ਕੌ਼ਮੀ ਆਜ਼ਾਦੀ ਵੱਲ

ਪੁਰਾਣੀਆਂ ਈਮੇਲਾਂ ਫੋਲਦਿਆਂ ਹੋਇਆਂ ਡਾ: ਗੁਰਭਗਤ ਸਿੰਘ ਦਾ ਭੇਜਿਆ ਹੋਇਆ ਕਿਤਾਬਚਾ ਲੱਭ ਗਿਆ। ਮੈਂ 1987 ਤੋਂ ਲੈ ਕੇ 1989 ਤਕ ਪੰਜਾਬੀ ਯੂਨੀਵਰਸਟੀ ਵਿੱਚ ਪੱਤਰਕਾਰੀ ਅਤੇ ਜਨ-ਸੰਚਾਰ ਦਾ ਵਿਦਿਆਰਥੀ ਰਿਹਾ ਹਾਂ। ਉਨ੍ਹਾਂ ਦਿਨਾਂ ਵਿੱਚ ਖੱਬੇ-ਸੱਜੇ ਪੱਖੀ, ਦੋਹਾਂ ਧਿਰਾਂ ਦੇ ਵਿਦਿਆਰਥੀ ਡਾ: ਗੁਰਭਗਤ ਸਿੰਘ ਨਾਲ ਵਿਚਾਰ ਕਰਦੇ ਰਹਿੰਦੇ ਸਨ ਕਿ ਕੋਈ ਸਿਧਾਂਤ, ਨੇਮ, ਢਾਂਚਾ ਆਦਿ ਕਿਸੇ ਲਿਖਤੀ ਰੂਪ ਵਿੱਚ ਦਿਓ ਤਾਂ ਜੋ ਅੱਗੇ ਵਿਖਿਆਨ ਚੱਲ ਸਕੇ ਜਾਂ ਮਾਰਗ-ਦਰਸ਼ਨ ਹੋ ਸਕੇ। ਇਹ ਕਿਤਾਬਚਾ ਉਸੇ ਮੰਗ ਦਾ ਨਤੀਜਾ ਸੀ। ਪਰ ਜਾਪਦਾ ਨਹੀਂ ਕਿ ਜਦ 1993 ਵਿੱਚ ਇਹ ਕਿਤਾਬਚਾ ਛਪਿਆ ਸੀ ਉਦੋਂ ਕੋਈ ਵਿਖਿਆਨ ਅੱਗੇ ਚੱਲਿਆ ਹੋਵੇ।

ਭਾਵੇਂ ਕੇ ਇਹ ਕਿਤਾਬਚਾ ਹੁਣ ਲਗ-ਪਗ 27 ਸਾਲ ਪੁਰਾਣਾ ਹੈ ਪਰ ਇਸ ਕਿਤਾਬਚੇ ਵਿੱਚ ਸਿਧਾਂਤਕ ਵਿਚਾਰ ਕਰਨ ਲਈ ਰਾਜਨੀਤਕ ਨੇਮਾਂ, ਪਿਛੋਕੜ ਅਤੇ ਇਤਿਹਾਸ ਨੂੰ ਲੈ ਕੇ ਬਹੁਤ ਕੁਝ ਲਿਖਿਆ ਹੋਇਆ ਹੈ। ਇਸ ਕਿਤਾਬਚੇ ਦਾ ਮੁੱਖ-ਬੰਦ ਬੰਨ੍ਹ ਕੇ ਪੀ ਡੀ ਐਫ ਦੇ ਤੌਰ ਤੇ ਮੈਂ ਹੇਠਾਂ ਪਾ ਦਿੱਤਾ ਹੈ। ਇਸ ਦਾ ਮੁੱਖ-ਬੰਦ ਬੰਨ੍ਹਦਿਆਂ ਇਸ ਵਿੱਚ ਮੈਂ ਦੋ ਸਫ਼ੇ ਜੋੜ ਦਿੱਤੇ ਹਨ ਜਿਨ੍ਹਾਂ ਉੱਤੇ ਡਾ: ਗੁਰਭਗਤ ਸਿੰਘ ਦੀਆਂ ਹੋਰ ਰਚਨਾਵਾਂ ਅਤੇ ਉਨ੍ਹਾਂ ਦਾ ਜੀਵਨ ਬਿਊਰਾ ਅਤੇ ਯੂਟਿਊਬ ਵੀਡਿਓ ਦੀਆਂ ਕੜੀਆਂ ਸਾਂਝੀਆਂ ਕਰ ਦਿੱਤੀਆਂ ਗਈਆਂ ਹਨ।

