ਸੰਨ 2003 ਦੀ ਗੱਲ ਹੈ, ਵੈਲਿੰਗਟਨ ਦੀਆਂ ਰਾਜਨੀਤਕ ਸਫ਼ਾਂ ਵਿੱਚ ਵਿਚਰਦਿਆਂ ਇੱਕ ਛੋਟੀ ਰਾਜਨੀਤਕ ਪਾਰਟੀ ਦੇ ਐੱਮ.ਪੀ ਦੇ ਨਾਲ ਜਾਣ ਪਛਾਣ ਹੋਈ। ਇਸ ਐੱਮ.ਪੀ ਦਾ ਆਕਲੈਂਡ ਵੱਸਦੇ ਸਿੱਖ ਭਾਈਚਾਰੇ ਨਾਲ ਕਾਫੀ ਗੂੜ੍ਹਾ ਸੰਬੰਧ ਸੀ। ਉਨ੍ਹਾਂ ਦਿਨਾਂ ਦੇ ਵਿੱਚ ਇਨਸਾਨੀ ਹੱਕਾਂ ਨੂੰ ਲੈ ਕੇ ਇਸ ਐੱਮ.ਪੀ ਨੇ ਨਿਊਜ਼ੀਲੈਂਡ ਵੱਸਦੇ ਸਿੱਖ ਭਾਈਚਾਰੇ ਦੇ ਵੱਲੋਂ ਭਾਰਤੀ ਮੰਤਰੀਆਂ ਨੂੰ ਕੁਝ ਚਿੱਠੀਆਂ ਵੀ ਲਿਖੀਆਂ ਸਨ। ਇਸ ਐੱਮ.ਪੀ ਦੇ ਅਜਿਹੇ ਸ਼ਲਾਘਾਯੋਗ ਕਦਮ ਅੱਜ ਵੀ ਜਾਰੀ ਹਨ ਤੇ ਅੱਜ ਜਦੋਂ ਉਹ ਬਤੌਰ ਵਕੀਲ ਦੇ ਕਿਰਤ ਕਰ ਰਿਹਾ ਹੈ ਤਾਂ ਮੌਕਾ ਮਿਲਣ ਤੇ ਭਾਈਚਾਰੇ ਦੇ ਨਾਲ ਖੜ੍ਹਦਾ ਹੈ। ਅੱਜ ਵੀ ਪਰਵਾਸ ਦੇ ਨਵੇਂ ਕਾਨੂੰਨਾਂ ਖਿਲਾਫ਼ ਲੜ ਰਹੇ ਭਾਈਚਾਰੇ ਦੀ ਪ੍ਰਤਿਨਿਧਤਾ ਕਰ ਰਿਹਾ ਹੈ।
ਉਨ੍ਹਾਂ ਦਿਨਾਂ ਵਿੱਚ ਇਹ ਐੱਮ.ਪੀ ਵੈਲਿੰਗਟਨ ਦੇ ਕਿਸੇ ਨਾ ਕਿਸੇ ਸਮਾਰੋਹ ਵਿੱਚ ਅਕਸਰ ਹੀ ਮੈਨੂੰ ਟੱਕਰ ਜਾਂਦਾ ਸੀ ਅਤੇ ਸਾਡੀ ਕਈ ਵਾਰ ਪੰਜਾਬ ਦੀ ਰਾਜਨੀਤੀ ਅਤੇ ਪੰਜਾਬ ਦੇ ਅਰਥਚਾਰੇ ਬਾਰੇ ਗੱਲ ਛਿੜ ਪੈਂਦੀ। ਇੱਕ ਦਿਨ ਉਸ ਨੇ ਗੱਲਾਂ-ਗੱਲਾਂ ਵਿੱਚ ਮੈਨੂੰ ਦੱਸਿਆ ਕਿ ਛੇਤੀ ਹੀ ਆਕਲੈਂਡ ਸਿੱਖਾਂ ਦਾ ਵਫ਼ਦ ਪਾਰਲੀਮੈਂਟ ਵੇਖਣ ਦੇ ਲਈ ਵੈਲਿੰਗਟਨ ਆ ਰਿਹਾ ਸੀ। ਉਸ ਨੇ ਕਿਹਾ ਕਿ ਉਨ੍ਹਾਂ ਦੀ ਆਓ-ਭਗਤ ਦੀ ਤਾਂ ਉਸ ਨੂੰ ਕੋਈ ਫਿਕਰ ਨਹੀਂ ਹੈ ਪਰ ਉਨ੍ਹਾਂ ਨੂੰ ਉਹ ਥੋੜ੍ਹਾ ਜਿਹਾ ਪ੍ਰਭਾਵਿਤ ਕਰਨਾ ਚਾਹੁੰਦਾ ਸੀ। ਇਸ ਲਈ ਉਸ ਨੇ ਮੇਰੇ ਕੋਲੋਂ ਸਿੱਖੀ ਬਾਰੇ ਦੋ ਕਿਤਾਬਾਂ ਦੇ ਨਾਂ ਮੰਗੇ ਤਾਂ ਜੋ ਉਹ ਸਿੱਖ ਇਤਿਹਾਸ ਬਾਰੇ ਜਾਣੂ ਹੋ ਸਕੇ। ਮੈਂ ਉਸ ਨੂੰ ਦੋ ਕਿਤਾਬਾਂ ਪੜ੍ਹਨ ਦਾ ਸੁਝਾਅ ਦੇ ਦਿੱਤਾ ਅਤੇ ਇਹ ਵੀ ਦੱਸ ਦਿੱਤਾ ਕਿ ਉਹ ਕਿਤਾਬਾਂ ਵੈਲਿੰਗਟਨ ਦੀ ਕਿਹੜੇ ਕਿਤਾਬਖਾਨੇ ਵਿੱਚੋਂ ਕਢਵਾਈਆਂ ਜਾ ਸਕਦੀਆਂ ਸਨ।
ਮਹੀਨੇ ਕੁ ਬਾਅਦ ਇਸ ਐੱਮ.ਪੀ ਨਾਲ ਫਿਰ ਕਿਸੇ ਸਮਾਰੋਹ ਤੇ ਮੇਲ ਹੋਇਆ ਤਾਂ ਉਸ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਬੜਾ ਅਜੀਬ ਕਿੱਸਾ ਹੋ ਗਿਆ! ਮੈਂ ਵੀ ਉਸ ਨੂੰ ਸੁਭਾਇਕੀ ਮੋੜਵਾਂ ਪੁੱਛ ਲਿਆ ਕਿ ਕੀ ਗੱਲ ਹੋ ਗਈ? ਉਸ ਐੱਮ.ਪੀ ਨੇ ਮੀਸਣੀ ਜਿਹੀ ਮੁਸਕਾਨ ਨਾਲ ਮੇਰੇ ਨਾਲ ਸਿੱਖ ਇਤਿਹਾਸ ਦੀ ਇੱਕ ਘਟਨਾ ਦਾ ਜ਼ਿਕਰ ਛੇੜ ਲਿਆ। ਉਸ ਘਟਨਾ ਬਾਰੇ ਸਾਡੀ ਵਾਹਵਾ ਦਸ ਕੁ ਮਿੰਟ ਗੱਲ ਚਲਦੀ ਰਹੀ। ਉਸ ਦੀ ਤਸੱਲੀ ਜਿਹੀ ਹੋ ਗਈ।

ਫਿਰ ਉਸ ਨੇ ਹੱਸਦਿਆਂ ਕਿਹਾ ਕਿ ਦੱਸਦਾ ਹਾਂ ਕਿ ਅਜੀਬ ਕਿੱਸਾ ਕੀ ਹੋ ਗਿਆ ਸੀ। ਉਹ ਬੋਲਿਆ ਕਿ ਉਸ ਨੇ ਬੜੇ ਰੁਝੇਵਿਆਂ ਦੇ ਵਿਚੋਂ ਵਕ਼ਤ ਕੱਢ ਕੇ ਦੋਵੇਂ ਕਿਤਾਬਾਂ ਤਾਂ ਵੇਲ਼ੇ ਸਿਰ ਪੜ੍ਹ ਲਈਆਂ ਸਨ। ਪਰ ਜਦੋਂ ਉਹ ਸਿੱਖਾਂ ਦਾ ਵਫ਼ਦ ਵੈਲਿੰਗਟਨ ਆਇਆ ਤਾਂ ਗੱਲਾਂ ਬਾਤਾਂ ਦੇ ਵਿੱਚ ਉਸ ਨੇ ਦੋ-ਚਾਰ ਵਾਰੀ ਸਿੱਖ ਇਤਿਹਾਸ ਬਾਰੇ ਗੱਲ ਛੇੜਨ ਦੀ ਕੋਸ਼ਿਸ਼ ਕੀਤੀ ਤਾਂ ਸਾਹਮਣੇ ਬੈਠੇ ਵਫ਼ਦ ਵਿੱਚ ਸਾਰੇ ਮੁਸਕਰਾ ਕੇ ਚੁੱਪ ਜਿਹੇ ਹੋ ਜਾਂਦੇ ਸਨ।
