Posted in ਚਰਚਾ

ਪਛਾਣ

ਸੰਨ 2019 ਛੇਤੀ ਹੀ ਖਤਮ ਹੋਣ ਜਾ ਰਿਹਾ ਹੈ। ਅੱਜ ਬੈਠੇ-ਬੈਠੇ, ਮੇਰੇ ਮਨ ਵਿੱਚ ਇਹ ਵਿਚਾਰ ਆ ਰਿਹਾ ਸੀ ਕਿ ਇਸ ਸਾਲ ਦੇ ਦੌਰਾਨ ਇਹੋ ਜਿਹੀ ਕਿਹੜੀ ਖ਼ਾਸ ਘਟਨਾ ਵਾਪਰੀ ਜਿਸ ਨੇ ਮੇਰੇ ਮਨ ਤੇ ਕੋਈ ਡੂੰਘੀ ਛਾਪ ਛੱਡੀ ਹੋਵੇ –ਚੰਗੀ-ਮਾੜੀ।

ਇਕ ਘਟਨਾ ਮੈਨੂੰ ਸਹਿਜੇ ਹੀ ਯਾਦ ਆ ਗਈ। ਇਸ ਘਟਨਾ ਦਾ ਸਬੰਧ ਸਾਡੀ ਆਪਣੀ ਪਛਾਣ ਜਾਂ ਫਿਰ ਆਪਣੀ ਹਸਤੀ ਦੇ ਨਾਲ ਹੈ ਕਿ ਅਸੀਂ ਆਪਣੇ ਆਪ ਨੂੰ ਕਿਵੇਂ ਪੇਸ਼ ਕਰ ਸਕਦੇ ਹਾਂ? ਜਿਸ ਤਰ੍ਹਾਂ ਦੀ ਅਸੀਂ ਆਪਣੀ ਪਛਾਣ ਕਰਵਾਉਂਦੇ ਹਾਂ ਕੀ ਉਹ ਲੰਮੀ ਦੌੜ ਵਾਲੀ ਹੈ? ਜਾਂ ਫਿਰ ਅਸੀਂ ਸਵੇਰੇ ਜਿਉਂਦੇ ਹਾਂ ਅਤੇ ਸ਼ਾਮ ਤੱਕ ਮਰ ਜਾਂਦੇ ਹਾਂ ਅਤੇ ਜਦ ਨਵਾਂ ਦਿਨ ਚੜ੍ਹਦਾ ਹੈ ਤਾਂ ਅਸੀਂ ਫਿਰ ਆਪਣੀ ਨਵੀਂ ਪਛਾਣ ਬਣਾਉਣ ਦੇ ਵਿੱਚ ਰੁੱਝ ਜਾਂਦੇ ਹਾਂ। 

ਅੱਜ ਮੈਂ ਜਿਸ ਵਿਸ਼ੇ ਅਤੇ ਘਟਨਾ ਬਾਰੇ ਗੱਲ ਕਰਨੀ ਚਾਹੂੰਗਾ, ਉਸਦੇ ਬਾਰੇ ਥੋੜ੍ਹੀ ਜਿਹੀ ਭੂਮਿਕਾ ਬੰਨ੍ਹਣੀ ਜ਼ਰੂਰੀ ਹੈ। ਗੁਰਬਾਣੀ ਪੜ੍ਹਨਾ-ਸਮਝਣਾ ਅਤੇ ਕੀਰਤਨ ਸੁਣਨਾ ਮੇਰੇ ਜੀਵਨ ਪੈਂਡੇ ਦਾ ਅਨਿੱਖੜਵਾਂ ਅੰਗ ਹੈ। ਕੀਰਤਨ ਮੈਂ ਆਮ ਤੌਰ ਦੇ ਉੱਤੇ ਰਾਗਾਂ ਵਿੱਚ ਗਾਏ ਹੀ ਸੁਣਨਾ ਪਸੰਦ ਕਰਦਾ ਹਾਂ।  ਇਹੋ ਜਿਹੇ ਬਹੁਤ ਘੱਟ ਰਾਗੀ ਹੋਣਗੇ ਜਿਹੜੇ ਆਮ ਤੌਰ ਤੇ ਰਾਗਾਂ ਵਿੱਚ ਨਾ ਗਾਉਂਦੇ ਹੋਣ ਅਤੇ ਮੈਂ ਉਨ੍ਹਾਂ ਨੂੰ ਸੁਣਦਾ ਹੋਵਾਂ। ਪਰ ਇੱਕ ਰਾਗੀ ਉਹ ਵੀ ਹਨ ਜੋ ਪ੍ਰਚੱਲਤ ਗਾਇਕੀ ਵਿੱਚ ਗਾ ਕੇ ਵੀ ਕਲਾਸਕੀ ਦੇ ਬਹੁਤ ਲਾਗੇ ਜਾ ਪਹੁੰਚਦੇ ਹਨ। ਇਸੇ ਕਰਕੇ ਜਦੋਂ ਕਦੀ ਲੰਮੇ ਸਫ਼ਰ ਦੇ ਉੱਤੇ ਜਾਂਦਾ ਹਾਂ ਤਾਂ ਕਲਾਸਕੀ ਦੇ ਨਾਲ-ਨਾਲ ਭਾਈ ਨਿਰਮਲ ਸਿੰਘ ਦੇ ਗੁਰਬਾਣੀ ਗਾਇਨ ਨੂੰ ਵੀ ਅਕਸਰ ਸੁਣਦਾ ਰਹਿੰਦਾ ਹਾਂ।

ਇਸੇ ਸਾਲ, ਕੁਝ ਮਹੀਨੇ ਪਹਿਲਾਂ ਮੈਨੂੰ ਇਹ ਪਤਾ ਲੱਗਾ ਕਿ ਭਾਈ ਨਿਰਮਲ ਸਿੰਘ ਨਿਊਜ਼ੀਲੈਂਡ ਦੌਰੇ ਤੇ ਆ ਰਹੇ ਸਨ। ਮਨ ਵਿੱਚ ਇਸ ਗੱਲ ਦੀ ਖੁਸ਼ੀ ਵੀ ਹੋਈ ਕਿ ਚਲੋ ਬਹੁਤ ਸਾਲਾਂ ਤੋਂ ਭਾਈ ਸਾਹਿਬ ਨੂੰ ਸੀ.ਡੀ ਜਾਂ ਡਿਜੀਟਲ ਰੂਪ ਵਿੱਚ ਸੁਣ ਰਿਹਾ ਹਾਂ ਤੇ ਹੁਣ ਪਹਿਲੀ ਵਾਰ ਸਾਹਮਣੇ ਬੈਠ ਕੇ ਵੀ ਸੁਣ ਲਵਾਂਗਾ। ਜਿਵੇਂ ਕਿ ਆਮ ਹੁੰਦਾ ਹੀ ਹੈ ਕਿਸੇ ਰਾਗੀ ਜਾਂ ਪਰਚਾਰਕ ਦੇ ਆਉਣ ਤੋਂ ਪਹਿਲਾਂ ਉਨ੍ਹਾਂ ਦੇ ਪੋਸਟਰ ਵਗੈਰਾ ਬਣ ਜਾਂਦੇ ਹਨ ਤੇ ਅੱਜ ਕੱਲ੍ਹ ਦੇ ਰਿਵਾਜ਼ ਮੁਤਾਬਿਕ ਵ੍ਹਾਟਸਐਪ ਦੇ ਉੱਤੇ ਧੜਾਧੜ ਚੱਲਣੇ ਸ਼ੁਰੂ ਹੋ ਜਾਂਦੇ ਹਨ। ਇਸੇ ਤਰ੍ਹਾਂ ਨਿਊਜ਼ੀਲੈਂਡ ਦੇ ਕਈ ਵ੍ਹਾਟਸਐਪ ਗੁਰੱਪਾਂ ਉੱਤੇ ਮੈਨੂੰ ਅਜਿਹਾ ਪੋਸਟਰ ਵੇਖਣ ਦਾ ਮੌਕਾ ਲੱਗਾ।

ਜਿੱਵੇਂ ਹੀ ਮੈਂ ਇਹ ਪੋਸਟਰ ਵੇਖਿਆ ਤਾਂ ਮੇਰੀ ਨਿਰਾਸਤਾ ਦੀ ਕੋਈ ਹੱਦ ਨਾ ਰਹੀ। ਪੋਸਟਰ ਉਪਰ ਭਾਈ ਨਿਰਮਲ ਸਿੰਘ ਦੀ ਪਛਾਣ “ਪਦਮ ਸ਼੍ਰੀ” ਨਿਰਮਲ ਸਿੰਘ ਦੇ ਰੂਪ ਵਿੱਚ ਕਰਵਾਈ ਜਾ ਰਹੀ ਸੀ। ਇਸ ਪੋਸਟਰ ਥੱਲੇ ਮੁਹਰ ਕਿਸੇ ਹੋਰ ਅਣਜਾਣ ਸੰਸਥਾ ਦੀ ਨਹੀਂ ਸਗੋਂ ਆਕਲੈਂਡ ਵਿਖੇ ਆਪਣੇ ਆਪ ਨੂੰ ਸਿੱਖੀ ਦੇ ਸਭ ਤੋਂ ਵੱਡੇ ਠੇਕੇਦਾਰ ਕਹਿਣ ਵਾਲੇ ਜੁੱਟ ਦੀ ਸੀ।  

ਮੇਰੇ ਮਨ ਵਿੱਚ ਇਹੀ ਸਵਾਲ ਉਠਿਆ ਕਿ ਆਕਲੈਂਡ ਰਹਿਣ ਵਾਲੇ ਇਨ੍ਹਾਂ ਠੇਕੇਦਾਰਾਂ ਨੂੰ ਕੀ ਹਾਲੀਆ ਇਤਿਹਾਸ ਵੀ ਭੁੱਲ ਗਿਆ ਹੈ? ਕੀ ਇਨ੍ਹਾਂ ਨੂੰ ਇਸ ਗੱਲ ਦਾ ਏਨਾ ਪਤਾ ਹੀ ਨਹੀਂ ਕਿ 1984 ਦੇ ਵਰਤਾਰੇ ਤੋਂ ਬਾਅਦ ਸਿੱਖਾਂ ਨੇ ਪਤਾ ਨਹੀਂ ਕਿੰਨੇ ਪਦਮ ਸ਼੍ਰੀ ਠੋਕਰ ਮਾਰ ਕੇ ਵਾਪਸ ਕਰ ਦਿੱਤੇ ਸਨ। ਮੈਂ ਵਾਰ ਵਾਰ ਇਹੀ ਸੋਚਦਾ ਰਿਹਾ ਕਿ ਕਿਵੇਂ ਹੁਣ ਸਿੱਖੀ ਦੀ ਪਛਾਣ ਇਨ੍ਹਾਂ ਠੇਕੇਦਾਰਾਂ ਨੇ “ਪਦਮ ਸ਼੍ਰੀ” ਦੇ ਪੈਰਾਂ ਵਿੱਚ ਲਿਆ ਸੁੱਟੀ ਹੈ।

ਸਿੱਖ ਇਤਿਹਾਸ ਦੇ ਸੰਦਰਭ ਵਿੱਚ ਕਿਸੇ ਦੀ ਪਛਾਣ ਕੀ ਅਸੀਂ ਭਾਈ ਨਿਰਮਲ ਸਿੰਘ ਦੇ ਰੂਪ ਵਿੱਚ ਕਰਵਾਉਣਾ ਚਾਹਾਂਗੇ ਕਿ ਪਦਮ ਸ਼੍ਰੀ ਨਿਰਮਲ ਸਿੰਘ ਦੇ ਰੂਪ ਵਿੱਚ? ਗੱਲ ਇਕੱਲੇ ਪੋਸਟਰ ਤਕ ਸੀਮਤ ਨਹੀਂ ਸੀ। ਉਸੇ ਵਕਤ ਦੌਰਾਨ ਯੂਟਿਊਬ ਤੇ ਇਸ ਸਿਲਸਿਲੇ ਵਿੱਚ ਪਾਏ ਕਈ ਵਿਡਿਓਜ਼ ਵਿੱਚ “ਪਦਮ ਸ਼੍ਰੀ” ਅਤੇ “ਉਸਤਾਦੀਆਂ” ਨੂੰ ਵੀ ਕਾਫ਼ੀ ਚਮਕਾ ਕੇ ਪੇਸ਼ ਕੀਤਾ ਗਿਆ ਸੀ।   

ਇਕ ਵਾਰ ਤਾਂ ਮੈਂ ਉਸ ਵਕਤ ਦੌਰਾਨ “ਪਦਮ ਸ਼੍ਰੀ” ਦੀ ਮੁਥਾਜੀ ਦੇ ਪੈਰਾਂ ਵਿੱਚ ਇਸ ਤਰ੍ਹਾਂ ਰੁਲ਼ ਰਹੀ ਸਿੱਖ ਪਛਾਣ ਦੇ ਸੁਆਲੀਆ ਘੇਰੇ ਵਿੱਚ ਕਿਧਰੇ ਗੁਆਚ ਹੀ ਗਿਆ।  ਨਤੀਜਾ ਇਹ ਹੋਇਆ ਕਿ ਜਿਸ ਦਿਨ ਭਾਈ ਨਿਰਮਲ ਸਿੰਘ ਇੱਥੇ ਵੈਲਿੰਗਟਨ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਕਰਨ ਲਈ ਪਹੁੰਚੇ ਤਾਂ ਮਨ ਵਿੱਚ ਇਸ ਗੱਲ ਦੀ ਇੱਛਾ ਹੀ ਮਰ ਗਈ ਕਿ ਮੈਂ ਗੁਰਦੁਆਰਾ ਸਾਹਿਬ ਜਾ ਕੇ “ਪਦਮ ਸ਼੍ਰੀ” ਕੀਰਤਨ ਸੁਣਾਂ। 

ਇਹ ਸਤਰਾਂ ਲਿਖਿਦਿਆਂ ਹੋਇਆਂ ਮੈਨੂੰ ਇਸ ਸਾਲ ਦੀ ਇਕ ਹੋਰ ਘਟਨਾ ਯਾਦ ਆ ਗਈ। ਪਹਿਲੀਆਂ ਨਿਊਜ਼ੀਲੈਂਡ ਸਿੱਖ ਖੇਡਾਂ।  ਇਨ੍ਹਾਂ ਖੇਡਾਂ ਦੇ ਪ੍ਰਬੰਧਕਾਂ ਨੂੰ ਇਸ ਗੱਲ ਦੀ ਸ਼ਾਬਾਸ਼ੀ ਕਿ ਉਨ੍ਹਾਂ ਨੇ ਮੇਲਾ ਸੋਹਣਾ ਭਰ ਦਿੱਤਾ। ਲਾ-ਲਾ ਲਾ-ਲਾ ਵੀ ਵਾਹਵਾ ਹੋ ਗਈ। ਪਰ ਗੱਲ ਨੂੰ ਪਛਾਣ ਦੇ ਧਰੁਵ ਬਿੰਦ ਤੇ ਵਾਪਸ ਲਿਆਉਂਦਾ ਹਾਂ। ਜੇਕਰ ਤੁਸੀਂ ਪਹਿਲੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੇ ਉਦਘਾਟਨੀ ਸਮਾਗਮ ਦਾ ਯੂਟਿਊਬ ਤੇ ਵੀਡਿਓ ਵੇਖ ਲਵੋ ਤਾਂ ਇਹੀ ਸੋਚੋਗੇ ਕਿ ਬਿਹਤਰ ਹੁੰਦਾ ਜੇਕਰ ਪ੍ਰਬੰਧਕ ਇਸ ਨੂੰ ਸਿੱਖ ਖੇਡਾਂ ਦੀ ਬਜਾਏ “ਪਦਮ ਸ਼੍ਰੀ” ਖੇਡਾਂ ਕਹਿ ਲੈਂਦੇ। 

