Posted in ਖੋਜ, ਚਰਚਾ

ਇਤਿਹਾਸ ਦੀ ਕਦਰ

ਅੱਜ ਦੇ ਪਦਾਰਥਵਾਦੀ ਜੁਗ ਦੇ ਵਿੱਚ ਸ਼ਾਇਦ ਇਨਸਾਨ ਦੀ ਪਹਿਲੀ ਲੋੜ ਆਰਥਿਕਤਾ ਤੇ ਹੀ ਕੇਂਦਰਿਤ ਹੋ ਚੁੱਕੀ ਹੈ। ਬੀਤੇ ਕੁਝ ਦਹਾਕਿਆਂ ਤੋਂ ਪੰਜਾਬ ਜਿਸ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਉਸ ਨੂੰ ਵੇਖ ਕੇ ਲੱਗਦਾ ਹੈ ਕਿ ਪੜ੍ਹਾਈ ਤੋਂ ਵੀ ਪਹਿਲਾਂ ਰੁਜ਼ਗਾਰ ਦਾ ਫ਼ਿਕਰ ਹੋਣ ਲੱਗ ਪਿਆ ਹੈ। ਸ਼ਾਇਦ ਇਸੇ ਕਰਕੇ ਗਲੀ-ਮੁਹੱਲਿਆਂ ਦਿਆਂ ਖੂੰਜਿਆਂ ਵਿੱਚ ਖੁੱਲ੍ਹੀਆਂ ਅੰਗਰੇਜ਼ੀ ਇਮਤਿਹਾਨ ਦੀਆਂ ਦੁਕਾਨਾਂ ਲੱਖਾਂ ਦੀਆਂ ਕਮਾਈਆਂ ਕਰ ਰਹੀਆਂ ਹਨ। ਜਦ ਕਿ ਇਤਿਹਾਸ ਸਿਰਜਣਾ ਅਤੇ ਇਸ ਨੂੰ ਸਾਂਭਣਾ ਇਸ ਵਾਵਰੋਲੇ ਵਿੱਚ ਗੁਆਚ ਜਿਹਾ ਗਿਆ ਹੈ।   

ਪੰਜਾਬ ਵਿਚੋਂ ਨਵੀਆਂ ਇਤਿਹਾਸਕ ਖੋਜ ਦੀਆਂ ਕਿਤਾਬਾਂ ਬਹੁਤ ਘੱਟ ਪੜ੍ਹਨ ਨੂੰ ਮਿਲ ਰਹੀਆਂ ਹਨ। ਸ਼ਾਇਦ ਇਸ ਦਾ ਕਾਰਨ ਇਹ ਵੀ ਹੈ ਕਿ ਆਮ ਰਾਏ ਇਹੀ ਕਹਿੰਦੀ ਹੈ ਕਿ ਇਤਿਹਾਸ ਪੜ੍ਹ ਕੇ ਕੀ ਲੈਣਾ? ਉਹੀ ਰੱਟੋ ਜਿਸ ਤੋਂ ਰੁਜ਼ਗਾਰ ਮਿਲੇ। ਇਸ ਸੋਚ ਦੀਆਂ ਜੜ੍ਹਾਂ ਏਡੀਆਂ ਡੂੰਘੀਆਂ ਹੋ ਚੁੱਕੀਆਂ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀਆਂ ਕਿਤਾਬਾਂ ਵਿੱਚ ਵੀ ਕਈ ਵਾਰ ਗੁਰ-ਇਤਿਹਾਸ ਬਾਰੇ ਕੀਤੀਆਂ ਬੱਜਰ ਗ਼ਲਤੀਆਂ ਬਾਰੇ ਖ਼ਬਰਾਂ ਪੜ੍ਹਣ ਨੂੰ ਮਿਲਦੀਆਂ ਹਨ।    

ਜੇਕਰ ਅਸੀਂ ਇਤਿਹਾਸ ਪੜ੍ਹਾਂਗੇ ਹੀ ਨਹੀਂ ਤਾਂ ਇਤਿਹਾਸ ਲਿਖਾਂਗੇ ਕਿਵੇਂ? ਅਸੀਂ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਕਰਦੇ ਕਿ ਸਰਦਾਰ ਕਰਮ ਸਿੰਘ ਜੋ ਕਿ ਸੰਨ 1884 ਦੇ ਵਿੱਚ ਪੈਦਾ ਹੋਏ ਸਨ, ਜੇਕਰ ਉਨ੍ਹਾਂ ਨੇ ਆਪਣੇ ਵੇਲੇ ਪੰਜਾਬ ਦੇ ਪਿੰਡ-ਪਿੰਡ ਜਾ ਕੇ ਸਿੱਖ ਇਤਿਹਾਸ ਦੇ ਸਰੋਤ ਨਾ ਇਕੱਠੇ ਕੀਤੇ ਹੁੰਦੇ ਤਾਂ ਸਾਡੇ ਕੋਲ ਜੋ ਅੱਜ ਦਾ ਸਿੱਖ ਇਤਿਹਾਸ ਲਿਖਿਆ ਪਿਆ ਹੈ ਸ਼ਾਇਦ ਉਹ ਵੀ ਨਹੀਂ ਹੋਣਾ ਸੀ।   

ਬਜ਼ੁਰਗ ਸੱਜਣਾਂ ਤੋਂ ਸਿੱਖ ਰਾਜ ਦੇ ਹਾਲ ਪੁੱਛਣ ਦੀ ਸਖ਼ਤ ਮਿਹਨਤ ਕਰ ਕੇ ਸਰਦਾਰ ਕਰਮ ਸਿੰਘ ਨੇ ਸਿਰਫ਼ ਇਹ ਕੰਮ ਸਿਰੇ ਹੀ ਨਹੀਂ ਚਾੜ੍ਹਿਆ ਸਗੋਂ ਆਪ ਬਗ਼ਦਾਦ ਵੀ ਗਏ ਤਾਂ ਕਿ ਉਥੋਂ ਗੁਰੂ ਨਾਨਕ ਸਾਹਿਬ ਜੀ ਦੀਆਂ ਪੱਛਮ ਯਾਤਰਾਵਾਂ ਦੇ ਸਿਲਸਿਲੇ ਵਿਚ ਇਤਿਹਾਸਕ ਜਾਣਕਾਰੀ ਇਕੱਠੀ ਕਰ ਸਕਣ।   

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀਆਂ ਕਿਤਾਬਾਂ ਵਿੱਚ ਗ਼ਲਤੀਆਂ ਤਾਂ ਇੱਕ ਪਾਸੇ, ਅਜੋਕੀ ਭਾਰਤ ਸਰਕਾਰ ਸਾਰਾ ਇਤਿਹਾਸ ਹੀ ਪੁੱਠਾ ਲਿਖਣ ਤੇ ਲੱਗੀ ਹੋਈ ਹੈ। ਸਕੂਲੀ ਕਿਤਾਬਾਂ ਵਿੱਚ ਫੇਰ-ਬਦਲ ਕਰਕੇ ਇਤਿਹਾਸ ਗ਼ਲਤ-ਮਲਤ ਹੀ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ।

ਜੇਕਰ ਅਸੀਂ ਇਤਿਹਾਸ ਦੇ ਲਈ ਅਵੇਸਲੇ ਹੀ ਪਏ ਰਹੇ ਤਾਂ ਸਰਦਾਰ ਕਰਮ ਸਿੰਘ ਤੋਂ ਬਾਅਦ ਡਾ. ਗੰਡਾ ਸਿੰਘ ਦੀ ਕੀਤੀ ਅਣਥੱਕ ਮਿਹਨਤ ਨੂੰ ਕਿਤੇ ਗੁਆ ਹੀ ਨਾ ਲਈਏ। 

ਦੁਨੀਆਂ ਭਰ ਦੇ ਲੋਕ ਜਿਹੜੇ ਬਸਤੀਵਾਦ ਅਤੇ ਨਸਲਵਾਦ ਦਾ ਸ਼ਿਕਾਰ ਹੋਏ ਹਨ ਉਹ ਅੱਜ ਇਤਿਹਾਸਕ ਖੋਜਾਂ ਕਰਨ ਵਿੱਚ ਬੇਮਿਸਾਲ ਮਿਹਨਤ ਕਰ ਰਹੇ ਹਨ। ਸਿੱਖ ਅਤੇ ਪੰਜਾਬ ਇਤਿਹਾਸ ਲਈ ਵੀ ਅਜਿਹੀ ਮਿਹਨਤ ਕਰਨ ਦੀ ਲੋੜ ਹੈ।