Posted in ਚਰਚਾ

ਖੱਟੇ-ਮਿੱਠੇ ਤਜਰਬੇ

ਸੰਨ 2003 ਦੀ ਗੱਲ ਹੈ, ਵੈਲਿੰਗਟਨ ਦੀਆਂ ਰਾਜਨੀਤਕ ਸਫ਼ਾਂ ਵਿੱਚ ਵਿਚਰਦਿਆਂ ਇੱਕ ਛੋਟੀ ਰਾਜਨੀਤਕ ਪਾਰਟੀ ਦੇ ਐੱਮ.ਪੀ ਦੇ ਨਾਲ ਜਾਣ ਪਛਾਣ ਹੋਈ।  ਇਸ ਐੱਮ.ਪੀ ਦਾ ਆਕਲੈਂਡ ਵੱਸਦੇ ਸਿੱਖ ਭਾਈਚਾਰੇ ਨਾਲ ਕਾਫੀ ਗੂੜ੍ਹਾ ਸੰਬੰਧ ਸੀ। ਉਨ੍ਹਾਂ ਦਿਨਾਂ ਦੇ ਵਿੱਚ ਇਨਸਾਨੀ ਹੱਕਾਂ ਨੂੰ ਲੈ ਕੇ ਇਸ ਐੱਮ.ਪੀ ਨੇ ਨਿਊਜ਼ੀਲੈਂਡ ਵੱਸਦੇ ਸਿੱਖ ਭਾਈਚਾਰੇ ਦੇ ਵੱਲੋਂ ਭਾਰਤੀ ਮੰਤਰੀਆਂ ਨੂੰ ਕੁਝ ਚਿੱਠੀਆਂ ਵੀ ਲਿਖੀਆਂ ਸਨ। ਇਸ ਐੱਮ.ਪੀ ਦੇ ਅਜਿਹੇ ਸ਼ਲਾਘਾਯੋਗ ਕਦਮ ਅੱਜ ਵੀ ਜਾਰੀ ਹਨ ਤੇ ਅੱਜ ਜਦੋਂ ਉਹ ਬਤੌਰ ਵਕੀਲ ਦੇ ਕਿਰਤ ਕਰ ਰਿਹਾ ਹੈ ਤਾਂ ਮੌਕਾ ਮਿਲਣ ਤੇ ਭਾਈਚਾਰੇ ਦੇ ਨਾਲ ਖੜ੍ਹਦਾ ਹੈ। ਅੱਜ ਵੀ ਪਰਵਾਸ ਦੇ ਨਵੇਂ ਕਾਨੂੰਨਾਂ ਖਿਲਾਫ਼ ਲੜ ਰਹੇ ਭਾਈਚਾਰੇ ਦੀ ਪ੍ਰਤਿਨਿਧਤਾ ਕਰ ਰਿਹਾ ਹੈ।

ਉਨ੍ਹਾਂ ਦਿਨਾਂ ਵਿੱਚ ਇਹ ਐੱਮ.ਪੀ ਵੈਲਿੰਗਟਨ ਦੇ ਕਿਸੇ ਨਾ ਕਿਸੇ ਸਮਾਰੋਹ ਵਿੱਚ ਅਕਸਰ ਹੀ ਮੈਨੂੰ ਟੱਕਰ ਜਾਂਦਾ ਸੀ ਅਤੇ ਸਾਡੀ ਕਈ ਵਾਰ ਪੰਜਾਬ ਦੀ ਰਾਜਨੀਤੀ ਅਤੇ ਪੰਜਾਬ ਦੇ ਅਰਥਚਾਰੇ ਬਾਰੇ ਗੱਲ ਛਿੜ ਪੈਂਦੀ। ਇੱਕ ਦਿਨ ਉਸ ਨੇ ਗੱਲਾਂ-ਗੱਲਾਂ ਵਿੱਚ ਮੈਨੂੰ ਦੱਸਿਆ ਕਿ ਛੇਤੀ ਹੀ ਆਕਲੈਂਡ ਸਿੱਖਾਂ ਦਾ ਵਫ਼ਦ ਪਾਰਲੀਮੈਂਟ ਵੇਖਣ ਦੇ ਲਈ ਵੈਲਿੰਗਟਨ ਆ ਰਿਹਾ ਸੀ। ਉਸ ਨੇ ਕਿਹਾ ਕਿ ਉਨ੍ਹਾਂ ਦੀ ਆਓ-ਭਗਤ ਦੀ ਤਾਂ ਉਸ ਨੂੰ ਕੋਈ ਫਿਕਰ ਨਹੀਂ ਹੈ ਪਰ ਉਨ੍ਹਾਂ ਨੂੰ ਉਹ ਥੋੜ੍ਹਾ ਜਿਹਾ ਪ੍ਰਭਾਵਿਤ ਕਰਨਾ ਚਾਹੁੰਦਾ ਸੀ। ਇਸ ਲਈ ਉਸ ਨੇ ਮੇਰੇ ਕੋਲੋਂ ਸਿੱਖੀ ਬਾਰੇ ਦੋ ਕਿਤਾਬਾਂ ਦੇ ਨਾਂ ਮੰਗੇ ਤਾਂ ਜੋ ਉਹ ਸਿੱਖ ਇਤਿਹਾਸ ਬਾਰੇ ਜਾਣੂ ਹੋ ਸਕੇ। ਮੈਂ ਉਸ ਨੂੰ ਦੋ ਕਿਤਾਬਾਂ ਪੜ੍ਹਨ ਦਾ ਸੁਝਾਅ ਦੇ ਦਿੱਤਾ ਅਤੇ ਇਹ ਵੀ ਦੱਸ ਦਿੱਤਾ ਕਿ ਉਹ ਕਿਤਾਬਾਂ ਵੈਲਿੰਗਟਨ ਦੀ ਕਿਹੜੇ ਕਿਤਾਬਖਾਨੇ ਵਿੱਚੋਂ ਕਢਵਾਈਆਂ ਜਾ ਸਕਦੀਆਂ ਸਨ।  

ਮਹੀਨੇ ਕੁ ਬਾਅਦ ਇਸ ਐੱਮ.ਪੀ ਨਾਲ ਫਿਰ ਕਿਸੇ ਸਮਾਰੋਹ ਤੇ ਮੇਲ ਹੋਇਆ ਤਾਂ ਉਸ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਬੜਾ ਅਜੀਬ ਕਿੱਸਾ ਹੋ ਗਿਆ! ਮੈਂ ਵੀ ਉਸ ਨੂੰ ਸੁਭਾਇਕੀ ਮੋੜਵਾਂ ਪੁੱਛ ਲਿਆ ਕਿ ਕੀ ਗੱਲ ਹੋ ਗਈ? ਉਸ ਐੱਮ.ਪੀ ਨੇ ਮੀਸਣੀ ਜਿਹੀ ਮੁਸਕਾਨ ਨਾਲ ਮੇਰੇ ਨਾਲ ਸਿੱਖ ਇਤਿਹਾਸ ਦੀ ਇੱਕ ਘਟਨਾ ਦਾ ਜ਼ਿਕਰ ਛੇੜ ਲਿਆ। ਉਸ ਘਟਨਾ ਬਾਰੇ ਸਾਡੀ ਵਾਹਵਾ ਦਸ ਕੁ ਮਿੰਟ ਗੱਲ ਚਲਦੀ ਰਹੀ। ਉਸ ਦੀ ਤਸੱਲੀ ਜਿਹੀ ਹੋ ਗਈ।  

ਫਿਰ ਉਸ ਨੇ ਹੱਸਦਿਆਂ ਕਿਹਾ ਕਿ ਦੱਸਦਾ ਹਾਂ ਕਿ ਅਜੀਬ ਕਿੱਸਾ ਕੀ ਹੋ ਗਿਆ ਸੀ। ਉਹ ਬੋਲਿਆ ਕਿ ਉਸ ਨੇ ਬੜੇ ਰੁਝੇਵਿਆਂ ਦੇ ਵਿਚੋਂ ਵਕ਼ਤ ਕੱਢ ਕੇ ਦੋਵੇਂ ਕਿਤਾਬਾਂ ਤਾਂ ਵੇਲ਼ੇ ਸਿਰ ਪੜ੍ਹ ਲਈਆਂ ਸਨ। ਪਰ ਜਦੋਂ ਉਹ ਸਿੱਖਾਂ ਦਾ ਵਫ਼ਦ ਵੈਲਿੰਗਟਨ ਆਇਆ ਤਾਂ ਗੱਲਾਂ ਬਾਤਾਂ ਦੇ ਵਿੱਚ ਉਸ ਨੇ ਦੋ-ਚਾਰ ਵਾਰੀ ਸਿੱਖ ਇਤਿਹਾਸ ਬਾਰੇ ਗੱਲ ਛੇੜਨ ਦੀ ਕੋਸ਼ਿਸ਼ ਕੀਤੀ ਤਾਂ ਸਾਹਮਣੇ ਬੈਠੇ ਵਫ਼ਦ ਵਿੱਚ ਸਾਰੇ ਮੁਸਕਰਾ ਕੇ ਚੁੱਪ ਜਿਹੇ ਹੋ ਜਾਂਦੇ ਸਨ।

ਉਸ ਨੇ ਅੱਗੇ ਦੱਸਿਆ ਕਿ ਪਹਿਲਾਂ-ਪਹਿਲ ਤਾਂ ਉਸ ਨੂੰ ਸਮਝ ਨਾ ਆਵੇ ਕਿ ਹੋ ਕੀ ਰਿਹਾ ਸੀ। ਪਰ ਛੇਤੀ ਹੀ ਉਸ ਨੂੰ ਅਹਿਸਾਸ ਹੋ ਗਿਆ ਕਿ ਸਾਮਣੇ ਬੈਠੇ ਵਫ਼ਦ ਨੂੰ ਸਿੱਖ ਇਤਿਹਾਸ ਬਾਰੇ ਥਹੁ-ਪਤਾ ਹੀ ਨਹੀਂ ਸੀ। ਇਸੇ ਕਰਕੇ ਉਸ ਨੇ ਗੱਲ ਦਾ ਪਾਸਾ ਬਦਲ ਕੇ ਆਕਲੈਂਡ ਦੇ ਗੱਪ-ਗਪੌੜ ਤੇ ਇਕਾਗਰਚਿੱਤ ਕਰ ਦਿੱਤਾ। 

