ਬੀਤੇ ਰੋਜ਼ ਨਿਊਜ਼ੀਲੈਂਡ ਵਿੱਚ ਹਾਕਮ ਲੇਬਰ ਪਾਰਟੀ ਨੇ ਪਰਵਾਸ ਨੀਤੀ ਬਾਰੇ ਇਕ ਬਹੁਤ ਵੱਡਾ ਫੈਸਲਾ ਲੈਂਦੇ ਹੋਇਆਂ ਇੱਕ ਲੱਖ ਪੈਂਹਠ ਹਜ਼ਾਰ ਪੱਕੀ ਰਿਹਾਇਸ਼ ਦੇ ਵੀਜ਼ੇ ਜਾਰੀ ਕਰਨ ਦਾ ਐਲਾਨ ਕਰ ਦਿੱਤਾ।
ਕੁਝ ਅਰਸਾ ਪਹਿਲਾਂ ਇਸੇ ਹਾਕਮ ਪਾਰਟੀ ਨੇ ਪਰਵਾਸ ਨੀਤੀ ਦੀ ਮੁੜ ਸ਼ੁਰੂਆਤ ਕਰਦਿਆਂ ਹੋਇਆਂ ਪੰਜਾਹ ਹਜ਼ਾਰ ਤੋਂ ਵੱਧ ਵੀਜ਼ੇ ਇੱਕੋ ਝਟਕੇ ਵਿੱਚ ਰੱਦ ਕਰ ਦਿੱਤੇ ਸਨ। ਨਿਊਜ਼ੀਲੈਂਡ ਵਿੱਚ ਇਹ ਪਰਵਾਸੀ-ਪਰਵਾਸੀ ਖੇਡ ਚੱਲਦਿਆਂ ਨੂੰ ਪਿਛਲੇ ਕਈ ਸਾਲ ਹੋ ਚੁੱਕੇ ਹਨ।
ਇਸ ਤੋਂ ਪਹਿਲਾਂ ਪਿਛਲੀ ਹਾਕਮ ਪਾਰਟੀ ਜਿਹੜੀ ਕਿ ਹੁਣ ਵਿਰੋਧੀ ਨੈਸ਼ਨਲ ਪਾਰਟੀ ਹੈ, ਉਸ ਨੇ ਮਾਪਿਆਂ ਦੇ ਵੀਜ਼ੇ ਰੱਦ ਕਰ ਦਿੱਤੇ ਸਨ। ਜੇਕਰ ਮਾਪਿਆਂ ਦੇ ਵੀਜ਼ੇ ਕੁਝ ਅਰਸਾ ਪਹਿਲਾਂ ਬਹਾਲ ਕੀਤੇ ਵੀ ਗਏ ਤਾਂ ਉਨ੍ਹਾਂ ਵੀਜ਼ਿਆਂ ਦੀ ਪਾਤਰਤਾ ਦੀ ਸਰਦਲ ਇੰਨੀ ਉੱਚੀ ਕਰ ਦਿੱਤੀ ਗਈ ਕਿ ਉਸ ਨੂੰ ਟੱਪਣਾ ਸੌਖਾ ਕੰਮ ਨਹੀਂ ਸੀ। ਆਮ ਪਰਵਾਸੀਆਂ ਨੂੰ ਉਸ ਤੋਂ ਕੋਈ ਫ਼ਾਇਦਾ ਹੋਣ ਦਾ ਆਸਾਰ ਘੱਟ ਹੀ ਨਜ਼ਰ ਆਉਂਦਾ ਜਾਪਦਾ ਸੀ।

ਪਰਵਾਸੀ-ਪਰਵਾਸੀ ਖੇਡਦੀਆਂ ਨਿਊਜ਼ੀਲੈਂਡ ਦੀਆਂ ਮੁੱਖ ਰਾਜਨੀਤਿਕ ਪਾਰਟੀਆਂ ਦਾ ਇੱਕ ਦਿਲਚਸਪ ਪਹਿਲੂ ਇਹ ਵੀ ਹੈ ਕਿ ਆਕਲੈਂਡ ਵਿੱਚ ਸਥਿਤ ਸਾਰਾ ਪੰਜਾਬੀ ਸਮਾਜਕ ਮਾਧਿਅਮ ਤਾਂ ਇਨ੍ਹਾਂ ਦੋਹਾਂ ਪਾਰਟੀਆਂ ਨਾਲ ਹੀ ਜੁੜਿਆ ਹੋਇਆ ਹੈ। ਉਹ ਸ਼ਰ੍ਹੇ-ਆਮ ਇਨ੍ਹਾਂ ਪਾਰਟੀਆਂ ਦੇ ਸਾਲਾਨਾ ਇਜਲਾਸਾਂ ਵਿੱਚ ਜਾਂਦੇ ਹਨ। ਪੱਤਰਕਾਰਾਂ ਦੇ ਤੌਰ ਤੇ ਨਹੀਂ ਸਗੋਂ ਉਹ ਮੈਂਬਰਾਂ ਵਾਲੇ ਪਾਸੇ ਬੈਠਦੇ ਹਨ ਅਤੇ ਉਨ੍ਹਾਂ ਦੀਆਂ ਤਸਵੀਰਾਂ ਫੇਸਬੁੱਕ ਤੇ ਆਮ ਵੇਖੀਆਂ ਜਾ ਸਕਦੀਆਂ ਹਨ।
