ਆਮ ਤੌਰ ਤੇ ਸ਼ਨਿੱਚਰਵਾਰ ਦੀ ਸਵੇਰ ਨੂੰ ਉੱਠ ਕੇ ਕੌਫੀ ਪੀਣ ਤੋਂ ਬਾਅਦ ਮੈਂ ਬਲੌਗ ਲਿਖਣ ਦੇ ਵਿੱਚ ਜੁੱਟ ਜਾਂਦਾ ਹਾਂ। ਪਰ ਅੱਜ ਸਵੇਰੇ ਯੂਟਿਊਬ ਤੇ ਪਾਏ ਹੋਏ ਇੱਕ ਅਖੌਤੀ ਪੰਜਾਬੀ ਰੈਪ ਵੀਡੀਓ ਦੀ ਅਜਿਹੀ ਚਰਚਾ ਚੱਲੀ ਕਿ ਉਹਦੇ ਬਾਰੇ ਹੀ ਗੱਲ ਕਰਦਿਆਂ ਸਮਾਜਿਕ ਮਾਧਿਅਮ (ਸਮਾਮ) ਦੇ ਉੱਤੇ ਕਾਫ਼ੀ ਵਕ਼ਤ ਖਰਚ ਹੋ ਗਿਆ।
ਇਸੇ ਕਰਕੇ ਸੋਚਿਆ ਕਿ ਕਿਉਂ ਨਾ ਯੂਟਿਊਬ ਦੇ ਉੱਤੇ ਹੀ ਇੱਕ ਛੋਟਾ ਜਿਹਾ ਬਲੌਗ ਕਰ ਦਿੱਤਾ ਜਾਵੇ। ਮੈਂ ਗੱਲ ਵਿਊਜ਼ ਦੇ ਉੱਤੇ ਹੀ ਕਰਨ ਜਾ ਰਿਹਾ ਹਾਂ ਅਤੇ ਆਪਣਾ ਧਿਆਨ ਇਸ ਗੱਲ ਦੇ ਉੱਤੇ ਕੇਂਦਰਿਤ ਕਰਾਂਗਾ ਕਿ ਵਾਕਿਆ ਹੀ ਕੀ ਪੰਜਾਬੀ ਗਾਣਿਆਂ ਦੇ ਜਿਹੜੇ ਮਿਲੀਅਨਜ਼ ਦੇ ਵਿੱਚ ਵਿਊਜ਼ ਹੁੰਦੇ ਨੇ ਉਨ੍ਹਾਂ ਦੀ ਅਸਲ ਜ਼ਿੰਦਗੀ ਵਿੱਚ ਸੱਚਾਈ ਕੀ ਹੋ ਸਕਦੀ ਹੈ?
ਦੋ ਢਾਈ ਸਾਲ ਪਹਿਲਾਂ ਦੀ ਗੱਲ ਹੈ ਕਿ ਮੈਨੂੰ ਕਿਸੇ ਸੱਜਣ ਨੇ ਪੁੱਛਿਆ ਕਿ ਪੁਰਾਣੀ ਫ਼ਿਲਮੀ “ਕੁਰਬਾਨੀ” ਦੇ ਲੈਲਾ ਵਾਲੇ ਗਾਣੇ ਦੀ ਤਰਜ਼ ਤੇ ਇਕ ਗਾਣਾ ਨਵੀਂ ਫਿਲਮ ਦੇ ਵਿੱਚ ਆਇਆ ਹੈ, ਕੀ ਤੁਹਾਨੂੰ ਵੇਖਣ ਦਾ ਮੌਕਾ ਲੱਗਾ ਹੈ? ਕਿਉਂਕਿ ਮੈਨੂੰ ਹਿੰਦੀ ਫ਼ਿਲਮਾਂ ਵੇਖਣ ਦਾ ਬਹੁਤਾ ਸ਼ੌਕ ਨਹੀਂ ਹੈ ਇਸ ਕਰਕੇ ਉਸ ਸੱਜਣ ਨੇ ਹੋਰ ਜਾਣਕਾਰੀ ਦਿੰਦਿਆਂ ਇਹ ਦੱਸਿਆ ਕਿ ਸ਼ਾਹ ਰੁਖ਼ ਖਾਨ ਦੀ ਨਵੀਂ ਫਿਲਮ ‘ਰਈਸ’ ਆਈ ਹੈ ਅਤੇ ਉਸ ਦੇ ਵਿੱਚ ਇਹ ਗਾਣਾ ਹੈ। ਫ਼ਿਲਮ ਤਾਂ ਮੈਂ ਕੀ ਵੇਖਣੀ ਸੀ, ਜਦ ਮੈਂ ਯੂਟਿਊਬ ਦੇ ਉੱਤੇ ਇਹ ਗਾਣਾ ਲੱਭਿਆ ਤਾਂ ਵੇਖਿਆ ਕਿ ਉਦੋਂ ਉਸਦੇ ਚਾਲੀ ਕੁ ਮਿਲੀਅਨ ਵਿਊਜ਼ ਹੋਏ ਹੋਏ ਸਨ ਤਾਂ ਮੈਨੂੰ ਇਹ ਲੱਗਿਆ ਕਿ ਇਹ ਚਾਲੀ ਮਿਲੀਅਨ ਦਾ ਅੰਕੜਾ ਕਾਫ਼ੀ ਮਹੱਤਵਪੂਰਨ ਹੈ। ਏਨੇ ਵਿਊਜ਼ ਹੋਣ ਤੋਂ ਬਾਅਦ, ਵੀਡੀਓ ਵਾਲੀ ਭਾਸ਼ਾ ਬੋਲਣ ਵਾਲੇ ਲੋਕ ਉਸ ਵੀਡੀਓ ਬਾਰੇ ਜਾਣ ਚੁੱਕੇ ਹੁੰਦੇ ਹਨ।
ਉਸ ਤੋਂ ਵੀ ਕੁਝ ਹੋਰ ਸਾਲ ਪਹਿਲਾਂ ਏਦਾਂ ਹੀ ਯੂਟਿਊਬ ਤੇ ਇੱਕ ਪੰਜਾਬੀ ਗਾਣਾ ਜਦੋਂ ਚਾਲੀ ਮਿਲੀਅਨ ਦੇ ਅੰਕੜੇ ਤੇ ਪਹੁੰਚਿਆ ਸੀ ਤੇ ਸਾਰੇ ਪਾਸੇ ਲਾਲਾ-ਲਾਲਾ ਹੋ ਗਈ ਸੀ। ਇਹ ਗਾਣਾ ਸੀ ਤੁਣਕ ਤੁਣਕ ਤੁਣਕ ਤੇ ਗਾਇਆ ਸੀ ਦਲੇਰ ਮਹਿੰਦੀ ਨੇ। ਯੂਟਿਊਬ ਦੇ ਉੱਤੇ ਹੋਰ ਖੋਜ ਕੀਤਿਆਂ ਉਦੋਂ ਇਹ ਪਤਾ ਲੱਗਾ ਕਿ ਇਸੇ ਗਾਣੇ ਉੱਤੇ ਨੱਚ-ਨੱਚ ਕੇ ਕਈ ਲੋਕਾਂ ਨੇ ਵੀ ਆਪਣੇ-ਆਪਣੇ ਵੀਡੀਓ ਬਣਾ ਕੇ ਪਾਏ ਹੋਏ ਸਨ। ਉਨ੍ਹਾਂ ਵੀਡੀਓਜ਼ ਦੀ ਕੋਈ ਗਿਣਤੀ ਹੀ ਨਹੀਂ ਸੀ। ਮੈਂ ਉਨ੍ਹਾਂ ਵੀਡੀਓਜ਼ ਦੇ ਇੱਥੇ ਲਿੰਕ ਪਾਉਣੇ ਸ਼ੁਰੂ ਕਰਦਿਆਂ ਤਾਂ ਪਤਾ ਨਹੀਂ ਕਿੰਨੀ ਹੋਰ ਜਗ੍ਹਾ ਭਰ ਜਾਵੇਗੀ। ਪਰ ਦਲੇਰ ਮਹਿੰਦੀ ਦੇ ਆਪਣੇ ਹੀ ਚੈਨਲ ਨੇ ਉਨ੍ਹਾਂ ਵੀਡੀਓਜ਼ ਦਾ ਇੱਕ ਵੀਡੀਓ ਬਣਾ ਕੇ ਯੂਟਿਊਬ ਦੇ ਉੱਤੇ ਪਾ ਦਿੱਤਾ।
