ਭਾਰਤ ਇਸ ਵਕ਼ਤ ਕੋਵਿਡ ਮਹਾਂਮਾਰੀ ਦੇ ਦੂਜੇ ਹਮਲੇ ਦਾ ਸ਼ਿਕਾਰ ਹੋਇਆ ਪਿਆ ਹੈ। ਇਸ ਦਾ ਅਸਰ ਜ਼ਿਆਦਾ ਹੀ ਮਾਰੂ ਸਾਬਤ ਹੋ ਰਿਹਾ ਹੈ। ਦੁਨੀਆਂ ਭਰ ਦੇ ਮੁਲਕ ਆਪੋ-ਆਪਣੇ ਪੱਧਰ ਤੇ ਭਾਰਤ ਨੂੰ ਮਦਦ ਭੇਜ ਰਹੇ ਹਨ। ਪਰ ਭਾਰਤ ਨੇ ਯੂ. ਐਨ ਦੀ ਸਿੱਕੇਬੱਧ ਮਦਦ ਲੈਣ ਤੋਂ ਨਾਂਹ ਕਰ ਦਿੱਤੀ ਹੈ। ਕਾਰਨ ਇਹ ਦੱਸਿਆ ਹੈ ਕਿ ਭਾਰਤ ਦਾ ਆਪਣਾ ਸਿਸਟਮ ਬਹੁਤ ਮਜ਼ਬੂਤ ਹੈ। ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ। ਅਖੇ ਉਹੀ ਗੱਲ ਹੋਈ ਕਿ ਰੱਸੀ ਸੜ ਗਈ ਪਰ ਵੱਟ ਨਹੀਂ ਗਿਆ।
ਪੱਛਮੀ ਮੁਲਕਾਂ ਵਿੱਚ ਜੇ ਕਰ ਰਾਜਨੇਤਾ ਜਾਂ ਬਾਬੂ ਕੋਈ ਬੱਜਰ ਗਲਤੀ ਕਰਦੇ ਹਨ ਤਾਂ ਉਹ ਰਾਜਨੀਤੀ ਤੋਂ ਸੰਨਿਆਸ ਲੈ ਲੈਂਦੇ ਹਨ ਜਾਂ ਫਿਰ ਬਾਬੂ ਲੋਕ ਆਪਣੇ ਪੇਸ਼ੇ ਤੋਂ ਹੱਥ ਧੋ ਬੈਠਦੇ ਹਨ। ਜੇ ਕਰ ਤਾਨਾਸ਼ਾਹ ਮੁਲਕਾਂ ਦੀ ਗੱਲ ਕਰੀਏ ਤਾਂ ਉਥੇ ਬੱਜਰ ਗਲਤੀਆਂ ਕਰਨ ਵਾਲੇ ਜਾਨ ਤੋਂ ਵੀ ਹੱਥ ਧੋ ਬੈਠਦੇ ਹਨ। ਪਰ ਭਾਰਤ ਇੱਕ ਅਜਿਹਾ ਅਲੋਕਾਰਾ ਮੁਲਕ ਹੈ ਜਿੱਥੇ ਜ਼ਿੰਮੇਵਾਰੀ ਕਿਸੇ ਦੀ ਹੈ ਹੀ ਨਹੀਂ। ਹੋ ਸਕਦਾ ਹੈ ਕਿ ਕੁਝ ਮਹੀਨਿਆਂ ਤਕ ਭਾਰਤੀ ਗੋਦੀ ਮੀਡੀਆ ਇਸ ਗੱਲ ਦੀ ਢੰਡੋਰੀ ਪਿੱਟਣ ਲੱਗ ਜਾਵੇ ਕਿ ਕਰੋਨਾ ਨੇ ਨੁਕਸਾਨ ਤਾਂ ਜ਼ਿਆਦਾ ਕਰਨਾ ਸੀ ਪਰ ਜੁਮਲੇਬਾਜ਼ ਨੇ ਹੱਥ ਦੇ ਕੇ ਬਚਾ ਲਿਆ।
