Posted in ਚਰਚਾ, ਯਾਦਾਂ

ਦੱਖਣ ਭਾਰਤੀ ਸੱਭਿਆਚਾਰ

ਪਿਛਲੇ ਹਫ਼ਤੇ ਦੇ ਲੇਖ ਵਿੱਚ ਮੈਂ ਆਪਣੀਆਂ ਚੇੱਨਈ (ਉਨ੍ਹਾਂ ਦਿਨਾਂ ਵਿੱਚ ਮਦਰਾਸ) ਦੀਆਂ ਯਾਦਾਂ ਸਾਂਝੀਆਂ ਕੀਤੀਆਂ ਸਨ। ਸੰਨ 1988 ਵਿੱਚ ਮੈਂ ਉਥੇ ਪੱਤਰਕਾਰੀ ਅਤੇ ਜਨ ਸੰਚਾਰ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਦੇ ਵਿਦਿਆਰਥੀ ਦੇ ਤੌਰ ਤੇ ਅਮਲੀ ਸਿਖਲਾਈ ਲੈਣ ਲਈ ਗਿਆ ਸੀ।  

ਦੱਖਣੀ ਭਾਰਤ ਵਿੱਚ ਬਿਤਾਏ ਇਹ ਛੇ ਹਫ਼ਤੇ ਮੇਰੀ ਯਾਦ ਦਾ ਇੱਕ ਅਟੁੱਟ ਹਿੱਸਾ ਹਨ। ਇਸ ਅਰਸੇ ਦੌਰਾਨ ਮੈਂ ਤਮਿਲਨਾਡੁ ਦੇ ਨਾਲ-ਨਾਲ ਕਰਨਾਟਕ ਤੇ ਕੇਰਲ ਦੇ ਕਈ ਹਿੱਸੇ ਵੀ ਵੇਖ ਲਏ ਸਨ। 

ਚੇੱਨਈ ਜਾਣ ਲਈ ਮੈਂ ਲੁਧਿਆਣੇ ਤੋਂ ਹਿਮਸਾਗਰ ਐਕਸਪ੍ਰੈੱਸ ਗੱਡੀ ਫੜੀ ਸੀ। ਲੁਧਿਆਣੇ ਜਾ ਕੇ ਗੱਡੀ ਫੜ੍ਹਨ ਲਈ ਉਚੇਚੇ ਤੌਰ ਤੇ ਮੇਰੇ ਸਹਿਪਾਠੀ ਰੰਜਨ ਖੁੱਲ੍ਹਰ ਨੇ ਮੇਰਾ ਸਾਥ ਦਿੱਤਾ ਅਤੇ ਲੁਧਿਆਣੇ ਤੋਂ ਮੈਨੂੰ ਤੜ੍ਹਕਸਾਰ ਵਿਦਾ ਕੀਤਾ।  

ਇਸ ਯਾਤਰਾ ਦੌਰਾਨ ਮੈਂ ਭਾਰਤ ਦੇ ਵੰਨ-ਸੁਵੰਨੇ ਰੰਗ ਵੇਖਦਾ ਹੋਇਆ ਜਦੋਂ ਮਹਾਰਾਸ਼ਟਰ ਦੇ ਪਠਾਰਾਂ ਤੋਂ ਦੱਖਣ ਵੱਲ ਵੱਧ ਰਿਹਾ ਸੀ ਤਾਂ ਮੈਨੂੰ ਲੱਗਿਆ ਕਿ ਮੇਰੇ ਆਲੇ-ਦੁਆਲੇ ਅਚਾਨਕ ਹੀ ਲੋਕਾਂ ਦਾ ਆਚਾਰ-ਵਿਹਾਰ ਬਦਲ ਗਿਆ ਸੀ। ਗੱਡੀ ਦੇ ਵਿੱਚ ਵੀ ਜਿਹੜੇ ਮੁਲਾਜ਼ਮ ਆ ਜਾ ਰਹੇ ਸਨ ਉਹ ਵੀ ਵੱਖਰੇ ਤਰੀਕੇ ਨਾਲ ਬੋਲ ਚਾਲ ਰਹੇ ਸਨ। ਉਹ ਭਾਵੇਂ ਟੀ.ਟੀ.ਈ. ਹੋਵੇ ਜਾਂ ਫਿਰ ਪੈਂਟਰੀ ਕਾਰ ਦੇ ਮੁਲਾਜ਼ਮ, ਸਭ ਬੜੇ ਸਲੀਕੇ ਨਾਲ ਯਾਤਰੀਆਂ ਨੂੰ ਸੰਬੋਧਨ ਕਰਦੇ।   