ਇੱਥੇ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਕੋਈ ਵੀਡੀਓ ਚਾਲੀ ਪੰਜਾਹ ਮਿਲੀਅਨ ਦੀ ਹੱਦ ਪਾਰ ਕਰਦਾ ਹੈ ਤਾਂ ਉਹ ਆਮ ਲੋਕਾਂ ਤੱਕ ਪਹੁੰਚ ਜਾਂਦਾ ਹੈ। ਉਸ ਦੀ ਚਰਚਾ ਸ਼ੁਰੂ ਹੋ ਜਾਂਦੀ ਹੈ। ਪਰ ਮੈਨੂੰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਅਣਜਾਣ ਜਿਹੇ ਪੰਜਾਬੀ ਗਵੱਈਆਂ ਦੇ ਵੀਡੀਓ ਯੂਟਿਊਬ ਤੇ ਸੌ ਦੋ ਸੌ ਮਿਲਿਅਨ ਤੱਕ ਚੱਲੇ ਹੁੰਦੇ ਹਨ ਤੇ ਉਨ੍ਹਾਂ ਗਵੱਈਆਂ ਨੂੰ ਕੋਈ ਜਾਣਦਾ ਤੱਕ ਵੀ ਨਹੀਂ ਹੁੰਦਾ।
ਹੁਣ ਤੁਸੀਂ ਇਹ ਪੁੱਛੋਗੇ ਕਿ ਮੈਨੂੰ ਫਿਰ ਕਿਸ ਤਰ੍ਹਾਂ ਪਤਾ ਲੱਗਾ? ਮੈਂ ਕਿਉਂਕਿ ਯੂਟਿਊਬ ਉੱਤੇ ਕਈ ਵਾਰ ਪੰਜਾਬੀ ਗਾਣੇ ਸੁਣਦਾ ਹਾਂ ਇਸ ਕਰਕੇ ਜਦ ਕਦੀ ਵੀ ਯੂਟਿਊਬ ਖੋਲ੍ਹਦਾ ਹਾਂ ਤਾਂ ਇਸ਼ਤਿਹਾਰੀ ਰੂਪ ਦੇ ਵਿੱਚ ਲੈਂਡਿੰਗ ਪੇਜ ਦੇ ਉੱਤੇ ਪੰਜਾਬੀ ਦੇ ਕਾਫ਼ੀ ਵੀਡੀਓ ਹੁੰਦੇ ਹਨ ਜਿਨ੍ਹਾਂ ਬਾਰੇ ਜਾਣਕਾਰੀ ਵਾਲੀ ਤਸਵੀਰ ਦੀ ਹੇਠਲੀ ਕਿਸੇ ਨੁੱਕਰ ਦੇ ਵਿੱਚ ਇਹ ਲਿਖਿਆ ਹੁੰਦਾ ਹੈ ਕਿ ਏਨੇ ਸੈਂਕੜੇ ਮਿਲੀਅਨ ਵਿਊਜ਼ ਹੋ ਗਏ ਜੋ ਕਿ ਜ਼ਾਹਿਰ ਤੌਰ ਦੇ ਉੱਤੇ ਖਰੀਦੇ ਗਏ ਵਿਊਜ਼ ਹੁੰਦੇ ਹਨ।
ਦਲੇਰ ਮਹਿੰਦੀ ਵਾਲੇ ਉਪਰੋਕਤ ਦੋਹਾਂ ਵੀਡੀਓਜ਼ ਦੇ ਲਿੰਕ ਮੈਂ ਹੇਠਾਂ ਪਾ ਦਿੱਤੇ ਹਨ।