Posted in ਚਰਚਾ

ਧੁਰੇ ਅਤੇ ਇਤਿਹਾਸ ਦੀ ਸੋਝੀ

ਦੁਨੀਆਂ ਵਿੱਚ ਬਹੁਤ ਸਾਰੇ ਲੇਖਕਾਂ ਨੇ ਸੱਭਿਅਤਾਵਾਂ ਬਾਰੇ ਲਿਖਿਆ ਹੈ। ਉਨ੍ਹਾਂ ਨੇ ਇਸ ਗੱਲ ਉੱਤੇ ਖ਼ਾਸ ਧਿਆਨ ਦੇ ਕੇ ਲਿਖਿਆ ਹੈ ਕਿ ਸੱਭਿਅਤਾਵਾਂ ਖੁਰਦ-ਬੁਰਦ ਕਿਵੇਂ ਹੋ ਜਾਂਦੀਆਂ ਹਨ।  ਇਸ ਵਿਸ਼ੇ ਨੂੰ ਲੈ ਕੇ ਜੈਰੱਡ ਡਾਇਮੰਡ ਅਤੇ ਪੌਲ ਕੈਨੇਡੀ ਦੀਆਂ ਕਿਤਾਬਾਂ ਜ਼ਰੂਰ ਧਿਆਨ ਦੇ ਕੇ ਪੜ੍ਹਣ ਵਾਲੀਆਂ ਹਨ।  

ਉਪਰੋਕਤ ਦੋਵੇਂ ਲੇਖਕਾਂ ਅਤੇ ਸੱਭਿਅਤਾਵਾਂ ਬਾਰੇ ਲਿਖਣ ਵਾਲੇ ਹੋਰ ਲੇਖਕਾਂ ਨੂੰ ਪੜ੍ਹ ਕੇ ਇਹੀ ਨਿਚੋੜ ਨਿਕਲਦਾ ਹੈ ਕਿ ਜੋ ਵੀ ਸੱਭਿਅਤਾ ਆਪਣੇ ਧੁਰੇ ਤੋਂ ਹਿੱਲ ਜਾਂਦੀ ਹੈ ਜਾਂ ਫਿਰ ਜੋ ਸੱਭਿਅਤਾ ਸਮਾਜਕ ਅਤੇ ਆਰਥਕ ਤੌਰ ਤੇ ਪ੍ਰਦੂਸ਼ਣ ਨਾਲ ਭਰ ਜਾਂਦੀ ਹੈ ਉਹ ਹੌਲ਼ੀ-ਹੌਲ਼ੀ ਖਤਮ ਹੋ ਜਾਂਦੀ ਹੈ।  

ਅੱਜ ਇਸੇ ਵਿਚਾਰ ਨੂੰ ਲੈ ਕੇ ਮੈਂ ਇੱਕ ਦੋ ਗੱਲਾਂ ਦੇ ਉੱਤੇ ਚਰਚਾ ਕਰਨ ਜਾ ਰਿਹਾ ਹਾਂ। ਆਪਣੀ  ਗੱਲ ਦਾ ਕੇਂਦਰ ਬਿੰਦੂ ਮੈਂ ਸਿੱਖੀ ਤੇ ਹੀ ਰੱਖਾਂਗਾ ਕਿਸੇ ਹੋਰ ਸੱਭਿਅਤਾ ਜਾਂ ਧਰਮ-ਸਮੂਹ ਤੇ ਨਹੀਂ। 

