Posted in ਯਾਦਾਂ

ਡਾ ਸ. ਸ. ਦੋਸਾਂਝ ਨੂੰ ਯਾਦ ਕਰਦਿਆਂ…

ਬੀਤੇ ਹਫ਼ਤੇ ਡਾ ਬਲਵਿੰਦਰ ਸਿੰਘ ਹੋਰਾਂ ਦੀ ਫੇਸਬੁੱਕ ਪੋਸਟ ਪੜ੍ਹ ਕੇ ਪਤਾ ਲੱਗਾ ਕਿ ਡਾ ਸ. ਸ. ਦੋਸਾਂਝ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ।   

ਖ਼ਬਰ ਪੜ੍ਹ ਕੇ ਮੈਨੂੰ ਬਹੁਤ ਅਫ਼ਸੋਸ ਹੋਇਆ। ਮੈਂ ਸੰਨ 1987-89 ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਵਿੱਚ ਪੜ੍ਹਾਈ ਕੀਤੀ ਸੀ। ਪੜ੍ਹਾਈ ਕਰਦੇ ਦੌਰਾਨ ਮੈਨੂੰ ਡਾ ਸ. ਸ. ਦੋਸਾਂਝ ਨਾਲ ਮਿਲਣ ਦਾ ਕਈ ਵਾਰ ਮੌਕਾ ਲੱਗਾ। ਡਾ ਦੋਸਾਂਝ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਦੇ ਮੁਖੀ ਸਨ ਤੇ ਉਨ੍ਹਾਂ ਨਾਲ ਅਕਸਰ ਕਿਸੇ ਨਾ ਕਿਸੇ ਸਮਾਗਮ ਜਾਂ ਸੈਮੀਨਾਰ ਦੇ ਵਿਚ ਮੁਲਾਕਾਤ ਹੋ ਜਾਂਦੀ ਸੀ। ਉਹ ਬਹੁਤ ਹੀ ਪ੍ਰਭਾਵੀ ਸ਼ਖ਼ਸੀਅਤ ਦੇ ਮਾਲਕ ਸਨ।   

ਸੰਨ 1990 ਦੇ ਅਖੀਰ ਵਿਚ ਉਨ੍ਹਾਂ ਨਾਲ ਹੋਈ ਇੱਕ ਮੁਲਾਕਾਤ ਮੇਰੇ ਦਿਲ ਵਿੱਚ ਖ਼ਾਸ ਤੌਰ ਤੇ ਘਰ ਕਰ ਗਈ ਸੀ। ਇਹ ਮੁਲਾਕਾਤ ਉਸ ਵੇਲੇ ਹੋਈ ਜਦ ਪੰਜਾਬੀ ਯੂਨੀਵਰਸਿਟੀ ਦੇ ਪੱਤਰ ਵਿਹਾਰ ਵਿਭਾਗ ਦੀ ਪੱਤਰਕਾਰੀ ਪੜਾਉਣ ਦੀ ਅਸਾਮੀ ਦੇ ਉਮੀਦਵਾਰ ਦੀ ਇੰਟਰਵਿਊ ਵਜੋਂ ਮੈਂ ਉਨ੍ਹਾਂ ਦੇ ਸਾਹਮਣੇ ਅਤੇ ਬਾਕੀ ਦੇ ਪੈਨਲ ਸਾਹਮਣੇ ਬੈਠਾ ਹੋਇਆ ਸੀ।

