ਕੁਝ ਦਿਨ ਪਹਿਲਾਂ ਬਲਦੇਵ ਸਿੰਘ ਦਾ ਨਾਵਲ ਸੂਰਜ ਦੀ ਅੱਖ ਪੜ੍ਹ ਕੇ ਹਟਿਆ ਹਾਂ। ਪਹਿਲੀ ਨਜ਼ਰੇ ਵੇਖਣ ਤੇ ਇਹ ਜਾਪਦਾ ਸੀ ਕਿ ਛੇ ਕੁ ਸੌ ਸਫ਼ਿਆਂ ਦਾ ਇਹ ਨਾਵਲ ਕਾਫ਼ੀ ਵਿਸਥਾਰ ਸਹਿਤ ਜਾਣਕਾਰੀ ਦਵੇਗਾ।
ਇੱਥੇ ਮੈਂ ਇਸ ਨਾਵਲ ਦੀ ਪੜਚੋਲ ਨਹੀਂ ਕਰਾਂਗਾ ਬਲਕਿ ਇਸ ਬਾਰੇ ਆਪਣਾ ਸਿਰਫ਼ ਨਜ਼ਰੀਆ ਹੀ ਸਾਂਝਾ ਕਰਾਂਗਾ। ਕੁਝ ਸਾਲ ਪਹਿਲਾਂ ਜਦ ਇਹ ਨਾਵਲ ਛਪਿਆ ਸੀ ਤਾਂ ਇਹ ਚਰਚਾ ਅਤੇ ਵਿਵਾਦ ਦਾ ਵਿਸ਼ਾ ਬਣਿਆ ਰਿਹਾ ਸੀ ਜਿਸ ਬਾਰੇ ਪੜ੍ਹਨ ਲਈ ਇੱਥੇ ਅਤੇ ਇੱਥੇ ਅਤੇ ਇੱਥੇ ਕਲਿੱਕ ਕਰੋ।
ਇਤਿਹਾਸਕ ਸਾਹਿਤ ਦੇ ਤੌਰ ਤੇ ਉੱਤੇ ਲਿਖਿਆ ਗਿਆ ਇਹ ਨਾਵਲ ਨਾ ਤਾਂ ਮੈਨੂੰ ਇਤਿਹਾਸਕ ਲੱਗਿਆ ਹੈ ਤੇ ਨਾ ਹੀ ਸਾਹਿਤਕ।
ਇਤਿਹਾਸਕ ਨਾਵਲ ਲਿਖਣ ਦੇ ਵੀ ਕੁਝ ਵਿਧਾਨ ਹੁੰਦੇ ਹਨ ਜਿਹੜਾ ਕਿ ਲੱਗਦੇ ਹਨ ਕਿ ਇਥੇ ਅੱਖੋਂ ਪਰੋਖੇ ਕਰ ਦਿੱਤੇ ਗਏ ਹਨ। ਇਤਿਹਾਸਕ ਨਾਵਲ ਲਈ ਸਭ ਤੋਂ ਜ਼ਰੂਰੀ ਹੁੰਦੀ ਹੈ ਖੋਜ। ਜੇਕਰ ਖੋਜ ਸਹੀ ਢੰਗ ਨਾਲ਼ ਕੀਤੀ ਜਾਵੇ ਤਾਂ ਆਪੇ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ ਹੈ। ਇਤਿਹਾਸਕ ਨਾਵਲ ਵਿੱਚ ਘਟਨਾਵਾਂ ਉੱਤੇ ਜ਼ੋਰ ਹੁੰਦਾ ਹੈ ਨਾ ਕਿ ਵਾਰਤਾਲਾਪ ਦੇ ਉੱਤੇ। ਇਸ ਨਾਵਲ ਵਿੱਚ ਸਾਰਾ ਜ਼ੋਰ ਹੀ ਵਾਰਤਾਲਾਪ ਦੇ ਉੱਤੇ ਹੈ। ਇਹ ਨਾਵਲ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੂੰ ਛੁਟਿਆਉਣ ਦੀ ਕੋਸ਼ਿਸ਼ ਹੈ ਇਸ ਕਰਕੇ ਜ਼ਾਹਿਰਾਨਾ ਤੌਰ ਤੇ ਇਸ ਤਰ੍ਹਾਂ ਦੀ ਵਾਰਤਾਲਾਪੀ ਪਹੁੰਚ ਕੀਤੀ ਗਈ ਲੱਗਦੀ ਹੈ।

ਸਾਰੇ ਨਾਵਲ ਦੇ ਵਿੱਚ ਬੇਸ਼ੁਮਾਰ ਪਰੂਫ਼ ਰੀਡਿੰਗ ਦੀਆਂ ਗ਼ਲਤੀਆਂ ਹਨ ਅਤੇ ਹਵਾਲਿਆਂ ਦੇ ਤੌਰ ਤੇ ਜਿੱਥੇ ਫੁੱਟ ਨੋਟ ਵਰਤੇ ਵੀ ਗਏ ਹਨ ਉਹ ਜ਼ਿਆਦਾ ਜਾਣਕਾਰੀ ਨਹੀਂ ਦਿੰਦੇ। ਕਿਸੇ ਵੀ ਲੇਖਕ ਦੇ ਲਈ ਉਸ ਦੀ ਕੋਈ ਵੀ ਰਚਨਾ ਬਹੁਤ ਮਹੱਤਵਪੂਰਨ ਹੁੰਦੀ ਹੈ। ਜੇਕਰ ਉਹ ਰਚਨਾ ਪਾਠਕਾਂ ਦੇ ਹੱਥ ਗ਼ਲਤੀਆਂ ਨਾਲ਼ ਭਰਪੂਰ ਪਹੁੰਚੇ ਤਾਂ ਇਸ ਤੋਂ ਦੋ ਹੀ ਗੱਲਾਂ ਸਾਫ਼ ਜ਼ਾਹਰ ਹੋ ਸਕਦੀਆਂ ਹਨ। ਜਾਂ ਤਾਂ ਲੇਖਕ ਆਪਣੀ ਰਚਨਾ ਲਈ ਗੰਭੀਰ ਨਹੀਂ ਹੈ ਜਾਂ ਫਿਰ ਇਹ ਰਚਨਾ ਹੋ ਸਕਦਾ ਹੈ ਕਿ ਲਿਖੀ-ਲਿਖਵਾਈ ਆ ਗਈ ਹੋਵੇ ਲੇਖਕ ਦਾ ਠੱਪਾ ਲਾਉਣ ਵਾਸਤੇ। ਇਸ ਗੱਲ ਦਾ ਸ਼ੱਕ ਇੱਥੋਂ ਵੀ ਪੈਂਦਾ ਹੈ ਕਿ ਇਸ ਨਾਵਲ ਦੇ ਵਿੱਚ ਬੁਨਕਰ ਅਤੇ ਸਵਰਨ ਮੰਦਰ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਕੀ ਇਹ ਸ਼ਬਦ ਬਲਦੇਵ ਸਿੰਘ ਦੀ ਸ਼ਬਦਾਵਲੀ ਦਾ ਹਿੱਸਾ ਹਨ?