ਹਾਲ ਵਿਚ ਹੀ ਮੈਨੂੰ ਰਾਊਲ ਪੈੱਕ ਵੱਲੋਂ ਨਿਰਦੇਸ਼ਿਤ ਕੀਤੀ ਗਈ ਇੱਕ ਦਸਤਾਵੇਜ਼ੀ ਫ਼ਿਲਮ ਲੜੀ ਬਾਰੇ ਪੜ੍ਹਣ ਦਾ ਮੌਕਾ ਲੱਗਾ ਹੈ। ਇਸ ਲੜੀ ਦੀਆਂ ਚਾਰ ਕਿਸ਼ਤਾਂ ਵਿੱਚ ਰਾਊਲ ਪੈੱਕ ਨੇ ਬਸਤੀਵਾਦ ਦਾ ਸ਼ਿਕਾਰ ਹੋਏ ਲੋਕਾਂ ਦੇ ਨਜ਼ਰੀਏ ਤੋਂ ਇਤਿਹਾਸ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਰਾਊਲ ਪੈੱਕ ਦੇ ਇਸ ਉੱਦਮ ਬਾਰੇ ਜਾਣਕਾਰੀ ਇਸ ਲਿੰਕ ਤੋਂ ਮਿਲ ਸਕਦੀ ਹੈ। ਉਨ੍ਹਾਂ ਨਾਲ ‘ਡਿਮੋਕਰੇਸੀ ਨਾਓ’ ਪ੍ਰੋਗਰਾਮ ਵੱਲੋਂ ਵਿਸਥਾਰ ਵਿੱਚ ਕੀਤੀ ਗੱਲਬਾਤ ਯੂਟਿਊਬ ਤੇ ਵੇਖੀ ਜਾ ਸਕਦੀ ਹੈ ਜੋ ਕਿ ਮੈਂ ਹੇਠਾਂ ਪਾ ਦਿੱਤੀ ਹੈ। 

ਰਾਊਲ ਪੈੱਕ ਨੇ ਇਸ ਦਸਤਾਵੇਜ਼ੀ ਲੜੀ ਦਾ ਆਧਾਰ ਸ੍ਵੇਨ ਲਿੰਡਕ੍ਵਿਸਟ ਦੀ ਲਿਖੀ ਹੋਈ ਕਿਤਾਬ ਨੂੰ ਬਣਾਇਆ ਹੈ। ਸ੍ਵੇਨ ਲਿੰਡਕ੍ਵਿਸਟ ਲਿਖਦੇ ਹਨ ਕਿ ਕਈ ਵਾਰ ਸਾਡੇ ਕੋਲ ਜਾਣਕਾਰੀ ਤਾਂ ਜ਼ਰੂਰ ਹੁੰਦੀ ਹੈ ਪਰ ਇਸ ਗੱਲ ਦੀ ਜੁਰਅਤ ਨਹੀਂ ਹੁੰਦੀ ਕਿ ਅਸੀਂ ਜਾਣਕਾਰੀ ਨੂੰ ਚੰਗੀ ਤਰ੍ਹਾਂ ਸਮਝ ਸਕੀਏ ਅਤੇ ਆਪਣੀ ਸੋਚ ਮੁਤਾਬਕ ਇਸ ਜਾਣਕਾਰੀ ਦਾ ਨਿਚੋੜ ਕੱਢ ਸਕੀਏ ਜਾਂ ਪੇਸ਼ ਕਰ ਸਕੀਏ।

ਸੋ ਜੇ ਕਰ ਅਸੀਂ ਆਪ ਇਤਿਹਾਸ ਬਾਰੇ ਇਹ ਜੁਰਅਤ ਨਹੀਂ ਕਰਾਂਗੇ ਤਾਂ ਸਾਡੇ ਉੱਤੇ ਕੋਈ ਵੀ ਕੁਝ ਵੀ ਥੋਪ ਸਕਦਾ ਹੈ। ਕਿ ਨਹੀਂ?

