ਅੱਜ ਮੈਨੂੰ “ਪੰਜਾਬੀ ਭਾਸ਼ਾ ਦੇ ਸਰੋਕਾਰ” ਨਾਂ ਹੇਠ ਯੂਟਿਊਬ ਦੇ ਉੱਤੇ ਇੱਕ ਵੀਡੀਓ ਵੇਖਣ ਦਾ ਮੌਕਾ ਲੱਗਾ। ਇਸ ਵੀਡੀਓ ਵਿੱਚ ਬਰਤਾਨੀਆ ਤੋਂ ਸ: ਸ਼ਿੰਦਰ ਮਾਹਲ ਹੋਰਾਂ ਨੇ ਪੰਜਾਬੀ ਯੂਨਵਰਸਿਟੀ ਦੇ ਅਧਿਆਪਕਾਂ ਅਤੇ ਹੋਰ ਮਾਹਰਾਂ ਦੇ ਨਾਲ ਮਿਲ ਕੇ ਪੰਜਾਬੀ ਭਾਸ਼ਾ ਦੇ ਬਾਰੇ ਕਈ ਮੁੱਦਿਆਂ ਦੇ ਉੱਤੇ ਗੱਲ ਕੀਤੀ ਹੈ। ਮੁੱਖ ਤੌਰ ਤੇ ਵਿਸ਼ਾ ਸ਼ੁਰੂ ਵਿੱਚ ਪੰਜਾਬੀ ਟਾਈਪਿੰਗ ਅਤੇ ਇਨਸਕ੍ਰਿਪਟ ਕੀਬੋਰਡ ਦੇ ਆਲੇ ਦੁਆਲੇ ਹੀ ਘੁੰਮਦਾ ਰਿਹਾ ਜਿਸ ਦੇ ਬਾਰੇ ਇੱਕ ਪਾਸੇ ਇਹ ਕਿਹਾ ਗਿਆ ਕਿ ਬਹੁਤ ਸਾਰਾ ਕੰਮ ਹੋ ਚੁੱਕਾ ਹੈ ਤੇ ਦੂਜੇ ਪਾਸੇ ਪ੍ਰੋਫੈਸਰ ਜੋਗਾ ਸਿੰਘ ਦੇ ਕਹਿਣ ਮੁਤਾਬਕ ਵਾਧੇ ਅਤੇ ਸੋਧਾਂ ਕਰਨ ਖਾਤਰ ਹਾਲੇ ਬਹੁਤ ਸਾਰੀਆਂ ਮਨਜ਼ੂਰੀਆਂ ਲੈਣੀਆਂ ਬਾਕੀ ਹਨ। ਇਸ ਕਰਕੇ ਲੱਗਦਾ ਹੈ ਕਿ ਇਹ ਕੰਮ ਤਾਂ ਪੂਰੀ ਤਰ੍ਹਾਂ ਉਦੋਂ ਸ਼ੁਰੂ ਹੋਏਗਾ ਜਦੋਂ ਇਹ ਮਨਜ਼ੂਰੀਆਂ ਆ ਜਾਣਗੀਆਂ। ਪਰ ਇਹ ਸਭ ਕਿੰਨੀ ਕੁ ਦੇਰ ਵਿੱਚ ਹੋਵੇਗਾ, ਇਸ ਬਾਰੇ ਕੋਈ ਗੱਲਬਾਤ ਨਹੀਂ ਕੀਤੀ ਗਈ ਨਾ ਕੋਈ ਚਾਨਣਾ ਪਾਇਆ ਗਿਆ।
ਜਨਮੇਜਾ ਸਿੰਘ ਜੌਹਲ ਹੋਰਾਂ ਨੇ ਇਹ ਗੱਲ ਕਹੀ ਕਿ ਜੇ ਆਮ ਪੰਜਾਬੀ ਦਾ ਕੰਮ ਕੰਪਿਊਟਰ ਦੀ ਕਮਾਂਡ ਲਾਈਨ ਵਿੱਚ ਹੋਵੇ ਤਾਂ ਮੰਨਾਂਗੇ ਕਿ ਕੰਪਿਊਟਰ ਪੰਜਾਬੀ ਵਿੱਚ ਸੋਚਣ ਲੱਗ ਪਿਆ। ਇਹ ਗੱਲ ਤਾਂ ਸੌ ਫ਼ੀਸਦੀ ਠੀਕ ਹੈ ਪਰ ਅੜਿੱਕਾ ਇਹ ਵੀ ਹੈ ਕਿ ਜਦ ਸਾਡੇ ਕੋਲ ਪੰਜਾਬੀ ਦੇ ਸ਼ਬਦ ਨਹੀਂ ਹਨ ਜਾਂ ਹਾਲੇ ਤੱਕ ਸ਼ਬਦ ਘੜ੍ਹੇ ਹੀ ਨਹੀਂ ਗਏ ਤਾਂ ਫੇਰ ਸਾਨੂੰ ਪੰਜਾਬੀ ਵਿੱਚ ਕਮਾਂਡ ਲਾਈਨ ਕਰਨ ਦਾ ਫਾਇਦਾ ਵੀ ਕੋਈ ਨਹੀਂ।
ਡਾ: ਰਾਜਵਿੰਦਰ ਸਿੰਘ ਹੋਰਾਂ ਵਾਲਾ ਪੰਜਾਬੀ ਪੀਡੀਆ ਦਾ ਸਾਰਾ ਕੰਮ ਵਧੀਆ ਹੈ। ਪਰ ਖੋਜ ਖਿੜਕੀ ਬਹੁਤ ਘੱਟ ਸ਼ਬਦ ਲੱਭਦੀ ਹੈ। ਮੈਂ ਗੂਗਲ ਅਡਵਾਂਸਡ ਵੈਬ/ਡੋਮੇਨ ਖੋਜ ਰਾਹੀਂ ਇਕ ਸ਼ਬਦ ਦੇ ਲਗਭਗ ਹਜ਼ਾਰ ਨਤੀਜੇ ਕੱਢ ਲਏ ਪਰ ਪੰਜਾਬੀ ਪੀਡੀਆ ਦਾ ਮੂਲ ਖੋਜ ਜੰਤਰ ਉਸੇ ਸ਼ਬਦ ਦੇ ਸਿਰਫ਼ ਤਿੰਨ ਹੀ ਨਤੀਜੇ ਕੱਢ ਸਕਿਆ। ਜਾਂ ਤਾਂ ਪੰਜਾਬੀ ਪੀਡੀਆ ਦੇ ਮੂਲ ਖੋਜ ਜੰਤਰ ਦਾ ਮਿਆਰ ਬਹੁਤ ਉੱਚਾ ਚੁੱਕਣ ਦੀ ਲੋੜ ਹੈ ਜਾਂ ਫਿਰ ਇਸ ਵਿੱਚ ਗੂਗਲ ਖੋਜ ਜੰਤਰ ਜੜ ਦੇਣਾ ਚਾਹੀਦਾ ਹੈ।
ਡਾ: ਕੰਬੋਜ ਹੋਰਾਂ ਨੇ ਜਿਸ ਤਰ੍ਹਾਂ ਗੱਲ ਕੀਤੀ ਕਿ ਅੱਖਰ ਸਾਫਟਵੇਅਰ ਬਹੁਤ ਵਧੀਆ ਹੈ, ਚੰਗਾ ਹੁੰਦਾ ਜੇਕਰ ਛਿੰਦਰ ਮਾਹਲ ਹੋਰੀਂ ਛਾਪਾ ਮਾਰ ਕੇ ਇਹ ਵੇਖਦੇ ਕਿ ਪੰਜਾਬੀ ਯੂਨੀਵਰਸਿਟੀ ਦੇ ਕਿੰਨਿਆਂ ਕੰਪਿਊਟਰਾਂ ਉੱਤੇ ਅੱਖਰ ਵਰਤਿਆ ਜਾ ਰਿਹਾ ਹੈ? ਉਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਵਿਭਾਗਾਂ ਵਿੱਚ ਕਿੰਨੇਂ ਇਨਸਕ੍ਰਿਪਟ ਕੀਬੋਰਡ ਪਏ ਹੋਏ ਹਨ?