ਛੇ ਸੌ ਸਫ਼ਿਆਂ ਦੇ ਨਾਵਲ ਤੋਂ ਇਹੀ ਆਸ ਕੀਤੀ ਜਾਂਦੀ ਹੈ ਕਿ ਇਸਦੇ ਵਿੱਚ ਹਰ ਗੱਲ ਦੀ ਘੋਖ ਕੀਤੀ ਜਾਏਗੀ ਤੇ ਘਟਨਾਵਾਂ ਪੁਣੀਆਂ ਜਾਣਗੀਆਂ ਤਾਂ ਕਿ ਜੋ ਸੱਚ ਹੈ ਉਹ ਸਾਹਮਣੇ ਲਿਆਂਦਾ ਜਾਵੇ। ਪਰ ਜਿਸ ਤਰ੍ਹਾਂ ਦੇ ਇਸ ਨਾਵਲ ਦੇ ਫੁੱਟ ਨੋਟ ਦਿੱਤੇ ਗਏ ਹਨ ਉਸ ਤੋਂ ਇਹੀ ਜ਼ਾਹਿਰ ਹੁੰਦਾ ਹੈ ਕਿ ਇਸ ਨੂੰ ਬਹੁਤਾ ਵਿਅੰਗ ਦੇ ਤੌਰ ਤੇ ਹੀ ਲਿਆ ਗਿਆ ਹੈ ਨਾ ਕਿ ਖੋਜ ਦੇ ਕਿਸੇ ਪੁਖ਼ਤਾ ਢੰਗ ਨਾਲ਼।
ਇਸ ਨਾਵਲ ਵਿਚ ਇਕ ਥਾਂ ਨਹੀਂ ਸਗੋਂ ਕਈ ਥਾਂ ਲੋਕਾਂ ਨੂੰ ਇਹੀ ਗੱਲ ਕਰਦੇ ਵਖਾਇਆ ਗਿਆ ਹੈ ਕਿ ਉਹ ਇਸ ਗੱਲ ਤੋਂ ਨਾਖੁਸ਼ ਹਨ ਕਿ ਮਹਾਰਾਜਾ ਰਣਜੀਤ ਸਿੰਘ ਲੜਾਈਆਂ ਵਿੱਚ ਲੋਕਾਂ ਨੂੰ ਮਾਰਦਾ ਹੈ ਤੇ ਫਿਰ ਸ਼ਿਕਾਰ ਖੇਡ ਕੇ ਜਾਨਵਰਾਂ ਨੂੰ ਮਾਰਦਾ ਰਹਿੰਦਾ ਹੈ। ਅਜਿਹੀ ਪੇਸ਼ਕਸ਼ ਪਿੱਛੇ ਬਲਦੇਵ ਸਿੰਘ ਦੀ ਕਿਹੜੀ ਸੋਚ ਹੈ?
ਇਸੇ ਤਰ੍ਹਾਂ ਚੜ੍ਹਦੀਆਂ ਫ਼ੌਜਾਂ ਜਦ ਰਸਤੇ ਵਿੱਚ ਲੋਕਾਂ ਨਾਲ਼ ਗੱਲੀਂਬਾਤੀਂ ਪੈਂਦੀਆਂ ਹਨ ਤਾਂ ਫ਼ੌਜੀ ਇਹੀ ਕਹਿੰਦੇ ਵਖਾਏ ਜਾਂਦੇ ਸਨ ਕਿ ਉਹ ਤਾਂ ਪੰਜ ਰੁਪਏ ਮਹੀਨੇ ਦੀ ਚਾਕਰੀ ਕਰਦੇ ਸਨ ਤੇ ਇਸ ਤਰ੍ਹਾਂ ਜਤਾਇਆ ਜਾਂਦਾ ਸੀ ਕਿ ਜਿਵੇਂ ਉਨ੍ਹਾਂ ਫ਼ੌਜੀਆਂ ਦੀ ਜਾਨ ਦੀ ਕੀਮਤ ਸਿਰਫ ਪੰਜ ਰੁਪਏ ਹੋਵੇ ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਆਪਣੇ ਸੁਆਰਥ ਦੀ ਖਾਤਰ ਲੁਟਾਈ ਫਿਰਦਾ ਸੀ। ਜਿਸ ਢੰਗ ਨਾਲ਼ ਅਜਿਹਾ ਵਾਰਤਾਲਾਪ ਪੇਸ਼ ਕੀਤਾ ਗਿਆ ਹੈ, ਇਹੀ ਦਰਸਾਉਣ ਦੀ ਕੋਸ਼ਿਸ਼ ਲੱਗਦੀ ਹੈ ਕਿ ਜਿਵੇਂ ਫ਼ੌਜੀ ਹਰ ਥਾਂ ਇਹੀ ਕਹਿੰਦੇ ਫਿਰ ਰਹੇ ਸਨ।
ਕਈ ਥਾਂ ਤੇ ਅਜਿਹਾ ਵਾਰਤਾਲਾਪ ਵੀ ਪੜ੍ਹਨ ਨੂੰ ਮਿਲਿਆ ਜਿਸ ਵਿੱਚ ਜਿਵੇਂ ਕੋਈ ਕਿਰਦਾਰ ਉਰਦੂ ਬੋਲ ਰਿਹਾ ਹੋਵੇ। ਜਦਕਿ ਸੱਚੀ ਗੱਲ ਤਾਂ ਇਹ ਹੈ ਕਿ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਪੰਜਾਬ ਵਿੱਚ ਉਰਦੂ ਤਾਂ ਕਿਤੇ ਹੈ ਹੀ ਨਹੀਂ ਸੀ।
ਅੰਗਰੇਜ਼ਾਂ ਦੇ ਨਾਵਾਂ ਦੇ ਹਵਾਲੇ ਦਿੰਦਿਆਂ ਵੀ ਕਈ ਗਲਤੀਆਂ ਕੀਤੀਆਂ ਗਈਆਂ ਹਨ। ਇੱਕ ਥਾਂ ਜੈਕਮਾਊਂਟ ਫਰਾਂਸੀਸੀ ਵਖਾਇਆ ਗਿਆ ਤੇ ਫੇਰ ਉਸਨੂੰ ਅੰਗਰੇਜ਼ ਵੀ ਵਖਾਇਆ ਗਿਆ ਹੈ। ਇਸੇ ਤਰ੍ਹਾਂ ਹੀ ਇੱਕ ਹੋਰ ਅੰਗਰੇਜ਼ ਦੇ ਮੂੰਹੋਂ ਇਜ਼ਰਾਈਲ ਇੱਕ ਬੜੀ ਤਾਕਤਵਰ ਕੌਮ ਵਖਾਈ ਗਈ ਹੈ ਪਰ ਜੇ ਇਤਿਹਾਸ ਘੋਖਿਆ ਜਾਵੇ ਤਾਂ ਮਹਾਰਾਜਾ ਰਣਜੀਤ ਸਿੰਘ ਵੇਲ਼ੇ ਤਾਂ ਯਹੂਦੀ ਸਾਰੇ ਯੂਰਪ ਵਿੱਚ ਖਿੱਲਰੇ ਪਏ ਸਨ ਤੇ ਉਨ੍ਹਾਂ ਨੂੰ ਯਹੂਦੀ ਵਿਰੋਧੀ ਰਵੱਈਏ ਦਾ ਵੀ ਸ਼ਿਕਾਰ ਹੋਣਾ ਪੈਂਦਾ ਸੀ।
ਇਸ ਨਾਵਲ ਵਿੱਚ ਹਰੀ ਸਿੰਘ ਨਲਵੇ ਦੀ ਮੌਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਮੂੰਹੋਂ ਇਹ ਵੀ ਕਹਾਇਆ ਗਿਆ ਹੈ ਕਿ ਹਰੀ ਸਿੰਘ ਨਲਵੇ ਨੇ ਬੇਈਮਾਨੀ ਨਾਲ਼ ਜਾਇਦਾਦ ਇਕੱਠੀ ਕੀਤੀ ਸੀ ਅਤੇ ਇਸੇ ਕਰਕੇ ਹੁਕਮ ਦਿੱਤਾ ਕਿ ਨਲਵੇ ਦੀ ਸਾਰੀ ਜਾਇਦਾਦ ਸਰਕਾਰੀ ਖ਼ਜ਼ਾਨੇ ਲਈ ਜ਼ਬਤ ਕਰ ਲਈ ਜਾਵੇ।