ਪਛਾਣ ਦੇ ਪੱਖੋਂ ਅਸੀਂ ਇੰਨੇ ਅਵੇਸਲੇ ਕਿਉਂ ਹੁੰਦੇ ਜਾ ਰਹੇ ਹਾਂ? ਅਜਿਹੇ ਕਈ ਮੁੱਦਿਆਂ ਉੱਤੇ ਰਾਜਨੀਤਕ ਸੋਚ ਦੀ ਪੇਸ਼ਕਾਰੀ ਦੇ ਪੱਖ ਤੋਂ ਇਹ ਯੂਟਿਊਬ ਵੀਡੀਓ ਸਾਂਝਾ ਕਰ ਰਿਹਾ ਹਾਂ। 

Posted in ਚਰਚਾ, ਯਾਦਾਂ

ਪੜ੍ਹਾਈ ਦਾ ਸ਼ੌਕ

ਇਹ ਗੱਲ ਸੰਨ 1996 ਦੀ ਹੈ। ਉਨ੍ਹਾਂ ਦਿਨਾਂ ਦੇ ਵਿੱਚ ਮੈਂ ਸ੍ਰੀਨਗਰ, ਕਸ਼ਮੀਰ ਦੇ ਵਿੱਚ ਤੈਨਾਤ ਸੀ। ਸਰਦਾਰ ਮਨੋਹਰ ਸਿੰਘ ਗਿੱਲ ਉਸੇ ਸਾਲ ਚੀਫ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਵਜੋਂ ਨਿਯੁਕਤ ਹੋਏ ਸਨ। ਨਿਯੁਕਤੀ ਤੋਂ ਬਾਅਦ ਉਹ ਸਾਰੇ ਭਾਰਤ ਦਾ ਦੌਰਾ ਕਰ ਰਹੇ ਸਨ ਤੇ ਕਸ਼ਮੀਰ ਵੀ ਉਨ੍ਹਾਂ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਸੀ। ਕਸ਼ਮੀਰ ਦੇ ਦੌਰੇ ਦੇ ਦੌਰਾਨ ਸਰਦਾਰ ਗਿੱਲ ਹੋਰਾਂ ਨੇ ਕਸ਼ਮੀਰ ਦੇ ਮੁੱਖ ਮੰਤਰੀ, ਨਾਗਰਿਕ ਪ੍ਰਸ਼ਾਸਨ ਅਧਿਕਾਰੀਆਂ, ਫ਼ੌਜੀ ਅਧਿਕਾਰੀਆਂ ਅਤੇ ਸੁਰੱਖਿਆ ਬਲਾਂ ਦੇ ਅਧਿਕਾਰੀਆਂ ਨਾਲ ਮਿਲਣਾ ਸੀ।  

ਫੈਲੇ ਵਿੱਦਿਆ ਚਾਨਣ ਹੋਇ

ਇਸੇ ਸਿਲਸਿਲੇ ਵਿੱਚ ਉਨ੍ਹਾਂ ਨੇ ਸ੍ਰੀਨਗਰ ਵਿੱਚ ਸੰਨਤ ਨਗਰ ਵਿਖੇ ਬਾਰਡਰ ਸਕਿਓਰਟੀ ਫੋਰਸ ਦੇ ਹੈੱਡਕੁਆਰਟਰ ਵਿੱਚ ਆ ਕੇ ਇੰਸਪੈਕਟਰ ਜਨਰਲ ਨੂੰ ਮਿਲਣਾ ਸੀ। ਮੁਲਾਕਾਤ ਵਾਲੇ ਦਿਨ ਸਵੇਰੇ ਹੀ ਇੰਸਪੈਕਟਰ ਜਨਰਲ ਨੂੰ ਕਿਤੇ ਬਾਹਰ ਜਾਣਾ ਪੈ ਗਿਆ ਤੇ ਵਾਪਸੀ ਵੇਲੇ ਉਹ ਸਰਦਾਰ ਗਿੱਲ ਨਾਲ ਬੈਠਕ ਦੇ ਵਕਤ ਤੋਂ ਖੁੰਝ ਰਹੇ ਜਾਪਦੇ ਸਨ। ਉਨ੍ਹਾਂ ਦੇ ਕਾਫਲੇ ਤੋਂ ਸੁਨੇਹਾ ਆ ਗਿਆ ਕਿ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਪਹੁੰਚਣ ਵਿੱਚ ਥੋੜ੍ਹੀ ਦੇਰ ਹੋ ਜਾਵੇ ਇਸ ਕਰਕੇ ਗੁਰਤੇਜ ਨੂੰ ਜ਼ਿੰਮੇਵਾਰੀ ਦੇ ਦਿਓ ਕਿ ਉਹ ਸਰਦਾਰ ਗਿੱਲ ਹੋਰਾਂ ਦਾ ਸਵਾਗਤ ਕਰ ਲੈਣ।  

ਮਿੱਥੇ ਹੋਏ ਵਕਤ ਸਰਦਾਰ ਗਿੱਲ ਉੱਥੇ ਪਹੁੰਚ ਗਏ ਅਤੇ ਮੈਂ ਉਨ੍ਹਾਂ ਨੂੰ ਲੈ ਕੇ ਆਓ-ਭਗਤ ਲਈ ਆਪਣੇ ਦਫ਼ਤਰ ਵਿੱਚ ਲੈ ਆਇਆ। ਉਨ੍ਹਾਂ ਨੂੰ ਇੰਸਪੈਕਟਰ ਜਨਰਲ ਦੇ ਕਾਫਲੇ ਦੇ ਪਛੜਣ ਅਤੇ ਹਾਲਾਤ ਦੀ ਵਾਕਫ਼ੀਅਤ ਕਰਾਉਣ ਤੋਂ ਬਾਅਦ ਸਾਡੀ ਰਸਮੀ ਗੱਲਬਾਤ ਫਿਰ ਛੇਤੀ ਹੀ ਖਤਮ ਹੋ ਗਈ। ਪਰ ਚੰਗੇ ਸਬੱਬ ਨੂੰ ਸਾਡੀਆਂ ਗੱਲਾਂ ਮੇਰੇ ਪਿਛੋਕੜ, ਮੇਰੀ ਪੜ੍ਹਾਈ ਆਦਿ ਵੱਲ ਮੁੜ ਪਈਆਂ ਅਤੇ ਸਾਡੀਆਂ ਗੱਲਾਂ ਯੂਨੀਵਰਸਿਟੀਆਂ, ਵਿੱਦਿਅਕ ਪੜ੍ਹਾਈਆਂ ਅਤੇ ਸਾਹਿਤਕ ਸ਼ੌਕਾਂ ਦੇ ਦੁਆਲੇ ਘੁੰਮਦੀਆਂ ਰਹੀਆਂ। ਗੱਲਾਂ-ਗੱਲਾਂ ਦੇ ਵਿੱਚ ਸਰਦਾਰ ਗਿੱਲ ਨੇ ਥੋੜ੍ਹੇ ਜਿਹੇ ਮਾਯੂਸ ਹੁੰਦਿਆਂ ਕਿਹਾ ਕਿ “ਗੁਰਤੇਜ ਹੁਣ ਪਿੰਡਾਂ ਚੋਂ ਪੜ੍ਹ ਕੇ ਮੁੰਡੇ ਅਫ਼ਸਰ ਨਹੀਂ ਬਣਦੇ ਅਤੇ ਪੜ੍ਹਾਈ ਦਾ ਸ਼ੌਕ ਦਿਨ-ਬ-ਦਿਨ ਘਟਦਾ ਹੀ ਜਾ ਰਿਹਾ ਹੈ”।