Photo by SenuScape on Pexels.com

ਮੇਰੇ ਧਿਆਨ ਗੋਚਰੇ ਇਹ ਚੀਜ਼ ਵੀ ਆਈ ਕਿ ਜਦੋਂ ਵੀ ਗੱਡੀ ਕਿਸੇ ਸਟੇਸ਼ਨ ਤੋਂ ਲੰਘਦੀ ਸੀ ਤਾਂ ਉਸ ਸਟੇਸ਼ਨ ਦਾ ਸਟੇਸ਼ਨ-ਮਾਸਟਰ ਆਪ ਗੱਡੀ ਨੂੰ ਝੰਡੀ ਦੇਣ ਲਈ ਖੜ੍ਹਾ ਹੁੰਦਾ ਸੀ। ਉਸ ਵੇਲ਼ੇ ਤੱਕ ਦੀ ਯਾਤਰਾ ਦੇ ਦੌਰਾਨ ਮੈਂ ਵੇਖ ਚੁੱਕਾ ਸੀ ਕਿ ਕਈ ਸਟੇਸ਼ਨਾਂ ਤੇ ਕੁਲੀ ਹੀ ਝੰਡੀ ਦੇ ਦਿੰਦੇ ਸਨ ਅਤੇ ਕਈ ਥਾਂ ਕੋਈ ਹੋਰ ਰੰਗ ਬਰੰਗੇ ਕੱਪੜਿਆਂ ਦੇ ਵਿੱਚ ਕੋਈ ਹੋਰ। ਪਰ ਜਿਸ ਤਰ੍ਹਾਂ ਹੀ ਰੇਲ ਗੱਡੀ ਨੇ ਮਹਾਰਾਸ਼ਟਰ ਦੇ ਪਠਾਰ ਪਾਰ ਕਰਕੇ ਦੱਖਣੀ ਭਾਰਤ ਵੱਲ ਵਧਣਾ ਸ਼ੁਰੂ ਕੀਤਾ ਤਾਂ ਬਾਕਾਇਦਾ ਹਰ ਸਟੇਸ਼ਨ-ਮਾਸਟਰ ਕੋਟ ਪੈਂਟ ਅਤੇ ਟਾਈ ਟੋਪੀ ਵਾਲੀ ਵਰਦੀ ਵਿੱਚ ਰੇਲ ਗੱਡੀ ਨੂੰ ਝੰਡੀ ਦੇ ਰਹੇ ਹੁੰਦੇ। 