ਡਾ: ਕੰਬੋਜ ਨੇ ਚਲ-ਚਿੱਤਰ ਐਨੀਮੇਸ਼ਨ ਦੇ ਲਈ ਕੰਪਿਊਟਰ ਦੇ ਵਿਦਿਆਰਥੀਆਂ ਨੂੰ ਕੁਝ ਇਸ ਪਾਸੇ ਕੰਮ ਕਰਨ ਲਈ ਸੱਦਾ ਦਿੱਤਾ ਪਰ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਹੈ। ਬਾਹਰਲੇ ਮੁਲਕਾਂ ਦੇ ਵਿੱਚ ਐਨੀਮੇਸ਼ਨ ਦੀਆਂ ਪੂਰੀਆਂ ਡਿਗਰੀਆਂ ਹਨ ਕਿਉਂਕਿ ਇਹ ਵੱਖਰੀ ਕਿਸਮ ਦਾ ਪੂਰੀ-ਪੂਰੀ ਖਾਸੀਅਤ ਵਾਲਾ ਕੰਮ ਹੈ। ਕੀ ਪੰਜਾਬੀ ਯੂਨੀਵਰਸਿਟੀ ਇਹ ਡਿਗਰੀ ਕਰਵਾਉਂਦੀ ਹੈ? ਇਸ ਬਾਰੇ ਕੋਈ ਜਾਚਕਾਰੀ ਨਹੀਂ ਦਿੱਤੀ ਗਈ।
ਇਨਸਕ੍ਰਿਪਟ ਕੀਬੋਰਡ ਦੀ ਵਰਤੋਂ ਵਧਾਉਣਾ ਚਾਹੁੰਦੇ ਹੋ ਤਾਂ ਮੇਰਾ ਇਹ ਸੁਝਾਅ ਹੈ ਕਿ ਇਹਦਾ ਹਰ ਸਾਲ ਇੱਕ ਮੁਕਾਬਲਾ ਕਰਵਾਇਆ ਜਾਵੇ। ਮੁਕਾਬਲਾ ਕਰਵਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬੀ ਹਰ ਸਾਲ ਕਰੋੜਾਂ ਰੁਪਏ ਨਸ਼ੇੜੀ-ਕਬੂਤਰਬਾਜ਼-ਸਟੀਰੌਇਡ ਕਬੱਡੀ ਦੇ ਨਾਂ ਦੇ ਉੱਤੇ ਖੱਚਤ ਕਰ ਦਿੰਦੇ ਹਨ ਤਾਂ ਪੰਜਾਬ ਦੇ ਵਿੱਚ ਸਾਲ ਵਿੱਚ ਇੱਕ ਵਾਰੀ ਇਨਸਕ੍ਰਿਪਟ ਪੰਜਾਬੀ ਟਾਈਪਿੰਗ ਦਾ ਮੁਕਾਬਲਾ ਕਿਉਂ ਨਹੀਂ ਹੋ ਸਕਦਾ? ਜਿੱਤਣ ਵਾਲੇ ਨੂੰ ਲੱਖ ਰੁਪਏ ਦਾ ਇਨਾਮ ਦੂਜੇ ਨੰਬਰ ਤੇ ਆਉਣ ਵਾਲੇ ਨੂੰ ਪੰਜਾਹ ਹਜ਼ਾਰ ਤੀਜੇ ਨੰਬਰ ਤੇ ਤੀਹ ਹਜ਼ਾਰ ਦਾ ਇਨਾਮ ਹੋਣਾ ਚਾਹੀਦਾ ਹੈ। ਜੇਕਰ ਯੂਕੇ ਦਾ ਪੰਜਾਬੀ ਵਿਕਾਸ ਮੰਚ ਇਸ ਦਾ ਪੰਜਾਬ ਵਿੱਚ ਪ੍ਰਬੰਧਨ ਕਰਦਾ ਹੈ ਤਾਂ ਉਨ੍ਹਾਂ ਨੂੰ ਇਹ ਕਹਿਣਾ ਚਾਹੀਦਾ ਕਿ ਪੰਜਾਬ ਸਰਕਾਰ ਮੁਕਾਬਲਾ ਕਰਵਾਉਣ ਲਈ ਜਗ੍ਹਾ ਦੇਵੇ ਅਤੇ ਇਨਾਮ ਦੇ ਅੱਧੇ ਰੁਪਈਏ। ਕਿਸੇ ਇੱਕ ਬੰਦੇ ਜੋਗਾ ਨਾ ਇਹ ਮੁਕਾਬਲਾ ਬਣ ਕੇ ਰਹਿ ਜਾਵੇ ਇਸ ਲਈ ਪਹਿਲਾ ਇਨਾਮ ਜਿੱਤਣ ਵਾਲਾ ਅਗਲੇ ਸਾਲ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਦੇ ਯੋਗ ਨਹੀਂ ਹੋਣਾ ਚਾਹੀਦਾ। ਹਾਂ ਇਸ ਗੱਲ ਦਾ ਸ਼ੁਗਲੀਆ ਮੁਕਾਬਲਾ ਹੋ ਸਕਦਾ ਹੈ ਕਿ ਇਸ ਸਾਲ ਦਾ ਪਹਿਲਾ ਇਨਾਮ ਜਿੱਤਣ ਵਾਲਾ ਕੀ ਪਿਛਲੇ ਸਾਲ ਦਾ ਪਹਿਲਾ ਇਨਾਮ ਜਿੱਤਣ ਵਾਲੇ ਨਾਲੋਂ ਵੀ ਤੇਜ਼ ਟਾਈਪ ਕਰ ਸਕਦਾ ਹੈ?