ਇਸ ਤੋਂ ਪਹਿਲਾਂ ਕਿ ਮੈਂ ਗੱਲ ਹੋਰ ਅੱਗੇ ਜਾਰੀ ਰੱਖਦਾ ਇੰਸਪੈਕਟਰ ਜਨਰਲ ਦੀਆਂ ਗੱਡੀਆਂ ਦਾ ਕਾਫਲਾ ਆ ਕੇ ਸਾਹਮਣੇ ਖੜ੍ਹਾ ਹੋਣਾ ਸ਼ੁਰੂ ਹੋ ਗਿਆ ਤੇ ਮੈਂ ਸਰਦਾਰ ਗਿੱਲ ਨੂੰ ਲੈ ਕੇ ਉਧਰ ਨੂੰ ਤੁਰ ਪਿਆ। ਉਨ੍ਹਾਂ ਦੀ ਦਾਰਸ਼ਨਿਕ ਅਤੇ ਸਾਦਾ ਸ਼ਖ਼ਸਿਅਤ ਨੇ ਮੇਰੇ ਮਨ ਤੇ ਉਸ ਦਿਨ ਡਾਢਾ ਅਸਰ ਛੱਡਿਆ।  

ਇਹ ਯਾਦ ਮੇਰੇ ਮਨ ਥਾਣੀਂ ਹਫ਼ਤਾ ਦੋ ਹਫ਼ਤੇ ਪਹਿਲਾਂ ਇੱਕ ਵਾਰ ਫੇਰ ਘੁੰਮੀ ਤਾਂ ਮੈਂ ਸੋਚਿਆ ਕਿ ਮੈਂ ਪਿੰਡਾਂ ਦੀ ਪੜ੍ਹਾਈ ਬਾਰੇ ਥੋੜ੍ਹੀ ਬਹੁਤ ਹੋਰ ਘੋਖ ਜ਼ਰੂਰ ਕਰੂੰਗਾ। ਮੈਂ ਅਮੂਮਨ ਹਰ ਹਫ਼ਤੇ ਪੰਜਾਬ ਵਿੱਚ ਆਪਣੇ ਪਿਤਾ ਜੀ ਦੇ ਨਾਲ ਫੋਨ ਦੇ ਉੱਤੇ ਇੱਕ ਵਾਰੀ ਜ਼ਰੂਰ ਗੱਲ ਕਰਦਾ ਹਾਂ। ਪਿਛਲੇ ਹਫਤੇ ਜਦੋਂ ਉਨ੍ਹਾਂ ਨਾਲ ਫੋਨ ਤੇ ਗੱਲ ਹੋ ਰਹੀ ਸੀ ਤਾਂ ਮੈਂ ਫ਼ਤਿਹ ਬੁਲਾਉਣ ਤੋਂ ਬਾਅਦ ਸਿੱਧੀ ਗੱਲ ਪਿੰਡਾਂ ਦੀ ਪੜ੍ਹਾਈ ਵੱਲ ਲੈ ਆਇਆ ਅਤੇ ਉਨ੍ਹਾਂ ਨੂੰ ਉਚੇਚੇ ਤੌਰ ਦੇ ਪੁੱਛਿਆ ਕਿ ਉਨ੍ਹਾਂ ਦੀ ਆਪਣੀ ਮੁੱਢਲੀ ਪੜ੍ਹਾਈ ਕਿਸ ਤਰ੍ਹਾਂ ਦੇ ਹਾਲਾਤ ਵਿੱਚ ਹੋਈ ਸੀ? ਤੇ ਉਹ ਕਿਵੇਂ ਪਿੰਡ ਦੇ ਸਕੂਲ ਤੋਂ ਪੜ੍ਹਾਈ ਸ਼ੁਰੂ ਕਰਕੇ ਅਫ਼ਸਰ ਬਣੇ?

ਪਿਤਾ ਜੀ ਨੇ ਮੈਨੂੰ ਸੰਨ 1941 ਤੋਂ ਸ਼ੁਰੂ ਕਰਕੇ ਆਪਣੀ ਮੁੱਢਲੀ ਪੜ੍ਹਾਈ ਬਾਰੇ ਚਾਨਣਾ ਪਾਇਆ। ਇਹ ਵੀ ਦੱਸਿਆ ਕਿ ਚੌਥੀ ਜਮਾਤ ਵਿੱਚੋਂ ਪਹਿਲੇ ਨੰਬਰ ਉੱਤੇ ਆਉਣ ਕਰਕੇ ਕਿਵੇਂ ਇੱਕ ਪਰਿਵਾਰਕ ਜਾਣ-ਪਛਾਣ ਵਾਲੇ ਸੱਜਣ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਹੁਣ ਪਿੰਡ ਜਸਰਾਊਰ ਦਾ ਸਕੂਲ ਛੱਡ ਕੇ ਸਰਕਾਰੀ ਹਾਈ ਸਕੂਲ ਅਜਨਾਲਾ ਵਿਖੇ ਦਾਖਲਾ ਲੈਣ। ਇਸਦਾ ਕਾਰਨ ਇਹ ਸੀ ਕਿ ਜੇਕਰ ਉਹ ਪਿੰਡ ਦੇ ਸਕੂਲ ਵਿੱਚ ਛੇਵੀਂ ਪੂਰੀ ਕਰਕੇ ਅਜਨਾਲੇ ਜਾਂਦੇ ਸਨ ਤਾਂ ਇੱਕ ਸਾਲ ਖਰਾਬ ਹੋਣਾ ਸੀ ਕਿਉਂਕਿ ਅਜਨਾਲਾ ਹਾਈ ਸਕੂਲ ਵਾਲਿਆਂ ਨੇ ਉਹ ਪੂਰਾ ਸਾਲ ਉਨ੍ਹਾਂ ਦੀ ਅੰਗਰੇਜ਼ੀ ਪੜ੍ਹਾਈ ਲਈ ਲਵਾਉਣਾ ਸੀ। 

ਉਨ੍ਹਾਂ ਦਿਨਾਂ ਦੇ ਵਿੱਚ ਸਾਰੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਦੋ ਹੀ ਸਰਕਾਰੀ ਹਾਈ ਸਕੂਲ ਹੁੰਦੇ ਸਨ। ਇੱਕ ਅੰਮ੍ਰਿਤਸਰ ਅਤੇ ਇਕ ਅਜਨਾਲਾ ਅਤੇ ਇਨ੍ਹਾਂ ਦੋਹਾਂ ਸਕੂਲਾਂ ਦੇ ਵਿੱਚ ਦਾਖਲਾ, ਪ੍ਰੀਖਿਆ ਦੇ ਕੇ ਹੀ ਮਿਲਦਾ ਸੀ। ਉਨ੍ਹਾਂ ਦਿਨਾਂ ਵਿੱਚ ਸਾਰੇ ਅੰਮ੍ਰਿਤਸਰ ਜ਼ਿਲੇ ਵਿੱਚ ਦੋ ਹੀ ਪੱਕੀਆਂ ਸੜਕਾਂ ਵੀ ਹੁੰਦੀਆਂ ਸਨ। ਇੱਕ ਕੌਮੀ ਸ਼ਾਹ-ਰਾਹ ਜਿਹੜੀ ਜਲੰਧਰ ਵੱਲੋਂ ਆਉਂਦੀ ਸੀ ਅਤੇ ਅੰਮ੍ਰਿਤਸਰ ਤੋਂ ਲਾਹੌਰ ਵੱਲ ਜਾਂਦੀ ਸੀ ਤੇ ਦੂਜੀ ਅੰਮ੍ਰਿਤਸਰ ਤੋਂ ਸਿਆਲਕੋਟ ਦੀ ਸੜਕ। ਇਸੇ ਸੜਕ ਉੱਪਰ ਹੀ ਅਜਨਾਲਾ ਅਬਾਦ ਸੀ।

