ਰਾਜਪਾਟ ਕਈ ਕਿਸਮ ਦੇ ਹੁੰਦੇ ਹਨ। ਪਰ ਉਹ ਰਾਜਪਾਟ ਜਿਸਦੇ ਵਿਚ ਕਿਸੇ ਲੋਕਤੰਤਰੀ ਸਿਆਸੀ ਧਿਰ ਦਾ ਬਹੁਮਤ ਹੋਵੇ, ਵਿਰੋਧੀ ਧਿਰ ਨਾਂ ਦੇ ਬਰਾਬਰ ਹੋਵੇ, ਕੂੜ ਪ੍ਰਚਾਰ ਦੀ ਬਹੁਲਤਾ ਹੋ ਗਈ ਹੋਵੇ, ਬਾਹਰੀ ਕੋਈ ਖ਼ਤਰਾ ਤਾਂ ਨਾ ਹੋਵੇ ਪਰ ਬਾਹਰੀ ਖ਼ਤਰੇ ਦਾ ਹਊਆ ਬਣਾ ਕੇ ਨਿੱਤ ਦਿਹਾੜੇ ਪੇਸ਼ ਕੀਤਾ ਜਾਂਦਾ ਹੋਵੇ ਤਾਂ ਅਜਿਹਾ ਰਾਜਪਾਟ ਚਲਾਉਣਾ ਕੋਈ ਬਹੁਤਾ ਔਖਾ ਨਹੀਂ ਹੁੰਦਾ।
ਇਸੇ ਤਰ੍ਹਾਂ ਜਿਸ ਵਪਾਰ ਦੇ ਵਿਚ ਪੈਦਾਵਾਰ ਥੋੜ੍ਹੀ ਹੋਵੇ ਪਰ ਮੰਗ ਬਹੁਤੀ ਹੋਵੇ ਅਤੇ ਹਰ ਚੀਜ਼ ਹੱਥੋ-ਹੱਥ ਵਿਕ ਜਾਂਦੀ ਹੋਵੇ ਤਾਂ ਅਜਿਹਾ ਵਪਾਰ ਚਲਾਉਣਾ ਕੋਈ ਬਹੁਤਾ ਔਖਾ ਨਹੀਂ ਹੁੰਦਾ।
ਪਰ ਉਪਰੋਕਤ ਦੱਸੇ ਦੋਹਾਂ ਹਾਲਾਤ ਦੇ ਵਿੱਚ ਜਦ ਕੋਈ ਆਫ਼ਤ ਆਣ ਪੈਂਦੀ ਹੈ ਜਾਂ ਬਿਪਤਾ ਆਣ ਘੇਰਦੀ ਹੈ ਤਾਂ ਪਤਾ ਚੱਲਦਾ ਹੈ ਕਿ ਉਸ ਆਗੂ ਨੇਤਾ ਜਾਂ ਫਿਰ ਵਪਾਰੀ ਦੇ ਵਿਚ ਕਿੰਨਾ ਕੁ ਦਮ ਹੈ?
ਭਾਰਤ ਵਰਗੇ ਮੁਲਕ ਲਈ ਤਾਂ ਇਹ ਆਮ ਹੀ ਕਿਹਾ ਜਾਂਦਾ ਹੈ ਕਿ ਇਹ ਮੁਲਕ ਰੱਬ ਦੇ ਆਸਰੇ ਹੀ ਚੱਲਦਾ ਹੈ। ਪਰ ਬੀਤੇ ਸੱਤ ਕੁ ਸਾਲਾਂ ਤੋਂ ਇੱਕ ਜੁਮਲੇਬਾਜ਼ ਨੇ ਆ ਕੇ ਅਜਿਹੀ ਕਹਾਣੀ ਪਾਈ ਹੋਈ ਹੈ ਕਿ ਜਿਵੇਂ ਇਹ ਮੁਲਕ ਪਿਛਲੇ ਕਈ ਦਹਾਕਿਆਂ ਤੋਂ ਖੜ੍ਹਾ ਹੋਵੇ ਤੇ ਆ ਕੇ ਉਸ ਨੇ ਇਸ ਨੂੰ ਚਲਾਉਣਾ ਹੀ ਨਹੀਂ ਸਗੋਂ ਦੁੜਾਉਣਾ ਸ਼ੁਰੂ ਕਰ ਦਿੱਤਾ ਹੈ।
