Posted in ਚਰਚਾ

ਪੰਜਾਬੀ ਭਾਸ਼ਾ ਦੇ ਸਰੋਕਾਰ

ਅੱਜ ਮੈਨੂੰ “ਪੰਜਾਬੀ ਭਾਸ਼ਾ ਦੇ ਸਰੋਕਾਰ” ਨਾਂ ਹੇਠ ਯੂਟਿਊਬ ਦੇ ਉੱਤੇ ਇੱਕ ਵੀਡੀਓ ਵੇਖਣ ਦਾ ਮੌਕਾ ਲੱਗਾ। ਇਸ ਵੀਡੀਓ ਵਿੱਚ ਬਰਤਾਨੀਆ ਤੋਂ ਸ: ਸ਼ਿੰਦਰ ਮਾਹਲ ਹੋਰਾਂ ਨੇ ਪੰਜਾਬੀ ਯੂਨਵਰਸਿਟੀ ਦੇ ਅਧਿਆਪਕਾਂ ਅਤੇ ਹੋਰ ਮਾਹਰਾਂ ਦੇ ਨਾਲ ਮਿਲ ਕੇ ਪੰਜਾਬੀ ਭਾਸ਼ਾ ਦੇ ਬਾਰੇ ਕਈ ਮੁੱਦਿਆਂ ਦੇ ਉੱਤੇ ਗੱਲ ਕੀਤੀ ਹੈ। ਮੁੱਖ ਤੌਰ ਤੇ ਵਿਸ਼ਾ ਸ਼ੁਰੂ ਵਿੱਚ ਪੰਜਾਬੀ ਟਾਈਪਿੰਗ ਅਤੇ ਇਨਸਕ੍ਰਿਪਟ ਕੀਬੋਰਡ ਦੇ ਆਲੇ ਦੁਆਲੇ ਹੀ ਘੁੰਮਦਾ ਰਿਹਾ ਜਿਸ ਦੇ ਬਾਰੇ ਇੱਕ ਪਾਸੇ ਇਹ ਕਿਹਾ ਗਿਆ ਕਿ ਬਹੁਤ ਸਾਰਾ ਕੰਮ ਹੋ ਚੁੱਕਾ ਹੈ ਤੇ ਦੂਜੇ ਪਾਸੇ ਪ੍ਰੋਫੈਸਰ ਜੋਗਾ ਸਿੰਘ ਦੇ ਕਹਿਣ ਮੁਤਾਬਕ ਵਾਧੇ ਅਤੇ ਸੋਧਾਂ ਕਰਨ ਖਾਤਰ ਹਾਲੇ ਬਹੁਤ ਸਾਰੀਆਂ ਮਨਜ਼ੂਰੀਆਂ ਲੈਣੀਆਂ ਬਾਕੀ ਹਨ। ਇਸ ਕਰਕੇ ਲੱਗਦਾ ਹੈ ਕਿ ਇਹ ਕੰਮ ਤਾਂ ਪੂਰੀ ਤਰ੍ਹਾਂ ਉਦੋਂ ਸ਼ੁਰੂ ਹੋਏਗਾ ਜਦੋਂ ਇਹ ਮਨਜ਼ੂਰੀਆਂ ਆ ਜਾਣਗੀਆਂ।  ਪਰ ਇਹ ਸਭ ਕਿੰਨੀ ਕੁ ਦੇਰ ਵਿੱਚ ਹੋਵੇਗਾ, ਇਸ ਬਾਰੇ ਕੋਈ ਗੱਲਬਾਤ ਨਹੀਂ ਕੀਤੀ ਗਈ ਨਾ ਕੋਈ ਚਾਨਣਾ ਪਾਇਆ ਗਿਆ।   