ਉਨ੍ਹਾਂ ਦਿਨਾਂ ਵਿੱਚ ਭਾਰਤ ਦੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਨੈੱਟ ਇਮਤਿਹਾਨ ਸ਼ੁਰੂ ਕੀਤੇ ਸਨ ਜਿਹੜਾ ਕਿ ਯੂਨੀਵਰਸਿਟੀਆਂ ਵਿੱਚ ਪੜ੍ਹਾਉਣ ਦੀ ਯੋਗਤਾ ਦੀ ਪ੍ਰੀਖਿਆ ਲੈਂਦੇ ਸਨ। ਉਸ ਸਾਲ ਇਹ ਇਮਤਿਹਾਨ ਪਹਿਲੀ ਵਾਰੀ ਹੋਏ ਸਨ ਅਤੇ ਮੈਂ ਪਹਿਲੀ ਵਾਰੀ ਹੀ ਇਹ ਇਮਤਿਹਾਨ ਪਾਸ ਕਰ ਲਿਆ ਸੀ।   

ਸਬੱਬ ਨਾਲ ਮੇਰੀ ਇੰਟਰਵਿਊ ਬਹੁਤ ਵਧੀਆ ਰਹੀ ਅਤੇ ਅਸੀਂ ਪੱਤਰਕਾਰਤਾ ਬਾਰੇ ਕਈ ਵਿਚਾਰ ਚਰਚੇ ਕੀਤੇ। ਇਸ ਇੰਟਰਵਿਊ ਪੈਨਲ ਵਿੱਚ ਉਸ ਵੇਲ਼ੇ ਦੇ ਪੰਜਾਬੀ ਯੂਨੀਵਰਸਿਟੀ ਉਪ ਕੁਲਪਤੀ ਹ.ਕ. ਮਨਮੋਹਨ ਸਿੰਘ ਵੀ ਬੈਠੇ ਹੋਏ ਸਨ। ਉਨ੍ਹਾਂ ਨੂੰ ਜਦ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਇਹ ਇੰਟਰਵਿਊ ਬਹੁਤ ਵਧੀਆ ਹੋਈ ਹੈ ਅਤੇ ਡਾ ਦੋਸਾਂਝ ਪੈਨਲ ਦੇ ਚੇਅਰਮੈਨ ਹੋਣ ਦੇ ਨਾਤੇ ਮੇਰੇ ਨਾਂ ਦੀ ਸਿਫ਼ਾਰਸ਼ ਕਰਨਗੇ ਤਾਂ ਉਨ੍ਹਾਂ ਨੇ ਮੈਨੂੰ ਇੱਕ ਬੜਾ  ਅਜੀਬ ਸਵਾਲ ਕੀਤਾ।   

Photo by Pixabay on Pexels.com

ਹ.ਕ. ਮਨਮੋਹਨ ਸਿੰਘ ਨੇ ਮੈਨੂੰ ਪੁੱਛਿਆ ਕਿ ਕਾਕਾ ਤੂੰ ਸ਼੍ਰੀਵਾਸਤਵ ਦਾ ਵਿਦਿਆਰਥੀ ਹੈਂ? ਮੈਨੂੰ ਪਤਾ ਤਾਂ ਸੀ ਕਿ ਉਹ ਇਹ ਸਵਾਲ ਕਿਉਂ ਪੁੱਛ ਰਿਹਾ ਹੈ ਪਰ ਬੜੇ ਖ਼ੁਸ਼ ਮਿਜ਼ਾਜ ਹੋ ਕੇ ਮੈਂ ਇਸ ਦਾ ਜਵਾਬ ‘ਹਾਂ ਜੀ’ ਕਹਿ ਕੇ ਦਿੱਤਾ। ਇਹ ਸੁਣਦੇ ਸਾਰ ਹੀ ਹ.ਕ. ਮਨਮੋਹਨ ਸਿੰਘ ਦਾ ਮੱਥਾ ਤਣ ਗਿਆ ਤੇ ਉਸ ਨੇ ਬੜੇ ਹੀ ਢੀਠ ਜਿਹੇ ਅੰਦਾਜ਼ ਨਾਲ ਕਿਹਾ ਕਿ ਕਾਕਾ ਫੇਰ ਤਾਂ ਅਸੀਂ ਤੈਨੂੰ ਇਸ ਨੌਕਰੀ ਤੇ ਨਹੀਂ ਰੱਖਾਂਗੇ।   