Photo by Janko Ferlic on Pexels.com

ਅੱਜ ਜੇਕਰ ਕਿਸੇ ਵੀ ਇਤਿਹਾਸਕ ਪੋਥੀ ਤੇ ਗੁਰੂ ਸਾਹਿਬਾਨ ਦੇ ਦਸਤਖ਼ਤ ਵੇਖਣੇ ਹੋਣ ਤਾਂ ਹਰ ਦਸਤਖ਼ਤ ਦੇ ਨਾਲ ੴ ਲਿਖਿਆ ਹੋਇਆ ਮਿਲਦਾ ਹੈ। ੴ ਦੀ ਕੀ ਮਹੱਤਤਾ ਹੈ ਮੈਨੂੰ ਇਸ ਬਾਰੇ ਇਥੇ ਲਿਖਣ ਦੀ ਕੁਝ ਲੋੜ ਨਹੀਂ। ਪਰ ਜੇ ਅਸੀਂ ਆਪਣੇ ਆਲੇ ਦੁਆਲੇ ਗੁਰਦੁਆਰਿਆਂ ਤੇ ਅੱਜ ਝਾਤ ਮਾਰੀਏ ਤਾਂ ਚਿੰਨ੍ਹਾਤਮਕ ਤੌਰ ਤੇ ਖੰਡਾ ਹੀ ਹਰ ਪਾਸੇ ਨਜ਼ਰ ਆਉਂਦਾ ਹੈ। ਕਈ ਥਾਂ ਤੇ ਤਾਂ ੴ ਇਸ ਤਰ੍ਹਾਂ ਲਿਖਿਆ ਜਾਪਦਾ ਹੈ ਕਿ ਹੋ ਸਕਦਾ ਕਿ ਪ੍ਰਬੰਧਕ (ਸੇਵਾਦਾਰ) ੴ ਬਾਰੇ ਭੁੱਲ ਹੀ ਗਏ ਹੋਣ ਤੇ ਬਾਅਦ ਵਿੱਚ ਇਸ ਨੂੰ ਲਿਖਣ ਦੀ ਕੋਈ ਬੰਦੋਬਸਤੀ ਕਾਰਵਾਈ ਕਾਹਲੀ ਵਿੱਚ ਕੀਤੀ ਹੋਵੇ। 

ਖੰਡੇ ਬਾਰੇ ਜੇਕਰ ਕਿਸੇ ਨੂੰ ਪੁੱਛੋ ਤਾਂ ਹਰ ਕੋਈ ਦੋ ਧਾਰਾਂ ਅਤੇ ਚੱਕਰ ਆਦਿ ਦੀਆਂ ਗੱਲਾਂ ਦੱਸਣ ਲੱਗ ਪੈਂਦਾ ਹੈ।  ਜੇਕਰ ਕਿਸੇ ਇਤਿਹਾਸਕ ਹਵਾਲੇ ਬਾਰੇ ਪੁੱਛੋ ਤਾਂ ਸਭ ਚੁੱਪ ਹੋ ਜਾਂਦੇ ਹਨ।  ਚੁੱਪ ਹੋਣ ਵੀ ਕਿਉਂ ਨਾ? ਇਤਿਹਾਸਕ ਤੌਰ ਤੇ ਖੰਡਾ 20ਵੀਂ ਸਦੀ ਤੋਂ ਪਿਛਾਂਹ ਨਹੀਂ ਜਾਂਦਾ। ਨਹੀਂ, ਰਣਜੀਤ ਸਿੰਘ ਦੇ ਰਾਜ ਤਕ ਵੀ ਨਹੀਂ। 

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲ਼ੇ ਵੀ ਇਸ ਖੰਡੇ ਦੀ ਕੋਈ ਹੋਂਦ ਨਹੀਂ ਸੀ। ਜਦੋਂ ਸਿੱਖ ਰਾਜ ਖ਼ਤਮ ਹੋਇਆ ਤਾਂ ਉਸ ਤੋਂ ਬਾਅਦ ਅੰਗਰੇਜ਼ੀ ਫ਼ੌਜਾਂ ਵਿੱਚ ਸਿੱਖ ਫ਼ੌਜੀ ਵਡੀ ਗਿਣਤੀ ਵਿੱਚ ਭਰਤੀ ਹੋਏ ਤਾਂ ਇੱਕ ਚਿੰਨ੍ਹ ਦੇ ਰੂਪ ਵਿੱਚ ਬੱਝਦਾ ਹੌਲ਼ੀ-ਹੌਲ਼ੀ ਖੰਡਾ ਸਿੱਖ ਜਗਤ ਦੇ ਵਿੱਚ ਆ ਗਿਆ। ਇਸ ਤੋਂ ਇਲਾਵਾ ਉਸ ਵੇਲ਼ੇ ਸਾਬਕਾ ਫ਼ੌਜੀਆਂ ਨੇ ਆ ਕੇ ਪੰਜਾਬ ਦੇ ਵਿੱਚ ਭਾਂਤ-ਸੁਭਾਂਤ ਦੇ ਡੇਰੇ ਉਸ ਵੇਲ਼ੇ ਦੀ ਸਰਕਾਰੀ ਸਰਪ੍ਰਸਤੀ ਵਿੱਚ ਚਲਾਉਣੇ ਸ਼ੁਰੂ ਕਰ ਦਿੱਤੇ। ਇਹੀ ਸਰਕਾਰੀ ਸਰਪ੍ਰਸਤੀ ਅੱਜ ਵੀ ਬਰਕਰਾਰ ਹੈ ਤੇ ਇਹ ਡੇਰੇ ਸੰਤ-ਸਮਾਜ ਦੇ ਝੰਡੇ ਹੇਠ ਸਿੱਖੀ ਨੂੰ ਕੁੰਡਲ ਮਾਰ ਕੇ ਬੈਠੇ ਹੋਏ ਹਨ। ਇਨ੍ਹਾਂ ਡੇਰਿਆਂ ਬਾਰੇ ਵਿਸਥਾਰ ਨਾਲ ਗੱਲ ਕਰਨੀਂ ਵੀ ਇੱਕ ਬੜੀ ਲੰਮੀ ਚਰਚਾ ਹੈ।  

ਪਰ ਇਹ ਮਿਸਾਲ ਦੇ ਕੇ ਗੱਲ ਕਰਨ ਦਾ ਮਕ਼ਸਦ ਸਿਰਫ ਇਹੀ ਹੈ ਕਿ ਸਾਡਾ ਧੁਰਾ ਕੀ ਹੈ ਤੇ ਅਸੀਂ ਬਣਾ ਕੇ ਕੀ ਰੱਖਿਆ ਹੋਇਆ ਹੈ। ਗਲ਼ਾਂ ਦੀਆਂ ਗਾਨੀਆਂ, ਟ੍ਰਕਾਂ-ਕਾਰਾਂ, ਨਿਸ਼ਾਨ ਸਾਹਿਬ ਆਦਿ ਤੇ ਹਰ ਥਾਂ ਖੰਡਾ ਹੀ ਨਜ਼ਰ ਆਉਂਦਾ ਹੈ। ਹੋ ਸਕਦਾ ਹੈ ਕਿ ਲੋਕ ੴ ਨੂੰ ਬਹੁਤ ਡੂੰਘੇ ਰੂਪ ਵਿੱਚ ਸਮਝ ਚੁੱਕੇ ਹਨ ਸ਼ਾਇਦ ਇਸ ਕਰਕੇ ਆਪਣੀ ਰੋਜ਼ਮੱਰਾ ਜ਼ਿੰਦਗੀ ਦਾ ਹਿੱਸਾ ਨਹੀਂ ਬਣਾਉਣਾ ਚਾਹੁੰਦੇ!  

ਇਸੇ ਤਰ੍ਹਾਂ ਅਸੀਂ ਬੜੀ ਸ਼ਾਨੋ-ਸ਼ੌਕਤ ਨਾਲ ਗੱਲ ਹਮੇਸ਼ਾ ਮੀਰੀ-ਪੀਰੀ ਦੀ ਕਰਦੇ ਹਾਂ ਪਰ ਖ਼ਾਸ ਤੌਰ ਤੇ ਪੱਛਮੀ ਹਲਕਿਆਂ ਦੇ ਵਿੱਚ ਵਿਦਵਾਨ ਅੰਦਰੋਂ ਅੰਦਰ ਹੀ ਮੁਸਕਰਾ ਕੇ ਚੁੱਪ ਕਰ ਜਾਂਦੇ ਹਨ ਕੇ ਜਿਸ ਸਾਲ ਦੇ ਵਿੱਚ ਸਿੱਖ ਮੀਰੀ-ਪੀਰੀ ਦੀ ਸਥਾਪਨਾ ਹੋਈ ਦੱਸਦੇ ਹਨ ਉਨ੍ਹਾਂ ਹੀ ਸਾਲਾਂ ਦੇ ਦੌਰਾਨ ਯੂਰਪ ਦੀ ਧਰਤੀ ਦੇ ਉੱਤੇ ਮੀਰੀ-ਪੀਰੀ ਅਲੱਗ ਕਰ ਦਿੱਤੀ ਗਈ।

