ਪੰਜਾਬੀਆਂ ਦਾ ਪਰਵਾਸ ਦੇ ਨਾਲ ਬਹੁਤ ਗੂੜ੍ਹਾ ਸਬੰਧ ਹੈ। ਇਸੇ ਕਰਕੇ ਹੀ ਦੁਨੀਆਂ ਭਰ ਦੇ ਕੋਨੇ-ਕੋਨੇ ਵਿੱਚ ਪੰਜਾਬੀ ਬੋਲਣ ਵਾਲੇ ਜਾ ਕੇ ਵੱਸੇ ਹੋਏ ਹਨ।
ਆਰਥਿਕ ਖੁਸ਼ਹਾਲੀ ਦੇ ਚੱਲਦੇ, ਇਕ ਮਸਲਾ ਵੀ ਸਾਰਿਆਂ ਨੂੰ ਛੇਤੀ ਹੀ ਦਰਪੇਸ਼ ਆ ਜਾਂਦਾ ਹੈ। ਉਹ ਇਹ ਹੈ ਕਿ ਆਉਣ ਵਾਲੀਆਂ ਪੰਜਾਬੀ ਪੀੜ੍ਹੀਆਂ ਆਪਣੀ ਮਾਂ ਬੋਲੀ ਅਤੇ ਲਿਪੀ ਨੂੰ ਕਿਵੇਂ ਜਿਊਂਦਾ ਰੱਖ ਸਕਣਗੀਆਂ?
ਦੁਨੀਆਂ ਦੇ ਵੱਖ-ਵੱਖ ਮੁਲਕਾਂ ਦੀਆਂ ਆਪੋ ਆਪਣੀਆਂ ਬੋਲੀਆਂ ਹਨ ਅਤੇ ਉਨ੍ਹਾਂ ਦਾ ਪ੍ਰਭਾਵ ਉਥੇ ਵੱਸਣ ਨਾਲੇ ਪੰਜਾਬੀਆਂ ਉੱਤੇ ਪੈਂਦਾ ਹੈ। ਨਿਊਜ਼ੀਲੈਂਡ, ਕਨੇਡਾ, ਸਪੇਨ, ਜਰਮਨੀ, ਫਰਾਂਸ, ਇਟਲੀ, ਬ੍ਰਾਜ਼ੀਲ ਦੇ ਜੰਮ-ਪਲ ਪੰਜਾਬੀ ਬੱਚੇ ਜੇਕਰ ਆਪਸ ਵਿੱਚ ਪੰਜਾਬੀ ਬੋਲਣਗੇ ਤਾਂ ਕਿਸ ਤਰ੍ਹਾਂ ਦੀ ਪੰਜਾਬੀ ਬੋਲਣਗੇ?
ਉਨ੍ਹਾਂ ਉਪਰ ਆਪੋ-ਆਪਣੀ ਸਥਾਨਕ ਬੋਲੀ ਦਾ ਕੀ ਅਸਰ ਹੋਵੇਗਾ? ਇਸ ਸਾਰੇ ਮਾਹੌਲ ਵਿੱਚ ਆਪਣੀ ਪੰਜਾਬੀ ਬੋਲੀ ਅਤੇ ਲਿਪੀ ਨੂੰ ਕਿਸ ਤਰ੍ਹਾਂ ਸਾਂਭ ਕੇ ਰੱਖਣਾ ਹੈ? ਇਹ ਸਭ ਸੋਚ ਮੰਗਤ ਰਾਏ ਭਾਰਦ੍ਵਾਜ ਹੋਰਾਂ ਨੇ ਇਕ ਕਿਤਾਬ ਲਿਖੀ ਹੈ ਜੋ ਕਿ ਹੁਣ ਛਪ ਕੇ ਆ ਚੁੱਕੀ ਹੈ। ਭਾਰਦ੍ਵਾਜ ਹੋਰਾਂ ਨੇ ਇਹ ਵੀ ਸੋਚ ਰੱਖਿਆ ਸੀ ਕਿ ਇਸ ਕਿਤਾਬ ਦੇ ਛਪਣ ਤੋਂ ਕੁਝ ਅਰਸਾ ਬਾਅਦ ਉਹ ਇਸ ਕਿਤਾਬ ਦੀ ਪੀ.ਡੀ.ਐਫ. ਵੀ ਜਾਰੀ ਕਰ ਦੇਣਗੇ।
ਮੰਗਤ ਰਾਏ ਭਾਰਦ੍ਵਾਜ, ਇਸ ਤੋਂ ਪਹਿਲਾਂ ਵੀ ਪੰਜਾਬੀ ਭਾਸ਼ਾ ਅਤੇ ਬੋਲੀ ਉੱਤੇ ਕਈ ਕਿਤਾਬਾਂ ਲਿਖ ਚੁੱਕੇ ਹਨ ਅਤੇ ਇਸ ਕਿਤਾਬ ਵਿੱਚ ਉਨ੍ਹਾਂ ਨੇ ਖ਼ਾਸ ਤੌਰ ਤੇ ਪੰਜਾਬੀ ਉਚਾਰਣ ਅਤੇ ਲਿਪੀ ਦੇ ਉੱਤੇ ਬਹੁਤ ਜ਼ੋਰ ਦਿੱਤਾ ਹੈ।
ਮੰਗਤ ਰਾਏ ਭਾਰਦ੍ਵਾਜ ਨੇ ਭਾਸ਼ਾ ਵਿਗਿਆਨ ਦੇ ਵਿਸ਼ੇ ਤੇ ਮਾਨਚੈਸਟਰ ਯੂਨੀਵਰਸਿਟੀ ਤੋਂ ਡਾਕਟਰੇਟ ਕੀਤੀ ਹੋਈ ਹੈ। ਉਨ੍ਹਾਂ ਨੇ ਬੀਤੇ ਕੱਲ ਹੀ ਮੈਨੂੰ ਇਸ ਕਿਤਾਬ ਦੀ ਪੀ.ਡੀ.ਐਫ. ਭੇਜੀ ਹੈ ਜਿਸ ਨੂੰ ਮੈਂ ਜੁਗਸੰਧੀ ਤੇ ਪਾਉਣ ਵਿੱਚ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ।
ਕਿਤਾਬ ਹਾਸਲ ਕਰਨ ਲਈ ਇਥੇ ਕਲਿੱਕ ਕਰੋ: