋਕ ਅਧਿਆਮ, tv ਤੇ ਰੇਡੀਓ ਨੇ ਧਰਮ ਨੂੰ ਹੀ ਕਮਾਈ ਦਾ ਇੱਕ ਜਰੀਆ ਵਾਂਙ ਵਰਤਿਆ ਹੈ। ਇੱਕ ਵੀ ਉਧਾਰਣ ਦੱਸਿਆ ਜੇ ਕਿ ਇਨ੍ਹਾਂ ਕਿਸੇ ਸਿੱਖਿਆ ਅਦਾਰੇ ਲਈ ਇੱਕ ਟਕਾ ਵੀ ਦਿੱਤਾ ਹੋਵੇ। ਇਨ੍ਹਾਂ ਕੋਲ਼ ਗਰੀਬ ਲੋਕਾਂ ਦੀ ਕੁੜੀਆਂ ਦੇ ਵਿਆਹ ਕਰਨੇ ਆ, ਇਮਾਰਤਾਂ ਬਣਾਉਣੀਆਂ ਨੇ ਤੇ ਫੇਰ ਉੱਥੇ ਪ੍ਰਧਾਨਗੀਆਂ ਚਾਹੀਦੀਆਂ। ਲੋਕਾਂ ਦੀਆਂ ਭਾਵਨਾਵਾਂ ਨੂੰ ਇਹ ਲੋਟੂ ਟੋਲੇ cash ਕਰਵਾਉਣ ਵਿੱਚ ਕਾਮਯਾਬ ਰਹੇ ਨੇ।
* ਸਿੱਖਿਆ ਦੇ ਖੇਤਰ ਵਿੱਚ ਇੱਕ ਚੰਗੇ ਅਧਿਆਪਕ ਦਾ ਭਵਿੱਖ ਕੀ ਹੈ?
ਰਹੀ ਮੁੱਲ ਦੀਆਂ ਕਿਤਾਬਾਂ ਲੈ ਕੇ ਪੜ੍ਹਨ ਦੀ ਗੱਲ…..ਦਾਰੂ ਦੀ ਬੋਤਲ ਜਰੂਰੀ ਹੈ ਕਿ ਕਿਤਾਬ….ਤੱਕੜੀ ਤੱਕ ਲੈਂਦੇ ਹਾਂ।
ਹੁਣ ਤਾਂ ਲੋਕੀ ਮੁਫ਼ਤ ਦੀਆਂ ਕਿਤਾਬਾਂ ਹੀ ਪੜ੍ਹ ਲੈਣ ਤਾਂ ਲੇਖ਼ਕ ਆਪਣੇ ਆਪ ਨੂੰ ਅਹਿਸਾਨ ਮੰਦ ਸਮਝੇ ਤੇ ਗੰਗਾ ਨਾਹਤਾ ਸਮਝੇ। ਤੁਹਾਡੇ ਲੇਖਣੀ ਬਹੁਤ ਚੰਗੀ ਹੈ ਤੇ ਪਾਠਕ ਨੂੰ ਸੋਚਣ ਲਈ home work ( ਘਰ ਕੰਮ ਕਰਨ ਲਈ ਮਜਬੂਰ ਕਰਦੀ ਹੈ), ਧੰਨਵਾਦ……ਇਸ ਕਲਮ ਤੋਂ ਹੋਰ thought provoking ਲਿਖ਼ਤਾਂ ਦੀ ਆਸ ਰਹੇਗੀ.
ਮੈਨੂੰ ਤੁਹਾਡੀ ਲਿਖੀ ਜੁਗਸੰਧੀ ਤੇ ਬਹੁਤ ਮਾਣ ਹੈ ਜਿਸ ਤਰੀਕੇ ਨਾਲ ਤੁਸੀ ਥੋੜੇ ਸ਼ਬਦਾਂ ਵਿੱਚ ਭਾਵੇਂ ਇਕ ਸਫ਼ੇ /ਪੰਨੇ ਵਿੱਚ ਹੀ ਲਿਖਦੇ ਹੋ ਲੱਗਦਾ ਹੈ ਕੇ ਪੂਰੀ ਕਿਤਾਬ ਲਿਖ ਮਾਰੀ ਹੈ ! ਸਾਡੀ ਫਿਤਰਤ ਹੈ ਸੁਭਾਅ ਹੈ ਕੇ ਅਸੀਂ ਜੀਓਂਦੇ ਦੀ ਕਦਰ ਨਹੀਂ ਪਾਉਂਦੇ ਬਲਕਿ ਤੁਰ ਜਾਣ ਬਾਦ ਓਸ ਦੀਆਂ ਸਿਫਤਾਂ ਦੇ ਪੁੱਲ ਬੰਨ ਕੇ ਢੇਰ ਲੈ ਦੇਂਦੇ ਹਾਂ ! ਅਜ ਜਰੂਰਤ ਹੈ ਉਸਦੇ ਪਰਿਵਾਰ ਦੀ ਮਾਲੀ ਮੱਦਦ ਕਰਨ ਦੀ ਕਿਉਂਕਿ ਬੱਚੇ ਅਜੇ ਛੋਟੇ ਹਨ ਤਾਂ ਜੋ ਪਰਿਵਾਰ ਆਪਣੇ ਪੈਰਾਂ ਤੇ ਖੜ੍ਹਾ ਹੋ ਸਕੇ ! ਉਸਦੀ ਕਿਤਾਬ ਦੇ ਬਹਾਨੇ ਹੀ ਵੱਧ ਤੋਂ ਵੱਧ ਮੱਦਦ ਕਰ ਸਕੀਏ