ਅੱਗੇ ਚੱਲਦਿਆਂ ਪਿਤਾ ਜੀ ਨੇ ਵੀ ਦੱਸਿਆ ਕਿ ਸਰਕਾਰੀ ਹਾਈ ਸਕੂਲ ਅਜਨਾਲਾ ਦਾਖ਼ਲਾ ਮਿਲਣ ਤੋਂ ਬਾਅਦ ਉਨ੍ਹਾਂ ਦਾ ਇੱਕ ਤਾਂ ਪਿੰਡ ਤੋਂ ਅਜਨਾਲੇ ਤੱਕ ਦਾ ਹਰ ਰੋਜ਼ ਦਸ ਕਿਲੋਮੀਟਰ ਆਉਣ-ਜਾਣ ਦਾ ਸਫਰ ਸ਼ੁਰੂ ਹੋ ਗਿਆ ਅਤੇ ਨਾਲ ਹੀ ਨਾਲ ਅੰਗਰੇਜ਼ੀ ਵਿੱਦਿਆ ਦਾ ਵੀ। ਅੰਗਰੇਜ਼ੀ ਦੀ ਵਿੱਦਿਆ ਲਈ ਕਿਸ ਤਰ੍ਹਾਂ ਪਹੁੰਚ ਕੀਤੀ ਜਾਂਦੀ ਸੀ, ਉਸ ਦੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਾਰਾ ਮਿਆਰ ਹੀ ਗਰਾਮਰ (ਵਿਆਕਰਣ) ਦੇ ਮੁੱਢ ਨਾਲ ਬੱਝਾ ਹੋਇਆ ਸੀ ਅਤੇ ਅੰਗਰੇਜ਼ੀ ਦੀ ਪੜ੍ਹਾਈ ਦਾ ਮਿਆਰ ਵੀ ਬਹੁਤ ਉੱਚਾ ਹੁੰਦਾ ਸੀ।

ਜਗਿਆਸਾ ਵੱਸ ਮੈਂ ਉਨ੍ਹਾਂ ਕੋਲੋਂ ਇਹ ਵੀ ਪੁੱਛ ਲਿਆ ਕਿ ਉਹ ਉਨ੍ਹਾਂ ਦਾ ਪੜ੍ਹਾਈ ਦਾ ਮਾਧਿਅਮ ਕੀ ਸੀ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਉੱਥੇ ਪੜ੍ਹਾਈ ਦਾ ਖਾਸ ਤੌਰ ਤੇ ਵਿਗਿਆਨ ਦੀ ਪੜ੍ਹਾਈ ਦਾ ਮਾਧਿਅਮ ਅੰਗਰੇਜ਼ੀ ਹੀ ਸੀ ਅਤੇ ਹੋਰ ਜਿਹੜੀਆਂ ਭਾਸ਼ਾਵਾਂ ਉਹ ਪੜ੍ਹਦੇ ਸਨ ਉਹਦੇ ਵਿੱਚ ਜਾਂ ਤਾਂ ਤੁਸੀਂ ਉਰਦੂ ਫ਼ਾਰਸੀ ਤੇ ਜਾਂ ਫਿਰ ਉਰਦੂ ਸੰਸਕ੍ਰਿਤ ਲੈ ਸਕਦੇ ਸੀ।  ਫ਼ਾਰਸੀ ਅਤੇ ਸੰਸਕ੍ਰਿਤ ਨੂੰ ਕਲਾਸਕੀ ਭਾਸ਼ਾਵਾਂ ਦਾ ਦਰਜਾ ਹਾਸਲ ਸੀ। ਮੈਨੂੰ ਇਹ ਸੁਣ ਕੇ ਬੜੀ ਹੈਰਾਨੀ ਹੋਈ ਤੇ ਮੈਂ ਪੁੱਛਿਆ ਕਿ ਉਨ੍ਹਾਂ ਦਿਨਾਂ ਵਿੱਚ ਪੰਜਾਬੀ ਪੜ੍ਹਾਉਣ ਦਾ ਕੋਈ ਉਪਰਾਲਾ ਨਹੀਂ ਸੀ ਹੁੰਦਾ? ਇਸ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਪੰਜਾਬੀ ਆਮ ਤੌਰ ਤੇ ਕੁਝ ਚੋਣਵੇਂ ਖ਼ਾਲਸਾ ਸਕੂਲਾਂ ਵਿੱਚ ਹੀ ਪੜ੍ਹਾਈ ਜਾਂਦੀ ਸੀ ਤੇ ਸਰਕਾਰੀ ਸਕੂਲਾਂ ਵਿੱਚ ਨਹੀਂ। ਜਾਂ ਫਿਰ ਤੁਸੀਂ ਪੰਜਾਬੀ ਆਪਣੇ ਘਰੇ ਹੀ ਸਿੱਖਦੇ ਸੀ।  

1947 ਤੋਂ ਬਾਅਦ ਇਕ ਦਮ ਵੱਡਾ ਬਦਲਾਅ ਆਇਆ। ਉਨ੍ਹਾਂ ਮੈਨੂੰ ਦੱਸਿਆ ਕਿ 1947 ਤੋਂ ਬਾਅਦ ਉਰਦੂ ਦੀ ਥਾਂ ਪੰਜਾਬੀ ਨੇ ਲੈ ਲਈ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਸੱਤਵੀਂ ਜਮਾਤ ਤੋਂ ਉਸੇ ਸਰਕਾਰੀ ਹਾਈ ਸਕੂਲ ਦੇ ਵਿੱਚ ਪੰਜਾਬੀ ਦੀ ਪੜ੍ਹਾਈ ਸ਼ੁਰੂ ਕਰ ਲਈ। ਪੜ੍ਹਾਈ ਦੀਆਂ ਹੋਰ ਗੱਲਾਂ ਕਰਦਿਆਂ ਪਿਤਾ ਜੀ ਮੈਨੂੰ ਇਹ ਵੀ ਦੱਸਿਆ ਕਿ ਪੜ੍ਹਨ ਦੇ ਸ਼ੌਕ ਕਰਕੇ ਹੀ ਉਹ ਸਰਦੀਆਂ ਵਿੱਚ ਕਿਵੇਂ ਪਿੰਡ ਵਿੱਚ ਆਮ ਤਪਦੀਆਂ ਸ਼ਾਮ ਦੀਆਂ ਧੂਣੀਆਂ ਤੋਂ ਦੂਰ ਹੀ ਰਹਿੰਦੇ ਹੁੰਦੇ ਸਨ ਜਿੱਥੇ ਗੱਪ-ਗਪੌੜ ਦਾ ਕੁਣਕਾ ਬਹੁਤ ਖਾਧਾ ਜਾਂਦਾ ਹੁੰਦਾ ਸੀ।  

ਮੈਂ ਜਦੋਂ ਉਨ੍ਹਾਂ ਨੂੰ ਪਿੰਡਾਂ ਵਿੱਚ ਪੜ੍ਹਨ ਦੇ ਘਟਦੇ ਰੁਝਾਨ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਹਾਮੀ ਭਰਦਿਆਂ ਇਹ ਜ਼ਰੂਰ ਕਿਹਾ ਕਿ ਵਕਤ ਬਦਲਣ ਨਾਲ ਕਈ ਕੁਝ ਬਦਲਦਾ ਹੈ ਪਰ ਹਰ ਜਗ੍ਹਾ ਇਹ ਗੱਲ ਠੀਕ ਨਹੀਂ ਢੁਕਦੀ ਕਿਉਂਕਿ ਇਹ ਸਭ ਕੁਝ ਮਾਹੌਲ ਦੇ ਉੱਤੇ ਵੀ ਮੁਨੱਸਰ ਹੈ। ਜਿੱਥੇ ਉਤਸ਼ਾਹ-ਪ੍ਰੇਰਨਾ ਦਾ ਚੰਗਾ ਮਾਹੌਲ ਮਿਲ ਜਾਂਦਾ ਹੈ ਉੱਥੇ ਪੜ੍ਹਨ ਦਾ ਸ਼ੌਕ ਬਰਕਰਾਰ ਰਹਿੰਦਾ ਹੈ।  