ਇਹ ਸੁਣਦਿਆਂ ਸਾਰੀ ਡਾ ਦੋਸਾਂਝ ਵੀ ਥੋੜ੍ਹੇ ਤੈਸ਼ ਵਿੱਚ ਆ ਗਏ ਉਨ੍ਹਾਂ ਨੇ ਕਿਹਾ ਕਿ ਡਾਕਟਰ ਸਾਹਿਬ ਆਹ ਕੀ ਕਹਿ ਰਹੇ ਹੋ?  ਹ.ਕ. ਮਨਮੋਹਨ ਸਿੰਘ ਨੇ ਕਿਹਾ ਕਿ ਬਸ ਆਹੀ ਗੱਲ ਕਹਿਣੀ ਹੈ।   

ਡਾ ਦੋਸਾਂਝ ਨੂੰ ਵੀ ਪੰਜਾਬੀ ਯੂਨੀਵਰਸਿਟੀ ਦੀ ਸਿਆਸਤ ਦਾ ਪੂਰਾ ਗਿਆਨ ਸੀ ਅਤੇ ਉਨ੍ਹਾਂ ਨੇ ਸਪਸ਼ਟ ਤੌਰ ਤੇ ਕਹਿ ਦਿੱਤਾ ਕਿ ਇਸ ਸਮੇਂ ਇਹ ਉਮੀਦਵਾਰ ਸਭ ਤੋਂ ਵੱਧ ਯੋਗ ਹੈ ਅਤੇ ਇਸ ਨੇ ਯੂਜੀਸੀ ਦਾ ਇਮਤਿਹਾਨ ਵੀ ਪਾਸ  ਕੀਤਾ ਹੋਇਆ ਹੈ ਇਸ ਕਰਕੇ ਅਸੀਂ ਇਸੇ ਦੇ ਨਾਂ ਦੀ ਹੀ ਸਿਫ਼ਾਰਸ਼ ਕਰਾਂਗੇ। ਡਾ ਦੋਸਾਂਝ ਨੂੰ ਹ.ਕ. ਮਨਮੋਹਨ ਸਿੰਘ ਤੇ ਸ਼੍ਰੀਵਾਸਤਵ ਦੀ ਸਾਰੀ ਕਹਾਣੀ ਦਾ ਪਿਛੋਕੜ ਪਤਾ ਸੀ ਇਸ ਕਰਕੇ ਉਨ੍ਹਾਂ ਨੇ ਬੜੇ ਸਪੱਸ਼ਟ ਤਰੀਕੇ ਨਾਲ ਕਿਹਾ ਕਿ ਜੇਕਰ ਇਸ ਯੋਗ ਉਮੀਦਵਾਰ ਨੂੰ ਇਸ ਅਸਾਮੀ ਲਈ ਨਹੀਂ ਰੱਖਿਆ ਜਾਂਦਾ ਤਾਂ ਉਹ ਉੱਚ ਸਿੱਖਿਆ ਅਧਿਕਾਰੀਆਂ ਤੱਕ ਸ਼ਿਕਾਇਤ ਕਰਨ ਜਾਣਗੇ।   

ਇਹ ਸੁਣ ਕੇ ਹ.ਕ. ਮਨਮੋਹਨ ਸਿੰਘ ਛਿੱਥਾ ਜਿਹਾ ਹੋ ਕੇ ਬਹਿ ਗਿਆ। ਜ਼ਾਹਿਰ ਹੈ, ਇਸ ਇੰਟਰਵਿਊ ਤੋਂ ਹਫ਼ਤੇ ਦੇ ਅੰਦਰ ਹੀ ਮੈਨੂੰ ਪੱਤਰ ਵਿਹਾਰ ਵਿਭਾਗ ਵਿੱਚ ਪੱਤਰਕਾਰੀ ਪੜ੍ਹਾਉਣ ਦਾ ਨਿਯੁਕਤੀ ਪੱਤਰ ਮਿਲ ਗਿਆ।   

