Posted in ਚਰਚਾ

ਗ਼ੁਲਾਮ

ਵ੍ਹਾਟਸਐਪ ਇਕ ਇਹੋ ਜਿਹਾ ਮੰਚ ਹੈ ਜਿਸਦੇ ਉੱਤੇ ਹਰ ਵੇਲੇ ਕੁਝ ਨਾ ਕੁਝ ਚੱਲਦਾ ਹੀ ਰਹਿੰਦਾ ਹੈ। ਸ਼ਾਇਦ ਇਸੇ ਕਰਕੇ ਇਹ ਐਪ ਲੋਕਾਂ ਨੂੰ ਬਹੁਤ ਪਸੰਦ ਹੈ।  ਮੈਨੂੰ ਕੁਝ ਸਾਲ ਪਹਿਲਾਂ ਦਾ ਪੰਜਾਬ ਯਾਤਰਾ ਦਾ ਇਕ ਵਾਕਿਆ ਯਾਦ ਆ ਗਿਆ। ਪੰਜਾਬ ਦੇ ਇੱਕ ਸ਼ਹਿਰ ਵਿੱਚ ਮੈਂ ਕਿਸੇ ਤਕਨਾਲੋਜੀ ਦੀ ਦੁਕਾਨ ਤੇ ਮੋਬਾਈਲ ਫੋਨ ਚਾਰਜਰ ਦਾ ਬੰਦੋਬਸਤ ਕਰਨ ਗਿਆ ਸੀ ਕਿਉਂਕਿ ਚਾਰਜਰ ਮੈਂ ਕਿਤੇ ਗੁਆ ਬੈਠਾ ਸੀ। ਉਸੇ ਦੁਕਾਨ ਵਿੱਚੋਂ ਨਵਾਂ ਮੋਬਾਈਲ ਫੋਨ ਲੈ ਕੇ ਇੱਕ ਆਦਮੀ ਨੇ ਝੱਟ ਬੇਨਤੀ ਕਰ ਦਿੱਤੀ ਕਿ ਵ੍ਹਾਟਸਐਪ ਪਵਾਉਣ ਦੇ ਕਿੰਨੇ ਪੈਸੇ ਲੱਗਣਗੇ। ਦੁਕਾਨਦਾਰ ਨੇ ਜਵਾਬ ਦਿੱਤਾ ਕਿ ਤੀਹ ਰੁਪਏ ਵਿੱਚ ਪਾ ਦਵਾਂਗੇ। ਗਾਹਕ ਨੇ ਝੱਟ ਹਾਮੀ ਭਰ ਦਿੱਤੀ।

ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਵ੍ਹਾਟਸਐਪ ਦੇ ਵਿੱਚ ਦਿਲਚਸਪੀ ਕਿੱਥੋਂ ਤੱਕ ਵਧੀ ਹੋਈ ਹੈ। ਲੋਕਾਂ ਦਾ ਚਸਕਾ ਪੂਰਾ ਹੁੰਦਾ ਰਹਿੰਦਾ ਹੈ ਕਿ ਹਰ ਵੇਲੇ ਕੁਝ ਨਾ ਕੁਝ ਚੱਲਦਾ ਰਹਿੰਦਾ ਹੈ – ਸੁਨੇਹੇ ਪੱਤੇ ਤਾਂ ਬਹੁਤ ਥੋੜੇ ਲਾਏ ਜਾਂਦੇ ਹਨ। ਪਰ ਬਾਅਦ ਵਿੱਚ ਮਸਲਾ ਉਦੋਂ ਖੜ੍ਹਾ ਹੁੰਦਾ ਹੈ ਜਦ ਹਰ ਚਸਕਾ ਲੈਣ ਵਾਲੇ ਉੱਤੇ ਇਹ ਵੀ ਭੂਤ ਸਵਾਰ ਹੋ ਜਾਂਦਾ ਹੈ ਕਿ ਉਸ ਨੂੰ ਵੀ ਕੋਈ ਨਾ ਕੋਈ ਚੀਜ਼ ਹਰ ਵੇਲੇ ਅੱਗੇ ਤੋਂ ਅੱਗੇ ਸ਼ੇਅਰ-ਸਾਂਝੇ ਕਰਦੇ ਰਹਿਣਾ ਚਾਹੀਦਾ ਹੈ ਭਾਵੇਂ ਉਸ ਦਾ ਕੋਈ ਸੰਦਰਭ ਹੋਵੇ ਤੇ ਭਾਵੇਂ ਨਾ।

