Posted in ਚਰਚਾ

..ਤੇ ਸੋਝੀ ਆ ਗਈ।

ਦੋ ਦਹਾਕੇ ਪਹਿਲਾਂ ਨਿਊਜ਼ੀਲੈਂਡ ਵਿੱਚ ਪੱਕੇ ਤੌਰ ਤੇ ਵਸ ਜਾਣ ਤੋਂ ਬਾਅਦ ਮੇਰਾ ਪੰਜਾਬ ਜਾਣ ਦਾ ਸਬੱਬ ਤੀਜੇ ਕੁ ਸਾਲ ਬਣਦਾ ਸੀ। ਜਦ ਵੀ ਪੰਜਾਬ ਜਾਂਦਾ ਤਾਂ ਮੈਂ ਇਕ ਦਿਨ ਉਚੇਚਾ ਪਟਿਆਲੇ ਅਰਬਨ ਅਸਟੇਟ ਡਾ ਗੁਰਭਗਤ ਸਿੰਘ ਨਾਲ ਮੁਲਾਕਾਤ ਕਰਨ ਲਈ ਜਾਂਦਾ। ਡਾ ਗੁਰਭਗਤ ਸਿੰਘ, ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਿੱਚ ਪ੍ਰੋਫੈਸਰ ਰਹਿ ਕੇ ਸੇਵਾ ਮੁਕਤ ਹੋਏ ਸਨ।    

ਮੈਂ ਪੰਜਾਬੀ ਯੂਨੀਵਰਸਿਟੀ ਵਿੱਚ ਕਦੀ ਅੰਗਰੇਜ਼ੀ ਵਿਭਾਗ ਦਾ ਵਿਦਿਆਰਥੀ ਨਹੀਂ ਸੀ ਰਿਹਾ। ਸੰਨ 1987 ਵਿੱਚ ਮੈਂ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਤੇ ਜਨਸੰਚਾਰ ਵਿਭਾਗ ਵਿੱਚ ਦਾਖ਼ਲਾ ਲਿਆ। ਸਾਡੇ ਵਿਭਾਗ ਦੇ ਮੁਖੀ ਕੇ ਐੱਮ ਸ਼੍ਰੀਵਾਸਤਵ ਦੀ ਇਹ ਕੋਸ਼ਿਸ਼ ਹੁੰਦੀ ਸੀ ਕਿ ਉਹ ਹਰ ਹਫ਼ਤੇ ਕਿਸੇ ਨਾ ਕਿਸੇ ਮਾਹਿਰ ਨੂੰ ਬੁਲਾ ਕੇ ਕੋਈ ਭਾਸ਼ਣ ਕਰਵਾਉਂਦੇ ਅਤੇ ਅਸੀਂ ਵਿਦਿਆਰਥੀ ਪੱਤਰਕਾਰ ਹੋਣ ਦੇ ਨਾਤੇ ਉਨ੍ਹਾਂ ਮਾਹਿਰਾਂ ਨੂੰ ਸਵਾਲ ਕਰਦੇ ਅਤੇ ਰਿਪੋਰਟਾਂ ਤਿਆਰ ਕਰਦੇ।    

