Posted in ਚਰਚਾ, ਸਮਾਜਕ

ਇਨਸਾਨੀ ਕਦਰਾਂ ਕੀਮਤਾਂ

ਇਨਸਾਨ ਜਦੋਂ ਵੀ ਪਰਵਾਸ ਕਰਕੇ ਕਿਸੇ ਦੂਜੇ ਮੁਲਕ ਵਿੱਚ ਜਾਂਦਾ ਹੈ ਤਾਂ ਉਥੋਂ ਦੀਆਂ ਸਥਾਨਕ ਰਵਾਇਤਾਂ ਕਈ ਵਾਰ ਇਨਸਾਨ ਨੂੰ ਹੈਰਾਨ ਕਰਦੀਆਂ ਹਨ।   

ਇਸੇ ਸਿਲਸਿਲੇ ਵਿਚ ਲਗਭਗ ਦੋ ਦਹਾਕੇ ਪਹਿਲਾਂ ਪੰਜਾਬ ਤੋਂ ਪਰਵਾਸ ਕਰਕੇ ਜਦ ਮੈਂ ਨਿਊਜ਼ੀਲੈਂਡ ਪਹੁੰਚਿਆ ਤਾਂ ਮੈਨੂੰ ਸਭ ਤੋਂ ਜ਼ਿਆਦਾ ਹੈਰਾਨ ਇਸ ਚੀਜ਼ ਨੇ ਕੀਤਾ ਕਿ ਕਿਵੇਂ ਤੁਸੀਂ ਇੱਕ ਦਿਨ ਦੇ ਵਿੱਚ ਹੀ ਸੱਤ-ਅੱਠ ਸੌ ਕਿਲੋ ਮੀਟਰ ਦਾ ਪੈਂਡਾ ਕੱਟ ਕੇ ਕਿਤੇ ਵੀ ਘੁੰਮ ਫਿਰ ਕੇ ਬੜੇ ਆਰਾਮ ਨਾਲ ਸ਼ਾਮ ਤੱਕ ਵਾਪਸ ਘਰ ਪਹੁੰਚ ਜਾਂਦੇ ਸੀ।   

ਘੁਮੱਕੜ ਤਬੀਅਤ ਹੋਣ ਕਰਕੇ, ਇਸ ਤਰ੍ਹਾਂ ਕੁਝ ਕੁ ਸਾਲਾਂ ਵਿੱਚ ਹੀ ਮੈਂ ਸਾਰਾ ਨਿਊਜ਼ੀਲੈਂਡ ਗਾਹ ਮਾਰਿਆ। ਇੰਨੇ ਲੰਮੇ-ਲੰਮੇ ਸਫ਼ਰ ਕਰਦਿਆਂ ਮੈਨੂੰ ਇਕ ਚੀਜ਼ ਮਹਿਸੂਸ ਹੋਈ ਕਿ ਮੈਨੂੰ ਉਹ ਕਈ ਕੁਝ ਨਜ਼ਰ ਨਹੀਂ ਸੀ ਆ ਰਿਹਾ ਹੈ ਜੋ ਭਾਰਤ ਦੇ ਵਿੱਚ ਸਫ਼ਰ ਕਰਦਿਆਂ ਤੁਹਾਨੂੰ ਆਮ ਨਜ਼ਰ ਆਉਂਦਾ ਹੈ।   

ਉਹ ਨਜ਼ਾਰਾ ਇਹ ਸੀ ਕਿ ਕਦੀ ਤਾਂ ਢਾਬਿਆਂ ਦੇ ਉੱਤੇ, ਕਦੀ ਸੜਕ ਤੇ ਹੋਏ ਹਾਦਸੇ ਮਗਰੋਂ, ਕਦੀ ਖੜ੍ਹੀ ਗੱਡੀ ਖੁਰਚਣ ਮਗਰੋਂ ਲੋਕੀਂ ਆਪਸ ਵਿੱਚ ਘਸੁੰਨ-ਮੁੱਕੀ ਹੁੰਦੇ ਆਮ ਹੀ ਨਜ਼ਰ ਆਉਂਦੇ ਸਨ। ਕਈ ਤਾਂ ਇੱਕ ਦੂਜੇ ਨੂੰ ਢਾਹੀ ਬੈਠੇ ਹੁੰਦੇ ਸਨ। ਚਲਦੀਆਂ ਚਪੇੜਾਂ ਤਾਂ ਇੱਕ ਆਮ ਨਜ਼ਾਰਾ ਹੁੰਦਾ ਸੀ।   

Photo by NEOSiAM 2021 on Pexels.com

ਪਰ ਇਹ ਪਸਮੰਜ਼ਰ ਸਿਰਫ਼ ਸੜਕਾਂ ਦੇ ਉੱਤੇ ਹੀ ਮਹਿਦੂਦ ਜਾਂ ਸੀਮਤ ਨਹੀਂ ਸੀ ਹੁੰਦਾ। ਜੇ ਕਰ ਖ਼ਬਰਾਂ ਧਿਆਨ ਨਾਲ ਪੜ੍ਹੀਏ ਤਾਂ ਪਤਾ ਲੱਗਦਾ ਹੈ ਇਹ ਭਾਰਤ ਜਾਂ ਭਾਰਤ ਵਰਗੇ ਹੋਰ ਮੁਲਕਾਂ ਦੇ ਵਿੱਚ ਹਰ ਥਾਂ ਭਾਵੇਂ ਜਿੱਥੇ ਰਾਤ ਨੇਤਾ ਵੀ ਬੈਠਦੇ ਹੋਣ, ਉਥੇ ਗਲਮੇ ਫੜ੍ਹ ਲੈਣਾ, ਕੁਰਸੀਆਂ ਸੁੱਟਣੀਆਂ ਆਮ ਹੀ ਚਲਦਾ ਹੈ।   

ਇਹ ਸਭ ਵੇਖ-ਪੜ੍ਹ ਕੇ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਕੀ ਇਨਸਾਨੀ ਕਦਰਾਂ ਭਾਵੁਕਤਾ ਦੇ ਉਬਾਲਿਆਂ ਵਿੱਚ ਇਸ ਤਰ੍ਹਾਂ ਡੁੱਬ ਜਾਂਦੀਆਂ ਹਨ? ਕੀ ਇਨਸਾਨੀ ਇੱਜ਼ਤ, ਵੱਕਾਰ, ਕਰਾਮਤ ਦੇ ਕੋਈ ਮਾਅਨੇ ਨਹੀਂ ਹਨ? ਆਰਥਿਕਤਾ ਦੀ ਪੌੜੀ ਚੜ੍ਹ ਰਹੇ ਅਜਿਹੇ ਮੁਲਕਾਂ ਵਿੱਚ ਇਨਸਾਨੀ ਕਦਰਾਂ ਕੀਮਤਾਂ ਵਾਲੇ ਪਾਸੇ ਕੋਈ ਧਿਆਨ ਕਿਉਂ ਨਹੀਂ ਦਿੰਦਾ?  

ਦੂਜੇ ਬੰਨੇ, ਜਿਹੜੀਆਂ ਕੌਮੀਅਤਾਂ ਨੇ ਦੁਨੀਆਂ ਉੱਤੇ ਰਾਜ ਕੀਤਾ ਅਤੇ ਭਾਵੇਂ ਤਸ਼ੱਦਦ, ਧੱਕਾ ਅਤੇ ਵਧੀਕੀਆਂ ਵੀ ਬਹੁਤ ਕੀਤੀਆਂ, ਉਨ੍ਹਾਂ ਨੇ ਕਿਵੇਂ ਆਪਣੇ ਸਮਾਜ ਵਿੱਚ ਇਨਸਾਨੀ ਕਦਰਾਂ ਕੀਮਤਾਂ ਨੂੰ ਚੋਟੀ ਦੀ ਮਾਨਤਾ ਦਿੱਤੀ ਹੋਈ ਹੈ।    

ਜੇਕਰ ਕਰ ਅਸੀਂ ਆਪਣੀ ਇੱਜ਼ਤ ਆਪ ਹੀ ਨਹੀਂ ਕਰਦੇ ਤਾਂ ਅਸੀਂ ਦੂਜੇ ਤੋਂ ਕਿਵੇਂ ਕਰਾ ਸਕਦੇ  ਹਾਂ?   