ਬਲਦੇਵ ਸਿੰਘ ਨੇ ਇਸ ਗੱਲ ਨੂੰ ਕਹਿਣ ਲਈ ਵੀ ਬਹੁਤ ਜ਼ੋਰ ਲਾਇਆ ਕਿ ਕੋਹਿਨੂਰ ਹੀਰਾ ਪਾਂਡਵਾਂ ਦਾ ਸੀ ਜਦ ਕਿ ਕਿਤੇ ਵੀ ਕੋਈ ਅਜਿਹਾ ਇਤਿਹਾਸਕ ਸਬੂਤ ਨਹੀਂ ਹੈ। ਦੂਜਾ, ਇਸ ਤਰ੍ਹਾਂ ਭਾਵੇਂ ਕਿ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਰਣਜੀਤ ਸਿੰਘ ਨੇ ਆਪਣੇ ਆਖ਼ਰੀ ਸਾਹਾਂ ਵੇਲੇ ਕੋਹਿਨੂਰ ਹੀਰਾ ਜਗਨਨਾਥਪੁਰੀ ਭੇਜਣ ਲਈ ਕਿਹਾ ਸੀ ਪਰ ਇਸ ਵਖਿਆਨ ਵੇਲੇ ਮੈਂ ਬਲਦੇਵ ਸਿੰਘ ਤੋਂ ਇਸ ਗੱਲ ਦੀ ਆਸ ਰੱਖਦਾ ਸੀ ਕਿ ਉਹ ਫੁੱਟ ਨੋਟ ਪਾ ਕੇ ਜ਼ਰੂਰ ਸੁਆਲ ਖੜ੍ਹਾ ਕਰੇਗਾ ਕਿ ਜਦ ਮਹਾਰਾਜਾ ਰਣਜੀਤ ਸਿੰਘ ਬੋਲਣ ਦੇ ਜੋਗ ਹੀ ਨਹੀਂ ਸੀ ਤਾਂ ਉਸ ਦੇ ਇਸ਼ਾਰਿਆਂ ਤੋਂ ਜਗਨਨਾਥਪੁਰੀ ਦਾ ਤੁਸੀਂ ਕੀ ਸਮਝ ਸਕਦੇ ਹੋ? ਖ਼ਾਸ ਤੌਰ ਤੇ ਉਦੋਂ ਜਦੋਂ ਉਸ ਦੇ ਦੁਆਲੇ ਪੰਡਤਾਂ ਦਾ ਝੁਰਮੁਟ ਇਕੱਠਾ ਕੀਤਾ ਗਿਆ ਹੋਵੇ। ਏਡੇ ਵੱਡੇ ਨਾਵਲ ਵਿੱਚ ਵੀ ਕਿਤੇ ਮਹਾਰਾਜਾ ਰਣਜੀਤ ਸਿੰਘ ਦੀ ਜਗਨਨਾਥ ਪੁਰੀ ਦੇ ਨਾਲ਼ ਕੋਈ ਸਾਂਝ ਨਜ਼ਰ ਨਹੀਂ ਆਈ। ਯਕੀਨਨ ਇਹ ਪੰਡਤਾਂ ਦੇ ਝੁਰਮੁਟ ਦੀ ਸਾਜ਼ਿਸ਼ ਹੋਵੇਗੀ ਇਸੇ ਕਰਕੇ ਤਾਂ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਆਪਣਾ ਹਿੰਦੂ ਦੀਵਾਨ ਕੋਹਿਨੂਰ ਨੂੰ ਜਗਨਨਾਥ ਭੇਜਣ ਦੇ ਖ਼ਿਲਾਫ਼ ਸੀ।