ਹ.ਕ. ਮਨਮੋਹਨ ਸਿੰਘ ਦੀ ਸ਼੍ਰੀਵਾਸਤਵ ਨਾਲ ਕਿਸ ਗੱਲ ਦੀ ਰੜਕ ਸੀ ਇਸਦੇ ਬਾਰੇ ਇੱਕ ਦਿਨ ਜ਼ਰੂਰ ਲਿਖਾਂਗਾ। ਇਹ ਵੀ ਇੱਕ ਲੰਮੀ ਕਹਾਣੀ ਹੈ ਜਿਸ ਦੇ ਵਿੱਚ ਹ.ਕ. ਮਨਮੋਹਨ ਸਿੰਘ ਦੇ ਪਿਆਦੇ ਨਰਿੰਦਰ ਸਿੰਘ ਕਪੂਰ ਦਾ ਵੀ ਜ਼ਿਕਰ ਹੋਏਗਾ। 

ਡਾ ਸ. ਸ. ਦੋਸਾਂਝ ਨੂੰ ਮੇਰਾ ਸਿਜਦਾ।    

ਉੱਪਰ ਜਿਹੜੇ ਡਾ ਬਲਵਿੰਦਰ ਸਿੰਘ ਹੋਰਾਂ ਦਾ ਮੈਂ ਜ਼ਿਕਰ ਕੀਤਾ ਹੈ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੱਤਰਕਾਰੀ ਪੜ੍ਹਾਉਂਦੇ ਰਹੇ ਸਨ ਅਤੇ ਬਾਅਦ ਵਿਚ ਕੈਨੇਡਾ ਚਲੇ ਗਏ ਜਿੱਥੇ ਉਹ ਅੱਜ ਕੱਲ੍ਹ ਰੇਡੀਓ ਸਰਗਮ ਚਲਾਉਂਦੇ ਹਨ।   

Processing…
Success! You're on the list.
Posted in ਚਰਚਾ, ਵਿਚਾਰ

ਖੇਤੀ ਕਨੂੰਨਾਂ ਦੀ ਵਾਪਸੀ

ਬੀਤੇ ਮਹੀਨੇ ਅਚਾਨਕ ਹੀ ਇਹ ਐਲਾਨ ਹੋ ਗਿਆ ਕਿ ਭਾਰਤ ਦੇ ਨਵੇਂ ਖੇਤੀ ਕਨੂੰਨ ਵਾਪਸ ਕਰ ਲਏ ਜਾਣਗੇ। ਉੱਡਦੀ-ਉੱਡਦੀ ਇਹ ਗੱਲ ਸੁਣ ਕੇ ਮੈਂ ਪਹਿਲਾਂ ਤਾਂ ਇਹ ਸੋਚਿਆ ਕਿ ਚਲੋ ਦੇਰ ਆਏ ਦਰੁਸਤ ਆਏ। ਹੋ ਸਕਦਾ ਹੈ ਕਿ ਅੱਥਰੀ ਹੋਈ ਹਾਕਮ ਧਿਰ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਹੋਵੇ। ਸ਼ਾਇਦ ਭਾਰਤੀ ਖੇਤੀ ਆਰਥਕਤਾ ਨੂੰ ਮਜ਼ਬੂਤ ਕਰਨ ਦੇ ਲਈ ਗੱਡੀ ਕਿਤੇ ਲੀਹ ਤੇ ਪੈ ਹੀ ਜਾਵੇ। 

