ਸੰਨ 2019 ਛੇਤੀ ਹੀ ਖਤਮ ਹੋਣ ਜਾ ਰਿਹਾ ਹੈ। ਅੱਜ ਬੈਠੇ-ਬੈਠੇ, ਮੇਰੇ ਮਨ ਵਿੱਚ ਇਹ ਵਿਚਾਰ ਆ ਰਿਹਾ ਸੀ ਕਿ ਇਸ ਸਾਲ ਦੇ ਦੌਰਾਨ ਇਹੋ ਜਿਹੀ ਕਿਹੜੀ ਖ਼ਾਸ ਘਟਨਾ ਵਾਪਰੀ ਜਿਸ ਨੇ ਮੇਰੇ ਮਨ ਤੇ ਕੋਈ ਡੂੰਘੀ ਛਾਪ ਛੱਡੀ ਹੋਵੇ –ਚੰਗੀ-ਮਾੜੀ।
ਇਕ ਘਟਨਾ ਮੈਨੂੰ ਸਹਿਜੇ ਹੀ ਯਾਦ ਆ ਗਈ। ਇਸ ਘਟਨਾ ਦਾ ਸਬੰਧ ਸਾਡੀ ਆਪਣੀ ਪਛਾਣ ਜਾਂ ਫਿਰ ਆਪਣੀ ਹਸਤੀ ਦੇ ਨਾਲ ਹੈ ਕਿ ਅਸੀਂ ਆਪਣੇ ਆਪ ਨੂੰ ਕਿਵੇਂ ਪੇਸ਼ ਕਰ ਸਕਦੇ ਹਾਂ? ਜਿਸ ਤਰ੍ਹਾਂ ਦੀ ਅਸੀਂ ਆਪਣੀ ਪਛਾਣ ਕਰਵਾਉਂਦੇ ਹਾਂ ਕੀ ਉਹ ਲੰਮੀ ਦੌੜ ਵਾਲੀ ਹੈ? ਜਾਂ ਫਿਰ ਅਸੀਂ ਸਵੇਰੇ ਜਿਉਂਦੇ ਹਾਂ ਅਤੇ ਸ਼ਾਮ ਤੱਕ ਮਰ ਜਾਂਦੇ ਹਾਂ ਅਤੇ ਜਦ ਨਵਾਂ ਦਿਨ ਚੜ੍ਹਦਾ ਹੈ ਤਾਂ ਅਸੀਂ ਫਿਰ ਆਪਣੀ ਨਵੀਂ ਪਛਾਣ ਬਣਾਉਣ ਦੇ ਵਿੱਚ ਰੁੱਝ ਜਾਂਦੇ ਹਾਂ।
ਅੱਜ ਮੈਂ ਜਿਸ ਵਿਸ਼ੇ ਅਤੇ ਘਟਨਾ ਬਾਰੇ ਗੱਲ ਕਰਨੀ ਚਾਹੂੰਗਾ, ਉਸਦੇ ਬਾਰੇ ਥੋੜ੍ਹੀ ਜਿਹੀ ਭੂਮਿਕਾ ਬੰਨ੍ਹਣੀ ਜ਼ਰੂਰੀ ਹੈ। ਗੁਰਬਾਣੀ ਪੜ੍ਹਨਾ-ਸਮਝਣਾ ਅਤੇ ਕੀਰਤਨ ਸੁਣਨਾ ਮੇਰੇ ਜੀਵਨ ਪੈਂਡੇ ਦਾ ਅਨਿੱਖੜਵਾਂ ਅੰਗ ਹੈ। ਕੀਰਤਨ ਮੈਂ ਆਮ ਤੌਰ ਦੇ ਉੱਤੇ ਰਾਗਾਂ ਵਿੱਚ ਗਾਏ ਹੀ ਸੁਣਨਾ ਪਸੰਦ ਕਰਦਾ ਹਾਂ। ਇਹੋ ਜਿਹੇ ਬਹੁਤ ਘੱਟ ਰਾਗੀ ਹੋਣਗੇ ਜਿਹੜੇ ਆਮ ਤੌਰ ਤੇ ਰਾਗਾਂ ਵਿੱਚ ਨਾ ਗਾਉਂਦੇ ਹੋਣ ਅਤੇ ਮੈਂ ਉਨ੍ਹਾਂ ਨੂੰ ਸੁਣਦਾ ਹੋਵਾਂ। ਪਰ ਇੱਕ ਰਾਗੀ ਉਹ ਵੀ ਹਨ ਜੋ ਪ੍ਰਚੱਲਤ ਗਾਇਕੀ ਵਿੱਚ ਗਾ ਕੇ ਵੀ ਕਲਾਸਕੀ ਦੇ ਬਹੁਤ ਲਾਗੇ ਜਾ ਪਹੁੰਚਦੇ ਹਨ। ਇਸੇ ਕਰਕੇ ਜਦੋਂ ਕਦੀ ਲੰਮੇ ਸਫ਼ਰ ਦੇ ਉੱਤੇ ਜਾਂਦਾ ਹਾਂ ਤਾਂ ਕਲਾਸਕੀ ਦੇ ਨਾਲ-ਨਾਲ ਭਾਈ ਨਿਰਮਲ ਸਿੰਘ ਦੇ ਗੁਰਬਾਣੀ ਗਾਇਨ ਨੂੰ ਵੀ ਅਕਸਰ ਸੁਣਦਾ ਰਹਿੰਦਾ ਹਾਂ।
ਇਸੇ ਸਾਲ, ਕੁਝ ਮਹੀਨੇ ਪਹਿਲਾਂ ਮੈਨੂੰ ਇਹ ਪਤਾ ਲੱਗਾ ਕਿ ਭਾਈ ਨਿਰਮਲ ਸਿੰਘ ਨਿਊਜ਼ੀਲੈਂਡ ਦੌਰੇ ਤੇ ਆ ਰਹੇ ਸਨ। ਮਨ ਵਿੱਚ ਇਸ ਗੱਲ ਦੀ ਖੁਸ਼ੀ ਵੀ ਹੋਈ ਕਿ ਚਲੋ ਬਹੁਤ ਸਾਲਾਂ ਤੋਂ ਭਾਈ ਸਾਹਿਬ ਨੂੰ ਸੀ.ਡੀ ਜਾਂ ਡਿਜੀਟਲ ਰੂਪ ਵਿੱਚ ਸੁਣ ਰਿਹਾ ਹਾਂ ਤੇ ਹੁਣ ਪਹਿਲੀ ਵਾਰ ਸਾਹਮਣੇ ਬੈਠ ਕੇ ਵੀ ਸੁਣ ਲਵਾਂਗਾ। ਜਿਵੇਂ ਕਿ ਆਮ ਹੁੰਦਾ ਹੀ ਹੈ ਕਿਸੇ ਰਾਗੀ ਜਾਂ ਪਰਚਾਰਕ ਦੇ ਆਉਣ ਤੋਂ ਪਹਿਲਾਂ ਉਨ੍ਹਾਂ ਦੇ ਪੋਸਟਰ ਵਗੈਰਾ ਬਣ ਜਾਂਦੇ ਹਨ ਤੇ ਅੱਜ ਕੱਲ੍ਹ ਦੇ ਰਿਵਾਜ਼ ਮੁਤਾਬਿਕ ਵ੍ਹਾਟਸਐਪ ਦੇ ਉੱਤੇ ਧੜਾਧੜ ਚੱਲਣੇ ਸ਼ੁਰੂ ਹੋ ਜਾਂਦੇ ਹਨ। ਇਸੇ ਤਰ੍ਹਾਂ ਨਿਊਜ਼ੀਲੈਂਡ ਦੇ ਕਈ ਵ੍ਹਾਟਸਐਪ ਗੁਰੱਪਾਂ ਉੱਤੇ ਮੈਨੂੰ ਅਜਿਹਾ ਪੋਸਟਰ ਵੇਖਣ ਦਾ ਮੌਕਾ ਲੱਗਾ।
ਜਿੱਵੇਂ ਹੀ ਮੈਂ ਇਹ ਪੋਸਟਰ ਵੇਖਿਆ ਤਾਂ ਮੇਰੀ ਨਿਰਾਸਤਾ ਦੀ ਕੋਈ ਹੱਦ ਨਾ ਰਹੀ। ਪੋਸਟਰ ਉਪਰ ਭਾਈ ਨਿਰਮਲ ਸਿੰਘ ਦੀ ਪਛਾਣ “ਪਦਮ ਸ਼੍ਰੀ” ਨਿਰਮਲ ਸਿੰਘ ਦੇ ਰੂਪ ਵਿੱਚ ਕਰਵਾਈ ਜਾ ਰਹੀ ਸੀ। ਇਸ ਪੋਸਟਰ ਥੱਲੇ ਮੁਹਰ ਕਿਸੇ ਹੋਰ ਅਣਜਾਣ ਸੰਸਥਾ ਦੀ ਨਹੀਂ ਸਗੋਂ ਆਕਲੈਂਡ ਵਿਖੇ ਆਪਣੇ ਆਪ ਨੂੰ ਸਿੱਖੀ ਦੇ ਸਭ ਤੋਂ ਵੱਡੇ ਠੇਕੇਦਾਰ ਕਹਿਣ ਵਾਲੇ ਜੁੱਟ ਦੀ ਸੀ।
ਮੇਰੇ ਮਨ ਵਿੱਚ ਇਹੀ ਸਵਾਲ ਉਠਿਆ ਕਿ ਆਕਲੈਂਡ ਰਹਿਣ ਵਾਲੇ ਇਨ੍ਹਾਂ ਠੇਕੇਦਾਰਾਂ ਨੂੰ ਕੀ ਹਾਲੀਆ ਇਤਿਹਾਸ ਵੀ ਭੁੱਲ ਗਿਆ ਹੈ? ਕੀ ਇਨ੍ਹਾਂ ਨੂੰ ਇਸ ਗੱਲ ਦਾ ਏਨਾ ਪਤਾ ਹੀ ਨਹੀਂ ਕਿ 1984 ਦੇ ਵਰਤਾਰੇ ਤੋਂ ਬਾਅਦ ਸਿੱਖਾਂ ਨੇ ਪਤਾ ਨਹੀਂ ਕਿੰਨੇ ਪਦਮ ਸ਼੍ਰੀ ਠੋਕਰ ਮਾਰ ਕੇ ਵਾਪਸ ਕਰ ਦਿੱਤੇ ਸਨ। ਮੈਂ ਵਾਰ ਵਾਰ ਇਹੀ ਸੋਚਦਾ ਰਿਹਾ ਕਿ ਕਿਵੇਂ ਹੁਣ ਸਿੱਖੀ ਦੀ ਪਛਾਣ ਇਨ੍ਹਾਂ ਠੇਕੇਦਾਰਾਂ ਨੇ “ਪਦਮ ਸ਼੍ਰੀ” ਦੇ ਪੈਰਾਂ ਵਿੱਚ ਲਿਆ ਸੁੱਟੀ ਹੈ।
ਸਿੱਖ ਇਤਿਹਾਸ ਦੇ ਸੰਦਰਭ ਵਿੱਚ ਕਿਸੇ ਦੀ ਪਛਾਣ ਕੀ ਅਸੀਂ ਭਾਈ ਨਿਰਮਲ ਸਿੰਘ ਦੇ ਰੂਪ ਵਿੱਚ ਕਰਵਾਉਣਾ ਚਾਹਾਂਗੇ ਕਿ ਪਦਮ ਸ਼੍ਰੀ ਨਿਰਮਲ ਸਿੰਘ ਦੇ ਰੂਪ ਵਿੱਚ? ਗੱਲ ਇਕੱਲੇ ਪੋਸਟਰ ਤਕ ਸੀਮਤ ਨਹੀਂ ਸੀ। ਉਸੇ ਵਕਤ ਦੌਰਾਨ ਯੂਟਿਊਬ ਤੇ ਇਸ ਸਿਲਸਿਲੇ ਵਿੱਚ ਪਾਏ ਕਈ ਵਿਡਿਓਜ਼ ਵਿੱਚ “ਪਦਮ ਸ਼੍ਰੀ” ਅਤੇ “ਉਸਤਾਦੀਆਂ” ਨੂੰ ਵੀ ਕਾਫ਼ੀ ਚਮਕਾ ਕੇ ਪੇਸ਼ ਕੀਤਾ ਗਿਆ ਸੀ।