Posted in ਯਾਦਾਂ, ਵਿਚਾਰ

ਲਹਿਰਾਉਂਦੀਆਂ ਝੰਡੀਆਂ

ਇਹ ਗੱਲ 1980ਵਿਆਂ ਦੀ ਹੈ। ਉਨ੍ਹਾਂ ਦਿਨਾਂ ਦੇ ਵਿੱਚ ਕਾਲਜ ਅਤੇ ਯੂਨੀਵਰਸਿਟੀ ਦਾ ਵਿਦਿਆਰਥੀ ਹੋਣ ਦੇ ਨਾਤੇ ਹਰ ਸਾਲ ਗਰਮੀਆਂ ਦੀਆਂ ਛੁੱਟੀਆਂ ਵਿੱਚ ਕਿਧਰੇ ਨਾ ਕਿਧਰੇ ਪਹਾੜਾਂ ਤੇ ਘੁੰਮਦਾ ਰਹਿੰਦਾ। ਪੰਜਾਬ ਸਰਕਾਰ ਅਤੇ ਯੂਨੀਵਰਸਿਟੀਆਂ ਦੇ ਯੁਵਕ ਵਿਭਾਗ ਤੁਹਾਨੂੰ ਕਿਤੇ ਨਾ ਕਿਤੇ ਗਰਮੀਆਂ ਦੀਆਂ ਛੁੱਟੀਆਂ ਵਿੱਚ ਕੈਂਪਾਂ ਤੇ ਭੇਜਣ ਦੇ ਕਈ ਪ੍ਰੋਗਰਾਮ ਉਲੀਕਦੇ ਸਨ। ਇਹ ਕੈਂਪ ਲੀਡਰਸ਼ਿਪ ਯੁਵਕ ਅਗਵਾਈ ਦੇ ਵੀ ਹੋ ਸਕਦੇ ਸਨ ਤੇ ਜਾਂ ਫਿਰ ਤੁਹਾਨੂੰ ਪਹਾੜ੍ਹੀ ਪੈਂਡਿਆਂ ਦੇ ਪਾਂਧੀ ਬਨਾਉਣ ਲਈ ਘੱਲਦੇ ਸਨ। ਇਨ੍ਹਾਂ ਪ੍ਰੋਗਰਾਮਾਂ ਦੇ ਚੱਲਦੇ ਮੈਂ ਯੁਵਕ ਅਗਵਾਈ ਤੋਂ ਇਲਾਵਾ ਉੱਤਰਾਖੰਡ ਤੋਂ ਲੈ ਕੇ ਹਿਮਾਚਲ ਅਤੇ ਕਸ਼ਮੀਰ ਦੇ ਸਾਰੇ ਮੁੱਖ ਪਹਾੜੀ ਰਸਤੇ ਪੈਦਲ ਤੇ ਗਾਹ ਹੀ ਲਏ ਸਨ, ਨਾਲ ਦੀ ਨਾਲ ਕਾਲਜ ਅਤੇ ਯੂਨੀਵਰਸਿਟੀ ਵੱਲੋਂ ਚੰਗੀ ਅਗਵਾਈ ਕਰਨ ਸਦਕਾ ਕੋਟ ਦੀ ਜੇਬ ਤੇ ਲਾਉਣ ਵਾਲੇ ਬਿੱਲੇ ਵੀ ਇਨਾਮ ਵੱਜੋਂ ਜਿੱਤ ਲਏ ਸਨ।   

ਇਨ੍ਹਾਂ ਪਹਾੜੀ ਰਸਤਿਆਂ ਤੇ ਜਦੋਂ ਅਸੀਂ ਦਸ ਹਜ਼ਾਰ ਫੁੱਟ ਦੀ ਉੱਚਾਈ ਤੋਂ ਉੱਪਰ ਵਾਲੇ ਪਹਾੜਾਂ ਉੱਤੇ ਪਹੁੰਚਦੇ ਸੀ ਤਾਂ ਸਾਨੂੰ ਆਮ ਹੀ ਇੱਕ ਹੋਰ ਤਰ੍ਹਾਂ ਦਾ ਸੱਭਿਆਚਾਰ ਨਜ਼ਰ ਆਉਣ ਲੱਗ ਪੈਂਦਾ ਸੀ। ਅਜਿਹਾ ਹੀ ਇੱਕ ਸੱਭਿਆਚਾਰ ਤਿੱਬਤੀ ਬੁੱਧ ਧਰਮ ਦਾ ਸੀ। ਤਿੱਬਤੀ ਮੰਦਰ ਜਾਂ ਕਿਸੇ ਖੁੱਲੇ ਥਾਂ ਤੇ ਮਮਟੀ-ਨਮਾ ਚਬੂਤਰੇ ਆਮ ਤੌਰ ਤੇ ਨਜ਼ਰ ਆਉਂਦੇ ਸਨ। ਜਦੋਂ ਅਸੀਂ ਇਨ੍ਹਾਂ ਨੂੰ ਦੂਰ ਤੋਂ ਵੇਖਦੇ ਹੁੰਦੇ ਸਾਂ ਤਾਂ ਹਵਾ ਵਿੱਚ ਲਹਿਰਾਉਂਦੀਆਂ ਝੰਡੀਆਂ ਨਜ਼ਰ ਆਉਂਦੀਆਂ ਹੁੰਦੀਆਂ ਸਨ। ਜਿੱਥੇ ਕਿਤੇ ਮੰਦਿਰਾਂ ਦੇ ਅੰਦਰ ਜਾਣ ਦਾ ਮੌਕਾ ਮਿਲਦਾ ਤਾਂ ਉੱਥੇ ਲੱਕੜੀ ਚੱਕਰ ਘੁਮਾਉਣ ਲਈ ਨਜ਼ਰ ਆਉਂਦੇ ਸਨ। ਭਾਵੇਂ ਇਹ ਝੰਡੀਆਂ ਹੋਣ ਤੇ ਭਾਵੇਂ ਇਹ ਲੱਕੜ ਦੇ ਚੱਕਰ, ਇਨ੍ਹਾਂ ਦੇ ਉੱਤੇ ਆਮ ਤੌਰ ਤੇ ਕੁਝ ਮੰਤਰ ਲਿਖੇ ਹੁੰਦੇ ਸਨ। ਬੁੱਧ ਧਰਮ ਦੇ ਵਿੱਚ ਕਿਉਂਕਿ ਰੱਬ ਦੀ ਆਸਥਾ ਬਾਰੇ ਕੁਝ ਨਹੀਂ ਕਿਹਾ ਜਾਂਦਾ ਇਸ ਕਰਕੇ ਇਹ ਮੰਤਰ ਆਮ ਤੌਰ ਤੇ ਚੰਗਿਆਈ ਬਾਰੇ ਹੀ ਸੁਨੇਹਾ ਦਿੰਦੇ ਸਨ।  

Tibetan Prayer Flags

Tony Hodson Photography

ਜਿਸ ਚੀਜ਼ ਨੇ ਮੈਨੂੰ ਜ਼ਿਆਦਾ ਹੈਰਾਨ ਕੀਤਾ ਉਹ ਇਹ ਸੀ ਕਿ ਇਨ੍ਹਾਂ ਝੰਡੀਆਂ ਅਤੇ ਲੱਕੜੀ ਦੇ ਚੱਕਰਾਂ ਬਾਰੇ ਆਮ ਧਾਰਨਾ ਇਹ ਸੀ ਕਿ ਜਿੰਨਾ ਪੜ੍ਹਨ ਨਾਲ ਤੁਹਾਨੂੰ ਚੰਗੀ ਗੱਲ ਫੈਲਾਉਣ ਦਾ ਫਲ ਲੱਗੇਗਾ ਉਸ ਦੇ ਨਾਲੋਂ ਕਿਤੇ ਵੱਧ ਵਗਦੀ ਹੋਈ ਹਵਾ ਇਨ੍ਹਾਂ ਝੰਡੀਆਂ ਦੇ ਸੁਨੇਹਿਆਂ ਨੂੰ ਦੂਰ-ਦੂਰ ਤੱਕ ਫੈਲਾ ਦੇਵੇਗੀ ਜਾਂ ਫਿਰ ਤੁਸੀਂ ਲੱਕੜੀ ਦੇ ਚੱਕਰਾਂ ਨੂੰ ਜਿੰਨਾ ਜ਼ਿਆਦਾ ਘੁਮਾਓਗੇ ਤੁਹਾਨੂੰ ਉਨ੍ਹਾਂ ਸੁਨੇਹਿਆਂ ਦਾ ਓਨਾਂ ਹੀ ਜ਼ਿਆਦਾ ਫਲ ਲੱਗੇਗਾ। ਇਹ ਵੇਖ ਕੇ “ਮਨ ਮਹਿ ਚਿਤਵਉ ਚਿਤਵਨੀ ਉਦਮੁ ਕਰਉ ਉਠਿ ਨੀਤ (519)” ਅਕਸਰ ਹੀ ਇਹ ਤੁਕ ਮੇਰੇ ਮਨ ਅੰਦਰ ਧਿਆਨ ਚਿਤ ਹੋ ਜਾਂਦੀ ਪਰ ਮੈਂ ਇਨ੍ਹਾਂ ਝੰਡੀਆਂ ਦੇ ਲਹਿਰਾਉਣ ਅਤੇ ਲੱਕੜੀ ਦੇ ਚੱਕਰਾਂ ਬਾਰੇ ਕੋਈ ਸੁਆਲ ਨਾ ਪੁੱਛਦਾ ਕਿ ਚਲੋ – ਲੋਕਾਂ ਦੀ ਜੋ ਵੀ ਸ਼ਰਧਾ!