ਪਰ ਇਹ ਐਲਾਨ ਕਰਦੇ ਵਕਤ ਭਾਰਤੀ ਪ੍ਰਧਾਨ ਮੰਤਰੀ ਮੋਦੀ ਨੇ ਜੋ ਗੱਲਾਂ ਕਹੀਆਂ ਉਸ ਤੋਂ ਤਾਂ ਇਹ ਬਿਲਕੁਲ ਹੀ ਨਹੀਂ ਸੀ ਜਾਪਦਾ ਕਿ ਇਸ ਐਲਾਨ ਵਿੱਚ ਕੋਈ ਸੁਹਿਰਦਤਾ ਸੀ, ਕਿਉਂਕਿ ਮੋਦੀ ਨੇ ਸਾਰਾ ਜ਼ੋਰ ਇਸ ਗੱਲ ਦੇ ਉੱਤੇ ਲਾਇਆ ਕਿ ਕਨੂੰਨ ਤਾਂ ਵਧੀਆ ਸਨ ਪਰ ਉਸ ਦੀ ਸਰਕਾਰ ਕਿਸਾਨਾਂ ਨੂੰ ਚੰਗੀ ਤਰ੍ਹਾਂ ਸਮਝਾ ਨਹੀਂ ਸਕੀ। ਕਹਿਣ ਦਾ ਭਾਵ ਇਹ ਕਿ ਇਹ ਵੀ ਗ਼ਲਤੀ ਕਿਸਾਨਾਂ ਦੀ ਕਿ ਉਨ੍ਹਾਂ ਨੂੰ ਭਾਰਤ ਦੇ ਨਵੇਂ ਖੇਤੀ ਕਨੂੰਨ ਸਮਝ ਨਹੀਂ ਆਏ। ਪਰ ਜੇ ਕਰ ਇਹ ਸਾਰੀ ਗੱਲ ਸਮਝ ਦੀ ਸੀ ਤਾਂ ਜਿਨ੍ਹਾਂ ਭਾਰਤੀ ਰਾਜਾਂ ਵਿੱਚ ਭਾਜਪਾ ਦਾ ਰਾਜ ਹੈ, ਉਥੇ ਨਵੇਂ ਕਨੂੰਨਾਂ ਮੁਤਾਬਕ ਨਿਜ਼ਾਮ ਚਲਾ ਕੇ ਵਖਾ ਦਿੰਦੇ। ਪੂਰੇ ਸਾਲ ਤੋਂ ਵੀ ਵੱਧ ਵਕ਼ਤ ਸੀ ਭਾਜਪਾ ਕੋਲ ਇਹ ਸਾਬਤ ਕਰਨ ਦੇ ਲਈ। 

ਪਰ ਸੱਚਾਈ ਤਾਂ ਇਹ ਹੈ ਕਿ ਇਨ੍ਹਾਂ ਕਨੂੰਨਾਂ ਦੇ ਵਾਪਸ ਲਏ ਜਾਣ ਦੇ ਬਾਵਜੂਦ ਆਮ ਖੇਤੀ ਸੰਕਟ ਜਿਵੇਂ ਦਾ ਤਿਵੇਂ ਕਾਇਮ ਹੈ ਅਤੇ ਉਸ ਸੰਕਟ ਲਈ ਭਾਰਤ ਦੀ ਲੰਮੀ ਦੂਰੀ ਦੀ ਸੋਚ ਕੀ ਹੈ ਇਸਦੇ ਬਾਰੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਨੇ ਕੋਈ ਗੱਲ ਤੱਕ ਨਹੀਂ ਕੀਤੀ। ਪੰਜਾਬ ਕੀ ਤੇ ਮਹਾਰਾਸ਼ਟਰ ਕੀ – ਖ਼ੁਦ ਕੁਸ਼ੀਆਂ ਕਰਦੇ ਕਿਸਾਨ ਅੱਜ ਵੀ ਖ਼ਬਰਾਂ ਦੀਆਂ ਸੁਰਖੀਆਂ ਬਣ ਰਹੇ ਹਨ।   