Posted in ਚਰਚਾ

ਰੱਸੀ ਸੜ ਗਈ ਪਰ ਵੱਟ ਨਹੀਂ ਗਿਆ

ਭਾਰਤ ਇਸ ਵਕ਼ਤ ਕੋਵਿਡ ਮਹਾਂਮਾਰੀ ਦੇ ਦੂਜੇ ਹਮਲੇ ਦਾ ਸ਼ਿਕਾਰ ਹੋਇਆ ਪਿਆ ਹੈ। ਇਸ ਦਾ ਅਸਰ ਜ਼ਿਆਦਾ ਹੀ ਮਾਰੂ ਸਾਬਤ ਹੋ ਰਿਹਾ ਹੈ। ਦੁਨੀਆਂ ਭਰ ਦੇ ਮੁਲਕ ਆਪੋ-ਆਪਣੇ ਪੱਧਰ ਤੇ ਭਾਰਤ ਨੂੰ ਮਦਦ ਭੇਜ ਰਹੇ ਹਨ। ਪਰ ਭਾਰਤ ਨੇ ਯੂ. ਐਨ ਦੀ ਸਿੱਕੇਬੱਧ ਮਦਦ ਲੈਣ ਤੋਂ ਨਾਂਹ ਕਰ ਦਿੱਤੀ ਹੈ। ਕਾਰਨ ਇਹ ਦੱਸਿਆ ਹੈ ਕਿ ਭਾਰਤ ਦਾ ਆਪਣਾ ਸਿਸਟਮ ਬਹੁਤ ਮਜ਼ਬੂਤ ਹੈ। ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ। ਅਖੇ ਉਹੀ ਗੱਲ ਹੋਈ ਕਿ ਰੱਸੀ ਸੜ ਗਈ ਪਰ ਵੱਟ ਨਹੀਂ ਗਿਆ।

ਪੱਛਮੀ ਮੁਲਕਾਂ ਵਿੱਚ ਜੇ ਕਰ ਰਾਜਨੇਤਾ ਜਾਂ ਬਾਬੂ ਕੋਈ ਬੱਜਰ ਗਲਤੀ ਕਰਦੇ ਹਨ ਤਾਂ ਉਹ ਰਾਜਨੀਤੀ ਤੋਂ ਸੰਨਿਆਸ ਲੈ ਲੈਂਦੇ ਹਨ ਜਾਂ ਫਿਰ ਬਾਬੂ ਲੋਕ ਆਪਣੇ ਪੇਸ਼ੇ ਤੋਂ ਹੱਥ ਧੋ ਬੈਠਦੇ ਹਨ। ਜੇ ਕਰ ਤਾਨਾਸ਼ਾਹ ਮੁਲਕਾਂ ਦੀ ਗੱਲ ਕਰੀਏ ਤਾਂ ਉਥੇ ਬੱਜਰ ਗਲਤੀਆਂ ਕਰਨ ਵਾਲੇ ਜਾਨ ਤੋਂ ਵੀ ਹੱਥ ਧੋ ਬੈਠਦੇ ਹਨ। ਪਰ ਭਾਰਤ ਇੱਕ ਅਜਿਹਾ ਅਲੋਕਾਰਾ ਮੁਲਕ ਹੈ ਜਿੱਥੇ ਜ਼ਿੰਮੇਵਾਰੀ ਕਿਸੇ ਦੀ ਹੈ ਹੀ ਨਹੀਂ। ਹੋ ਸਕਦਾ ਹੈ ਕਿ ਕੁਝ ਮਹੀਨਿਆਂ ਤਕ ਭਾਰਤੀ ਗੋਦੀ ਮੀਡੀਆ ਇਸ ਗੱਲ ਦੀ ਢੰਡੋਰੀ ਪਿੱਟਣ ਲੱਗ ਜਾਵੇ ਕਿ ਕਰੋਨਾ ਨੇ ਨੁਕਸਾਨ ਤਾਂ ਜ਼ਿਆਦਾ ਕਰਨਾ ਸੀ ਪਰ ਜੁਮਲੇਬਾਜ਼ ਨੇ ਹੱਥ ਦੇ ਕੇ ਬਚਾ ਲਿਆ।   