ਇਹ ਉਹੀ ਐੱਮ.ਪੀ ਸੀ ਜਿਹੜਾ ਬਾਅਦ ਵਿੱਚ ਜਦ ਆਕਲੈਂਡ ਵਿੱਚ ਸੰਨ 2005 ਦੇ ਲਾਗੇ-ਚਾਗੇ ਇੱਕ ਬਹੁਤ ਵੱਡਾ ਗੁਰਦੁਆਰਾ ਬਣਿਆ ਤਾਂ ਇਹ ਉੱਥੇ ਅਕਸਰ ਪੱਗ ਬੰਨ ਕੇ ਪਹੁੰਚ ਜਾਂਦਾ ਸੀ।  ਉਸ ਦੀਆਂ ਪੱਗ ਵਾਲੀਆਂ ਤਸਵੀਰਾਂ ਕਾਫੀ ਮਸ਼ਹੂਰ ਵੀ ਹੋਈਆਂ ਸਨ।

ਸੰਨ 2005 ਦੇ ਵਿੱਚ ਨਿਊਜ਼ੀਲੈਂਡ ਦੀਆਂ ਚੋਣਾਂ ਵੀ ਹੋਈਆਂ ਸਨ। ਇਸ ਐੱਮ.ਪੀ ਨੇ ਰੋਣਾ ਰੋਇਆ ਕਿ ਉਸ ਨੇ ਆਕਲੈਂਡ ਸਿੱਖ ਭਾਈਚਾਰੇ ਨੂੰ ਬੇਨਤੀ ਕੀਤੀ ਸੀ ਕਿ ਉਹ ਥੋੜ੍ਹੇ ਬਹੁਤ ਪਾਰਟੀ ਮੈਂਬਰ ਬਣਾਉਣ ਦੇ ਵਿੱਚ ਮਦਦ ਕਰਨ ਤਾਂ ਜੋ ਪਾਰਟੀ ਨੂੰ ਮਾਇਕ ਤੌਰ ਦੇ ਉੱਤੇ ਸਰਕਾਰ ਵੱਲੋਂ ਚੋਣ-ਪਰਚਾਰ ਲਈ ਵੱਧ ਡਾਲਰ ਮਿਲ ਸਕਣ। ਪਰ ਇੰਝ ਨਹੀਂ ਹੋਇਆ। ਉਸ ਨੇ ਇਹ ਵੀ ਦੱਸਿਆ ਕਿ ਉਸ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਚੋਣ ਪਰਚਾਰ ਵਿੱਚ ਮਦਦ ਕਰਨ ਤੇ ਉਥੋਂ ਆਕਲੈਂਡ ਤੋਂ ਉਸ ਨੂੰ ਇਹ ਵਾਅਦਾ ਮਿਲਿਆ ਸੀ ਕਿ ਉਹ ਜ਼ਰੂਰ ਵੈਲਿੰਗਟਨ ਆਉਣਗੇ ਪਰ ਆਇਆ ਕੋਈ ਨਹੀਂ। ਮੈਂ ਵੀ ਗੱਲ ਖਤਮ ਕਰਨ ਲਈ ਇਹ ਕਹਿ ਦਿੱਤਾ ਕਿ ਉਨ੍ਹਾਂ ਦਾ ਕੋਈ ਕਸੂਰ ਨਹੀਂ ਕਿਉਂਕਿ ਕਸੂਰ ਸਾਰਾ ਅੰਗਰੇਜ਼ੀ ਦਾ ਹੋਵੇਗਾ।

ਬਾਅਦ ਵਿੱਚ ਸੰਨ 2005 ਦੀਆਂ ਚੋਣਾਂ ਤੋਂ ਪਹਿਲਾਂ ਮੈਂ ਕੁਝ ਦਿਨ ਇਸ ਐੱਮ.ਪੀ ਦੀ ਸਥਾਨਕ ਵੈਲਿੰਗਟਨ ਚੋਣ-ਪਰਚਾਰ ਵਿੱਚ ਕਾਫੀ ਮਦਦ ਕੀਤੀ। ਸਾਈਨਬੋਰਡ ਲਾਉਂਦੇ-ਲਾਉਂਦੇ ਮੀਰਾਮਾਰ ਤੋਂ ਓਰੀਐਂਟਲ ਪਰੇਡ ਤਕ ਪਹੁੰਚ ਗਏ ਅਤੇ ਫਿਰ ਇੱਕ ਦੋ ਮੁਹੱਲਿਆਂ ਦੇ ਵਿੱਚ ਵੀ ਸਾਈਨਬੋਰਡ ਲਾਏ। 