ਉਸ ਨੇ ਅੱਗੇ ਦੱਸਿਆ ਕਿ ਪਹਿਲਾਂ-ਪਹਿਲ ਤਾਂ ਉਸ ਨੂੰ ਸਮਝ ਨਾ ਆਵੇ ਕਿ ਹੋ ਕੀ ਰਿਹਾ ਸੀ। ਪਰ ਛੇਤੀ ਹੀ ਉਸ ਨੂੰ ਅਹਿਸਾਸ ਹੋ ਗਿਆ ਕਿ ਸਾਮਣੇ ਬੈਠੇ ਵਫ਼ਦ ਨੂੰ ਸਿੱਖ ਇਤਿਹਾਸ ਬਾਰੇ ਥਹੁ-ਪਤਾ ਹੀ ਨਹੀਂ ਸੀ। ਇਸੇ ਕਰਕੇ ਉਸ ਨੇ ਗੱਲ ਦਾ ਪਾਸਾ ਬਦਲ ਕੇ ਆਕਲੈਂਡ ਦੇ ਗੱਪ-ਗਪੌੜ ਤੇ ਇਕਾਗਰਚਿੱਤ ਕਰ ਦਿੱਤਾ।
ਇਹ ਉਹੀ ਐੱਮ.ਪੀ ਸੀ ਜਿਹੜਾ ਬਾਅਦ ਵਿੱਚ ਜਦ ਆਕਲੈਂਡ ਵਿੱਚ ਸੰਨ 2005 ਦੇ ਲਾਗੇ-ਚਾਗੇ ਇੱਕ ਬਹੁਤ ਵੱਡਾ ਗੁਰਦੁਆਰਾ ਬਣਿਆ ਤਾਂ ਇਹ ਉੱਥੇ ਅਕਸਰ ਪੱਗ ਬੰਨ ਕੇ ਪਹੁੰਚ ਜਾਂਦਾ ਸੀ। ਉਸ ਦੀਆਂ ਪੱਗ ਵਾਲੀਆਂ ਤਸਵੀਰਾਂ ਕਾਫੀ ਮਸ਼ਹੂਰ ਵੀ ਹੋਈਆਂ ਸਨ।
ਸੰਨ 2005 ਦੇ ਵਿੱਚ ਨਿਊਜ਼ੀਲੈਂਡ ਦੀਆਂ ਚੋਣਾਂ ਵੀ ਹੋਈਆਂ ਸਨ। ਇਸ ਐੱਮ.ਪੀ ਨੇ ਰੋਣਾ ਰੋਇਆ ਕਿ ਉਸ ਨੇ ਆਕਲੈਂਡ ਸਿੱਖ ਭਾਈਚਾਰੇ ਨੂੰ ਬੇਨਤੀ ਕੀਤੀ ਸੀ ਕਿ ਉਹ ਥੋੜ੍ਹੇ ਬਹੁਤ ਪਾਰਟੀ ਮੈਂਬਰ ਬਣਾਉਣ ਦੇ ਵਿੱਚ ਮਦਦ ਕਰਨ ਤਾਂ ਜੋ ਪਾਰਟੀ ਨੂੰ ਮਾਇਕ ਤੌਰ ਦੇ ਉੱਤੇ ਸਰਕਾਰ ਵੱਲੋਂ ਚੋਣ-ਪਰਚਾਰ ਲਈ ਵੱਧ ਡਾਲਰ ਮਿਲ ਸਕਣ। ਪਰ ਇੰਝ ਨਹੀਂ ਹੋਇਆ। ਉਸ ਨੇ ਇਹ ਵੀ ਦੱਸਿਆ ਕਿ ਉਸ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਚੋਣ ਪਰਚਾਰ ਵਿੱਚ ਮਦਦ ਕਰਨ ਤੇ ਉਥੋਂ ਆਕਲੈਂਡ ਤੋਂ ਉਸ ਨੂੰ ਇਹ ਵਾਅਦਾ ਮਿਲਿਆ ਸੀ ਕਿ ਉਹ ਜ਼ਰੂਰ ਵੈਲਿੰਗਟਨ ਆਉਣਗੇ ਪਰ ਆਇਆ ਕੋਈ ਨਹੀਂ। ਮੈਂ ਵੀ ਗੱਲ ਖਤਮ ਕਰਨ ਲਈ ਇਹ ਕਹਿ ਦਿੱਤਾ ਕਿ ਉਨ੍ਹਾਂ ਦਾ ਕੋਈ ਕਸੂਰ ਨਹੀਂ ਕਿਉਂਕਿ ਕਸੂਰ ਸਾਰਾ ਅੰਗਰੇਜ਼ੀ ਦਾ ਹੋਵੇਗਾ।
ਬਾਅਦ ਵਿੱਚ ਸੰਨ 2005 ਦੀਆਂ ਚੋਣਾਂ ਤੋਂ ਪਹਿਲਾਂ ਮੈਂ ਕੁਝ ਦਿਨ ਇਸ ਐੱਮ.ਪੀ ਦੀ ਸਥਾਨਕ ਵੈਲਿੰਗਟਨ ਚੋਣ-ਪਰਚਾਰ ਵਿੱਚ ਕਾਫੀ ਮਦਦ ਕੀਤੀ। ਸਾਈਨਬੋਰਡ ਲਾਉਂਦੇ-ਲਾਉਂਦੇ ਮੀਰਾਮਾਰ ਤੋਂ ਓਰੀਐਂਟਲ ਪਰੇਡ ਤਕ ਪਹੁੰਚ ਗਏ ਅਤੇ ਫਿਰ ਇੱਕ ਦੋ ਮੁਹੱਲਿਆਂ ਦੇ ਵਿੱਚ ਵੀ ਸਾਈਨਬੋਰਡ ਲਾਏ।
ਇਸ ਸਭ ਦੇ ਚੱਲਦੇ, ਚੋਣਾਂ ਤੋਂ ਪਹਿਲਾਂ ਇੱਕ ਹੋਰ ਬੜਾ ਦਿਲਚਸਪ ਵਾਕਿਆ ਐੱਮ.ਪੀ ਦੇ ਦਫ਼ਤਰ ਵਿੱਚ ਹੋਇਆ। ਹੋਇਆ ਇੰਝ ਕਿ ਉਸਨੇ ਮੈਨੂੰ ਇੱਕ ਪਾਰਟੀ ਬੈਠਕ ਵਿੱਚ ਬੁਲਾਇਆ ਹੋਇਆ ਸੀ। ਉਸ ਦੀ ਇਹ ਬੈਠਕ ਤਿੰਨ ਚਾਰ ਗੋਰੀਆਂ ਬੀਬੀਆਂ ਨਾਲ ਸੀ ਜੋ ਕਿ ਪਾਰਟੀ ਦੀ ਨਾਮਜ਼ਦਗੀ ਦੀਆਂ ਚਾਹਵਾਨ ਸਨ ਤੇ ਚੋਣਾਂ ਲੜਨੀਆਂ ਚਾਹੁੰਦੀਆਂ ਸਨ। ਉਨ੍ਹਾਂ ਵਿੱਚੋਂ ਇੱਕ ਗੋਰੀ ਬੀਬੀ ਬੜੀ ਰਵਾਇਤੀ ਕਿਸਮ ਦੀ ਸੀ ਤੇ ਉਸ ਨੇ ਗੱਲਾਂ-ਗੱਲਾਂ ਵਿੱਚ ਦੱਸਿਆ ਕਿ ਛੇਤੀ ਹੀ ਉਸ ਦੇ ਪਿਤਾ ਵੀ ਇਸ ਮੀਟਿੰਗ ਵਿਚ ਸ਼ਾਮਲ ਹੋਣ ਲਈ ਆਉਣ ਵਾਲੇ ਸਨ।