ਇਹ ਮਾਹਿਰ, ਪੱਤਰਕਾਰ ਅਤੇ ਸੰਪਾਦਕ ਹੁੰਦੇ ਅਤੇ ਕਦੀ ਕਦਾਈਂ ਪ੍ਰੋ ਸ਼੍ਰੀਵਾਸਤਵ ਯੂਨੀਵਰਸਿਟੀ ਦੇ ਉੱਘੇ ਪ੍ਰੋਫੈਸਰਾਂ ਚੋਂ ਵੀ ਕਿਸੇ ਨਾ ਕਿਸੇ ਨੂੰ ਸੱਦਾ ਦਿੰਦੇ ਰਹਿੰਦੇ। ਇਸੇ ਸੰਦਰਭ ਵਿੱਚ ਇੱਕ ਦਿਨ ਡਾ ਗੁਰਭਗਤ ਸਿੰਘ ਦੇ ਵਖਿਆਨ ਸੁਣਨ ਦਾ ਸਬੱਬ ਬਣਿਆ। ਡਾ ਗੁਰਭਗਤ ਸਿੰਘ ਦੀ ਭਾਸ਼ਨ ਕਲਾ ਅਤੇ ਉਨ੍ਹਾਂ ਦੀ ਗੱਲਬਾਤ ਕਰਨ ਦੀ ਸ਼ੈਲੀ ਬਹੁਤ ਹੀ ਪ੍ਰਭਾਵਸ਼ਾਲੀ ਸੀ। ਮੈਂ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਪ੍ਰਭਾਵਤ ਹੋਏ ਬਿਨਾ ਨਾ ਰਹਿ ਸਕਿਆ ਅਤੇ ਇਸ ਤੋਂ ਬਾਅਦ ਇਹ ਨੇਮ ਹੀ ਬਣ ਗਿਆ ਕਿ ਜਦ ਵੀ ਕੋਈ ਮੌਕਾ ਲੱਗਦਾ ਡਾ ਗੁਰਭਗਤ ਸਿੰਘ ਨਾਲ ਕਿਸੇ ਨਾ ਕਿਸੇ ਵਿਚਾਰ ਜਾਂ ਮੁੱਦੇ ਉੱਤੇ ਮੇਰੀ ਅਕਸਰ ਹੀ ਗੱਲਬਾਤ ਹੋ ਜਾਂਦੀ।   

© photo by Gurtej Singh

ਬਾਅਦ ਦੁਪਹਿਰ ਆਪਣੇ ਵਿਭਾਗ ਤੋਂ ਵਿਹਲੇ ਹੋ ਕੇ ਡਾ ਗੁਰਭਗਤ ਸਿੰਘ, ਪੰਜਾਬੀ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੇ ਪਹਿਲੀ ਮੰਜ਼ਿਲ ਤੇ ਬਣੇ ਪੜ੍ਹਨ ਵਾਲੇ ਕਮਰੇ ਵਿਚ ਆਮ ਤੌਰ ਤੇ ਚਲੇ ਜਾਂਦੇ ਸਨ ਅਤੇ ਉਥੋਂ  ਸ਼ਾਮ ਨੂੰ ਚਾਰ – ਸਾਢੇ ਚਾਰ ਵਜੇ ਉੱਠਦੇ ਸਨ। ਮੈਂ ਕਈ ਵਾਰ, ਜਦੋਂ ਕਿਸੇ ਮੁੱਦੇ ਉੱਤੇ ਗੱਲ ਕਰਨੀ ਹੁੰਦੀ ਸੀ ਤਾਂ ਉਸ ਵਕਤ ਲਾਇਬ੍ਰੇਰੀ ਦੇ ਬਾਹਰ ਪਹੁੰਚ ਜਾਂਦਾ ਅਤੇ ਇਸ ਤਾਕ ਵਿੱਚ ਰਹਿੰਦਾ ਕਿ ਕਦ ਡਾ ਗੁਰਭਗਤ ਸਿੰਘ ਬਾਹਰ ਆਉਣ  ਅਤੇ ਉਨ੍ਹਾਂ ਨਾਲ ਉਨ੍ਹਾਂ ਦੇ ਘਰ ਤੱਕ ਸੈਰ ਕਰਦੇ-ਕਰਦੇ ਗੱਲਬਾਤ ਕਰਨ ਦਾ ਮੌਕਾ ਲੱਗੇ। ਇਸ ਤਰ੍ਹਾਂ ਦੇ ਵਿਚਾਰ ਵਟਾਂਦਰੇ ਸਦਕਾ ਮੈਂ ਡਾ ਗੁਰਭਗਤ ਸਿੰਘ ਦੇ ਕਾਫ਼ੀ ਨੇੜੇ ਹੋ ਗਿਆ ਸੀ।   