ਉਨ੍ਹਾਂ ਦਿਨਾਂ ਵਿੱਚ ਪੱਤਰਕਾਰੀ ਤੇ ਜਨ ਸੰਚਾਰ ਦੇ ਵਿਦਿਆਰਥੀ ਹੋਣ ਦੇ ਨਾਤੇ ਸਾਡੇ ਦਿੱਲੀ ਦੇ ਦੋ-ਤਿੰਨ ਚੱਕਰ ਲੱਗ ਚੁੱਕੇ ਸਨ ਸੋ ਮੈਂ ਜਿਵੇਂ ਹੀ ਚੇੱਨਈ ਪਹੁੰਚਿਆ ਸੁਭਾਵਕ ਹੀ ਕਿ ਮੈਂ ਇੱਕ ਮਹਾਂਨਗਰ ਨੂੰ ਦੂਜੇ ਮਹਾਂਨਗਰ ਦੇ ਨਾਲ ਤੁਲਨਾਤਮਕ ਤੌਰ ਤੇ ਵੇਖਣਾ ਸ਼ੁਰੂ ਕਰ ਦਿੱਤਾ। ਜਿਸ ਚੀਜ਼ ਨੂੰ ਮੈਨੂੰ ਸਭ ਤੋਂ ਜ਼ਿਆਦਾ ਹੈਰਾਨ ਕੀਤਾ ਉਹ ਸੀ ਕਿ ਚੇੱਨਈ ਪਹੁੰਚਦਿਆਂ ਹੀ ਮੈਂ ਇਹ ਮੈਂ ਇਹ ਮਹਿਸੂਸ ਕਰਨ ਲੱਗਿਆ ਕਿ ਲੋਕੀਂ ਭਾਵੇਂ ਸੜ੍ਹਕਾਂ ਤੇ ਜਾ ਰਹੇ ਹੋਣ ਤੇ ਭਾਵੇਂ ਗਲੀ-ਬਜ਼ਾਰ, ਉਥੇ ਇੱਕ ਅਨੁਸ਼ਾਸਨ ਜਿਹਾ ਮੈਨੂੰ ਸਾਰੇ ਵਾਤਾਵਰਣ ਵਿੱਚ ਘੁਲਿਆ ਹੋਇਆ ਮਿਲਿਆ।  

ਜਿਹੜੀਆਂ ਬਹੁਤ ਭੀੜ-ਭੜੱਕੇ ਵਾਲੀਆਂ ਸੜਕਾਂ ਵੀ ਸਨ ਉਨ੍ਹਾਂ ਨੂੰ ਕੋਈ ਭੱਜ ਕੇ ਪਾਰ ਕਰਨ ਦੀ ਕੋਸ਼ਿਸ਼ ਨਾ ਕਰਦਾ। ਉਥੇ ਮੈਂ ਪਹਿਲੀ ਵਾਰੀ ਵੇਖਿਆ ਕਿ ਸੜ੍ਹਕਾਂ ਦੇ ਹੇਠ ਸੜ੍ਹਕ ਪਾਰ ਕਰਨ ਲਈ ਕਈ ਥਾਂਵਾਂ ਤੇ ਸੁਰੰਗਾਂ ਬਣੀਆਂ ਹੋਈਆਂ ਸਨ।  

ਸਥਾਨਕ ਯਾਤਰਾ ਦੇ ਲਈ ਬੱਸਾਂ ਦਾ ਬਹੁਤ ਵਧੀਆ ਇੰਤਜ਼ਾਮ ਸੀ ਤੇ ਬੱਸਾਂ ਵਿੱਚ ਕੋਈ ਭੀੜ-ਭੜੱਕਾ ਨਹੀਂ ਸੀ ਕਿਉਂਕਿ ਕੰਡਕਟਰ ਵਾਧੂ ਸਵਾਰੀ ਨੂੰ ਚੜ੍ਹਣ ਹੀ ਨਹੀਂ ਸਨ ਦਿੰਦਾ। ਬੱਸਾਂ ਵਿੱਚ ਚੜ੍ਹ ਕੇ ਜਿਹੜੀਆਂ ਸਵਾਰੀਆਂ ਖੜ੍ਹੀਆਂ ਵੀ ਹੁੰਦੀਆਂ ਉਹ ਕੋਈ ਧੱਕਾ ਮੁੱਕਾ ਨਾ ਕਰਦੀਆਂ ਤੇ ਬੱਸਾਂ ਦੇ ਖੱਬੇ ਪਾਸੇ ਦੀਆਂ ਸੀਟਾਂ ਜ਼ਨਾਨੀਆਂ ਲਈ ਰਾਖਵੀਆਂ ਸਨ ਅਤੇ ਉਨ੍ਹਾਂ ਸੀਟਾਂ ਤੇ ਕੋਈ ਮਰਦ ਬੈਠਣ ਦੀ ਕੋਸ਼ਿਸ਼ ਵੀ ਨਾ ਕਰਦਾ।