ਇਸ ਸਭ ਦੇ ਚੱਲਦੇ, ਚੋਣਾਂ ਤੋਂ ਪਹਿਲਾਂ ਇੱਕ ਹੋਰ ਬੜਾ ਦਿਲਚਸਪ ਵਾਕਿਆ ਐੱਮ.ਪੀ ਦੇ ਦਫ਼ਤਰ ਵਿੱਚ ਹੋਇਆ। ਹੋਇਆ ਇੰਝ ਕਿ ਉਸਨੇ ਮੈਨੂੰ ਇੱਕ ਪਾਰਟੀ ਬੈਠਕ ਵਿੱਚ ਬੁਲਾਇਆ ਹੋਇਆ ਸੀ। ਉਸ ਦੀ ਇਹ ਬੈਠਕ ਤਿੰਨ ਚਾਰ ਗੋਰੀਆਂ ਬੀਬੀਆਂ ਨਾਲ ਸੀ ਜੋ ਕਿ ਪਾਰਟੀ ਦੀ ਨਾਮਜ਼ਦਗੀ ਦੀਆਂ ਚਾਹਵਾਨ ਸਨ ਤੇ ਚੋਣਾਂ ਲੜਨੀਆਂ ਚਾਹੁੰਦੀਆਂ ਸਨ। ਉਨ੍ਹਾਂ ਵਿੱਚੋਂ ਇੱਕ ਗੋਰੀ ਬੀਬੀ ਬੜੀ ਰਵਾਇਤੀ ਕਿਸਮ ਦੀ ਸੀ ਤੇ ਉਸ ਨੇ ਗੱਲਾਂ-ਗੱਲਾਂ ਵਿੱਚ ਦੱਸਿਆ ਕਿ ਛੇਤੀ ਹੀ ਉਸ ਦੇ ਪਿਤਾ ਵੀ ਇਸ ਮੀਟਿੰਗ ਵਿਚ ਸ਼ਾਮਲ ਹੋਣ ਲਈ ਆਉਣ ਵਾਲੇ ਸਨ।

ਐੱਮ.ਪੀ ਇਨ੍ਹਾਂ ਬੀਬੀਆਂ ਦੇ ਨਾਲ ਰਸਮੀ ਗੱਲਬਾਤ ਕਰ ਰਿਹਾ ਸੀ ਤੇ ਮੈਂ ਥੋੜ੍ਹਾ ਜਿਹਾ ਪਿੱਛੇ ਹਟਵਾਂ ਹੋ ਕੇ ਬੈਠਿਆ ਹੋਇਆ ਸੀ। ਜਦ ਉਸ ਬੀਬੀ ਦਾ ਪਿਤਾ ਆਇਆ ਤਾਂ ਉਸ ਨੇ ਆਉਂਦੇ ਸਾਰ ਹੀ ਦੋ ਕੁ ਮਜ਼ਾਕੀਆ ਕਿਸਮ ਦੇ ਪੱਖਪਾਤੀ ਜਿਹੇ ਟੋਟਕੇ ਸੁੱਟੇ ਅਤੇ ਉਸ ਨੇ ਟੇਢੀ ਅੱਖੀਂ ਇਹ ਵੀ ਤਾੜ ਲਿਆ ਕਿ ਮੈਂ ਵੀ ਇਕ ਪਾਸੇ ਬੈਠਾ ਹੋਇਆ ਸਾਂ। ਆਪਣੀ ਗੱਲ ਖਤਮ ਕਰਨ ਤੋਂ ਬਾਅਦ ਉਹ ਮੇਰੇ ਵਲ ਆਇਆ ਤੇ ਮੈਨੂੰ ਕਿਹਾ ਕਿ ਮੁੰਡੂ ਚਾਹ ਲਿਆ ਮੇਰੇ ਲਈ। ਇਹ ਸੁਣਦੇ ਸਾਰ ਹੀ ਐੱਮ.ਪੀ ਛੜੱਪਾ ਮਾਰ ਕੇ ਸੋਫੇ ਤੋਂ ਉੱਠਿਆ ਅਤੇ ਬਜ਼ੁਰਗ ਦਾ ਮੋਢਾ ਫੜ੍ਹ ਕਿ ਕਿਹਾ ਕਿ ਇਹ ਸਾਡੇ ਮਾਣਯੋਗ ਮਹਿਮਾਨ ਹਨ ਅਤੇ ਉਸ ਨੂੰ ਦੂਜੇ ਕਮਰੇ ਦੇ ਵੱਲ ਲੈ ਗਿਆ ਜਿੱਥੇ ਚਾਹ ਬਨਾਉਣ ਵਾਲੀ ਕੇਤਲੀ ਪਈ ਸੀ। ਐੱਮ.ਪੀ ਨੇ ਉਸ ਬਜ਼ੁਰਗ ਨੂੰ ਕਿਹਾ ਕਿ ਇੱਥੇ ਆਪ ਹੀ ਚਾਹ ਬਣਾਉਂਦੇ ਹਾਂ। ਜ਼ਾਹਿਰ ਹੈ ਕਿ ਇਸ ਬਜ਼ੁਰਗ ਨੂੰ ਭਾਵੇਂ ਇਸ ਗੱਲ ਦਾ ਅਹਿਸਾਸ ਨਾ ਹੋਵੇ ਪਰ ਉਸ ਦੇ ਇਸ ਵਤੀਰੇ ਵਿੱਚੋਂ ਨਸਲਵਾਦ ਬਿਲਕੁਲ ਸਪੱਸ਼ਟ ਝਲਕਦਾ ਸੀ।   