ਮੇਰੇ ਫੋਨ ਤੇ ਦੁਨੀਆਂ ਭਰ ਦੇ ਕੋਈ ਪੰਦਰਾਂ ਕੁ ਸੌ ਸੰਪਰਕ ਹਨ ਤੇ ਉਨ੍ਹਾਂ ਵਿੱਚ ਅੱਠ ਸੌ ਤੋਂ ਵੱਧ ਕੋਲ ਵ੍ਹਾਟਸਐਪ ਹੈ। ਇਸ ਤੋਂ ਤੁਸੀਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਵ੍ਹਾਟਸਐਪ ਤੇ ਮੈਨੂੰ ਕਿੰਨੀਆਂ ਕੁ ਨੋਟੀਫਿਕੇਸ਼ਨਜ਼-ਸੂਚਨਾਵਾਂ ਮਿਲਦੀਆਂ ਹੋਣਗੀਆਂ। ਇਸੇ ਕਰਕੇ ਮੈਂ ਵ੍ਹਾਟਸਐਪ ਦੀਆਂ ਸਾਰੀਆਂ ਨੋਟੀਫਿਕੇਸ਼ਨਜ਼-ਸੂਚਨਾਵਾਂ ਬੰਦ ਕੀਤੀਆਂ ਹੋਈਆਂ ਹਨ ਜੋ ਵਿਹਲ ਲੱਗਣ ਤੇ ਜਾਂ ਹਫ਼ਤਮ (ਵੀਕੈਂਡ) ਦੌਰਾਨ ਵੇਖ ਲੈਂਦਾ ਹਾਂ।

ਜਦੋਂ ਵੀ ਕੋਈ ਸੱਜਣ ਵ੍ਹਾਟਸਐਪ ਦੇ ਕਿਸੇ ਮੰਚ ਦੇ ਉੱਤੇ ਕੁਝ ਸ਼ੇਅਰ ਜਾਂ ਸਾਂਝਾ ਕਰਦਾ ਹੈ ਤਾਂ ਮੈਂ ਆਮ ਤੌਰ ਤੇ ਉਸ ਵਿੱਚ ਅੱਗੇ ਕੋਈ ਵਿਚਾਰ ਚਰਚਾ ਨਹੀਂ ਕਰਦਾ। ਪਰ ਜਦੋਂ ਮੇਰੀ ਜਾਣ ਪਛਾਣ ਵਾਲੇ ਨਿੱਜੀ ਦੋਸਤ ਕੋਈ ਨਾ ਕੋਈ ਚੀਜ਼ ਸਿੱਧੀ ਮੇਰੇ ਨਾਲ ਸ਼ੇਅਰ ਜਾਂ ਸਾਂਝਾ ਕਰਦੇ ਹਨ ਤਾਂ ਕਈ ਵਾਰ ਮੇਰੇ ਕੋਲੋਂ ਰਿਹਾ ਨਹੀਂ ਜਾਂਦਾ ਤੇ ਮੈਂ ਉਨ੍ਹਾਂ ਨੂੰ ਵਾਪਸੀ ਸੁਆਲ ਕਰ ਦਿੰਦਾ ਹਾਂ ਕਿ ਮੇਰੇ ਨਾਲ ਇਸ ਟੋਟਕੇ ਦਾ ਸਰੋਤ ਸਾਂਝਾ ਕਰੋ ਜਾਂ ਇਸ ਬਾਬਤ ਹੋਰ ਪੜਚੋਲ ਕਰੋ ਕਿਉਂਕਿ ਇਹ ਝੂਠੀ ਖ਼ਬਰ ਹੋ ਸਕਦੀ ਹੈ। ਮੇਰਾ ਇਹੋ ਜਿਹਾ ਜੁਆਬ ਪੜ੍ਹ ਕੇ ਕਈ ਸੱਜਣ ਮਿੱਤਰ ਤਾਂ ਫਿਰ ਫਾਲਤੂ ਟੋਟਕੇ ਸ਼ੇਅਰ-ਸਾਂਝੇ ਕਰਨ ਤੋਂ ਹਟ ਜਾਂਦੇ ਹਨ ਪਰ ਕਈ ਗੁੱਸਾ ਵੀ ਕਰ ਜਾਂਦੇ ਹਨ।

ਇੱਕ ਸੱਜਣ ਤਾਂ ਅੜ੍ਹ ਹੀ ਗਏ। ਜੁਆਬ ਵਿੱਚ ਉਹ ਘੜੀ-ਮੁੜੀ ਏਧਰ-ਉਧਰ ਦੀਆਂ ਯਬਲੀਆਂ ਛੱਡਦੇ ਰਹਿਣ। ਅਖੀਰ ਦੇ ਵਿੱਚ ਉਨ੍ਹਾਂ ਨੇ ਮੈਨੂੰ ਆਹ ਤਸਵੀਰ ਭੇਜ ਦਿੱਤੀ ਕਿ “ਲੋਕੀਂ ਉਹੀ ਸੁਣਦੇ ਹਨ ਜੋ ਉਹ ਸੁਣਨਾ ਚਾਹੁੰਦੇ ਹਨ”।

ਉਪਰੋਕਤ ਤਸਵੀਰ ਆਉਣ ਤੇ ਮੈਂ ਵੀ ਉਨ੍ਹਾਂ ਨਾਲ ਹੇਠਲਾ ਲਿੰਕ ਸਾਂਝਾ ਕਰ ਦਿੱਤਾ ਕਿ ਸੱਚ ਹਜ਼ਮ ਕਰਨਾ ਜਾਂ ਤੱਥਾਂ ਨੂੰ ਹਜ਼ਮ ਕਰਨਾ ਵੀ ਹਰ ਇੱਕ ਦੇ ਵੱਸ ਦਾ ਰੋਗ ਨਹੀਂ ਹੁੰਦਾ ਕਿਉਂਕਿ ਅਸੀਂ ਝੂਠ ਦੀ ਦੁਨੀਆਂ ਦੇ ਵਿੱਚ ਹੀ ਜਿਊਣਾ ਚਾਹੁੰਦੇ ਹਾਂ।
https://www.newyorker.com/magazine/2017/02/27/why-facts-dont-change-our-minds 

ਅਠਾਰਵੀਂ ਸਦੀ ਦੇ ਫ਼੍ਰਾਂਸੀਸੀ ਦਾਰਸ਼ਨਿਕ ਵੋਲਟੇਅਰ ਨੇ ਕਿਹਾ ਸੀ: ਮੂਰਖਾਂ ਨੂੰ ਉਨ੍ਹਾਂ ਜ਼ੰਜੀਰਾਂ ਤੋਂ ਅਜ਼ਾਦ ਕਰਾਉਣਾ ਬਹੁਤ ਔਖਾ ਹੈ ਜਿਨ੍ਹਾਂ ਦੀ ਉਹ ਪੂਜਾ ਕਰਦੇ ਹਨ।

ਕਿਸੇ ਜ਼ਮਾਨੇ ਵਿੱਚ ਸ਼ਰਾਬੀਆਂ ਨੂੰ ਇਹ ਨਸੀਹਤ ਦਿੱਤੀ ਜਾਂਦੀ ਸੀ ਕਿ ਜੇਕਰ ਸ਼ਰਾਬ ਛੱਡ ਨਹੀਂ ਸਕਦੇ ਤਾਂ ਸ਼ਰਾਬ ਨੂੰ ਆਪਣਾ ਗ਼ੁਲਾਮ ਬਣਾ ਕੇ ਰੱਖੋ ਨਾ ਕਿ ਤੁਸੀਂ ਇਸ ਦੇ ਗ਼ੁਲਾਮ ਬਣੋ। ਸੋ ਇਹੀ ਨਸੀਹਤ ਹੁਣ ਵ੍ਹਾਟਸਐਪ ਵਰਤਣ ਵਾਲਿਆਂ ਤੇ ਵੀ ਢੁੱਕਦੀ ਹੈ ਕਿ ਜੇ ਤੁਸੀਂ ਵ੍ਹਾਟਸਐਪ ਵਰਤਣੀ ਨਹੀਂ ਛੱਡ ਸਕਦੇ ਤਾਂ ਵ੍ਹਾਟਸਐਪ ਨੂੰ ਗ਼ੁਲਾਮ ਬਣਾ ਕੇ ਰੱਖੋ ਨਾ ਕਿ ਤੁਸੀਂ ਇਸ ਦੇ ਗ਼ੁਲਾਮ ਬਣ ਜਾਓ।