ਇਨਸਾਨ ਜਦੋਂ ਵੀ ਪਰਵਾਸ ਕਰਕੇ ਕਿਸੇ ਦੂਜੇ ਮੁਲਕ ਵਿੱਚ ਜਾਂਦਾ ਹੈ ਤਾਂ ਉਥੋਂ ਦੀਆਂ ਸਥਾਨਕ ਰਵਾਇਤਾਂ ਕਈ ਵਾਰ ਇਨਸਾਨ ਨੂੰ ਹੈਰਾਨ ਕਰਦੀਆਂ ਹਨ।
ਇਸੇ ਸਿਲਸਿਲੇ ਵਿਚ ਲਗਭਗ ਦੋ ਦਹਾਕੇ ਪਹਿਲਾਂ ਪੰਜਾਬ ਤੋਂ ਪਰਵਾਸ ਕਰਕੇ ਜਦ ਮੈਂ ਨਿਊਜ਼ੀਲੈਂਡ ਪਹੁੰਚਿਆ ਤਾਂ ਮੈਨੂੰ ਸਭ ਤੋਂ ਜ਼ਿਆਦਾ ਹੈਰਾਨ ਇਸ ਚੀਜ਼ ਨੇ ਕੀਤਾ ਕਿ ਕਿਵੇਂ ਤੁਸੀਂ ਇੱਕ ਦਿਨ ਦੇ ਵਿੱਚ ਹੀ ਸੱਤ-ਅੱਠ ਸੌ ਕਿਲੋ ਮੀਟਰ ਦਾ ਪੈਂਡਾ ਕੱਟ ਕੇ ਕਿਤੇ ਵੀ ਘੁੰਮ ਫਿਰ ਕੇ ਬੜੇ ਆਰਾਮ ਨਾਲ ਸ਼ਾਮ ਤੱਕ ਵਾਪਸ ਘਰ ਪਹੁੰਚ ਜਾਂਦੇ ਸੀ।
ਘੁਮੱਕੜ ਤਬੀਅਤ ਹੋਣ ਕਰਕੇ, ਇਸ ਤਰ੍ਹਾਂ ਕੁਝ ਕੁ ਸਾਲਾਂ ਵਿੱਚ ਹੀ ਮੈਂ ਸਾਰਾ ਨਿਊਜ਼ੀਲੈਂਡ ਗਾਹ ਮਾਰਿਆ। ਇੰਨੇ ਲੰਮੇ-ਲੰਮੇ ਸਫ਼ਰ ਕਰਦਿਆਂ ਮੈਨੂੰ ਇਕ ਚੀਜ਼ ਮਹਿਸੂਸ ਹੋਈ ਕਿ ਮੈਨੂੰ ਉਹ ਕਈ ਕੁਝ ਨਜ਼ਰ ਨਹੀਂ ਸੀ ਆ ਰਿਹਾ ਹੈ ਜੋ ਭਾਰਤ ਦੇ ਵਿੱਚ ਸਫ਼ਰ ਕਰਦਿਆਂ ਤੁਹਾਨੂੰ ਆਮ ਨਜ਼ਰ ਆਉਂਦਾ ਹੈ।
ਉਹ ਨਜ਼ਾਰਾ ਇਹ ਸੀ ਕਿ ਕਦੀ ਤਾਂ ਢਾਬਿਆਂ ਦੇ ਉੱਤੇ, ਕਦੀ ਸੜਕ ਤੇ ਹੋਏ ਹਾਦਸੇ ਮਗਰੋਂ, ਕਦੀ ਖੜ੍ਹੀ ਗੱਡੀ ਖੁਰਚਣ ਮਗਰੋਂ ਲੋਕੀਂ ਆਪਸ ਵਿੱਚ ਘਸੁੰਨ-ਮੁੱਕੀ ਹੁੰਦੇ ਆਮ ਹੀ ਨਜ਼ਰ ਆਉਂਦੇ ਸਨ। ਕਈ ਤਾਂ ਇੱਕ ਦੂਜੇ ਨੂੰ ਢਾਹੀ ਬੈਠੇ ਹੁੰਦੇ ਸਨ। ਚਲਦੀਆਂ ਚਪੇੜਾਂ ਤਾਂ ਇੱਕ ਆਮ ਨਜ਼ਾਰਾ ਹੁੰਦਾ ਸੀ।