ਯੂਨੀਵਰਸਿਟੀ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਮੈਂ ਅਕਸਰ ਜਦ ਵੀ ਮੌਕਾ ਮਿਲਦਾ ਤਾਂ ਡਾ ਗੁਰਭਗਤ ਸਿੰਘ ਨੂੰ ਜ਼ਰੂਰ ਮਿਲਦਾ ਰਹਿੰਦਾ ਤੇ ਇਹੀ ਸਿਲਸਿਲਾ ਜਦ ਮੈਂ ਨਿਊਜ਼ੀਲੈਂਡ ਆ ਗਿਆ ਤਾਂ ਵੀ ਜਾਰੀ ਰਿਹਾ।   

ਜਦੋਂ ਤੁਸੀਂ ਕਿਸੇ ਹੋਰ ਕਿਸਮ ਦੇ ਸਮਾਜ ਦੇ ਵਿੱਚ ਆ ਕੇ ਰਹਿੰਦੇ ਹੋ ਤਾਂ ਤੁਹਾਡੀਆਂ ਪ੍ਰਥਤਮਤਾਵਾਂ ਕਈ ਹੋਰ ਕਿਸਮ ਦੀਆਂ ਹੋ ਜਾਂਦੀਆਂ ਹਨ। ਇਸ ਤਰ੍ਹਾਂ ਦਾ ਅਹਿਸਾਸ ਨਿਊਜ਼ੀਲੈਂਡ ਵਿੱਚ ਕੁਝ ਸਾਲ ਰਹਿ ਜਾਣ ਬਾਅਦ ਮੈਨੂੰ ਹੋ ਗਿਆ ਸੀ। ਸੋ ਮੈਂ ਜਦ ਵੀ ਪੰਜਾਬ ਜਾਂਦਾ ਤੇ ਡਾ ਗੁਰਭਗਤ ਸਿੰਘ ਨੂੰ ਮਿਲਦਾ ਤਾਂ ਸਾਡੀ ਗੱਲਬਾਤ ਦਾ ਵਿਸ਼ਾ ਦਾਰਸ਼ਨਿਕ ਪੱਧਰ ਤੇ ਗੁਰਬਾਣੀ, ਇਨਸਾਨੀ ਹੱਕ ਅਤੇ ਕੌਮੀਅਤਾਂ ਵਰਗੇ ਵਿਸ਼ਿਆਂ ਤੇ ਕੇਂਦਰਿਤ ਰਹਿੰਦਾ।    

ਇਨ੍ਹਾਂ ਸਾਲਾਂ ਦੌਰਾਨ, ਡਾ ਗੁਰਭਗਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗਰੇਜ਼ੀ ਤਰਜਮੇ ਦਾ ਕੰਮ ਸ਼ੁਰੂ ਕਰ ਲਿਆ ਸੀ ਜੋ ਕਿ ਮੈਨੂੰ ਬਹੁਤ ਚੰਗਾ ਲੱਗਾ। ਇਹ ਤਾਂ ਮੈਂ ਵੇਖ ਹੀ ਚੁੱਕਾ ਸੀ ਕਿ ਡਾ ਗੁਰਭਗਤ ਸਿੰਘ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਪੀਐਚਡੀ ਹੋਣ ਕਰਕੇ ਉਨ੍ਹਾਂ ਦਾ ਦੁਨੀਆਂ ਵੇਖਣ ਦਾ ਨਜ਼ਰੀਆ ਬਹੁਤ ਵੱਡਾ ਸੀ ਅਤੇ ਉਨ੍ਹਾਂ ਦਾ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾਵਾਂ ਦਾ ਗਿਆਨ ਉਨ੍ਹਾਂ ਨੂੰ ਇਸ ਗੱਲ ਦੇ ਯੋਗ ਬਣਾਉਂਦਾ ਸੀ ਕਿ ਉਹ ਇਹ ਤਰਜਮੇ ਦਾ ਕੰਮ ਨੇਪਰੇ ਚਾੜ੍ਹਨ।   