ਗੋਦੀ ਮੀਡੀਆ ਅਤੇ ਝੋਲੀਚੁੱਕ ਭਾਰਤ ਵਿੱਚ ਹੀ ਨਹੀਂ ਸਗੋਂ ਬਦੇਸਾਂ ਵਿੱਚ ਵੀ ਹਨ। ਭਾਰਤੀ ਦੂਤਖਾਨੇ ਅੱਜ ਕੱਲ ਬਦੇਸਾਂ ਵਿੱਚ ਵੱਸੇ ਆਪਣੇ ਝੋਲੀਚੁਕਾਂ ਨੂੰ ਅਕਸਰ ਨਵ (ਨੌਂ) ਰਤਨ ਦਾ ਖ਼ਿਤਾਬ ਦੇ ਕੇ ਨਿਵਾਜਦੇ ਹਨ। ਇਹੋ ਜਿਹੇ ਰਤਨ ਨਿਊਜ਼ੀਲੈਂਡ ਵਿੱਚ ਵੀ ਹਨ ਜਿੰਨ੍ਹਾਂ ਬਾਰੇ ਪੜ੍ਹਣ ਲਈ ਇੱਥੇ ਕਲਿੱਕ ਕਰੋ। 

Courtesy: Time magazine cover 10 May 2021

ਦੱਸਿਆ ਜਾਂਦਾ ਹੈ ਕਿ ਭਾਰਤ ਵਿੱਚ ਆਕਸੀਜਨ ਦਾ ਪਲਾਂਟ ਸਵਾ ਕਰੋੜ ਰੁਪਏ ਵਿੱਚ ਲੱਗ ਜਾਂਦਾ ਹੈ। ਇਸ ਨਾਲੋਂ ਤਾਂ ਮਹਿੰਗੀਆਂ ਕਾਰਾਂ ਭਾਰਤ ਵਿੱਚ ਆਮ ਛੂਕਦੀਆਂ ਫਿਰਦੀਆਂ ਹਨ। ਦੱਸਣ ਵਾਲੇ ਤਾਂ ਇਹ ਵੀ ਦੱਸਦੇ ਹਨ ਕਿ ਭਾਰਤੀ ਅਮੀਰਾਂ ਦੇ ਵਿਆਹਾਂ ਦੇ ਪੰਡਾਲ ਹੀ ਤਿੰਨ-ਤਿੰਨ ਕਰੋੜ ਦੇ ਬਣਦੇ ਹਨ। ਸਮਝ ਨਹੀਂ ਆਉਂਦੀ ਕਿ ਆਕਸੀਜਨ ਦੇ ਪਲਾਂਟ ਜ਼ਿਆਦਾ ਮਹਿੰਗੇ ਕਿਉਂ ਲੱਗਦੇ ਹਨ ਤੇ ਫੋਕੀ ਟੌਹਰ ਦੀ ਖਾਤਰ ਨੋਟਾਂ ਨੂੰ ਅੱਗ ਲਾਉਣ ਵਰਗੀ ਹੈਂਕੜ ਕਿਉਂ ਵਖਾਈ ਜਾਂਦੀ ਹੈ।   