ਅਖ਼ੀਰ ਵਿੱਚ ਪ੍ਰੋਫੈਸਰ ਜੋਗਾ ਸਿੰਘ ਨੇ ਡਿਜੀਟਲ ਲਈ ਵੀ ਬਿਜਲਈ, ਸਮਾਜਿਕ ਮਾਧਿਅਮ ਲਈ ਵੀ ਬਿਜਲਈ ਅਤੇ ਇਲੈਕਟ੍ਰੌਨਿਕ ਲਈ ਵੀ ਮੈਂ ਕਈਆਂ ਨੂੰ ਬਿਜਲਈ ਵਰਤਦੇ ਸੁਣਿਆ ਹੈ। ਪਰ ਬਿਜਲਈ ਤਾਂ ਇਲੈਕਟ੍ਰੀਕਲ ਹੁੰਦਾ ਹੈ। ਸੋ ਪ੍ਰੋਫੈਸਰ ਸਾਹਿਬਾਨ ਨੂੰ ਬੇਨਤੀ ਹੈ ਕਿ ਪੰਜਾਬੀ ਦੇ ਸ਼ਬਦ ਘੜ੍ਹੋ ਅਤੇ ਪਰਚਾਰੋ।
ਇਸ ਵੀਡੀਓ ਦੇ ਵਿੱਚ ਛੋਟੀ ਜਿਹੀਆਂ ਤਿੰਨ ਤਕਨੀਕੀ ਕਮੀਆਂ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਛਿੰਦਰ ਮਾਹਲ ਹੋਰਾਂ ਨੇ ਇਹ ਨਹੀਂ ਦੱਸਿਆ ਕਿ ਇਹ ਗੱਲਬਾਤ ਕਿਸ ਦਿਨ ਰਿਕਾਰਡ ਕੀਤੀ ਗਈ। ਫੇਰ ਜਿਹੜੀ ਮਾਹਰਾਂ ਦੇ ਨਾਲ ਜਾਣ ਪਛਾਣ ਕਰਾਈ ਗਈ ਉਹ ਇੰਨੀ ਸੰਖੇਪ ਸੀ ਕਿ ਜਿਵੇਂ ਸਾਰਿਆਂ ਨੂੰ ਪਹਿਲਾਂ ਹੀ ਪਤਾ ਹੀ ਹੋਵੇ ਕਿ ਮਾਹਰ ਕੌਣ ਹਨ। ਉਨ੍ਹਾਂ ਦੇ ਬਾਰੇ ਥੋੜ੍ਹੀ ਵਧੇਰੀ ਜਾਣਕਾਰੀ ਦੇਣੀ ਬਣਦੀ ਹੈ ਤਾਂ ਕਿ ਜਿਹੜੇ ਨਵੇਂ ਸਰੋਤੇ ਜਾਂ ਦਰਸ਼ਕ ਜੁੜਦੇ ਹਨ ਉਨ੍ਹਾਂ ਨੂੰ ਵੀ ਪਤਾ ਲੱਗ ਜਾਵੇ। ਵੀਡੀਓ ਦੇ ਵਿੱਚ ਡਾ: ਕੰਬੋਜ ਹੋਰਾਂ ਜਿਹੜੀਆਂ ਦੋ ਵੈਬ ਕੜੀਆਂ ਦਿੱਤੀਆਂ ਸਨ ਅਤੇ ਜਿਹੜੇ ਮਾਹਰ ਸਨ ਉਨ੍ਹਾਂ ਦੇ ਬਾਰੇ ਵਿਸਥਾਰ ਸਹਿਤ ਵੇਰਵਾ ਯੂਟਿਊਬ ਦੇ ਵੀਡੀਓ ਦੇ ਥੱਲੇ ਪਾ ਦੇਣਾ ਚਾਹੀਦਾ ਸੀ।