ਦਸੰਬਰ 2011 ਜਨਵਰੀ 2012 ਦੀ ਆਪਣੀ ਪੰਜਾਬ ਫੇਰੀ ਦੌਰਾਨ ਜਦ ਮੈਂ ਡਾ ਗੁਰਭਗਤ ਸਿੰਘ ਨੂੰ ਮਿਲਿਆ ਤਾਂ ਪਹਿਲਾ ਸਵਾਲ ਇਹੀ ਪੁੱਛਿਆ ਕਿ ਡਾਕਟਰ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਤਰਜਮਾ ਪੂਰਾ ਹੋ ਗਿਆ ਹੈ ਕਿ ਨਹੀਂ? ਉਹ ਬੜੇ ਗੰਭੀਰ ਚਿੱਤ ਹੋ ਗਏ ਤੇ ਕਿਹਾ ਕਿ ਉਨ੍ਹਾਂ ਨੇ ਤਰਜਮਾ ਤਾਂ ਵਿਚੇ ਹੀ ਰੋਕ ਦਿੱਤਾ ਹੈ ਅਤੇ ਇਹ ਕੰਮ ਉਨ੍ਹਾਂ ਨੂੰ ਮੁੜ ਸ਼ੁਰੂ ਕਰਨਾ ਪਏਗਾ। ਮੈਨੂੰ ਇਹ ਸੁਣ ਕੇ ਕੁਝ ਹੈਰਾਨੀ ਵੀ ਹੋਈ ਤੇ ਮੈਂ ਪੁੱਛਿਆ ਕਿ ਰੋਕ ਦੇਣਾ ਤਾਂ ਹੋ ਸਕਦਾ ਹੈ ਕਿ ਤੁਹਾਡੇ ਕੋਈ ਨਾ ਕੋਈ ਹੋਰ ਰੁਝੇਵੇਂ ਆ ਗਏ ਹੋਣ ਪਰ ਇਹ ਮੁੜ ਤੋਂ ਸ਼ੁਰੂ ਕਰਨ ਪਿੱਛੇ ਕੀ ਗੱਲ ਹੈ?

ਉਨ੍ਹਾਂ ਨੇ ਮੇਰੇ ਵਲ ਨੀਝ ਨਾਲ ਤੱਕਿਆ ਅਤੇ ਕੁਝ ਵਕ਼ਫ਼ਾ ਪਾ ਕੇ ਆਪਣੀ ਗੱਲ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਤਰਜਮਾ ਕਰਦੇ ਕਰਦੇ ਉਹ ਜਿਸ ਪੜਾਅ ਤੇ ਪਹੁੰਚ ਗਏ ਸਨ ਉੱਥੇ ਪਹੁੰਚ ਕੇ ਉਨ੍ਹਾਂ ਨੂੰ ਇਹ ਅਹਿਸਾਸ ਹੋਣ ਲੱਗ ਪਿਆ ਸੀ ਕਿ ਗੁਰਬਾਣੀ ਦੀ ਅਸਲੀ ਸੋਝੀ ਤਾਂ ਉਨ੍ਹਾਂ ਨੂੰ ਹੁਣ ਆਉਣੀ ਸ਼ੁਰੂ ਹੋਈ ਸੀ। ਗੱਲ ਜਾਰੀ ਰੱਖਦੇ ਹੋਏ ਉਨ੍ਹਾਂ ਅੱਗੇ ਕਿਹਾ ਕਿ ਉਹ ਇਸ ਦੁਚਿੱਤੀ ਵਿੱਚ ਪੈ ਚੁੱਕੇ ਸਨ ਕਿ ਉਨ੍ਹਾਂ ਦਾ ਪਿਛਲਾ ਸਾਰਾ ਤਰਜਮਾ ਠੀਕ ਨਹੀਂ ਸੀ ਜਿਸ ਨੇ ਉਨ੍ਹਾਂ ਲਈ ਕਈ ਮਾਨਸਿਕ ਉਲਝਣਾਂ ਪੈਦਾ ਕਰ ਦਿੱਤੀਆਂ ਸਨ। ਜਦ ਤੱਕ ਉਹ ਇਕਾਗਰ ਨਹੀਂ ਹੋ ਜਾਂਦੇ, ਇਹ ਕੰਮ ਉਹ ਮੁੜ ਕੇ ਸ਼ੁਰੂ ਨਹੀਂ ਕਰ ਸਕਦੇ, ਇਹ ਕਹਿੰਦਿਆਂ ਉਨ੍ਹਾਂ ਆਪਣੀ ਗੱਲ ਮੁਕਾਈ।