Posted in ਚਰਚਾ, ਸਮਾਜਕ, NZ News

ਪਰਵਾਸ ਦੀ ਰਾਜਨੀਤੀ 

ਬੀਤੇ ਰੋਜ਼ ਨਿਊਜ਼ੀਲੈਂਡ ਵਿੱਚ ਹਾਕਮ ਲੇਬਰ ਪਾਰਟੀ ਨੇ ਪਰਵਾਸ ਨੀਤੀ ਬਾਰੇ ਇਕ ਬਹੁਤ ਵੱਡਾ ਫੈਸਲਾ ਲੈਂਦੇ ਹੋਇਆਂ ਇੱਕ ਲੱਖ ਪੈਂਹਠ ਹਜ਼ਾਰ ਪੱਕੀ ਰਿਹਾਇਸ਼ ਦੇ ਵੀਜ਼ੇ ਜਾਰੀ ਕਰਨ ਦਾ ਐਲਾਨ ਕਰ ਦਿੱਤਾ।    

ਕੁਝ ਅਰਸਾ ਪਹਿਲਾਂ ਇਸੇ ਹਾਕਮ ਪਾਰਟੀ ਨੇ ਪਰਵਾਸ ਨੀਤੀ ਦੀ ਮੁੜ ਸ਼ੁਰੂਆਤ ਕਰਦਿਆਂ ਹੋਇਆਂ ਪੰਜਾਹ ਹਜ਼ਾਰ ਤੋਂ ਵੱਧ ਵੀਜ਼ੇ ਇੱਕੋ ਝਟਕੇ ਵਿੱਚ ਰੱਦ ਕਰ ਦਿੱਤੇ ਸਨ। ਨਿਊਜ਼ੀਲੈਂਡ ਵਿੱਚ ਇਹ ਪਰਵਾਸੀ-ਪਰਵਾਸੀ ਖੇਡ ਚੱਲਦਿਆਂ ਨੂੰ ਪਿਛਲੇ  ਕਈ ਸਾਲ ਹੋ ਚੁੱਕੇ ਹਨ।

ਇਸ ਤੋਂ ਪਹਿਲਾਂ ਪਿਛਲੀ ਹਾਕਮ ਪਾਰਟੀ ਜਿਹੜੀ ਕਿ ਹੁਣ ਵਿਰੋਧੀ ਨੈਸ਼ਨਲ ਪਾਰਟੀ ਹੈ, ਉਸ ਨੇ ਮਾਪਿਆਂ ਦੇ ਵੀਜ਼ੇ ਰੱਦ ਕਰ ਦਿੱਤੇ ਸਨ। ਜੇਕਰ ਮਾਪਿਆਂ ਦੇ ਵੀਜ਼ੇ ਕੁਝ ਅਰਸਾ ਪਹਿਲਾਂ ਬਹਾਲ ਕੀਤੇ ਵੀ ਗਏ ਤਾਂ ਉਨ੍ਹਾਂ ਵੀਜ਼ਿਆਂ ਦੀ ਪਾਤਰਤਾ ਦੀ ਸਰਦਲ ਇੰਨੀ ਉੱਚੀ ਕਰ ਦਿੱਤੀ ਗਈ ਕਿ ਉਸ ਨੂੰ ਟੱਪਣਾ ਸੌਖਾ ਕੰਮ ਨਹੀਂ ਸੀ। ਆਮ ਪਰਵਾਸੀਆਂ ਨੂੰ ਉਸ ਤੋਂ ਕੋਈ ਫ਼ਾਇਦਾ ਹੋਣ ਦਾ ਆਸਾਰ ਘੱਟ ਹੀ ਨਜ਼ਰ ਆਉਂਦਾ ਜਾਪਦਾ ਸੀ।    