ਐੱਮ.ਪੀ ਇਨ੍ਹਾਂ ਬੀਬੀਆਂ ਦੇ ਨਾਲ ਰਸਮੀ ਗੱਲਬਾਤ ਕਰ ਰਿਹਾ ਸੀ ਤੇ ਮੈਂ ਥੋੜ੍ਹਾ ਜਿਹਾ ਪਿੱਛੇ ਹਟਵਾਂ ਹੋ ਕੇ ਬੈਠਿਆ ਹੋਇਆ ਸੀ। ਜਦ ਉਸ ਬੀਬੀ ਦਾ ਪਿਤਾ ਆਇਆ ਤਾਂ ਉਸ ਨੇ ਆਉਂਦੇ ਸਾਰ ਹੀ ਦੋ ਕੁ ਮਜ਼ਾਕੀਆ ਕਿਸਮ ਦੇ ਪੱਖਪਾਤੀ ਜਿਹੇ ਟੋਟਕੇ ਸੁੱਟੇ ਅਤੇ ਉਸ ਨੇ ਟੇਢੀ ਅੱਖੀਂ ਇਹ ਵੀ ਤਾੜ ਲਿਆ ਕਿ ਮੈਂ ਵੀ ਇਕ ਪਾਸੇ ਬੈਠਾ ਹੋਇਆ ਸਾਂ। ਆਪਣੀ ਗੱਲ ਖਤਮ ਕਰਨ ਤੋਂ ਬਾਅਦ ਉਹ ਮੇਰੇ ਵਲ ਆਇਆ ਤੇ ਮੈਨੂੰ ਕਿਹਾ ਕਿ ਮੁੰਡੂ ਚਾਹ ਲਿਆ ਮੇਰੇ ਲਈ। ਇਹ ਸੁਣਦੇ ਸਾਰ ਹੀ ਐੱਮ.ਪੀ ਛੜੱਪਾ ਮਾਰ ਕੇ ਸੋਫੇ ਤੋਂ ਉੱਠਿਆ ਅਤੇ ਬਜ਼ੁਰਗ ਦਾ ਮੋਢਾ ਫੜ੍ਹ ਕਿ ਕਿਹਾ ਕਿ ਇਹ ਸਾਡੇ ਮਾਣਯੋਗ ਮਹਿਮਾਨ ਹਨ ਅਤੇ ਉਸ ਨੂੰ ਦੂਜੇ ਕਮਰੇ ਦੇ ਵੱਲ ਲੈ ਗਿਆ ਜਿੱਥੇ ਚਾਹ ਬਨਾਉਣ ਵਾਲੀ ਕੇਤਲੀ ਪਈ ਸੀ। ਐੱਮ.ਪੀ ਨੇ ਉਸ ਬਜ਼ੁਰਗ ਨੂੰ ਕਿਹਾ ਕਿ ਇੱਥੇ ਆਪ ਹੀ ਚਾਹ ਬਣਾਉਂਦੇ ਹਾਂ। ਜ਼ਾਹਿਰ ਹੈ ਕਿ ਇਸ ਬਜ਼ੁਰਗ ਨੂੰ ਭਾਵੇਂ ਇਸ ਗੱਲ ਦਾ ਅਹਿਸਾਸ ਨਾ ਹੋਵੇ ਪਰ ਉਸ ਦੇ ਇਸ ਵਤੀਰੇ ਵਿੱਚੋਂ ਨਸਲਵਾਦ ਬਿਲਕੁਲ ਸਪੱਸ਼ਟ ਝਲਕਦਾ ਸੀ।
Thanks for sharing.
ਖੱਟੀਆਂ-ਮਿੱਠੀਆਂ ਯਾਦਾਂ ਦੀ ਖ਼ੂਬਸੂਰਤ ਲਿਖ਼ਤ ਸਾਨੂੰ ਆਪਣੇ ਬੀਤੇ ਔਖੇ ਵੇਲੇ ਦੀ ਯਾਦ ਦੁਆਂਦੀ ਹੈ। ਪਰ ਸਾਡਾ ਬਹੁਤ ਵੱਡਾ ਦੁਖਾਂਤ ਹੈ ਕਿ ਅਸੀਂ ਲੰਘੇ ਵੇਲੇ ਤੋਂ ਸਿੱਖਿਆ ਕੁੱਝ ਨਹੀਂ ਤੇ ਪੈਸੇ ਕਮਾਉਣ ਦੀ ਦੌੜ ਵਿੱਚ ਆਪਣੀਆਂ ਨਾਲ਼ ਹੀ ਖ਼ੈਹਬਾਜੀ ਵਿੱਚ ਆਪਣੇ ਆਪ ਨੂੰ ਗ਼ਰਕ ਕਰ ਲਿਆ। ਧਰਮ ਨੂੰ ਇੱਕ ਔਜ਼ਾਰ ਵਾਂਙ ਹੀ ਵਰਤ ਰਹੇ ਹਾਂ ਤੇ ਜਿਸ ਦਾ ਸਿੱਟਾ ਸਾਡੇ ਸਾਹਮਣੇ ਹੈ।