ਨਾਵਲ ਦੇ ਅਖ਼ੀਰ ਵਿੱਚ ਇੱਕ ਥਾਂ ਜਾ ਕੇ ਬਲਦੇਵ ਸਿੰਘ ਪੂਰੀ ਟਿੱਪਣੀ ਕਰਦਾ ਹੈ (ਫੁੱਟ ਨੋਟ) ਤੇ ਆਪਣੀ ਰਾਏ ਵੀ ਦਿੰਦਾ ਹੈ ਤੇ ਵਿਅੰਗਾਤਮਕ ਗੱਲ ਨਹੀਂ ਕਰਦਾ। ਇਸੇ ਨਾਵਲ ਵਿਚ ਇਕ ਸੂਤਰਧਾਰ ਪ੍ਰੋਫੈਸਰ ਕੌਤਕੀ ਵੀ ਹੈ। ਉਹ ਸ਼ੁਰੂ ਵਿੱਚ ਮਹਾਰਾਜਾ ਰਣਜੀਤ ਸਿੰਘ ਬਾਰੇ ਹਰ ਚੀਜ਼ ਨੂੰ ਛੁਟਿਆਉਣ ਦੀ ਕੋਸ਼ਿਸ਼ ਕਰਦਾ ਹੈ ਤੇ ਵਾਰ ਵਾਰ ਬਲਦੇਵ ਸਿੰਘ ਦੇ ਉੱਤੇ ਜ਼ੋਰ ਪਾਉਂਦਾ ਰਹਿੰਦਾ ਕਿ ਉਹ ਇਧਰੋਂ-ਉਧਰੋਂ ਹੋਰ [ਵਾਰਤਾਲਾਪੀ] ਗੱਲਾਂ ਘੜੇ।
ਨਾਵਲ ਦੇ ਅਖ਼ੀਰ ਵਿੱਚ ਪ੍ਰੋਫੈਸਰ ਕੌਤਕੀ ਦੇ ਮੂੰਹੋਂ ਮਹਾਰਾਜਾ ਰਣਜੀਤ ਸਿੰਘ ਦੇ ਮਰਨ ਤੋਂ ਬਾਅਦ ਦਾ ਬਿਰਤਾਂਤ ਬੁਲਵਾਇਆ ਜਾਂਦਾ ਹੈ ਜਿਸ ਵਿੱਚ ਪ੍ਰੋਫੈਸਰ ਕੌਤਕੀ ਇਹ ਕਹਿੰਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਅਸਲ ਮੌਤ ਉਸ ਦਿਨ ਹੋਈ ਸੀ ਜਦ ਪੰਜਾਬ ਦੇ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਸੀ। ਇਹ ਪ੍ਰੋਫੈਸਰ ਕੌਤਕੀ ਆਪਣੇ ਉਸ ਕਿਰਦਾਰ ਨਾਲ਼ੋਂਵੱਖ ਸੀ ਜਿਸ ਤਰ੍ਹਾਂ ਦਾ ਉਸਦਾ ਕਿਰਦਾਰ ਨਾਵਲ ਦੇ ਸ਼ੁਰੂ ਵਿੱਚ ਵਖਾਇਆ ਗਿਆ ਹੈ।