ਗੋਦੀ ਮੀਡੀਆ ਅਤੇ ਝੋਲੀਚੁੱਕ ਭਾਰਤ ਵਿੱਚ ਹੀ ਨਹੀਂ ਸਗੋਂ ਬਦੇਸਾਂ ਵਿੱਚ ਵੀ ਹਨ। ਭਾਰਤੀ ਦੂਤਖਾਨੇ ਅੱਜ ਕੱਲ ਬਦੇਸਾਂ ਵਿੱਚ ਵੱਸੇ ਆਪਣੇ ਝੋਲੀਚੁਕਾਂ ਨੂੰ ਅਕਸਰ ਨਵ (ਨੌਂ) ਰਤਨ ਦਾ ਖ਼ਿਤਾਬ ਦੇ ਕੇ ਨਿਵਾਜਦੇ ਹਨ। ਇਹੋ ਜਿਹੇ ਰਤਨ ਨਿਊਜ਼ੀਲੈਂਡ ਵਿੱਚ ਵੀ ਹਨ ਜਿੰਨ੍ਹਾਂ ਬਾਰੇ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਦੱਸਿਆ ਜਾਂਦਾ ਹੈ ਕਿ ਭਾਰਤ ਵਿੱਚ ਆਕਸੀਜਨ ਦਾ ਪਲਾਂਟ ਸਵਾ ਕਰੋੜ ਰੁਪਏ ਵਿੱਚ ਲੱਗ ਜਾਂਦਾ ਹੈ। ਇਸ ਨਾਲੋਂ ਤਾਂ ਮਹਿੰਗੀਆਂ ਕਾਰਾਂ ਭਾਰਤ ਵਿੱਚ ਆਮ ਛੂਕਦੀਆਂ ਫਿਰਦੀਆਂ ਹਨ। ਦੱਸਣ ਵਾਲੇ ਤਾਂ ਇਹ ਵੀ ਦੱਸਦੇ ਹਨ ਕਿ ਭਾਰਤੀ ਅਮੀਰਾਂ ਦੇ ਵਿਆਹਾਂ ਦੇ ਪੰਡਾਲ ਹੀ ਤਿੰਨ-ਤਿੰਨ ਕਰੋੜ ਦੇ ਬਣਦੇ ਹਨ। ਸਮਝ ਨਹੀਂ ਆਉਂਦੀ ਕਿ ਆਕਸੀਜਨ ਦੇ ਪਲਾਂਟ ਜ਼ਿਆਦਾ ਮਹਿੰਗੇ ਕਿਉਂ ਲੱਗਦੇ ਹਨ ਤੇ ਫੋਕੀ ਟੌਹਰ ਦੀ ਖਾਤਰ ਨੋਟਾਂ ਨੂੰ ਅੱਗ ਲਾਉਣ ਵਰਗੀ ਹੈਂਕੜ ਕਿਉਂ ਵਖਾਈ ਜਾਂਦੀ ਹੈ।
ਹੁਣ ਇਹ ਵੀ ਖ਼ਬਰ ਪੜ੍ਹਣ ਨੂੰ ਮਿਲ ਰਹੀ ਹੈ ਕਿ ਮਦਰਾਸ ਹਾਈ ਕੋਰਟ ਨੇ ਭਾਰਤੀ ਚੋਣ ਕਮਿਸ਼ਨ ਬਾਰੇ ਸਖ਼ਤ ਟਿੱਪਣੀ ਕਰਦੇ ਹੋਏ ਕਮਿਸ਼ਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮੇਰੀ ਜਾਚੇ ਇਹ ਸਭ ਭੁਲਾਵਾ ਹੀ ਹੈ। ਪਹਿਲੀ ਗੱਲ ਤਾਂ ਇਹ ਕਿ ਹਰ ਕੰਮ ਲਈ ਅਦਾਲਤਾਂ ਦਾ ਹੀ ਦਖ਼ਲ ਕਿਉਂ? ਰਾਜਨੇਤਾ ਅਤੇ ਕੈਬਿਨੇਟ ਦੀ ਬਾਬੂਸ਼ਾਹੀ ਕਿਸ ਕੰਮ ਦੀ ਤਨਖ਼ਾਹ ਅਤੇ ਭੱਤੇ ਲੈਂਦੇ ਹਨ? ਇਹ ਆਪਣੀ ਕੋਈ ਜ਼ਿੰਮੇਵਾਰੀ ਕਿਉਂ ਨਹੀਂ ਸਮਝਦੇ? ਪਰ ਜਦ ਜੱਜਾਂ ਨੂੰ ਸੇਵਾਮੁਕਤੀ ਤੋਂ ਫੌਰਨ ਬਾਅਦ ਨਵੇਂ ਅਹੁਦੇ ਜਾਂ ਰਾਜ ਸਭਾ ਦੀਆਂ ਨਾਮਜ਼ਦਗੀਆਂ ਮਿਲ ਜਾਣ ਤਾਂ ਉਹ ਰਾਜਨੇਤਾਵਾਂ ਵੱਲ ਉਂਗਲੀ ਕਿਉਂ ਕਰਨਗੇ?
ਮੁਕਦੀ ਗੱਲ, ਇਹ ਵੀ ਸੁਣਨ ਵਿੱਚ ਆਇਆ ਹੈ ਕਿ ਜੁਮਲੇਬਾਜ਼ ਇਸ ਗੱਲ ਤੇ ਭੜਕ ਉੱਠਿਆ ਕਿ ਦਿੱਲੀ ਪ੍ਰਸ਼ਾਸਨ ਦੀ ਇੱਕ ਬੈਠਕ ਲਾਈਵ ਕਿਉਂ ਵਖਾਈ ਜਾ ਰਹੀ ਸੀ। ਨਾਰਾਜ਼ਗੀ ਇਸ ਗੱਲ ਤੇ ਸੀ ਕਿ “ਪ੍ਰੋਟੋਕੌਲ” ਭੰਗ ਹੋ ਗਿਆ ਸੀ। ਜੁਮਲੇਬਾਜ਼ ਸ਼ਾਇਦ ਇਹ ਭੁੱਲ ਰਿਹਾ ਸੀ ਕਿ ਸਸਤੀ ਮਸ਼ਹੂਰੀ ਖਾਤਰ ਉਸ ਦਾ ਗੋਦੀ ਮੀਡੀਆ ਪਤਾ ਨਹੀਂ ਕਿੰਨੇ “ਪ੍ਰੋਟੋਕੌਲ” ਭੰਗ ਕਰਦਾ ਰਹਿੰਦਾ ਹੈ। ਜੁਮਲੇਬਾਜ਼ ਆਪ ਉਨ੍ਹਾਂ ਲੋਕਾਂ ਦੀ ਬਾਂਹ ਫੜ੍ਹ ਖਿੱਚ ਕੇ ਪਾਸੇ ਕਰ ਦਿੰਦਾ ਹੈ ਜੋ ਉਸਦੇ ਅਤੇ ਕੈਮਰਾਮੈਨ ਦੇ ਵਿੱਚ ਆ ਰਹੇ ਹੋਣ। ਦਿੱਲੀ ਪ੍ਰਸ਼ਾਸਨ ਦੀ ਇਸ ਬੈਠਕ ਵਿੱਚ ਕਿਉਂਕਿ ਆਲੋਚਣਾ ਹੋਣੀ ਸੀ ਸੋ ਅਚਾਨਕ “ਪ੍ਰੋਟੋਕੌਲ” ਯਾਦ ਆ ਗਏ।
ਪਤਾ ਨਹੀਂ ਜੁਮਲਿਆਂ ਦਾ ਇਹ ਮਾਇਆਜਾਲ ਕਦੀ ਟੁੱਟੇਗਾ ਵੀ ਕਿ ਨਹੀਂ।