Posted in ਚਰਚਾ

ਭਾਸ਼ਾ ਦੀ ਪੁਰਾਤਨਤਾ

ਅੱਜ ਤੋਂ ਤੇਰਾਂ ਕੁ ਵਰ੍ਹੇ ਪਹਿਲਾਂ ਦੀ ਗੱਲ ਹੈ ਕਿ ਅਰਵਿੰਦ ਮੰਡੇਰ ਦਾ ਮੈਂ ਇੱਕ ਅਕਾਦਮਿਕ ਲੇਖ ਪੜ੍ਹਿਆ ਸੀ ਜਿਸਦੇ ਵਿੱਚ ਉਸ ਨੇ ਧਰਮ, ਭਾਸ਼ਾ ਅਤੇ ਭਾਰਤੀ ਪਛਾਣ ਦੇ ਬਾਰੇ ਗੱਲ ਕੀਤੀ ਸੀ।  

ਇਸ ਲੇਖ ਦੇ ਵਿੱਚ ਅਰਵਿੰਦ ਮੰਡੇਰ ਨੇ ਜ਼ਿਆਦਾਤਰ ਯੱਕ ਦੈਰੀਦਾ ਦੇ ਦਾਰਸ਼ਨਿਕ ਨਜ਼ਰੀਏ ਰਾਹੀਂ ਗੱਲ ਕਰਦਿਆਂ ਭਾਰਤੀ ਧਰਮਾਂ ਅਤੇ ਭਾਸ਼ਾਵਾਂ ਦੀ ਗੱਲ ਕੀਤੀ ਸੀ। ਉਸ ਨੇ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਭਾਸ਼ਾਵਾਂ ਦੇ ਨਾਂ ਦੇ ਉੱਤੇ ਹਿੰਦੀ, ਪੰਜਾਬੀ ਅਤੇ ਉਰਦੂ ਨੂੰ ਕਰਮਵਾਰ ਹਿੰਦੂ, ਸਿੱਖ ਅਤੇ ਮੁਸਲਿਮ ਪਛਾਣ ਦੇ ਨਾਲ ਜੋੜਿਆ ਗਿਆ। ਮੰਡੇਰ ਨੇ ਆਪਣੇ ਲੇਖ ਵਿੱਚ ਇੱਕ ਥਾਈਂ ਇਹ ਵੀ ਜ਼ਿਕਰ ਕੀਤਾ ਕਿ ਕਿਵੇਂ ਹਿੰਦੀ ਭਾਸ਼ਾ ਕੋਈ ਬਹੁਤੀ ਪੁਰਾਣੀ ਭਾਸ਼ਾ ਨਹੀਂ ਹੈ।

ਹਿੰਦੀ ਭਾਸ਼ਾ ਦਾ ਜਨਮ ਅਤੇ ਵਿਕਾਸ ਆਮ ਕਰਕੇ ਅੰਗਰੇਜ਼ਾਂ ਦੇ ਆਉਣ ਦੇ ਨਾਲ ਹੀ ਜੁੜਿਆ ਹੋਇਆ ਹੈ ਪਰ ਉਸ ਵਕਤ ਮੈਂ ਜ਼ਿਆਦਾ ਡੂੰਘਾਈ ਵਿੱਚ ਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਅਚਾਨਕ ਪਿੱਛੇ ਜਿਹੇ ਕਿਤੇ ਗੱਲਬਾਤ ਹੋਈ ਜਿਸ ਵਿੱਚ ਭਾਸ਼ਾਵਾਂ ਦੀ ਪੁਰਾਤਨਤਾ ਦੀ ਗੱਲ ਚੱਲੀ ਤਾਂ ਫਿਰ ਇਹੀ ਜ਼ਿਕਰ ਹੋਇਆ। ਮੈਂ ਸੋਚਿਆ ਕਿ ਚਲੋ ਥੋੜ੍ਹੀ ਹੋਰ ਖੋਜ ਕੀਤੀ ਜਾਵੇ।  

ਇਥੇ ਮੈਂ ਤੁਹਾਡੇ ਨਾਲ ਇਹ ਗੱਲ ਵੀ ਸਾਂਝੀ ਕਰਣੀ ਚਾਹੁੰਦਾ ਹਾਂ ਕਿ ਕਿਵੇਂ ਰਵਾਇਤਾਂ ਈਜਾਦ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਫਿਰ ਇਵੇਂ ਪੇਸ਼ ਕੀਤਾ ਜਾਂਦਾ ਹੈ ਜਿਵੇਂ ਕਿ ਉਹ ਬਹੁਤ ਪੁਰਾਣੀਆਂ ਹੋਣ। ਇਸ ਦੇ ਬਾਰੇ ਐਰਿਕ ਹੌਬਸਬੌਮ ਦੀ ਕਿਤਾਬ “ਇਨਵੈਨਸ਼ਨ ਆਫ ਟਰੇਡੀਸ਼ਨ” ਪੜ੍ਹਨ ਲਾਇਕ ਹੈ। ਇਸ ਕਿਤਾਬ ਵਿੱਚ ਭਾਰਤ ਵਿੱਚ ਅੰਗਰੇਜ਼ਾਂ ਵੱਲੋਂ ਭਾਰਤ ਵਿੱਚ ਈਜਾਦ ਕੀਤੀਆਂ ਅਖੌਤੀ ਪੁਰਾਤਨ ਰਵਾਇਤਾਂ ਬਾਰੇ ਵੀ ਕਈ ਕੁਝ ਲਿਖਿਆ ਹੋਇਆ ਹੈ।