ਪਰ ਇਹ ਪਸਮੰਜ਼ਰ ਸਿਰਫ਼ ਸੜਕਾਂ ਦੇ ਉੱਤੇ ਹੀ ਮਹਿਦੂਦ ਜਾਂ ਸੀਮਤ ਨਹੀਂ ਸੀ ਹੁੰਦਾ। ਜੇ ਕਰ ਖ਼ਬਰਾਂ ਧਿਆਨ ਨਾਲ ਪੜ੍ਹੀਏ ਤਾਂ ਪਤਾ ਲੱਗਦਾ ਹੈ ਇਹ ਭਾਰਤ ਜਾਂ ਭਾਰਤ ਵਰਗੇ ਹੋਰ ਮੁਲਕਾਂ ਦੇ ਵਿੱਚ ਹਰ ਥਾਂ ਭਾਵੇਂ ਜਿੱਥੇ ਰਾਤ ਨੇਤਾ ਵੀ ਬੈਠਦੇ ਹੋਣ, ਉਥੇ ਗਲਮੇ ਫੜ੍ਹ ਲੈਣਾ, ਕੁਰਸੀਆਂ ਸੁੱਟਣੀਆਂ ਆਮ ਹੀ ਚਲਦਾ ਹੈ।
ਇਹ ਸਭ ਵੇਖ-ਪੜ੍ਹ ਕੇ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਕੀ ਇਨਸਾਨੀ ਕਦਰਾਂ ਭਾਵੁਕਤਾ ਦੇ ਉਬਾਲਿਆਂ ਵਿੱਚ ਇਸ ਤਰ੍ਹਾਂ ਡੁੱਬ ਜਾਂਦੀਆਂ ਹਨ? ਕੀ ਇਨਸਾਨੀ ਇੱਜ਼ਤ, ਵੱਕਾਰ, ਕਰਾਮਤ ਦੇ ਕੋਈ ਮਾਅਨੇ ਨਹੀਂ ਹਨ? ਆਰਥਿਕਤਾ ਦੀ ਪੌੜੀ ਚੜ੍ਹ ਰਹੇ ਅਜਿਹੇ ਮੁਲਕਾਂ ਵਿੱਚ ਇਨਸਾਨੀ ਕਦਰਾਂ ਕੀਮਤਾਂ ਵਾਲੇ ਪਾਸੇ ਕੋਈ ਧਿਆਨ ਕਿਉਂ ਨਹੀਂ ਦਿੰਦਾ?
ਦੂਜੇ ਬੰਨੇ, ਜਿਹੜੀਆਂ ਕੌਮੀਅਤਾਂ ਨੇ ਦੁਨੀਆਂ ਉੱਤੇ ਰਾਜ ਕੀਤਾ ਅਤੇ ਭਾਵੇਂ ਤਸ਼ੱਦਦ, ਧੱਕਾ ਅਤੇ ਵਧੀਕੀਆਂ ਵੀ ਬਹੁਤ ਕੀਤੀਆਂ, ਉਨ੍ਹਾਂ ਨੇ ਕਿਵੇਂ ਆਪਣੇ ਸਮਾਜ ਵਿੱਚ ਇਨਸਾਨੀ ਕਦਰਾਂ ਕੀਮਤਾਂ ਨੂੰ ਚੋਟੀ ਦੀ ਮਾਨਤਾ ਦਿੱਤੀ ਹੋਈ ਹੈ।
ਜੇਕਰ ਕਰ ਅਸੀਂ ਆਪਣੀ ਇੱਜ਼ਤ ਆਪ ਹੀ ਨਹੀਂ ਕਰਦੇ ਤਾਂ ਅਸੀਂ ਦੂਜੇ ਤੋਂ ਕਿਵੇਂ ਕਰਾ ਸਕਦੇ ਹਾਂ?