ਹੁਣ ਇਹ ਵੀ ਖ਼ਬਰ ਪੜ੍ਹਣ ਨੂੰ ਮਿਲ ਰਹੀ ਹੈ ਕਿ ਮਦਰਾਸ ਹਾਈ ਕੋਰਟ ਨੇ ਭਾਰਤੀ ਚੋਣ ਕਮਿਸ਼ਨ ਬਾਰੇ ਸਖ਼ਤ ਟਿੱਪਣੀ ਕਰਦੇ ਹੋਏ ਕਮਿਸ਼ਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮੇਰੀ ਜਾਚੇ ਇਹ ਸਭ ਭੁਲਾਵਾ ਹੀ ਹੈ। ਪਹਿਲੀ ਗੱਲ ਤਾਂ ਇਹ ਕਿ ਹਰ ਕੰਮ ਲਈ ਅਦਾਲਤਾਂ ਦਾ ਹੀ ਦਖ਼ਲ ਕਿਉਂ? ਰਾਜਨੇਤਾ ਅਤੇ ਕੈਬਿਨੇਟ ਦੀ ਬਾਬੂਸ਼ਾਹੀ ਕਿਸ ਕੰਮ ਦੀ ਤਨਖ਼ਾਹ ਅਤੇ ਭੱਤੇ ਲੈਂਦੇ ਹਨ? ਇਹ ਆਪਣੀ ਕੋਈ ਜ਼ਿੰਮੇਵਾਰੀ ਕਿਉਂ ਨਹੀਂ ਸਮਝਦੇ? ਪਰ ਜਦ ਜੱਜਾਂ ਨੂੰ ਸੇਵਾਮੁਕਤੀ ਤੋਂ ਫੌਰਨ ਬਾਅਦ ਨਵੇਂ ਅਹੁਦੇ ਜਾਂ ਰਾਜ ਸਭਾ ਦੀਆਂ ਨਾਮਜ਼ਦਗੀਆਂ ਮਿਲ ਜਾਣ ਤਾਂ ਉਹ ਰਾਜਨੇਤਾਵਾਂ ਵੱਲ ਉਂਗਲੀ ਕਿਉਂ ਕਰਨਗੇ?

ਮੁਕਦੀ ਗੱਲ, ਇਹ ਵੀ ਸੁਣਨ ਵਿੱਚ ਆਇਆ ਹੈ ਕਿ ਜੁਮਲੇਬਾਜ਼ ਇਸ ਗੱਲ ਤੇ ਭੜਕ ਉੱਠਿਆ ਕਿ ਦਿੱਲੀ ਪ੍ਰਸ਼ਾਸਨ ਦੀ ਇੱਕ ਬੈਠਕ ਲਾਈਵ ਕਿਉਂ ਵਖਾਈ ਜਾ ਰਹੀ ਸੀ। ਨਾਰਾਜ਼ਗੀ ਇਸ ਗੱਲ ਤੇ ਸੀ ਕਿ “ਪ੍ਰੋਟੋਕੌਲ” ਭੰਗ ਹੋ ਗਿਆ ਸੀ। ਜੁਮਲੇਬਾਜ਼ ਸ਼ਾਇਦ ਇਹ ਭੁੱਲ ਰਿਹਾ ਸੀ ਕਿ ਸਸਤੀ ਮਸ਼ਹੂਰੀ ਖਾਤਰ ਉਸ ਦਾ ਗੋਦੀ ਮੀਡੀਆ ਪਤਾ ਨਹੀਂ ਕਿੰਨੇ “ਪ੍ਰੋਟੋਕੌਲ” ਭੰਗ ਕਰਦਾ ਰਹਿੰਦਾ ਹੈ। ਜੁਮਲੇਬਾਜ਼ ਆਪ ਉਨ੍ਹਾਂ ਲੋਕਾਂ ਦੀ ਬਾਂਹ ਫੜ੍ਹ ਖਿੱਚ ਕੇ ਪਾਸੇ ਕਰ ਦਿੰਦਾ ਹੈ ਜੋ ਉਸਦੇ ਅਤੇ ਕੈਮਰਾਮੈਨ ਦੇ ਵਿੱਚ ਆ ਰਹੇ ਹੋਣ। ਦਿੱਲੀ ਪ੍ਰਸ਼ਾਸਨ ਦੀ ਇਸ ਬੈਠਕ ਵਿੱਚ ਕਿਉਂਕਿ ਆਲੋਚਣਾ ਹੋਣੀ ਸੀ ਸੋ ਅਚਾਨਕ “ਪ੍ਰੋਟੋਕੌਲ” ਯਾਦ ਆ ਗਏ।

ਪਤਾ ਨਹੀਂ ਜੁਮਲਿਆਂ ਦਾ ਇਹ ਮਾਇਆਜਾਲ ਕਦੀ ਟੁੱਟੇਗਾ ਵੀ ਕਿ ਨਹੀਂ।