ਜਨਮੇਜਾ ਸਿੰਘ ਜੌਹਲ ਹੋਰਾਂ ਨੇ ਇਹ ਗੱਲ ਕਹੀ ਕਿ ਜੇ ਆਮ ਪੰਜਾਬੀ ਦਾ ਕੰਮ ਕੰਪਿਊਟਰ ਦੀ ਕਮਾਂਡ ਲਾਈਨ ਵਿੱਚ ਹੋਵੇ ਤਾਂ ਮੰਨਾਂਗੇ ਕਿ ਕੰਪਿਊਟਰ ਪੰਜਾਬੀ ਵਿੱਚ ਸੋਚਣ ਲੱਗ ਪਿਆ। ਇਹ ਗੱਲ ਤਾਂ ਸੌ ਫ਼ੀਸਦੀ ਠੀਕ ਹੈ ਪਰ ਅੜਿੱਕਾ ਇਹ ਵੀ ਹੈ ਕਿ ਜਦ ਸਾਡੇ ਕੋਲ ਪੰਜਾਬੀ ਦੇ ਸ਼ਬਦ ਨਹੀਂ ਹਨ ਜਾਂ ਹਾਲੇ ਤੱਕ ਸ਼ਬਦ ਘੜ੍ਹੇ ਹੀ ਨਹੀਂ ਗਏ ਤਾਂ ਫੇਰ ਸਾਨੂੰ ਪੰਜਾਬੀ ਵਿੱਚ ਕਮਾਂਡ ਲਾਈਨ ਕਰਨ ਦਾ ਫਾਇਦਾ ਵੀ ਕੋਈ ਨਹੀਂ।

ਡਾ: ਰਾਜਵਿੰਦਰ ਸਿੰਘ ਹੋਰਾਂ ਵਾਲਾ ਪੰਜਾਬੀ ਪੀਡੀਆ ਦਾ ਸਾਰਾ ਕੰਮ ਵਧੀਆ ਹੈ। ਪਰ ਖੋਜ ਖਿੜਕੀ ਬਹੁਤ ਘੱਟ ਸ਼ਬਦ ਲੱਭਦੀ ਹੈ। ਮੈਂ ਗੂਗਲ ਅਡਵਾਂਸਡ ਵੈਬ/ਡੋਮੇਨ ਖੋਜ ਰਾਹੀਂ ਇਕ ਸ਼ਬਦ ਦੇ ਲਗਭਗ ਹਜ਼ਾਰ ਨਤੀਜੇ ਕੱਢ ਲਏ ਪਰ ਪੰਜਾਬੀ ਪੀਡੀਆ ਦਾ ਮੂਲ ਖੋਜ ਜੰਤਰ ਉਸੇ ਸ਼ਬਦ ਦੇ ਸਿਰਫ਼ ਤਿੰਨ ਹੀ ਨਤੀਜੇ ਕੱਢ ਸਕਿਆ। ਜਾਂ ਤਾਂ ਪੰਜਾਬੀ ਪੀਡੀਆ ਦੇ ਮੂਲ ਖੋਜ ਜੰਤਰ ਦਾ ਮਿਆਰ ਬਹੁਤ ਉੱਚਾ ਚੁੱਕਣ ਦੀ ਲੋੜ ਹੈ ਜਾਂ ਫਿਰ ਇਸ ਵਿੱਚ ਗੂਗਲ ਖੋਜ ਜੰਤਰ ਜੜ ਦੇਣਾ ਚਾਹੀਦਾ ਹੈ। 

ਡਾ: ਕੰਬੋਜ ਹੋਰਾਂ ਨੇ ਜਿਸ ਤਰ੍ਹਾਂ ਗੱਲ ਕੀਤੀ ਕਿ ਅੱਖਰ ਸਾਫਟਵੇਅਰ ਬਹੁਤ ਵਧੀਆ ਹੈ, ਚੰਗਾ ਹੁੰਦਾ ਜੇਕਰ ਛਿੰਦਰ ਮਾਹਲ ਹੋਰੀਂ ਛਾਪਾ ਮਾਰ ਕੇ ਇਹ ਵੇਖਦੇ ਕਿ ਪੰਜਾਬੀ ਯੂਨੀਵਰਸਿਟੀ ਦੇ ਕਿੰਨਿਆਂ ਕੰਪਿਊਟਰਾਂ ਉੱਤੇ ਅੱਖਰ ਵਰਤਿਆ ਜਾ ਰਿਹਾ ਹੈ? ਉਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਵਿਭਾਗਾਂ ਵਿੱਚ ਕਿੰਨੇਂ ਇਨਸਕ੍ਰਿਪਟ ਕੀਬੋਰਡ ਪਏ ਹੋਏ ਹਨ?