ਇਸ ਦੇ ਉਲਟ ਦੂਜੇ ਪਾਸੇ ਭਾਜਪਾ ਦੇ ਛੋਟੇ-ਵੱਡੇ ਨੇਤਾ ਆਮ ਸਮਾਜਕ ਮਾਧਿਅਮਾਂ ਦੇ ਉੱਤੇ (ਟਵਿੱਟਰ ਫੇਸਬੁੱਕ ਆਦਿ) ਇਹੀ ਰੌਲਾ ਪਾਉਣ ਲੱਗ ਪਏ ਕਿ ਇਹ ਤਾਂ ਅਸਥਾਈ ਫੈਸਲਾ ਹੈ – ਇਹ ਭਾਜਪਾ ਦੀ ਕੋਈ ਹਾਰ ਨਹੀਂ ਹੈ। ਖੇਤੀ ਕਨੂੰਨਾਂ ਦਾ ਕੀ ਹੈ? ਇਹ ਤਾਂ ਜਦ ਮਰਜ਼ੀ ਦੁਬਾਰਾ ਲੈ ਆਉ ਵਾਪਸ ਲੈ ਆਓ। 

ਇਸ ਐਲਾਨ ਵਿੱਚ ਕੋਈ ਸੁਹਿਰਦਤਾ ਤਾਂ ਜਾਪੀ ਹੀ ਨਹੀਂ, ਜਿਵੇਂ ਕਿ ਉਪਰ ਲਿਖਿਆ ਹੈ। ਫਿਰ ਕਈ ਭਾਰਤੀ ਅਖ਼ਬਾਰਾਂ ਨੇ ਬੜੀ ਦੱਬੀ ਸੁਰ ਵਿੱਚ ਇਸ ਗੱਲ ਦਾ ਵੀ ਇਸ਼ਾਰਾ ਕਰਨਾ ਸ਼ੁਰੂ ਕਰ ਦਿੱਤਾ ਕਿ ਯੂ ਪੀ ਅਤੇ ਪੰਜਾਬ ਦੀਆਂ ਚੋਣਾਂ ਲਾਗੇ ਆਉਂਦੀਆਂ ਹੋਣ ਕਰਕੇ ਭਾਜਪਾ ਨੂੰ ਇਹ ਅੱਕ ਚੱਬਣਾ ਹੀ ਪਿਆ।    

Photo by Tom Fisk on Pexels.com

ਇਹ ਤਾਂ ਸਾਰੇ ਜਾਣਦੇ ਹਨ ਕਿ ਸੰਨ 2017 ਤੋਂ ਬਾਅਦ ਭਾਜਪਾ ਨੇ ਕਿਸੇ ਵੀ ਚੋਣ ਵਿੱਚ ਕੋਈ ਵੱਡੀ ਜਿੱਤ ਹਾਸਲ ਨਹੀਂ ਕੀਤੀ ਹੈ। ਜੇਕਰ ਹੁਣ ਭਾਜਪਾ ਉੱਤਰ ਪ੍ਰਦੇਸ਼ ਵੀ ਖੁਹਾਅ ਬੈਠਦੀ ਹੈ ਤਾਂ ਭਗਤ ਲੋਕ ਜੋ ਹਰ ਵੇਲ਼ੇ ਇਹੀ ਰਟਦੇ ਰਹਿੰਦੇ ਹਨ ਕਿ ਭਾਜਪਾ ਤਾਂ ਸਦਾ ਚਿਰ ਰਾਜ ਕਰੇਗੀ, ਉਨ੍ਹਾਂ ਦਾ ਸ਼ੇਖ ਚਿੱਲੀ ਵਾਲ਼ਾ ਘੜਾ ਟੁੱਟਦਿਆਂ ਦੇਰ ਨਹੀਂ ਲੱਗਣੀ। ਸੋ ਜ਼ਾਹਿਰ ਹੈ ਕਿ ਇਸ ਐਲਾਨ ਪਿੱਛੇ ਚੋਣਾਂ ਦੀ ਸੋਚ ਅਸਲੋਂ ਭਾਰੂ ਹੈ।   