Photo credit: David Min

ਅੱਜ-ਕੱਲ੍ਹ ਅਜਿਹੀ ਸ਼ਰਧਾ ਵੇਖਣ ਲਈ ਤੁਹਾਨੂੰ ਕਿਤੇ ਦੂਰ ਪਹਾੜਾਂ ਦੇ ਉੱਪਰ ਨਹੀਂ ਚੜ੍ਹਨਾ ਪੈਂਦਾ। ਤੁਸੀਂ ਆਪਣੇ ਆਲੇ-ਦੁਆਲੇ ਹੀ ਝਾਤ ਮਾਰ ਕੇ ਵੇਖ ਲਵੋ, ਨੋਟਾਂ ਦੇ ਸਿਰ ਉੱਤੇ ਹਰ ਤਰ੍ਹਾਂ ਦੀ ਧਾਰਮਿਕ ਰਸਮ ਖਰੀਦੀ ਜਾ ਸਕਦੀ ਹੈ। ਜਿਹੜਾ ਪਿਉ-ਦਾਦੇ ਦਾ ਖ਼ਜ਼ਾਨਾ ਅਸੀਂ ਆਪ ਜ਼ਿੰਮੇਵਾਰ ਹੋ ਕੇ ਖੋਲ੍ਹਣਾ ਹੈ ਉਹ ਵੀ ਅਸੀਂ ਇਸ ਗੱਲ ਤੇ ਹੀ ਖੀਵੇ ਹੋਏ ਫਿਰਦੇ ਹਾਂ ਕਿ ਅਸੀਂ ਨੋਟਾਂ ਦੇ ਜ਼ੋਰ ਨਾਲ ਇਹ ਕੰਮ ਵੀ ਕਿਸੇ ਹੋਰ ਤੋਂ ਕਰਵਾ ਕੇ ਬੁੱਤਾ ਸਾਰ ਲਿਆ।   

Posted in ਚਰਚਾ

ਗ਼ੁਲਾਮ

ਵ੍ਹਾਟਸਐਪ ਇਕ ਇਹੋ ਜਿਹਾ ਮੰਚ ਹੈ ਜਿਸਦੇ ਉੱਤੇ ਹਰ ਵੇਲੇ ਕੁਝ ਨਾ ਕੁਝ ਚੱਲਦਾ ਹੀ ਰਹਿੰਦਾ ਹੈ। ਸ਼ਾਇਦ ਇਸੇ ਕਰਕੇ ਇਹ ਐਪ ਲੋਕਾਂ ਨੂੰ ਬਹੁਤ ਪਸੰਦ ਹੈ।  ਮੈਨੂੰ ਕੁਝ ਸਾਲ ਪਹਿਲਾਂ ਦਾ ਪੰਜਾਬ ਯਾਤਰਾ ਦਾ ਇਕ ਵਾਕਿਆ ਯਾਦ ਆ ਗਿਆ। ਪੰਜਾਬ ਦੇ ਇੱਕ ਸ਼ਹਿਰ ਵਿੱਚ ਮੈਂ ਕਿਸੇ ਤਕਨਾਲੋਜੀ ਦੀ ਦੁਕਾਨ ਤੇ ਮੋਬਾਈਲ ਫੋਨ ਚਾਰਜਰ ਦਾ ਬੰਦੋਬਸਤ ਕਰਨ ਗਿਆ ਸੀ ਕਿਉਂਕਿ ਚਾਰਜਰ ਮੈਂ ਕਿਤੇ ਗੁਆ ਬੈਠਾ ਸੀ। ਉਸੇ ਦੁਕਾਨ ਵਿੱਚੋਂ ਨਵਾਂ ਮੋਬਾਈਲ ਫੋਨ ਲੈ ਕੇ ਇੱਕ ਆਦਮੀ ਨੇ ਝੱਟ ਬੇਨਤੀ ਕਰ ਦਿੱਤੀ ਕਿ ਵ੍ਹਾਟਸਐਪ ਪਵਾਉਣ ਦੇ ਕਿੰਨੇ ਪੈਸੇ ਲੱਗਣਗੇ। ਦੁਕਾਨਦਾਰ ਨੇ ਜਵਾਬ ਦਿੱਤਾ ਕਿ ਤੀਹ ਰੁਪਏ ਵਿੱਚ ਪਾ ਦਵਾਂਗੇ। ਗਾਹਕ ਨੇ ਝੱਟ ਹਾਮੀ ਭਰ ਦਿੱਤੀ।

ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਵ੍ਹਾਟਸਐਪ ਦੇ ਵਿੱਚ ਦਿਲਚਸਪੀ ਕਿੱਥੋਂ ਤੱਕ ਵਧੀ ਹੋਈ ਹੈ। ਲੋਕਾਂ ਦਾ ਚਸਕਾ ਪੂਰਾ ਹੁੰਦਾ ਰਹਿੰਦਾ ਹੈ ਕਿ ਹਰ ਵੇਲੇ ਕੁਝ ਨਾ ਕੁਝ ਚੱਲਦਾ ਰਹਿੰਦਾ ਹੈ – ਸੁਨੇਹੇ ਪੱਤੇ ਤਾਂ ਬਹੁਤ ਥੋੜੇ ਲਾਏ ਜਾਂਦੇ ਹਨ। ਪਰ ਬਾਅਦ ਵਿੱਚ ਮਸਲਾ ਉਦੋਂ ਖੜ੍ਹਾ ਹੁੰਦਾ ਹੈ ਜਦ ਹਰ ਚਸਕਾ ਲੈਣ ਵਾਲੇ ਉੱਤੇ ਇਹ ਵੀ ਭੂਤ ਸਵਾਰ ਹੋ ਜਾਂਦਾ ਹੈ ਕਿ ਉਸ ਨੂੰ ਵੀ ਕੋਈ ਨਾ ਕੋਈ ਚੀਜ਼ ਹਰ ਵੇਲੇ ਅੱਗੇ ਤੋਂ ਅੱਗੇ ਸ਼ੇਅਰ-ਸਾਂਝੇ ਕਰਦੇ ਰਹਿਣਾ ਚਾਹੀਦਾ ਹੈ ਭਾਵੇਂ ਉਸ ਦਾ ਕੋਈ ਸੰਦਰਭ ਹੋਵੇ ਤੇ ਭਾਵੇਂ ਨਾ।