ਪਰ ਜਿਵੇਂ ਕਿ ਵਾਹਿਗੁਰੂ ਨੂੰ ਮਨਜ਼ੂਰ ਨਹੀਂ ਹੁੰਦਾ, ਇਹ ਮੇਰੀ ਡਾ ਗੁਰਭਗਤ ਸਿੰਘ ਨਾਲ ਆਖ਼ਰੀ ਮੁਲਾਕਾਤ ਹੋ ਨਿਬੜੀ। ਮੇਰੀ ਅਗਲੀ ਪੰਜਾਬ ਫੇਰੀ ਤੋਂ ਪਹਿਲਾਂ ਡਾ ਗੁਰਭਗਤ ਸਿੰਘ ਸੰਨ 2014 ਵਿੱਚ ਅਕਾਲ ਚਲਾਣਾ ਕਰ ਗਏ ਅਤੇ ਮੈਂ ਉਨ੍ਹਾਂ ਨੂੰ ਮੁੜ ਕੇ ਕਦੀ ਨਹੀਂ ਮਿਲ ਸਕਿਆ। ਮੈਨੂੰ ਇਸ ਗੱਲ ਦਾ ਵੀ ਹਿਰਖ ਰਹੇਗਾ ਕੀ ਇੱਕ ਕਾਬਲ ਇਨਸਾਨ ਜਿਸ ਕੋਲ ਅੰਗਰੇਜ਼ੀ ਅਤੇ ਪੰਜਾਬੀ ਦੀ ਚੋਖੀ ਮੁਹਾਰਤ ਸੀ ਉਹ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਤਰਜਮਾ ਨਾ ਕਰ ਸਕੇ।   

Author:

ਵੈਲਿੰਗਟਨ, ਨਿਊਜ਼ੀਲੈਂਡ ਦਾ ਵਸਨੀਕ - ਬਲੌਗਿੰਗ, ਪਗਡੰਡੀਆਂ ਮਾਪਣ ਅਤੇ ਜਿਓਸਟ੍ਰੈਟੀਜਿਕ ਖੋਜ ਦਾ ਸ਼ੌਕ।

2 thoughts on “..ਤੇ ਸੋਝੀ ਆ ਗਈ।

  1. Beautiful article. Thank you for sharing this article on Gurbhagat Singh ji. Such a sincere man.

  2. ਐਸੀਆਂ ਰੂਹਾਂ ਇਸ ਸੰਸਾਰ ਤੇ ਬਹੁਤ ਘੱਟ ਵੇਖਣ ਨੂੰ ਮਿਲਦੀਆਂ ਹਨ ! ਤੁਹਾਡੀ ਧੰਨ ਭਾਗ ਡਾ ਗੁਰਭਗਤ ਸਿੰਘ ਵਰਗੇ ਮਹਾਨ ਵਿਦਵਾਨਾਂ ਦਾ ਸੰਗ ਕਰਨ ਦਾ ਮੌਕਾ ਮਿਲਿਆ ਇਸੇ ਕਰਕੇ ਤੁਹਾਡੇ ਅੰਦਰ ਵਿਚਾਰਾਂ ਦੀ ਪ੍ਰਪੱਕਤਾ ਦੇਖੀ ਜਾ ਸਕਦੀ ਹੈ !ਪ੍ਰਮਾਤਮਾ ਕਰੇ ਇਸੇ ਤਰ੍ਹਾਂ ਸੱਚ ਲਿਖ ਕੇ ਪ੍ਰਚਾਰਦੇ ਰਹੋ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Facebook photo

You are commenting using your Facebook account. Log Out /  Change )

Connecting to %s