ਇਕ ਵਾਰ ਤਾਂ ਮੈਂ ਉਸ ਵਕਤ ਦੌਰਾਨ “ਪਦਮ ਸ਼੍ਰੀ” ਦੀ ਮੁਥਾਜੀ ਦੇ ਪੈਰਾਂ ਵਿੱਚ ਇਸ ਤਰ੍ਹਾਂ ਰੁਲ਼ ਰਹੀ ਸਿੱਖ ਪਛਾਣ ਦੇ ਸੁਆਲੀਆ ਘੇਰੇ ਵਿੱਚ ਕਿਧਰੇ ਗੁਆਚ ਹੀ ਗਿਆ। ਨਤੀਜਾ ਇਹ ਹੋਇਆ ਕਿ ਜਿਸ ਦਿਨ ਭਾਈ ਨਿਰਮਲ ਸਿੰਘ ਇੱਥੇ ਵੈਲਿੰਗਟਨ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਕਰਨ ਲਈ ਪਹੁੰਚੇ ਤਾਂ ਮਨ ਵਿੱਚ ਇਸ ਗੱਲ ਦੀ ਇੱਛਾ ਹੀ ਮਰ ਗਈ ਕਿ ਮੈਂ ਗੁਰਦੁਆਰਾ ਸਾਹਿਬ ਜਾ ਕੇ “ਪਦਮ ਸ਼੍ਰੀ” ਕੀਰਤਨ ਸੁਣਾਂ।
ਇਹ ਸਤਰਾਂ ਲਿਖਿਦਿਆਂ ਹੋਇਆਂ ਮੈਨੂੰ ਇਸ ਸਾਲ ਦੀ ਇਕ ਹੋਰ ਘਟਨਾ ਯਾਦ ਆ ਗਈ। ਪਹਿਲੀਆਂ ਨਿਊਜ਼ੀਲੈਂਡ ਸਿੱਖ ਖੇਡਾਂ। ਇਨ੍ਹਾਂ ਖੇਡਾਂ ਦੇ ਪ੍ਰਬੰਧਕਾਂ ਨੂੰ ਇਸ ਗੱਲ ਦੀ ਸ਼ਾਬਾਸ਼ੀ ਕਿ ਉਨ੍ਹਾਂ ਨੇ ਮੇਲਾ ਸੋਹਣਾ ਭਰ ਦਿੱਤਾ। ਲਾ-ਲਾ ਲਾ-ਲਾ ਵੀ ਵਾਹਵਾ ਹੋ ਗਈ। ਪਰ ਗੱਲ ਨੂੰ ਪਛਾਣ ਦੇ ਧਰੁਵ ਬਿੰਦ ਤੇ ਵਾਪਸ ਲਿਆਉਂਦਾ ਹਾਂ। ਜੇਕਰ ਤੁਸੀਂ ਪਹਿਲੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੇ ਉਦਘਾਟਨੀ ਸਮਾਗਮ ਦਾ ਯੂਟਿਊਬ ਤੇ ਵੀਡਿਓ ਵੇਖ ਲਵੋ ਤਾਂ ਇਹੀ ਸੋਚੋਗੇ ਕਿ ਬਿਹਤਰ ਹੁੰਦਾ ਜੇਕਰ ਪ੍ਰਬੰਧਕ ਇਸ ਨੂੰ ਸਿੱਖ ਖੇਡਾਂ ਦੀ ਬਜਾਏ “ਪਦਮ ਸ਼੍ਰੀ” ਖੇਡਾਂ ਕਹਿ ਲੈਂਦੇ।
ਪਛਾਣ ਦੇ ਪੱਖੋਂ ਅਸੀਂ ਇੰਨੇ ਅਵੇਸਲੇ ਕਿਉਂ ਹੁੰਦੇ ਜਾ ਰਹੇ ਹਾਂ? ਅਜਿਹੇ ਕਈ ਮੁੱਦਿਆਂ ਉੱਤੇ ਰਾਜਨੀਤਕ ਸੋਚ ਦੀ ਪੇਸ਼ਕਾਰੀ ਦੇ ਪੱਖ ਤੋਂ ਇਹ ਯੂਟਿਊਬ ਵੀਡੀਓ ਸਾਂਝਾ ਕਰ ਰਿਹਾ ਹਾਂ।