Photo by Skitterphoto on Pexels.com

ਪਰਵਾਸੀ-ਪਰਵਾਸੀ ਖੇਡਦੀਆਂ ਨਿਊਜ਼ੀਲੈਂਡ ਦੀਆਂ ਮੁੱਖ ਰਾਜਨੀਤਿਕ ਪਾਰਟੀਆਂ ਦਾ ਇੱਕ ਦਿਲਚਸਪ ਪਹਿਲੂ ਇਹ ਵੀ ਹੈ ਕਿ ਆਕਲੈਂਡ ਵਿੱਚ ਸਥਿਤ ਸਾਰਾ ਪੰਜਾਬੀ ਸਮਾਜਕ ਮਾਧਿਅਮ ਤਾਂ ਇਨ੍ਹਾਂ ਦੋਹਾਂ ਪਾਰਟੀਆਂ ਨਾਲ ਹੀ ਜੁੜਿਆ ਹੋਇਆ ਹੈ। ਉਹ ਸ਼ਰ੍ਹੇ-ਆਮ ਇਨ੍ਹਾਂ ਪਾਰਟੀਆਂ ਦੇ ਸਾਲਾਨਾ ਇਜਲਾਸਾਂ ਵਿੱਚ ਜਾਂਦੇ ਹਨ। ਪੱਤਰਕਾਰਾਂ ਦੇ ਤੌਰ ਤੇ ਨਹੀਂ ਸਗੋਂ ਉਹ ਮੈਂਬਰਾਂ ਵਾਲੇ ਪਾਸੇ ਬੈਠਦੇ ਹਨ ਅਤੇ ਉਨ੍ਹਾਂ ਦੀਆਂ ਤਸਵੀਰਾਂ ਫੇਸਬੁੱਕ ਤੇ ਆਮ ਵੇਖੀਆਂ ਜਾ ਸਕਦੀਆਂ ਹਨ।   

ਇਉਂ ਜਾਪਦਾ ਹੈ ਕਿ ਜਿਵੇਂ ਇਨ੍ਹਾਂ ਨੂੰ ਕਨਫਲਿਕਟ ਆਵ ਇੰਟਰਸਟ (conflict of interest) ਨਾਂ ਦੀ ਨੈਤਿਕਤਾ ਦਾ ਪਤਾ ਹੀ ਨਾ ਹੋਵੇ।

ਇਨ੍ਹਾਂ ਇੱਕ ਲੱਖ ਪੈਂਹਠ ਹਜ਼ਾਰ ਵੀਜ਼ਿਆਂ ਦੇ ਐਲਾਨ ਤੋਂ ਬਾਅਦ ਦਾ ਇੱਕ ਹੋਰ ਦਿਲਚਸਪ ਪਹਿਲੂ ਇਹ ਵੀ ਹੈ ਕਿ ਵੀਜ਼ਿਆਂ ਦੀ ਇਸ ਵੱਡੀ ਗਿਣਤੀ ਵਿੱਚੋਂ ਪੰਜਾਬੀਆਂ ਨੂੰ ਬਹੁਤ ਖਿੱਚ ਧੂਹ ਕੇ ਵੀ ਵੱਧ ਤੋਂ ਵੱਧ ਦਸ ਕੁ ਹਜ਼ਾਰ ਦਾ ਫਾਇਦਾ ਹੋਵੇਗਾ। ਪਰ ਆਪੋ ਆਪਣੀ ਤੂਤੀ ਵਜਾਉਂਦਿਆਂ, ਫੇਸਬੁੱਕ ਤੇ ਚੱਲਦਾ ਰੌਲ਼ਾ ਸਭ ਤੋਂ ਵੱਧ ਇਨ੍ਹਾਂ ਪੰਜਾਬੀ ਮਾਧਿਅਮਾਂ ਵਾਲਿਆਂ ਨੇ ਹੀ ਪਾਇਆ ਹੋਇਆ ਹੈ।