ਗੱਲ ਹਿੰਦੀ ਦੀ ਚੱਲ ਰਹੀ ਸੀ, ਜਿਸਦੇ ਸਿਲਸਿਲੇ ਵਿੱਚ ਮੈਨੂੰ ਪਿੱਛੇ ਜਿਹੇ ਦੇਵਦਨ ਚੌਧਰੀ ਦਾ ਵੀ ਇੱਕ ਲੇਖ ਪੜ੍ਹਨ ਨੂੰ ਮਿਲਿਆ, ਜਿਸ ਵਿੱਚ ਉਸ ਨੇ ਸਪੱਸ਼ਟ ਕੀਤਾ ਸੀ ਕਿ ਕਿਵੇਂ ਹਿੰਦੀ ਦਾ ਜਨਮਦਾਤਾ ਜੌਨ ਗਿਲਕ੍ਰਿਸਟ ਹੈ। ਇਹ ਸਕੌਟ ਮੂਲ ਦਾ ਇੱਕ ਸਰਜਨ ਸੀ ਜੋ ਈਸਟ ਇੰਡੀਆ ਕੰਪਨੀ ਵਿੱਚ ਸੇਵਾਵਾਂ ਨਿਭਾ ਰਿਹਾ ਸੀ ਪਰ ਉਹਨੂੰ ਭਾਸ਼ਾਵਾਂ ਦੇ ਵਿੱਚ ਬਹੁਤ ਦਿਲਚਸਪੀ ਸੀ।  ਅਠਾਰ੍ਹਵੀਂ ਸਦੀ ਦੇ ਅਖੀਰ ਤੇ ਉਨ੍ਹੀਵੀਂ ਸਦੀ ਦੇ ਸ਼ੁਰੂ ਵਿੱਚ ਇਹ ਕਲਕੱਤੇ ਸਥਾਪਤ ਰਿਹਾ।  

ਚੌਧਰੀ ਮੁਤਾਬਕ ਇਸ ਨੇ ਮੱਧ ਭਾਰਤੀ ਖੜ੍ਹੀ ਬੋਲੀ ਅਤੇ ਉਸ ਦੇ ਉੱਤੇ ਫ਼ਾਰਸੀ ਉਰਦੂ ਦੇ ਪ੍ਰਭਾਵ ਨੂੰ ਖਤਮ ਕਰਨ ਦੇ ਲਈ ਇੱਕ ਨਵੀਂ ਭਾਸ਼ਾ ਹਿੰਦੀ ਨੂੰ ਜਨਮ ਦਿੱਤਾ। ਉਂਝ ਵੀ ਹਿੰਦੀ ਭਾਸ਼ਾ ਦੇ ਇਤਿਹਾਸਕਾਰ ਕੇ.ਬੀ ਜਿੰਦਲ ਅਤੇ ਸੰਤੋਸ਼ ਖਾਰੇ ਨੇ ਆਪਣੇ ਲੇਖ ਜਾਂ ਕਿਤਾਬਾਂ ਵਿੱਚ ਇਹੀ ਲਿਖਿਆ ਹੈ ਕਿ ਹਿੰਦੀ ਦਾ ਜਨਮ ਉਨ੍ਹੀਵੀਂ ਸਦੀ ਵਿੱਚ ਕਲਕੱਤਾ ਵਿਖੇ ਹੋਇਆ ਹੈ।  ਕਲਕੱਤਾ ਉਸ ਵੇਲ਼ੇ ਅੰਗਰੇਜ਼ੀ ਰਾਜ ਦੀ ਰਾਜਧਾਨੀ ਸੀ।

ਜਦੋਂ ਈਸਟ ਇੰਡੀਆ ਕੰਪਨੀ ਭਾਰਤ ਵਿੱਚ ਆਈ ਅਤੇ ਅੰਗਰੇਜ਼ਾਂ ਦਾ ਰਾਜ ਸਥਾਪਿਤ ਹੋਇਆ ਸੀ ਤਾਂ ਉਨ੍ਹਾਂ ਦਾ ਟਾਕਰਾ ਤਿੰਨ ਮੁੱਖ ਰਾਜਾਂ ਨਾਲ ਹੋਇਆ। ਮੁਗ਼ਲ ਰਾਜ, ਮਰਾਠਾ ਰਾਜ ਅਤੇ ਸਿੱਖ ਰਾਜ। ਬਾਕੀ ਛੋਟੇ ਮੋਟੇ ਜਗੀਰਦਾਰ ਰਾਜੇ ਤਾਂ ਹੋਰ ਵੀ ਬਹੁਤ ਹਨ ਪਰ ਇਹ ਸਾਰੇ ਮੁੱਖ ਤੌਰ ਤੇ ਉਪਰੋਕਤ ਤਿੰਨਾਂ ਰਾਜਾਂ ਨੂੰ ਹੀ ਵਕ਼ਤ ਦਰ ਵਕ਼ਤ ਆਪਣਾ ਨਜ਼ਰਾਨਾ ਭੇਟ ਕਰਦੇ ਸਨ।  