ਡਾ: ਕੰਬੋਜ ਨੇ ਚਲ-ਚਿੱਤਰ ਐਨੀਮੇਸ਼ਨ ਦੇ ਲਈ ਕੰਪਿਊਟਰ ਦੇ ਵਿਦਿਆਰਥੀਆਂ ਨੂੰ ਕੁਝ ਇਸ ਪਾਸੇ ਕੰਮ ਕਰਨ ਲਈ ਸੱਦਾ ਦਿੱਤਾ ਪਰ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਹੈ। ਬਾਹਰਲੇ ਮੁਲਕਾਂ ਦੇ ਵਿੱਚ ਐਨੀਮੇਸ਼ਨ ਦੀਆਂ ਪੂਰੀਆਂ ਡਿਗਰੀਆਂ ਹਨ ਕਿਉਂਕਿ ਇਹ ਵੱਖਰੀ ਕਿਸਮ ਦਾ ਪੂਰੀ-ਪੂਰੀ ਖਾਸੀਅਤ ਵਾਲਾ ਕੰਮ ਹੈ। ਕੀ ਪੰਜਾਬੀ ਯੂਨੀਵਰਸਿਟੀ ਇਹ ਡਿਗਰੀ ਕਰਵਾਉਂਦੀ ਹੈ? ਇਸ ਬਾਰੇ ਕੋਈ ਜਾਚਕਾਰੀ ਨਹੀਂ ਦਿੱਤੀ ਗਈ। 

ਇਨਸਕ੍ਰਿਪਟ ਕੀਬੋਰਡ ਦੀ ਵਰਤੋਂ ਵਧਾਉਣਾ ਚਾਹੁੰਦੇ ਹੋ ਤਾਂ ਮੇਰਾ ਇਹ ਸੁਝਾਅ ਹੈ ਕਿ ਇਹਦਾ ਹਰ ਸਾਲ ਇੱਕ ਮੁਕਾਬਲਾ ਕਰਵਾਇਆ ਜਾਵੇ। ਮੁਕਾਬਲਾ ਕਰਵਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬੀ ਹਰ ਸਾਲ ਕਰੋੜਾਂ ਰੁਪਏ ਨਸ਼ੇੜੀ-ਕਬੂਤਰਬਾਜ਼-ਸਟੀਰੌਇਡ ਕਬੱਡੀ ਦੇ ਨਾਂ ਦੇ ਉੱਤੇ ਖੱਚਤ ਕਰ ਦਿੰਦੇ ਹਨ ਤਾਂ ਪੰਜਾਬ ਦੇ ਵਿੱਚ ਸਾਲ ਵਿੱਚ ਇੱਕ ਵਾਰੀ ਇਨਸਕ੍ਰਿਪਟ ਪੰਜਾਬੀ ਟਾਈਪਿੰਗ ਦਾ ਮੁਕਾਬਲਾ ਕਿਉਂ ਨਹੀਂ ਹੋ ਸਕਦਾ? ਜਿੱਤਣ ਵਾਲੇ ਨੂੰ ਲੱਖ ਰੁਪਏ ਦਾ ਇਨਾਮ ਦੂਜੇ ਨੰਬਰ ਤੇ ਆਉਣ ਵਾਲੇ ਨੂੰ ਪੰਜਾਹ ਹਜ਼ਾਰ ਤੀਜੇ ਨੰਬਰ ਤੇ ਤੀਹ ਹਜ਼ਾਰ ਦਾ ਇਨਾਮ ਹੋਣਾ ਚਾਹੀਦਾ ਹੈ। ਜੇਕਰ ਯੂਕੇ ਦਾ ਪੰਜਾਬੀ ਵਿਕਾਸ ਮੰਚ ਇਸ ਦਾ ਪੰਜਾਬ ਵਿੱਚ ਪ੍ਰਬੰਧਨ ਕਰਦਾ ਹੈ ਤਾਂ ਉਨ੍ਹਾਂ ਨੂੰ ਇਹ ਕਹਿਣਾ ਚਾਹੀਦਾ ਕਿ ਪੰਜਾਬ ਸਰਕਾਰ ਮੁਕਾਬਲਾ ਕਰਵਾਉਣ ਲਈ ਜਗ੍ਹਾ ਦੇਵੇ ਅਤੇ ਇਨਾਮ ਦੇ ਅੱਧੇ ਰੁਪਈਏ। ਕਿਸੇ ਇੱਕ ਬੰਦੇ ਜੋਗਾ ਨਾ ਇਹ ਮੁਕਾਬਲਾ ਬਣ ਕੇ ਰਹਿ ਜਾਵੇ ਇਸ ਲਈ ਪਹਿਲਾ ਇਨਾਮ ਜਿੱਤਣ ਵਾਲਾ ਅਗਲੇ ਸਾਲ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਦੇ ਯੋਗ ਨਹੀਂ ਹੋਣਾ ਚਾਹੀਦਾ। ਹਾਂ ਇਸ ਗੱਲ ਦਾ ਸ਼ੁਗਲੀਆ ਮੁਕਾਬਲਾ ਹੋ ਸਕਦਾ ਹੈ ਕਿ ਇਸ ਸਾਲ ਦਾ ਪਹਿਲਾ ਇਨਾਮ ਜਿੱਤਣ ਵਾਲਾ ਕੀ ਪਿਛਲੇ ਸਾਲ ਦਾ ਪਹਿਲਾ ਇਨਾਮ ਜਿੱਤਣ ਵਾਲੇ ਨਾਲੋਂ ਵੀ ਤੇਜ਼ ਟਾਈਪ ਕਰ ਸਕਦਾ ਹੈ?