ਇਸ ਦੁੜਾਉਣ ਦਾ ਪੈਮਾਨਾ ਪਿਛਲੇ ਸਾਲ ਤਕ ਇਹ ਸੀ ਕਿ ਕਦੇ ਥਾਲੀਆਂ ਖੜਕਾ ਲਈਆਂ ਅਤੇ ਕਦੇ ਬੱਤੀਆਂ ਚਮਕਾ ਲਈਆਂ। ਕਦੇ ਦਰਖ਼ਤ ਹੇਠਾਂ ਬੈਠ ਕੇ ਪੰਛੀਆਂ ਨਾਲ ਕਿਤਾਬ ਪੜ੍ਹਣ ਦਾ ਢੋਂਗ ਕਰ ਲਿਆ। ਬਾਕੀ ਸਾਰਾ ਕੰਮ ਟੀਵੀ ਦੇ ਉੱਤੇ ਚੀਕ-ਚੀਕ ਕੇ ਬੋਲਣ ਵਾਲਾ ਗੋਦੀ ਮੀਡੀਆ ਸਾਂਭੀ ਬੈਠਾ ਸੀ।
ਵਕਤ ਨੇ ਕਰਵਟ ਬਦਲੀ ਅਤੇ ਨਾਮੁਰਾਦ ਬੀਮਾਰੀ ਦੇ ਦੂਜੇ ਹਮਲੇ ਨੇ ਮੁਲਕ ਭਾਰਤ ਨੂੰ ਆਣ ਘੇਰਿਆ। ਇਸ ਦੂਜੇ ਹਮਲੇ ਵਿੱਚ ਮੌਤ ਨੇ ਜੋ ਤਾਂਡਵ ਨਾਚ ਕੀਤਾ ਹੈ ਉਹ ਕਿਸੇ ਨੂੰ ਭੁੱਲਿਆ ਨਹੀਂ ਹੈ। ਸਾਰੇ ਪਾਸੇ ਹਾਹਾਕਾਰ ਮੱਚ ਗਈ ਅਤੇ ਜੋ ਆਪਣੇ ਆਪ ਨੂੰ ਬੀਤੇ ਦਿਨਾਂ ਵਿੱਚ ਬੜਾ ਕਾਮਯਾਬ ਤੇ ਕੰਮ ਕਰਨ ਵਾਲਾ ਰਾਜਨੇਤਾ ਅਖਵਾ ਰਿਹਾ ਸੀ ਉਸ ਦੀ ਸੱਚਾਈ ਸਾਰਿਆਂ ਦੇ ਸਾਹਮਣੇ ਆ ਗਈ ਕਿ ਜਦੋਂ ਵਾਕਿਆ ਹੀ ਪਰਖ ਦੀ ਘੜੀ ਆਉਂਦੀ ਹੈ ਤਾਂ ਗਿੱਲੇ ਪਟਾਕੇ ਕਿਵੇਂ ਠੁੱਸ ਹੋ ਜਾਂਦੇ ਹਨ।

ਪਰ ਅੱਜ ਮੈਂ ਇਸ ਬਾਰੇ ਬਹੁਤੀ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਸ ਦੇ ਬਾਰੇ ਹਰ ਪਾਸੇ ਹਰ ਮਾਧਿਅਮ ਦੇ ਉੱਤੇ ਹੀ ਚਰਚਾ ਚੱਲ ਰਹੀ ਹੈ ਅਤੇ ਇਸ ਵਿਸ਼ੇ ਨੂੰ ਬਹੁਤ ਗੰਭੀਰਤਾ ਨਾਲ ਦੇ ਨਾਲ ਗਾਹਿਆ ਜਾ ਰਿਹਾ ਹੈ।
ਮੈਂ ਤਾਂ ਇਸ ਪਾਸੇ ਤੁਹਾਡਾ ਧਿਆਨ ਦਵਾਉਣਾ ਚਾਹੁੰਦਾ ਹਾਂ ਕਿ ਇਸ ਬਿਮਾਰੀ ਦੇ ਦੂਜੇ ਹਮਲੇ ਨੇ ਭਾਰਤ ਵਿੱਚ ਇਹ ਸਾਬਤ ਕਰ ਦਿੱਤਾ ਹੈ ਕਿ ਉਥੇ ਕੋਈ ਸਿਸਟਮ ਨਹੀਂ ਚੱਲ ਰਿਹਾ। ਇਸ ਲਈ ਰਾਜ ਨੇਤਾਵਾਂ ਤੋਂ ਬਾਅਦ ਕੋਈ ਹੋਰ ਧਿਰ ਇਸ ਗੱਲ ਦੇ ਲਈ ਜ਼ਿੰਮੇਵਾਰ ਹੈ ਤਾਂ ਉਹ ਹੈ ਭਾਰਤ ਦੀ ਬਾਬੂਸ਼ਾਹੀ ਜੋ ਕਿ ਆਪਣੇ ਆਪ ਨੂੰ ਆਈਏਐਸ ਅਖਵਾਉਂਦੀ ਹੈ। ਆਮ ਭਾਸ਼ਾ ਵਿੱਚ ਕਹਿ ਲਈਏ ਕਿ ਆਈਏਐਸ, ਆਪਣੇ ਆਪ ਨੂੰ ਭਾਰਤੀ ਜ਼ਿਲ੍ਹਿਆਂ ਦੇ ਰਾਜੇ ਅਖਵਾਉਂਦੇ ਹਨ ਕਿਉਂਕਿ ਹਰ ਮਹਿਕਮੇ ਉੱਪਰ ਉਨ੍ਹਾਂ ਦਾ ਹੀ ਹੁਕਮ ਚੱਲਦਾ ਹੈ। ਇਹੀ ਭੰਗ ਰਾਜ ਪੱਧਰ ਅਤੇ ਕੌਮੀ ਪੱਧਰ ਤੇ ਭੁੱਜਦੀ ਹੈ। ਪਰ ਜ਼ਿੰਮੇਵਾਰੀ……? ਹਾਲਾਤ ਤੁਹਾਡੇ ਸਾਹਮਣੇ ਹੀ ਹਨ।
ਭਾਰਤ ਦੇ ਰਾਜਨੇਤਾ ਤੇ ਭਾਵੇਂ ਅਨਪਡ਼੍ਹ ਹੋਣ ਪਰ ਇਹ ਬਾਬੂਸ਼ਾਹੀ ਤਾਂ ਬਹੁਤ ਪੜ੍ਹੀ ਲਿਖੀ ਹੈ। ਭਾਰਤ ਦੀ ਅੱਜ ਦੀ ਔਖੀ ਘੜ੍ਹੀ ਇਸ ਗੱਲ ਦਾ ਸਬੂਤ ਹੈ ਕਿ ਇਹ ਬਾਬੂਸ਼ਾਹੀ ਬੈਠ ਕੇ ਮਲਾਈਆਂ ਖਾਣ ਦੀ ਹੀ ਸ਼ੌਕੀਨ ਰਹੀ ਹੈ ਤੇ ਕੰਮ ਕਦੀ ਕੀਤਾ ਹੀ ਨਹੀਂ। ਇਸ ਦਾ ਇਕ ਸਬੂਤ ਇਹ ਵੀ ਹੈ ਕਿ ਪੰਜਾਬ ਵਿੱਚ ਤਾਂ ਕਈ ਨਾਗਰਿਕ ਪੱਖੀ ਕੰਮ ਪਰਵਾਸੀ ਪੰਜਾਬੀਆਂ ਦੀ ਮਾਇਆ ਨਾਲ ਚੱਲ ਰਹੇ ਹਨ ਜਦਕਿ ਸਰਕਾਰੀ ਖ਼ਜ਼ਾਨਾ ਇਨ੍ਹਾਂ ਬਾਬੂਆਂ ਦੀ ਵਧਦੀ ਫ਼ੌਜ ਨੂੰ ਸਾਂਭਣ ਲਈ ਖਰਚਿਆ ਜਾ ਰਿਹਾ ਹੈ। ਹੁਣ ਜਦੋਂ ਪਰਖ ਦੀ ਘੜੀ ਆਈ ਤਾਂ ਇਹ ਤਾਸ਼ ਦੇ ਮਹਿਲ ਢਹਿ ਢੇਰੀ ਹੋਏ ਪਏ ਹਨ।
ਅੱਜ ਦੀ ਇਸ ਮਹਾਂਮਾਰੀ ਤੋਂ ਬਾਅਦ ਜੇ ਭਾਰਤ ਨੂੰ ਜੇ ਕੁਝ ਸਬਕ ਸਿੱਖਣਾ ਚਾਹੀਦਾ ਹੈ ਤਾਂ ਉਹ ਇਹ ਹੈ ਕਿ ਗ਼ੁਲਾਮੀ ਦੇ ਵਕ਼ਤ ਦੌਰਾਨ ਜੋ ਬਾਬੂਸ਼ਾਹੀ ਸ਼ਿਕੰਜਾ ਕਾਇਮ ਰੱਖਣ ਲਈ ਪੈਦਾ ਕੀਤੀ ਗਈ ਸੀ ਉਸ ਬਾਬੂਸ਼ਾਹੀ ਤੋਂ ਨਿਜਾਤ ਹਾਸਲ ਕੀਤੀ ਜਾਵੇ ਕਿਉਂਕਿ ਇਹ ਬਾਬੂਸ਼ਾਹੀ ਕਦੀ ਵੀ ਨਾਗਰਿਕਾਂ ਦੇ ਔਖੀ ਘੜੀ ਵੇਲੇ ਕੰਮ ਨਹੀਂ ਆਵੇਗੀ।
