ਇਹ ਗੱਲ ਸੰਨ 1988 ਦੀ ਹੈ। ਉਸ ਸਾਲ ਦੀ ਜੂਨ ਤੇ ਜੁਲਾਈ ਦੇ ਦੌਰਾਨ ਮੈਂ ਮਦਰਾਸ (ਜਿਸ ਨੂੰ ਅੱਜ ਕੱਲ੍ਹ ਚੇੱਨਈ ਕਹਿੰਦੇ ਹਨ) ਵਿੱਚ ਛੇ ਹਫ਼ਤੇ ਬਿਤਾਏ।
ਉਸ ਸਾਲ ਮੈਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਤੋਂ ਪੜ੍ਹਾਈ ਦਾ ਪਹਿਲਾ ਸਾਲ ਖਤਮ ਕੀਤਾ ਸੀ। ਪਹਿਲਾ ਸਾਲ ਖਤਮ ਕਰਨ ਤੋਂ ਬਾਅਦ ਇਹ ਜ਼ਰੂਰੀ ਸੀ ਕਿ ਤੁਸੀਂ ਕਿਸੇ ਅਖ਼ਬਾਰ, ਰਸਾਲੇ, ਲੋਕ ਸੰਪਰਕ ਵਿਭਾਗ, ਇਸ਼ਤਿਹਾਰ ਵਾਲੀ ਏਜੰਸੀ ਜਾਂ ਨਿਊਜ਼ ਏਜੰਸੀ ਨਾਲ ਛੇ ਹਫ਼ਤਿਆਂ ਦੀ ਅਮਲੀ ਸਿਖਲਾਈ ਲਵੋ।
ਇਸ ਸਿਖਲਾਈ ਦੇ ਸਿਲਸਿਲੇ ਵਿੱਚ ਮੈਂ ਚੇੱਨਈ ਦੇ ‘ਦਾ ਹਿੰਦੂ’ ਅਖ਼ਬਾਰ ਦੇ ਵਿੱਚ ਛੇ ਹਫ਼ਤੇ ਲਾਏ ਤੇ ਨਾਲ ਲਾਹਾ ਇਸ ਗੱਲ ਦਾ ਵੀ ਕਿ ਦੱਖਣ ਭਾਰਤ ਦਾ ਸਭਿਆਚਾਰ ਵੇਖਣ ਦਾ ਮੌਕਾ ਵੀ ਲੱਗ ਗਿਆ। ਲੱਗਦੇ ਹੱਥ ਮੈਂ ਕਰਨਾਟਕ ਅਤੇ ਕੇਰਲ ਦੀਆਂ ਯਾਤਰਾਵਾਂ ਵੀ ਕਰ ਲਈਆਂ।
ਜਿਵੇਂ ਕਿ ਅਖ਼ਬਾਰਾਂ ਦਾ ਤਰੀਕਾ ਹੁੰਦਾ ਹੈ, ਦਫ਼ਤਰ ਦੁਪਹਿਰੇ ਕੰਮ ਸ਼ੁਰੂ ਕਰਦੇ ਸਨ। ਪਰ ਮੇਰੇ ਵਰਗਾ ਸਵੇਰੇ ਉਠ ਕੀ ਕਰੇ? ਮੈਂ ਸਵੇਰੇ ਹੀ ਆਪਣੇ ਯੂਨੀਵਰਸਟੀ ਗੈਸਟ ਹਾਊਸ ਦੇ ਕਮਰੇ ਤੋਂ ਤਿਆਰ ਹੋ ਕੇ ਨਿਕਲ ਜਾਂਦਾ ਅਤੇ ਬਾਹਰ ਕਿਤੇ ਨਾਸ਼ਤਾ ਕਰਕੇ ਦੁਪਹਿਰ ਤਕ ਚੇੱਨਈ ਸ਼ਹਿਰ ਘੁੰਮਦਾ ਰਹਿੰਦਾ।
ਨਾਸ਼ਤੇ ਲਈ ਮੈਂ ਰੋਜ਼ ਨਿਤ-ਨਵੀਂ ਜਗ੍ਹਾ ਚੁਣਦਾ ਸੀ। ਕਦੀ ਉੱਥੋਂ ਦੀਆਂ ਮਸ਼ਹੂਰ ਨਾਸ਼ਤੇ ਦੀਆਂ ਦੁਕਾਨਾਂ ਜਾਂ ਕਦੇ ਰੇਲਵੇ ਸਟੇਸ਼ਨ ਦੇ ਬਾਹਰਲੇ ਸਟਾਲ ਤੇ ਕਦੀ ਕਦੀ ਮੈਂ ਐਕਸਪ੍ਰੈੱਸ ਬੱਸ ਸਟੈਂਡ ਤੇ ਵੀ ਚਲਾ ਜਾਂਦਾ ਸੀ, ਜਿੱਥੋਂ ਦੀ ਅੱਪਮ ਬਹੁਤ ਮਸ਼ਹੂਰ ਹੁੰਦੀ ਸੀ ਜਿਸ ਨੂੰ ਕਿ ਮੈਂ ਬੜੇ ਚਾਅ ਨਾਲ ਖਾਂਦਾ ਸੀ।

ਇਸੇ ਤਰ੍ਹਾਂ ਇੱਕ ਦਿਨ ਮੈਂ ਰੇਲਵੇ ਸਟੇਸ਼ਨ ਲਾਗੇ ਨਾਸ਼ਤਾ ਕਰ ਰਿਹਾ ਸੀ ਕਿ ਮੈਨੂੰ ਦੂਰੋਂ ਕਿਸੇ ਦੀ ਬੜੀ ਰੋਣ-ਹਾਕੀ ਜਿਹੀ ਆਵਾਜ਼ ਸੁਣਾਈ ਦਿੱਤੀ। ਕੋਈ ਹਿੰਦੀ ਵਿੱਚ ਬੇਬਸ ਹੋਇਆ ਵਾਰ-ਵਾਰ ਇਹੀ ਕਹਿ ਰਿਹਾ ਸੀ:
“ਮੈਨੂੰ ਕੋਈ ਰਸਤਾ ਨਹੀਂ ਦੱਸ ਰਿਹਾ
ਮੈਨੂੰ ਕੋਈ ਰਸਤਾ ਨਹੀਂ ਦੱਸ ਰਿਹਾ”
ਉਹ ਸੱਜਨ ਤਾਂ ਲਗਭਗ ਰੋ ਹੀ ਰਿਹਾ ਸੀ। ਮੈਂ ਆਪਣਾ ਨਾਸ਼ਤਾ ਕਾਹਲੀ-ਕਾਹਲੀ ਮੁਕਾ ਕੇ, ਸੜਕ ਪਾਰ ਕਰਕੇ ਉਸ ਦੇ ਕੋਲ ਪਹੁੰਚਿਆ। ਉਸ ਨੇ ਮੈਨੂੰ ਦੱਸਿਆ ਕਿ ਚੇੱਨਈ ਦੇ ਇਕ ਮਸ਼ਹੂਰ ਹਸਪਤਾਲ ਦੇ ਵਿੱਚ ਉਸ ਦਾ ਇੱਕ ਕਰੀਬੀ ਰਿਸ਼ਤੇਦਾਰ ਇਲਾਜ ਕਰਵਾਉਣ ਲਈ ਦਾਖਲ ਸੀ ਅਤੇੇ ਉਹ ਉਸ ਨੂੰ ਮਿਲਣ ਜਾਣਾ ਚਾਹੁੰਦਾ ਸੀ। ਉਹ ਹਾਲੇ ਸਵੇਰੇ ਸਵੇਰ ਹੀ ਰੇਲ ਗੱਡੀ ਤੇ ਰਾਜਸਥਾਨ ਤੋਂ ਚੇੱਨਈ ਪਹੁੰਚਿਆ ਸੀ ਤੇ ਇਥੋਂ ਅੱਗੇ ਸ਼ਹਿਰੀ ਬੱਸ ਫੜ੍ਹ ਕੇ ਹਸਪਤਾਲ ਜਾਣਾ ਸੀ। ਚੇੱਨਈ ਵਿੱਚ ਰਿਕਸ਼ੇ ਆਦਿ ਨਹੀਂ ਸਨ ਚੱਲਦੇ ਅਤੇ ਸ਼ਹਿਰੀ ਯਾਤਾਯਾਤ ਲਈ ਬੱਸਾਂ ਦਾ ਬੜਾ ਪੁਖ਼ਤਾ ਇੰਤਜ਼ਾਮ ਸੀ।