ਅਖ਼ੀਰ ਵਿੱਚ ਪ੍ਰੋਫੈਸਰ ਜੋਗਾ ਸਿੰਘ ਨੇ ਡਿਜੀਟਲ ਲਈ ਵੀ ਬਿਜਲਈ, ਸਮਾਜਿਕ ਮਾਧਿਅਮ ਲਈ ਵੀ ਬਿਜਲਈ ਅਤੇ ਇਲੈਕਟ੍ਰੌਨਿਕ ਲਈ ਵੀ ਮੈਂ ਕਈਆਂ ਨੂੰ ਬਿਜਲਈ ਵਰਤਦੇ ਸੁਣਿਆ ਹੈ। ਪਰ ਬਿਜਲਈ ਤਾਂ ਇਲੈਕਟ੍ਰੀਕਲ ਹੁੰਦਾ ਹੈ। ਸੋ ਪ੍ਰੋਫੈਸਰ ਸਾਹਿਬਾਨ ਨੂੰ ਬੇਨਤੀ ਹੈ ਕਿ ਪੰਜਾਬੀ ਦੇ ਸ਼ਬਦ ਘੜ੍ਹੋ ਅਤੇ ਪਰਚਾਰੋ। 

ਇਸ ਵੀਡੀਓ ਦੇ ਵਿੱਚ ਛੋਟੀ ਜਿਹੀਆਂ ਤਿੰਨ ਤਕਨੀਕੀ ਕਮੀਆਂ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਛਿੰਦਰ ਮਾਹਲ ਹੋਰਾਂ ਨੇ ਇਹ ਨਹੀਂ ਦੱਸਿਆ ਕਿ ਇਹ ਗੱਲਬਾਤ ਕਿਸ ਦਿਨ ਰਿਕਾਰਡ ਕੀਤੀ ਗਈ। ਫੇਰ ਜਿਹੜੀ ਮਾਹਰਾਂ ਦੇ ਨਾਲ ਜਾਣ ਪਛਾਣ ਕਰਾਈ ਗਈ ਉਹ ਇੰਨੀ ਸੰਖੇਪ ਸੀ ਕਿ ਜਿਵੇਂ ਸਾਰਿਆਂ ਨੂੰ ਪਹਿਲਾਂ ਹੀ ਪਤਾ ਹੀ ਹੋਵੇ ਕਿ ਮਾਹਰ ਕੌਣ ਹਨ। ਉਨ੍ਹਾਂ ਦੇ ਬਾਰੇ ਥੋੜ੍ਹੀ ਵਧੇਰੀ ਜਾਣਕਾਰੀ ਦੇਣੀ ਬਣਦੀ ਹੈ ਤਾਂ ਕਿ ਜਿਹੜੇ ਨਵੇਂ ਸਰੋਤੇ ਜਾਂ ਦਰਸ਼ਕ ਜੁੜਦੇ ਹਨ ਉਨ੍ਹਾਂ ਨੂੰ ਵੀ ਪਤਾ ਲੱਗ ਜਾਵੇ।  ਵੀਡੀਓ ਦੇ ਵਿੱਚ ਡਾ: ਕੰਬੋਜ ਹੋਰਾਂ ਜਿਹੜੀਆਂ ਦੋ ਵੈਬ ਕੜੀਆਂ ਦਿੱਤੀਆਂ ਸਨ ਅਤੇ ਜਿਹੜੇ ਮਾਹਰ ਸਨ ਉਨ੍ਹਾਂ ਦੇ ਬਾਰੇ ਵਿਸਥਾਰ ਸਹਿਤ ਵੇਰਵਾ ਯੂਟਿਊਬ ਦੇ ਵੀਡੀਓ ਦੇ ਥੱਲੇ ਪਾ ਦੇਣਾ ਚਾਹੀਦਾ ਸੀ।   