ਕਈਆਂ ਨੂੰ ਇਸ ਗੱਲ ਦੀ ਵੀ ਗ਼ਲਤਫ਼ਹਿਮੀ ਹੋ ਗਈ ਕਿ ਸ਼ਾਇਦ ਇਸ ਐਲਾਨ ਦੇ ਨਾਲ ਖੇਤੀ ਸੰਕਟ ਮੁੱਕ ਗਿਆ ਹੈ ਅਤੇ ਕਿਸਾਨ ਸੰਘਰਸ਼ ਵੀ ਆਪਣੇ ਆਪ ਖ਼ਤਮ ਹੋ ਗਿਆ ਹੈ। ਉਹ ਇਹ ਸੋਚ ਰਹੇ ਹਨ ਕਿ ਭਾਜਪਾ ਦਾ ਇਹ ਕੋਈ ਅਹਿਸਾਨ ਹੋ ਗਿਆ ਹੈ ਜਿਸ ਨਾਲ ਲੋਕ ਕੀਲੇ ਜਾਣਗੇ। ਇਹੀ ਸਭ ਕੁਝ ਵਿਚਾਰ ਕੇ ਉਹ ਧੜਾ-ਧੜ ਖ਼ਾਸ ਕਰ ਪੰਜਾਬ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੇ ਹਨ ਤਾਂ ਕਿ ਉਹ ਆਪਣੇ ਰਾਜਨੀਤਕ ਭਵਿੱਖ ਵਿੱਚ ਚੋਖਾ ਵਾਧਾ ਕਰ ਸਕਣ।

ਇਹ ਵੀ ਉਨ੍ਹਾਂ ਦੀ ਇੱਕ ਗ਼ਲਤੀ ਹੈ। ਲਗਪਗ ਇਕ ਸਾਲ ਤਕ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਬੈਠ ਕੇ ਇੱਕ ਚੀਜ਼ ਜੋ ਹੋਈ ਹੈ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਆਮ ਗੱਲਬਾਤ ਅਤੇ ਵਿਚਾਰ ਕਰਨ ਦੀ ਕਾਰਜ-ਵਿਧੀ ਵਿੱਚ ਵਾਧਾ ਹੀ ਹੋਇਆ ਹੈ। ਪੰਜਾਬ ਤੋਂ ਚੱਲ ਕੇ ਦਿੱਲੀ ਦੀ ਸਰਹੱਦ ਤੇ ਬੈਠੇ ਇਸ ਕਿਸਾਨ ਸੰਘਰਸ਼ ਦੇ ਵਿਚ ਸ਼ਾਮਲ ਅਤੇ ਉਨ੍ਹਾਂ ਨਾਲ ਜੁੜੇ ਹੋਰਨਾਂ ਰਾਜਾਂ ਦੇ ਕਿਸਾਨਾਂ ਨੇ ਬੜੀ ਸੂਖ਼ਮਤਾ ਦੇ ਨਾਲ ਸੰਘਰਸ਼ ਦੇ ਨਾਲ-ਨਾਲ ਬਿਰਤਾਂਤ ਨੂੰ ਤੋਰੀ ਰੱਖਿਆ ਹੈ। ਕਾਰਜ-ਵਿਧੀ ਦਾ ਇਹੀ ਵਾਧਾ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਰਾਜਨੀਤਕ ਧਿਰ ਨੂੰ ਬੜੀ  ਬਰੀਕੀ ਦੇ ਨਾਲ ਛਾਣੇਗਾ।

ਯੂ ਪੀ ਅਤੇ ਪੰਜਾਬ ਦੀਆਂ ਚੋਣਾਂ ਤੇ ਹੁਣ ਅੱਖਾਂ ਗੱਡੀਆਂ ਪਈਆਂ ਹਨ।