ਨਾਵਲ ਦੇ ਅਖ਼ੀਰਲੇ ਹਿੱਸੇ ਵਿੱਚ ਪ੍ਰੋਫੈਸਰ ਕੌਤਕੀ ਦੀ ਇਸ ਤਰ੍ਹਾਂ ਦੀ ਪੇਸ਼ਕਾਰੀ ਅਤੇ ਨਾਵਲ ਦੇ ਅਖ਼ੀਰਲੇ ਹਿੱਸੇ ਵਿੱਚ ਬਹੁਤ ਘੱਟ ਗਲਤੀਆਂ ਦਾ ਸਾਹਮਣੇ ਆਉਣਾ ਇਸ ਗੱਲ ਦੀ ਵੀ ਨਿਸ਼ਾਨਦੇਹੀ ਕਰਦੀਆਂ ਹਨ ਕਿ ਹੋ ਸਕਦਾ ਹੈ ਕਿ ਇਸ ਨਾਵਲ ਦੇ ਸ਼ੁਰੂ ਦੇ ਪੰਜ ਸੌ ਸਫ਼ੇ ਕਿਤਿਓਂ ਬਾਹਰੋਂ ਲਿਖਵਾ ਲਏ ਗਏ ਹੋਣ ਖਾਨਾਪੂਰਤੀ ਵਾਸਤੇ। ਇਸੇ ਤਰ੍ਹਾਂ ਨਾਵਲ ਦੇ ਅਖ਼ੀਰ ਵਿੱਚ ਬਲਦੇਵ ਸਿੰਘ ਘੋਖ ਕੇ ਇੱਕੋ-ਇੱਕ ਫੁਟ ਨੋਟ ਰੂਪੀ ਟਿੱਪਣੀ ਕਰਦਾ ਹੈ ਅਤੇ ਨਾਵਲ ਦੀ ਪ੍ਰਸੰਗ ਦਿਸ਼ਾ ਬਦਲਦਾ ਹੈ ਤਾਂ ਇਹ ਸ਼ੱਕ ਉੱਠਦਾ ਹੈ ਕਿ ਆਖ਼ਰ ਪਹਿਲੇ ਪੰਜ ਸੌ ਸਫ਼ਿਆਂ ਦਾ ਮਕਸਦ ਕੀ ਹੈ?
ਜਿਸ ਤਰ੍ਹਾਂ ਨਾਵਲ ਦੀ ਸ਼ੁਰੂਆਤ ਅਤੇ ਸਿਰੇ ਚੜ੍ਹਨ ਦੇ ਪ੍ਰਸੰਗ ਵਿੱਚ ਦਿਸ਼ਾ-ਬਦਲੀ ਕੀਤੀ ਗਈ ਹੈ ਉਸ ਕਰਕੇ ਨਾ ਤਾਂ ਇਹ ਇਤਿਹਾਸਕ ਨਾਵਲ ਹੈ ਤੇ ਨਾ ਹੀ ਕੋਈ ਸਾਹਿਤਿਕ ਨਾਵਲ।
ਪਿਛਲਿਖਤ: ਨਾਵਲ ਦੇ ਸ਼ੁਰੂ ਵਿੱਚ ਬਲਦੇਵ ਸਿੰਘ ਲਿਖਦਾ ਹੈ ਕਿ “ਇਤਿਹਾਸਕ ਨਾਵਲ ਲਈ ਘੱਟੋ-ਘੱਟ 100 ਪੁਸਤਕਾਂ ਖੰਗਾਲਣੀਆਂ ਪੈਂਦੀਆਂ ਨੇ”। ਪਰ ਇਸ ਨਾਵਲ ਤੋਂ ਇਹ ਨਹੀਂ ਝਲਕਦਾ ਕਿ ਇਸ ਨੂੰ ਲਿਖਣ ਲਈ 100 ਪੁਸਤਕਾਂ ਲੇਖਕ ਨੇ ਪੜ੍ਹੀਆਂ ਹੋਣ। ਘੱਟੋ-ਘੱਟ ਮੈਂ ਤਾਂ ਨਾਵਲ ਪੜ੍ਹ ਕੇ ਇਹੀ ਸਮਝਦਾ ਹਾਂ ਕਿ ਮੈਂ 100 ਪੁਸਤਕਾਂ ਦੇ ਗਿਆਨ ਤੋਂ ਵਾਂਝਾ ਰਹਿ ਗਿਆ ਹਾਂ। ਇਸੇ ਕਰਕੇ ਇਹ ਨਾਵਲ ਚਸਕੇ ਲਈ ਪੜ੍ਹਨ ਵਾਲ਼ੇ ਪਾਠਕ ਨੂੰ ਤਾਂ ਜ਼ਰੂਰ ਜਚੇਗਾ ਪਰ ਕਿਸੇ ਗੰਭੀਰ ਪਾਠਕ ਨੂੰ ਨਹੀਂ।