ਮੇਰੇ ਫੋਨ ਤੇ ਦੁਨੀਆਂ ਭਰ ਦੇ ਕੋਈ ਪੰਦਰਾਂ ਕੁ ਸੌ ਸੰਪਰਕ ਹਨ ਤੇ ਉਨ੍ਹਾਂ ਵਿੱਚ ਅੱਠ ਸੌ ਤੋਂ ਵੱਧ ਕੋਲ ਵ੍ਹਾਟਸਐਪ ਹੈ। ਇਸ ਤੋਂ ਤੁਸੀਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਵ੍ਹਾਟਸਐਪ ਤੇ ਮੈਨੂੰ ਕਿੰਨੀਆਂ ਕੁ ਨੋਟੀਫਿਕੇਸ਼ਨਜ਼-ਸੂਚਨਾਵਾਂ ਮਿਲਦੀਆਂ ਹੋਣਗੀਆਂ। ਇਸੇ ਕਰਕੇ ਮੈਂ ਵ੍ਹਾਟਸਐਪ ਦੀਆਂ ਸਾਰੀਆਂ ਨੋਟੀਫਿਕੇਸ਼ਨਜ਼-ਸੂਚਨਾਵਾਂ ਬੰਦ ਕੀਤੀਆਂ ਹੋਈਆਂ ਹਨ ਜੋ ਵਿਹਲ ਲੱਗਣ ਤੇ ਜਾਂ ਹਫ਼ਤਮ (ਵੀਕੈਂਡ) ਦੌਰਾਨ ਵੇਖ ਲੈਂਦਾ ਹਾਂ।

ਜਦੋਂ ਵੀ ਕੋਈ ਸੱਜਣ ਵ੍ਹਾਟਸਐਪ ਦੇ ਕਿਸੇ ਮੰਚ ਦੇ ਉੱਤੇ ਕੁਝ ਸ਼ੇਅਰ ਜਾਂ ਸਾਂਝਾ ਕਰਦਾ ਹੈ ਤਾਂ ਮੈਂ ਆਮ ਤੌਰ ਤੇ ਉਸ ਵਿੱਚ ਅੱਗੇ ਕੋਈ ਵਿਚਾਰ ਚਰਚਾ ਨਹੀਂ ਕਰਦਾ। ਪਰ ਜਦੋਂ ਮੇਰੀ ਜਾਣ ਪਛਾਣ ਵਾਲੇ ਨਿੱਜੀ ਦੋਸਤ ਕੋਈ ਨਾ ਕੋਈ ਚੀਜ਼ ਸਿੱਧੀ ਮੇਰੇ ਨਾਲ ਸ਼ੇਅਰ ਜਾਂ ਸਾਂਝਾ ਕਰਦੇ ਹਨ ਤਾਂ ਕਈ ਵਾਰ ਮੇਰੇ ਕੋਲੋਂ ਰਿਹਾ ਨਹੀਂ ਜਾਂਦਾ ਤੇ ਮੈਂ ਉਨ੍ਹਾਂ ਨੂੰ ਵਾਪਸੀ ਸੁਆਲ ਕਰ ਦਿੰਦਾ ਹਾਂ ਕਿ ਮੇਰੇ ਨਾਲ ਇਸ ਟੋਟਕੇ ਦਾ ਸਰੋਤ ਸਾਂਝਾ ਕਰੋ ਜਾਂ ਇਸ ਬਾਬਤ ਹੋਰ ਪੜਚੋਲ ਕਰੋ ਕਿਉਂਕਿ ਇਹ ਝੂਠੀ ਖ਼ਬਰ ਹੋ ਸਕਦੀ ਹੈ। ਮੇਰਾ ਇਹੋ ਜਿਹਾ ਜੁਆਬ ਪੜ੍ਹ ਕੇ ਕਈ ਸੱਜਣ ਮਿੱਤਰ ਤਾਂ ਫਿਰ ਫਾਲਤੂ ਟੋਟਕੇ ਸ਼ੇਅਰ-ਸਾਂਝੇ ਕਰਨ ਤੋਂ ਹਟ ਜਾਂਦੇ ਹਨ ਪਰ ਕਈ ਗੁੱਸਾ ਵੀ ਕਰ ਜਾਂਦੇ ਹਨ।

ਇੱਕ ਸੱਜਣ ਤਾਂ ਅੜ੍ਹ ਹੀ ਗਏ। ਜੁਆਬ ਵਿੱਚ ਉਹ ਘੜੀ-ਮੁੜੀ ਏਧਰ-ਉਧਰ ਦੀਆਂ ਯਬਲੀਆਂ ਛੱਡਦੇ ਰਹਿਣ। ਅਖੀਰ ਦੇ ਵਿੱਚ ਉਨ੍ਹਾਂ ਨੇ ਮੈਨੂੰ ਆਹ ਤਸਵੀਰ ਭੇਜ ਦਿੱਤੀ ਕਿ “ਲੋਕੀਂ ਉਹੀ ਸੁਣਦੇ ਹਨ ਜੋ ਉਹ ਸੁਣਨਾ ਚਾਹੁੰਦੇ ਹਨ”।

ਉਪਰੋਕਤ ਤਸਵੀਰ ਆਉਣ ਤੇ ਮੈਂ ਵੀ ਉਨ੍ਹਾਂ ਨਾਲ ਹੇਠਲਾ ਲਿੰਕ ਸਾਂਝਾ ਕਰ ਦਿੱਤਾ ਕਿ ਸੱਚ ਹਜ਼ਮ ਕਰਨਾ ਜਾਂ ਤੱਥਾਂ ਨੂੰ ਹਜ਼ਮ ਕਰਨਾ ਵੀ ਹਰ ਇੱਕ ਦੇ ਵੱਸ ਦਾ ਰੋਗ ਨਹੀਂ ਹੁੰਦਾ ਕਿਉਂਕਿ ਅਸੀਂ ਝੂਠ ਦੀ ਦੁਨੀਆਂ ਦੇ ਵਿੱਚ ਹੀ ਜਿਊਣਾ ਚਾਹੁੰਦੇ ਹਾਂ।
https://www.newyorker.com/magazine/2017/02/27/why-facts-dont-change-our-minds 

ਅਠਾਰਵੀਂ ਸਦੀ ਦੇ ਫ਼੍ਰਾਂਸੀਸੀ ਦਾਰਸ਼ਨਿਕ ਵੋਲਟੇਅਰ ਨੇ ਕਿਹਾ ਸੀ: ਮੂਰਖਾਂ ਨੂੰ ਉਨ੍ਹਾਂ ਜ਼ੰਜੀਰਾਂ ਤੋਂ ਅਜ਼ਾਦ ਕਰਾਉਣਾ ਬਹੁਤ ਔਖਾ ਹੈ ਜਿਨ੍ਹਾਂ ਦੀ ਉਹ ਪੂਜਾ ਕਰਦੇ ਹਨ।

ਕਿਸੇ ਜ਼ਮਾਨੇ ਵਿੱਚ ਸ਼ਰਾਬੀਆਂ ਨੂੰ ਇਹ ਨਸੀਹਤ ਦਿੱਤੀ ਜਾਂਦੀ ਸੀ ਕਿ ਜੇਕਰ ਸ਼ਰਾਬ ਛੱਡ ਨਹੀਂ ਸਕਦੇ ਤਾਂ ਸ਼ਰਾਬ ਨੂੰ ਆਪਣਾ ਗ਼ੁਲਾਮ ਬਣਾ ਕੇ ਰੱਖੋ ਨਾ ਕਿ ਤੁਸੀਂ ਇਸ ਦੇ ਗ਼ੁਲਾਮ ਬਣੋ। ਸੋ ਇਹੀ ਨਸੀਹਤ ਹੁਣ ਵ੍ਹਾਟਸਐਪ ਵਰਤਣ ਵਾਲਿਆਂ ਤੇ ਵੀ ਢੁੱਕਦੀ ਹੈ ਕਿ ਜੇ ਤੁਸੀਂ ਵ੍ਹਾਟਸਐਪ ਵਰਤਣੀ ਨਹੀਂ ਛੱਡ ਸਕਦੇ ਤਾਂ ਵ੍ਹਾਟਸਐਪ ਨੂੰ ਗ਼ੁਲਾਮ ਬਣਾ ਕੇ ਰੱਖੋ ਨਾ ਕਿ ਤੁਸੀਂ ਇਸ ਦੇ ਗ਼ੁਲਾਮ ਬਣ ਜਾਓ।