ਇਸ ਲਈ ਵਕ਼ਤ ਦੀ ਜ਼ਰੂਰਤ ਹੈ ਕਿ ਇਸ ਮਲਾਈ ਖਾਣੀ ਬਾਬੂਸ਼ਾਹੀ ਜਮਾਤ ਦਾ ਨਿਜ਼ਾਮ ਭੰਗ ਕਰ ਕੇ ਇੱਥੇ ਜ਼ਿੰਮੇਵਾਰੀ ਨਾਲ ਤਿਆਰ ਕੀਤਾ ਹੋਇਆ ਪੇਸ਼ੇਵਰ ਨਾਗਰਿਕ ਪ੍ਰਬੰਧ ਲਾਗੂ ਕੀਤਾ ਜਾਵੇ। ਜੇਕਰ ਭਾਰਤ ਅੱਜ ਵੀ ਇਹ ਸਬਕ ਨਾ ਸਿੱਖ ਸਕਿਆ ਤਾਂ ਭਵਿੱਖ ਵਿੱਚ ਕਿਸੇ ਔਖੀ ਘੜੀ ਵੇਲੇ ਇਸ ਦੇ ਨਾਗਰਿਕ ਇਸੇ ਤਰ੍ਹਾਂ ਹੀ ਅੰਞਾਈਂ ਮੌਤ ਮਰਦੇ ਰਹਿਣਗੇ!
ਗੁਰਤੇਜ ਜੀ, ਤੁਸੀਂ ਔਖੀ ਘੜੀ ਦਾ ਮੁਲਾਂਕਣ ਬਹੁਤ ਬਰੀਕੀ ਨਾਲ਼ ਕੀਤਾ ਹੈ ਕਿ ਨੀਰੂ ਕਿਵੇਂ ਬੰਸਰੀ ਬਜਾ ਰਿਹਾ ਸੀ ਜਦੋਂ ਕਿ ਰੋਮ ਸੜ ਰਿਹਾ ਸੀ। ਜਦੋਂ ਅੰਧੇਰ ਨਗਰੀ, ਚੌਪਟ ਰਾਜਾ ਹੋਵੇ ਤਾਂ ਰਾਜ ਵਿੱਚ ਭੰਗ ਭੁੱਜਦੀ ਹੀ ਹੁੰਦੀ ਹੈ। ਇਸ ਆਪਦਾ ਕਾਰਨ ਲਈ ਗੱਲਾਂ ਉੱਘੜ ਕੇ ਸਾਹਮਣੇ ਆਈਆਂ ਹਨ। ਜਿੱਥੇ ਲੋਕਾਂ ਦੇ ਵਿੱਚ ਇੱਕ ਦੂਜੇ ਲਈ ਦਰਦ ਹੈ ਤਾਂ ਦੂਜੇ ਪਾਸੇ ਵਪਾਰੀ ਲਾਣੇ ਨੇ ਤੇ ਰਾਜਨੀਤਕ ਲੋਕਾਂ ਨੇ ਆਮ ਲੋਕਾਈ ਦੇ ਕਫ਼ਨ ਵੀ ਲਾਹ ਕੇ ਵੇਚ ਖਾਧੇ। ਅੱਧ ਸੜੀਆਂ ਲਾਸ਼ਾ ਨਦੀ ਨਾਲ਼ਿਆਂ ਵਿੱਚ ਤਰਦੀਆਂ ਨਜ਼ਰ ਆ ਰਹੀਆਂ ਨੇ। ਕੋਵਿਡ ਵੈਕਸੀਨ ਹੈ ਨਹੀਂ, ਦਵਾਈਆਂ ਕਾਲ਼ੇ ਬਾਜ਼ਾਰ ਵਿੱਚ ਤੇ ਹਸਪਤਾਲਾਂ ਵਿੱਚ ਲਾਸ਼ਾ ਤੇ ਵਪਾਰ ਹੋ ਰਿਹਾ ਹੈ। ਅੱਜ ਦੇ ਹਲਾਤ ਨੂੰ ਦੇਖਦੇ ਹੋਏ ਮੈਂ confused ਹਾਂ ਕਿ ਰੱਬ ਹੈ ਵੀ ਕਿ ਨਹੀਂ। ਤੁਸੀਂ ਸਦਾ ਧਿਆਨ ਇਧਰ ਦੁਆ ਕੇ ਸੱਚ ਨਾਲ਼ ਰੂਬਰੂ ਕਰਵਾਇਆ ਹੈ। ਮੰਜ਼ਰ ਬਹੁਤ ਦਰਦਨਾਕ ਹੈ।