ਬੈਠੀਆਂ ਹੋਈਆਂ ਸਵਾਰੀਆਂ ਚੋਂ ਬਹੁਤੇ ਅਖ਼ਬਾਰ ਜਾਂ ਕਿਤਾਬ ਪੜ੍ਹ ਰਹੇ ਹੁੰਦੇ। ਖੜ੍ਹੀਆਂ ਸਵਾਰੀਆਂ ਵਿੱਚੋਂ ਵੀ ਜਿਵੇਂ ਹੀ ਕੋਈ ਸੀਟ ਤੇ ਬੈਠਦਾ ਤਾਂ ਬੈਠਦੇ ਸਾਰ ਹੀ ਉਹ ਝੋਲੇ ਚੋਂ ਕਿਤਾਬ ਕੱਢ ਕੇ ਪੜ੍ਹਨਾ ਸ਼ੁਰੂ ਕਰ ਦਿੰਦਾ। ਪੰਜਾਬ ਤੋਂ ਗਿਆ ਨੂੰ ਮੈਨੂੰ ਇਹ ਨਜ਼ਾਰਾ ਬਹੁਤ ਚੰਗਾ ਤੇ ਅਜੀਬ ਲੱਗਦਾ। ਚੰਗਾ ਇਸ ਕਰਕੇ ਕਿਉਂਕਿ ਮੈਨੂੰ ਵੀ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ ਤੇ ਮੈਂ ਸੋਚਿਆ ਕਿ ਅਗਲੀ ਵਾਰੀ ਜਦੋਂ ਬੱਸ ਚੜਾਂਗਾ ਤਾਂ ਮੈਂ ਵੀ ਆਪਣੀ ਕੋਈ ਕਿਤਾਬ ਜ਼ਰੂਰ ਪੜ੍ਹਾਂਗਾ। ਅਜੀਬ ਇਸ ਲਈ ਲੱਗਦਾ ਕਿ ਪੰਜਾਬ ਵਿੱਚ ਕੋਈ ਦੋ-ਚਾਰ ਸੁਆਰੀਆਂ ਦੇ ਹੱਥ ਅਖ਼ਬਾਰ ਨੂੰ ਛੱਡ ਕੇ ਆਮ ਸੁਆਰੀਆਂ ਪੜ੍ਹਨ ਦੀਆਂ ਸ਼ੌਕੀਨ ਨਹੀਂ ਸਨ ਹੁੰਦੀਆਂ।

ਸ਼ਾਮ ਦੇ ਵੇਲ਼ੇ ਮੈਂ ਅਕਸਰ ਹੀ ਸਮੁੰਦਰ ਕੰਢੇ ਸੈਰ ਕਰਨ ਲਈ ਨਿਕਲ ਜਾਂਦਾ ਸੀ। ਸਿੱਲੇ ਜਿਹੇ ਮੌਸਮ ਦੇ ਵਿੱਚ ਸਮੁੰਦਰ ਕੰਢੇ ਠੰਢੀ-ਠੰਢੀ ਹਵਾ ਦੇ ਬੁੱਲੇ ਕਾਫੀ ਚੈਨ ਦਿੰਦੇ ਸਨ। ਸਫ਼ਾਈ ਦੇ ਪੱਖੋਂ ਵੀ ਲਗਭਗ ਹਰ ਥਾਂ ਹੀ ਆਲਾ-ਦੁਆਲਾ ਸਾਫ ਮਿਲਦਾ। ਸੈਰ ਕਰਦਾ ਮੈਂ ਕਈ ਵਾਰ ਇਹੀ ਸੋਚਦਾ ਹੁੰਦਾ ਸੀ ਕਿ ਉਹ ਕੀ ਚੀਜ਼ਾਂ ਹੁੰਦੀਆਂ ਹੋਣਗੀਆਂ ਜੋ ਲੋਕ ਸੱਭਿਆਚਾਰ ਨੂੰ ਉੱਨਤ ਕਰਨ ਵਿੱਚ ਮਦਦ ਕਰਦੀਆਂ ਹੋਣ?