ਇਸ ਕਰਕੇ ਜੇ ਕਿਸੇ ਵੀ ਆਮ ਸਿੱਖ ਨੂੰ ਪੁੱਛੋ ਕਿ ਸਿੱਖੀ ਦੇ ਮੁਤਾਬਕ ਮੀਰੀ-ਪੀਰੀ ਹੈ ਕੀ ਤਾਂ ਸਾਰੇ ਮੂੰਹ ਵਿੱਚ ਘੁੰਗਣੀਆਂ ਪਾ ਕੇ ਬਹਿ ਜਾਣਗੇ। ਸੰਨਾਟਾ। ਸੋ ਪਤੇ ਦੀ ਗੱਲ ਇਹ ਕਿ ਜੇਕਰ ਗੁਰਬਾਣੀ ਕਦੀ ਪੜ੍ਹੀ ਨਹੀਂ ਤੇ ਨਾ ਹੀ ਸਿੱਖ ਇਤਿਹਾਸ ਪੜ੍ਹਿਆ ਹੈ ਤੇ ਫਿਰ ਫੋਕੀਆਂ ਫੜ੍ਹਾਂ ਮਾਰਨ ਦੀ ਕੋਈ ਲੋੜ ਨਹੀਂ ਹੈ। ਸਿੱਖੀ ਵਿੱਚ ਮੀਰੀ- ਪੀਰੀ ਇੱਕ ਬਹੁਤ ਹੀ ਉੱਚ ਸੱਚ ਦਾ ਸਿਧਾਂਤ ਹੈ ਜਿਸ ਬਾਰੇ  ਜੇਕਰ ਕਦੀ ਗੱਲ ਛੇੜੋ ਤਾਂ ਸੰਦਰਭ ਵਿੱਚ ਗੁਰਬਾਣੀ ਅਤੇ ਇਤਿਹਾਸ ਦੇ ਹਵਾਲਿਆਂ ਨਾਲ ਪੂਰੀ ਗੱਲ ਕਰੋਂ ਤਾਕਿ ਅਗਲਾ ਇਹ ਨਾ ਸੋਚੇ ਕਿ ਇਹ ਤਾਂ ਅਸੀਂ ਸਦੀਆਂ ਪਹਿਲਾਂ ਛੱਡ ਕੇ ਅੱਗੇ ਲੋਕਰਾਜੀ ਤਰੱਕੀ ਕਰ ਗਏ ਸੀ।   

ਅਖੀਰ ਵਿੱਚ ਇਹ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਸਾਲ ਕਿਹੜੀ ਆਫ਼ਤ ਨੇ ਸਾਰੀ ਦੁਨੀਆਂ ਨੂੰ ਸੁੱਕਣੇ ਪਾਇਆ ਹੋਇਆ ਹੈ। ਬਹੁਤ ਸਾਰੀਆਂ ਸਿੱਖ ਸੰਸਥਾਵਾਂ ਨੇ ਲਫ਼ਾਫ਼ੇ-ਬੋਤਲਾਂ ਵੰਡ ਕੇ ਬਹੁਤ ਮਸ਼ਹੂਰੀ ਖੱਟੀ ਹੈ ਅਤੇ ਬਹੁਤ ਸਾਰੇ ਸਮਾਜਕ ਮਾਧਿਅਮਾਂ ਉੱਤੇ ਧੜਾਧੜ ਵੀਡਿਓ ਚੱਲਦੇ ਰਹੇ ਹਨ। ਚਲੋ ਠੀਕ ਹੈ ਥੋੜ੍ਹਾ ਬਹੁਤ ਕੰਮ ਕੀਤਾ ਹੈ ਤਾਂ ਮਸ਼ਹੂਰੀ ਖੱਟਣ ਵਿੱਚ ਕੋਈ ਹਰਜ ਨਹੀਂ। ਪਰ ਇਸ ਬਾਬਤ ਫੜ੍ਹਾਂ ਮਾਰਨ ਦੀ ਕੋਈ ਲੋੜ ਨਹੀਂ। 