ਇਹ ਤੂਤੀਆਂ ਵਜਾਉਣ ਵਾਲ਼ੇ ਇਸ ਤਰ੍ਹਾਂ ਦਾ ਮਾਇਆ-ਜਾਲ ਪੇਸ਼ ਕਰ ਰਹੇ ਹਨ ਜਿਵੇਂ ਕਿ ਨਿਊਜ਼ੀਲੈਂਡ ਵਿੱਚ ਕੋਈ ਹੋਰ ਪਰਵਾਸੀ ਭਾਈਚਾਰਾ ਵੱਸਦਾ ਹੀ ਨਾ ਹੋਵੇ। ਜਦ ਕਿ ਦੂਜੇ ਭਾਈਚਾਰਿਆਂ ਦੀਆਂ ਜਥੇਬੰਦੀਆਂ ਹੁਣ ਤੋਂ ਹੀ ਚੁੱਪ-ਚਾਪ ਅਗਲੇ ਪੜਾਅ ਦੀ ਜੱਦੋ-ਜਹਿਦ ਲਈ ਕਮਰ-ਕੱਸਾ ਕਰ ਰਹੀਆਂ ਹਨ। ਕਹਾਵਤ ਹੈ ਕਿ ਡੂੰਘੇ ਦਰਿਆ ਸ਼ਾਂਤ ਵਗਦੇ ਹਨ।

ਪੰਜਾਬੀ ਪਾਠਕਾਂ ਨੂੰ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਨਿਊਜ਼ੀਲੈਂਡ ਵਿੱਚ ਕੈਨੇਡਾ ਵਾਂਙ ਕਿਸੇ ਤਰ੍ਹਾਂ ਦਾ ਬਹੁਸੱਭਿਆਚਾਰਕ ਵਿਧੀ ਵਿਧਾਨ ਕਨੂੰਨੀ ਤੌਰ ਤੇ ਲਾਗੂ ਨਹੀਂ ਹੈ ਤੇ ਨਾ ਹੀ ਨਿਊਜ਼ੀਲੈਂਡ ਦੀ ਲੰਮੇ ਚਿਰ ਦੀ ਇਨ੍ਹਾਂ ਮੁੱਦਿਆਂ ਤੇ ਅਧਾਰਤ ਕੋਈ ਅਬਾਦੀ ਯੋਜਨਾ ਹੈ। ਅਜਿਹੀ ਯੋਜਨਾ ਅਤੇ ਵਿਧੀ ਵਿਧਾਨ ਦੇ ਨਾ ਹੋਣ ਕਰਕੇ ਨਿਊਜ਼ੀਲੈਂਡ ਦੀਆਂ ਮੁੱਖ ਰਾਜਨੀਤਕ ਪਾਰਟੀਆਂ ਰਾਜਨੀਤਕ ਲਾਹਾ ਲੈਣ ਦੇ ਲਈ ਆਪਸ ਵਿਚ ਪਰਵਾਸੀ-ਪਰਵਾਸੀ ਖੇਡਦੀਆਂ ਰਹਿੰਦੀਆਂ ਹਨ ਅਤੇ ਪਰਵਾਸੀ ਭਾਈਚਾਰਿਆਂ ਨੂੰ ਹਾਸ਼ੀਏ ਤੇ ਧੱਕੀ ਰੱਖਦੀਆਂ ਹਨ।

ਜਿੱਥੇ ਨਿਊਜ਼ੀਲੈਂਡ ਦੇ ਦੂਜੇ ਭਾਈਚਾਰੇ, ਬਹੁਸੱਭਿਆਚਾਰਕ ਵਿਧੀ ਵਿਧਾਨ ਕਨੂੰਨੀ ਤੌਰ ਤੇ ਲਾਗੂ ਕਰਵਾਉਣ ਅਤੇ ਅਬਾਦੀ ਯੋਜਨਾਵਾਂ ਲਿਆਉਣ ਵਾਲ਼ੇ ਲੰਮੇਰੇ ਘੋਲ ਲਈ ਜੂਝ ਰਹੇ ਹੋਣਗੇ ਉਥੇ ਹੀ ਪੰਜਾਬੀ ਪੱਤਰਕਾਰ ਅਤੇ ਹੋਰ ਸੰਸਥਾਵਾਂ ਹਾਸ਼ੀਏ ਵਿੱਚ ਹੀ ਰਹਿੰਦਿਆਂ ਆਪਣੀਆਂ ਤੂਤੀਆਂ ਦੇ ਰੌਲ਼ੇ-ਗੌਲ਼ੇ ਵਿੱਚ ਹੀ ਗੁਆਚੇ ਰਹਿਣਗੇ।