1947 ਵਿੱਚ ਜਦ ਅੰਗਰੇਜ਼ ਦੱਖਣੀ ਏਸ਼ੀਆਈ ਖਿੱਤਾ ਛੱਡ ਕੇ ਗਏ ਤਾਂ ਦੋ ਮੁਲਕ ਭਾਰਤ ਅਤੇ ਪਾਕਿਸਤਾਨ ਪੈਦਾ ਕਰ ਕੇ ਚਲੇ ਗਏ। ਸੋ ਇਸ ਤਰ੍ਹਾਂ ਹਾਕਮਾਂ ਦੇ ਤੌਰ ਤੇ ਮੁਗ਼ਲ, ਮਰਾਠਾ ਅਤੇ ਸਿੱਖ ਪਛਾਣ ਦੱਖਣੀ ਏਸ਼ੀਆਈ ਖਿੱਤੇ ਵਿੱਚੋਂ ਖ਼ਤਮ ਹੋ ਗਈ। ਮੱਧ-ਭਾਰਤੀ ਬਹੁਮਤ ਵਾਲਾ ਨਵ-ਜਨਮੀ ਹਿੰਦੀ ਭਾਸ਼ੀ ਪ੍ਰਭਾਵ ਹੇਠ ਭਾਰਤ ਇਕ ਨਵੇਂ ਲੋਕਤਾਂਤਰਿਕ ਮੁਲਕ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਇਆ। ਉਹੀ ਹਿੰਦੀ ਭਾਸ਼ਾ ਜਿਸਦਾ ਉਸ ਵੇਲੇ ਜਨਮ ਹੋਏ ਨੂੰ ਹਾਲੇ ਸੌ ਕੁ ਸਾਲ ਹੀ ਹੋਏ ਸਨ। ਸੋ ਜ਼ਾਹਰ ਹੈ ਕਿ ਨਵੇਂ-ਨਵੇਂ ਰਾਜਪਾਟ ਤੇ ਕਾਬਜ਼ ਹੋਏ ਲੋਕਤਾਂਤਰਿਕ ਬਹੁਮਤ ਨੇ ਸਾਰਾ ਜ਼ੋਰ ਆਪਣਾ ਵੱਝਕਾ ਸਥਾਪਤ ਕਰਨ ਉੱਤੇ ਲਾਇਆ ਹੋਇਆ ਸੀ।   

ਇਸੇ ਕਰਕੇ 1950ਵਿਆਂ ਦੇ ਵਿੱਚ ਭਾਰਤ ਵਿੱਚ ਜਦ ਰਾਜਾਂ ਦਾ ਪੁਨਰਗਠਨ ਹੋਇਆ ਤਾਂ ਸੰਘੀ ਢਾਂਚੇ (ਫੈਡਰਲ ਢਾਂਚੇ) ਦੇ ਹੇਠ ਰਾਜਾਂ ਨੇ ਹੋਰ ਹੱਕ ਵੀ ਮੰਗੇ ਅਤੇ ਇਨ੍ਹਾਂ ਹੱਕਾਂ ਦੀ ਮੰਗ ਦਾ ਵਰਨਣ ਆਨੰਦਪੁਰ ਸਾਹਿਬ ਦੇ ਮਤੇ ਵਿੱਚ ਵੀ ਮਿਲਦਾ ਹੈ। ਪਰ ਉਨ੍ਹਾਂ ਦਿਨਾਂ ਵਿੱਚ ਇਹ ਸਭ ਕੁਝ ਸਖ਼ਤੀ ਦੇ ਨਾਲ ਕੁਚਲ ਦਿੱਤਾ ਗਿਆ।  ਜੇਕਰ ਉਹ ਵੇਲ਼ਾ ਸਿੱਕੇ ਦਾ ਇੱਕ ਪਹਿਲੂ ਸੀ ਤਾਂ ਅੱਜ ਦਾ ਰਾਸ਼ਟਰੀਆ ਸਵੈਮ ਸੇਵਕ ਸੰਘ (ਆਰ.ਐਸ.ਐਸ.) ਭਾਰਤੀ ਰਾਜ ਸਿੱਕੇ ਦਾ ਦੂਜਾ ਪਹਿਲੂ ਹੈ। ਅੱਜ ਸੰਪੂਰਨ ਤੌਰ ਦੇ ਉੱਤੇ ਭਾਰਤ ਵਿੱਚ ਘੱਟ ਗਿਣਤੀਆਂ ਨੂੰ ਕੁਚਲ ਕੇ ਜੋ ਇੱਕ ਬਹੁਮਤ ਵਾਦੀ ਰਾਸ਼ਟਰਵਾਦ ਹਿੰਦੀ ਭਾਸ਼ਾ ਦੇ ਨਾਂਅ ਹੇਠ ਉਸਾਰਿਆ ਜਾ ਰਿਹਾ ਹੈ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਹੈ। ਇਸ ਦੇ ਬਾਰੇ ਅੱਗੇ ਚਰਚਾ ਫਿਰ ਕਿਸੇ ਦਿਨ ਸਹੀ।