ਉੱਥੇ ਸ਼ਹਿਰੀ ਬੱਸ ਫੜ੍ਹਨ ਲਈ ਅੱਧੀ ਦਰਜਨ ਕਾਊਂਟਰ ਸਨ ਤੇੇ ਹਸਪਤਾਲ ਜਾਣ ਦੇ ਲਈ ਇਨ੍ਹਾਂ ਵਿੱਚੋਂ ਹੀ ਕਿਸੇੇ ਇਕ ਕਾਊਂਟਰ ਤੋਂ ਬੱਸ ਜਾਣੀ ਸੀ। ਉਸ ਨੇ ਬਹੁਤ ਕੋਸ਼ਿਸ਼ ਕਰ ਲਈ ਹਸਪਤਾਲ ਦਾ ਨਾਂ ਲੈ ਕੇ ਪੁੱਛਣ ਦੀ ਪਰ ਕੋਈ ਵੀ ਉਸ ਨਾਲ ਗੱਲ ਨਹੀਂ ਸੀ ਕਰ ਰਿਹਾ। ਮਸਲਾ ਇਹ ਸੀ ਕਿ ਉਹ ਸਿਰਫ ਹਿੰਦੀ ਵਿੱਚ ਗੱਲ ਕਰ ਰਿਹਾ ਸੀ ਤੇ ਉਸ ਨੂੰ ਹਿੰਦੀ ਤੋਂ ਇਲਾਵਾ ਹੋਰ ਕੋਈ ਭਾਸ਼ਾ ਨਹੀਂ ਸੀ ਆਉਂਦੀ।
ਮੈਂ ਉਸ ਨੂੰ ਧਰਵਾਸਾ ਦਿੱਤਾ ਤੇ ਮੈਂ ਆਪ ਜਾਣਕਾਰੀ ਵਾਲੀਆਂ ਫੱਟੀਆਂ ਪੜ੍ਹਦਾ-ਪੜ੍ਹਦਾ ਜਿੱਥੋਂ ਬੱਸ ਹਸਪਤਾਲ ਲਈ ਚੱਲਣੀ ਸੀ ਮੈਂ ਉਸ ਕਾਊਂਟਰ ਤੱਕ ਉਸਨੂੰ ਆਪ ਛੱਡ ਕੇ ਆਇਆ। ਬੱਸ ਦੇ ਕੰਡਕਟਰ ਨੂੰ ਵੀ ਮੈਂ ਉਸ ਸੱਜਨ ਬਾਰੇ ਚੰਗੀ ਤਰ੍ਹਾਂ ਸਮਝਾ ਦਿੱਤਾ।
ਬਾਅਦ ਵਿੱਚ ਮੈਂ ਸੋਚਦਾ ਰਿਹਾ ਕਿ ਚਲੋ ਮੰਨਿਆ ਕਿ ਦੱਖਣ ਭਾਰਤੀ ਲੋਕ ਹਿੰਦੀ ਦੇ ਕੱਟੜ ਵਿਰੋਧੀ ਹਨ ਪਰ ਕੋਈ ਮੁਸੀਬਤ ਦਾ ਮਾਰਿਆ ਵਿਚਾਰਾ ਜਿਹੜਾ ਤੁਹਾਡੇ ਸ਼ਹਿਰ ਦੇ ਮਸ਼ਹੂਰ ਹਸਪਤਾਲ ਜਾਣ ਲਈ ਏਡੀ ਦੂਰੋਂ ਆਇਆ ਹੋਵੇ, ਉਸ ਨਾਲ ਜੇਕਰ ਹਿੰਦੀ ਨਾ ਵੀ ਬੋਲਣੀ ਹੋਵੇ ਤਾਂ ਘੱਟੋ-ਘੱਟ ਉਸ ਦਾ ਮੋਢਾ ਫੜ ਕੇ ਬੱਸ ਦੇ ਕਾਊਂਟਰ ਵੱਲ ਇਸ਼ਾਰਾ ਤਾਂ ਕੀਤਾ ਜਾ ਹੀ ਸਕਦਾ ਸੀ!