ਇਉਂ ਜਾਪਦਾ ਹੈ ਕਿ ਜਿਵੇਂ ਇਨ੍ਹਾਂ ਨੂੰ ਕਨਫਲਿਕਟ ਆਵ ਇੰਟਰਸਟ (conflict of interest) ਨਾਂ ਦੀ ਨੈਤਿਕਤਾ ਦਾ ਪਤਾ ਹੀ ਨਾ ਹੋਵੇ।
ਇਨ੍ਹਾਂ ਇੱਕ ਲੱਖ ਪੈਂਹਠ ਹਜ਼ਾਰ ਵੀਜ਼ਿਆਂ ਦੇ ਐਲਾਨ ਤੋਂ ਬਾਅਦ ਦਾ ਇੱਕ ਹੋਰ ਦਿਲਚਸਪ ਪਹਿਲੂ ਇਹ ਵੀ ਹੈ ਕਿ ਵੀਜ਼ਿਆਂ ਦੀ ਇਸ ਵੱਡੀ ਗਿਣਤੀ ਵਿੱਚੋਂ ਪੰਜਾਬੀਆਂ ਨੂੰ ਬਹੁਤ ਖਿੱਚ ਧੂਹ ਕੇ ਵੀ ਵੱਧ ਤੋਂ ਵੱਧ ਦਸ ਕੁ ਹਜ਼ਾਰ ਦਾ ਫਾਇਦਾ ਹੋਵੇਗਾ। ਪਰ ਆਪੋ ਆਪਣੀ ਤੂਤੀ ਵਜਾਉਂਦਿਆਂ, ਫੇਸਬੁੱਕ ਤੇ ਚੱਲਦਾ ਰੌਲ਼ਾ ਸਭ ਤੋਂ ਵੱਧ ਇਨ੍ਹਾਂ ਪੰਜਾਬੀ ਮਾਧਿਅਮਾਂ ਵਾਲਿਆਂ ਨੇ ਹੀ ਪਾਇਆ ਹੋਇਆ ਹੈ।
ਇਹ ਤੂਤੀਆਂ ਵਜਾਉਣ ਵਾਲ਼ੇ ਇਸ ਤਰ੍ਹਾਂ ਦਾ ਮਾਇਆ-ਜਾਲ ਪੇਸ਼ ਕਰ ਰਹੇ ਹਨ ਜਿਵੇਂ ਕਿ ਨਿਊਜ਼ੀਲੈਂਡ ਵਿੱਚ ਕੋਈ ਹੋਰ ਪਰਵਾਸੀ ਭਾਈਚਾਰਾ ਵੱਸਦਾ ਹੀ ਨਾ ਹੋਵੇ। ਜਦ ਕਿ ਦੂਜੇ ਭਾਈਚਾਰਿਆਂ ਦੀਆਂ ਜਥੇਬੰਦੀਆਂ ਹੁਣ ਤੋਂ ਹੀ ਚੁੱਪ-ਚਾਪ ਅਗਲੇ ਪੜਾਅ ਦੀ ਜੱਦੋ-ਜਹਿਦ ਲਈ ਕਮਰ-ਕੱਸਾ ਕਰ ਰਹੀਆਂ ਹਨ। ਕਹਾਵਤ ਹੈ ਕਿ ਡੂੰਘੇ ਦਰਿਆ ਸ਼ਾਂਤ ਵਗਦੇ ਹਨ।
ਪੰਜਾਬੀ ਪਾਠਕਾਂ ਨੂੰ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਨਿਊਜ਼ੀਲੈਂਡ ਵਿੱਚ ਕੈਨੇਡਾ ਵਾਂਙ ਕਿਸੇ ਤਰ੍ਹਾਂ ਦਾ ਬਹੁਸੱਭਿਆਚਾਰਕ ਵਿਧੀ ਵਿਧਾਨ ਕਨੂੰਨੀ ਤੌਰ ਤੇ ਲਾਗੂ ਨਹੀਂ ਹੈ ਤੇ ਨਾ ਹੀ ਨਿਊਜ਼ੀਲੈਂਡ ਦੀ ਲੰਮੇ ਚਿਰ ਦੀ ਇਨ੍ਹਾਂ ਮੁੱਦਿਆਂ ਤੇ ਅਧਾਰਤ ਕੋਈ ਅਬਾਦੀ ਯੋਜਨਾ ਹੈ। ਅਜਿਹੀ ਯੋਜਨਾ ਅਤੇ ਵਿਧੀ ਵਿਧਾਨ ਦੇ ਨਾ ਹੋਣ ਕਰਕੇ ਨਿਊਜ਼ੀਲੈਂਡ ਦੀਆਂ ਮੁੱਖ ਰਾਜਨੀਤਕ ਪਾਰਟੀਆਂ ਰਾਜਨੀਤਕ ਲਾਹਾ ਲੈਣ ਦੇ ਲਈ ਆਪਸ ਵਿਚ ਪਰਵਾਸੀ-ਪਰਵਾਸੀ ਖੇਡਦੀਆਂ ਰਹਿੰਦੀਆਂ ਹਨ ਅਤੇ ਪਰਵਾਸੀ ਭਾਈਚਾਰਿਆਂ ਨੂੰ ਹਾਸ਼ੀਏ ਤੇ ਧੱਕੀ ਰੱਖਦੀਆਂ ਹਨ।
ਜਿੱਥੇ ਨਿਊਜ਼ੀਲੈਂਡ ਦੇ ਦੂਜੇ ਭਾਈਚਾਰੇ, ਬਹੁਸੱਭਿਆਚਾਰਕ ਵਿਧੀ ਵਿਧਾਨ ਕਨੂੰਨੀ ਤੌਰ ਤੇ ਲਾਗੂ ਕਰਵਾਉਣ ਅਤੇ ਅਬਾਦੀ ਯੋਜਨਾਵਾਂ ਲਿਆਉਣ ਵਾਲ਼ੇ ਲੰਮੇਰੇ ਘੋਲ ਲਈ ਜੂਝ ਰਹੇ ਹੋਣਗੇ ਉਥੇ ਹੀ ਪੰਜਾਬੀ ਪੱਤਰਕਾਰ ਅਤੇ ਹੋਰ ਸੰਸਥਾਵਾਂ ਹਾਸ਼ੀਏ ਵਿੱਚ ਹੀ ਰਹਿੰਦਿਆਂ ਆਪਣੀਆਂ ਤੂਤੀਆਂ ਦੇ ਰੌਲ਼ੇ-ਗੌਲ਼ੇ ਵਿੱਚ ਹੀ ਗੁਆਚੇ ਰਹਿਣਗੇ।
ਨਿਊਜ਼ੀਲੈਂਡ ਦੀ ਸਰਕਾਰ ਨੇ ਭਾਵੇਂ ਪ੍ਰਵਾਸੀ ਪ੍ਰਵਾਸੀ ਖੇਡ ਖੇਡਦਿਆਂ ਇੱਕ ਲੱਖ ਪੈਂਹਠ ਹਜ਼ਾਰ ਵੀਜ਼ਿਆਂ ਦਾ ਐਲਾਨ ਕਰਕੇ ਵੋਟ ਆਪਣੇ ਹੱਕ ਵਿਚ ਪੱਕੀ ਕਰਨ ਦੀ ਵਿਓਂਤ ਬਣਾਈ ਹੋ ਸਕਦੀ ਹੈ ਕੈਨੇਡਾ ਦੀ ਤਰਾਂ ਜਿਵੇਂ ਵਡੇ ਟਰੂਡੋ ਨੇ ਪ੍ਰਵਾਸੀਆਂ ਨੂੰ ਪਕੇ ਕਰਕੇ ਆਪਣੀ ਵੋਟ ਹਮੇਸ਼ਾ ਲਈ ਪੱਕੀ ਕੀਤੀ ਸੀ ਉਸਦੀ ਹੀ ਇਕ ਚਾਲ ਹੋ ਸਕਦੀ ਹੈ! ਜੋ ਹਮੇਸ਼ਾ ਪ੍ਰਵਾਸੀਆਂ ਦੀਆਂ ਵੋਟਾਂ ਹੀ ਲਿਬਰਲ ਸਰਕਾਰ ਨੂੰ ਜਿਤਾਉਂਦੀਆਂ ਹਨ ! ਜਿਸ ਕਰਕੇ ਅਜ ਵੀ 24 ਭਾਰਤੀ ਮੂਲ ਦੇ ਪ੍ਰਵਾਸੀ ਮੈਂਬਰ ਪਾਰਲੀਮੈਂਟ ਵਿਚ ਬੈਠਣਗੇ ! ਹੋ ਸਕਦਾ ਭਾਵੇਂ ਇਸ ਵੱਡੀ ਗਿਣਤੀ ਵਿੱਚੋਂ ਪੰਜਾਬੀਆਂ ਨੂੰ ਬਹੁਤ ਖਿੱਚ ਧੂਹ ਕੇ ਵੀ ਵੱਧ ਤੋਂ ਵੱਧ ਦਸ ਕੁ ਹਜ਼ਾਰ ਦਾ ਫਾਇਦਾ ਹੋਵੇ ਪਰੰਤੂ ਉਹ ਦਸ ਹਜ਼ਾਰ ਹਮੇਸ਼ਾ ਵਾਸਤੇ ਓਹਨਾ ਦੀ ਪੱਕੀ ਵੋਟ ਜਰੂਰ ਬਣ ਜਾਵੇ !