ਪੱਛਮੀ ਮੁਲਕਾਂ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਜਿਵੇਂ ਕਿ ਰੈੱਡ ਕਰਾਸ, ਸਾਲਵੇਸ਼ਨ ਆਰਮੀ, ਸਿਟੀ ਮਿਸ਼ਨ ਆਦਿ ਇਨ੍ਹਾਂ ਸਭ ਦਾ ਪਿਛੋਕੜ ਇਸਾਈ ਧਰਮ ਪ੍ਰਚਾਰ ਦੇ ਨਾਲ ਬੱਝਾ ਹੈ।  ਇਕੱਲੇ ਨਿਊਜ਼ੀਲੈਂਡ ਵਿੱਚ ਹੀ ਉੱਪਰ ਦਿੱਤੀਆਂ ਤਿੰਨ ਸੰਸਥਾਵਾਂ ਵਿੱਚੋਂ ਇੱਕ ਸੰਸਥਾ ਹਰ ਰੋਜ਼ ਚਾਲੀ ਹਜ਼ਾਰ ਡਾਲਰ ਖਰਚ ਰਹੀ ਹੈ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਦੇ ਲਈ। ਇਨ੍ਹਾਂ ਵਿੱਚੋਂ ਇੱਕ ਵੀ ਸੰਸਥਾ ਤਸਵੀਰਾਂ-ਖ਼ਬਰਾਂ ਲਗਵਾ ਕੇ ਮਸ਼ਹੂਰੀ ਖੱਟਣ ਦੀ ਕੋਸ਼ਿਸ਼ ਨਹੀਂ ਕਰਦੀ। ਪਰ ਸਿੱਖ ਸੰਸਥਾਵਾਂ ਫੜ੍ਹਾਂ ਮਾਰਨ ਦੇ ਸ਼ੌਕ ਪਾਲਦੀਆਂ ਹੋਈਆਂ ਪੰਜ ਪੈਸੇ ਦਾ ਕੰਮ ਕਰਕੇ ਰੁਪਈਏ ਦੀ ਫੜ੍ਹ ਮਾਰੀ ਜਾਣ ਵਿੱਚ ਰੁਝੀਆਂ ਹੋਈਆਂ ਹਨ।

ਸਾਨੂੰ ਸਭ ਨੂੰ ਪਤਾ ਹੈ ਕਿ ਸਾਡਾ ਧੁਰਾ ਕੀ ਹੈ ਤੇ ਸਾਡਾ ਇਤਿਹਾਸ ਕੀ ਹੈ ਪਰ ਉਪਰੋਕਤ ਮਿਸਾਲਾਂ ਤੋਂ ਜ਼ਾਹਰ ਹੁੰਦਾ ਹੈ ਕਿ ਅਸੀਂ ਕਿਹੜੀਆਂ ਖੇਡਾਂ ਦੇ ਵਿੱਚ ਰੁੱਝ ਗਏ ਹਾਂ। ਕੀ ਅਸੀਂ ਵਾਕਿਆ ਹੀ ਗੁਰੂ ਸਾਹਿਬਾਨ ਦਾ ਦਿੱਤਾ ਸੁਨੇਹਾ ਅੱਗੇ ਲਿਜਾਣ ਦੇ ਕਾਬਲ ਹਾਂ?

Author:

ਵੈਲਿੰਗਟਨ, ਨਿਊਜ਼ੀਲੈਂਡ ਦਾ ਵਸਨੀਕ - ਬਲੌਗਿੰਗ, ਪਗਡੰਡੀਆਂ ਮਾਪਣ ਅਤੇ ਜਿਓਸਟ੍ਰੈਟੀਜਿਕ ਖੋਜ ਦਾ ਸ਼ੌਕ।

2 thoughts on “ਧੁਰੇ ਅਤੇ ਇਤਿਹਾਸ ਦੀ ਸੋਝੀ

  1. ਤੁਸੀਂ ਬਹੁਤ ਔਖੀ equation ਸਾਡੇ ਸਾਹਮਣੇ ਰੱਖੀ ਹੈ ਕਿ ਕੀ ਅਸੀਂ ਗੁਰੂ ਸਾਹਿਬਾਨ ਦਾ ਦਿੱਤਾ ਸੁਨੇਹਾ ਸਮਝ ਲਿਆ ਹੈ? ਕੀ ਅਸੀਂ ਇਸ ਨੂੰ ਅੱਗੇ ਲਿਜਾਣ ਦੇ ਕਾਬਲ ਹਾਂ? ਸ਼ਾਇਦ ਹੀ ਇਸ ਦਾ ਜੁਵਾਬ ਸਾਡੇ ਕਿਸੇ ਕੋਲ਼ ਹੋਵੇ।ਸਿਆਣੇ ਕਹਿੰਦੇ ਹੁੰਦੇ ਨੇ ਕੀ ਕਦੇ ਜੜ੍ਹ ਦਾ ਨਾਸ ਨਹੀਂ ਹੋਇਆ ਕਰਦਾ ਤੇ ਮੈਂ ਵੀ ਇਸ ਅਖਾਣ ਤੇ ਵਿਸ਼ਵਾਸ ਕਰਨਾ ਚਾਵਾਂਗਾ.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s