Posted in ਚਰਚਾ, ਖ਼ਬਰਾਂ

ਦੈਵੋਸ 2020

ਦੈਵੋਸ, ਸਵਿਟਜ਼ਰਲੈਂਡ ਦਾ ਇੱਕ ਅਜਿਹਾ ਰਮਣੀਕ ਇਲਾਕਾ ਹੈ ਜਿੱਥੇ ਹਰ ਸਾਲ ਦੁਨੀਆਂ ਭਰ ਦੇ ਆਗੂ ਵੱਰਲਡ ਇਕਨੌਮਿਕ ਫੋਰਮ ਦੇ ਲਈ ਇਕੱਠੇ ਹੁੰਦੇ ਹਨ। ਇਸ ਸਾਲ ਫੋਰਮ ਦਾ 50ਵਾਂ ਇਕੱਠ ਸੀ ਜੋ 21-24 ਜਨਵਰੀ 2020 ਦੌਰਾਨ ਹੋਇਆ।

ਅਰਥਚਾਰੇ ਬਾਰੇ ਗੱਲ ਕਰਨ ਲਈ ਇਹ ਆਗੂ ਸਿਰਫ਼ ਸਰਕਾਰਾਂ ਦੇ ਹੀ ਨਹੀਂ ਸਗੋਂ ਦੁਨੀਆ ਭਰ ਦੀਆਂ ਬਹੁ-ਮੁਲਕੀ ਨਿੱਜੀ ਕੰਪਨੀਆਂ ਦੇ ਆਗੂ ਵੀ ਹੁੰਦੇ ਹਨ ਜਿਨ੍ਹਾਂ ਨੂੰ ਲਿਆਉਣ ਦੇ ਲਈ ਘੱਟੋ ਘੱਟ ਪੰਦਰਾਂ ਸੌ ਨਿਜੀ ਜੈੱਟ ਜਹਾਜ਼ ਦੈਵੋਸ ਪਹੁੰਚਦੇ ਹਨ। ਇਸ ਫੋਰਮ ਬਾਰੇ ਜੇ ਤਫ਼ਸੀਲ ਵਿੱਚ ਗੱਲ ਕਰਨੀ ਹੋਵੇ ਤਾਂ ਉਹ ਬਹੁਤ ਹੀ ਲੰਮੀ ਹੋ ਜਾਏਗੀ ਪਰ ਮੈਂ ਇੱਥੇ ਦੋ ਵੰਨਗੀਆਂ ਪੇਸ਼ ਕਰ ਰਿਹਾ ਹਾਂ।

ਇੱਕ ਪਾਸੇ ਤਾਂ ਪ੍ਰੋਫੈਸਰ ਨਿਆਲ ਫਰਗੁਸਨ ਦਾ ਇਹ ਵਿਚਾਰ ਵਟਾਂਦਰਾ ਕਿ ਕਿਵੇਂ ਲੋਕ ਚਾਹੁੰਦੇ ਹਨ ਕਿ ਟਰੰਪ ਇੱਕ ਵਾਰ ਮੁੜ ਰਾਸ਼ਟਰਪਤੀ ਬਣੇ ਜਿਸ ਦੇ ਪਿੱਛੇ ਕਾਰਨ ਇਹ ਹੈ ਕਿ ਉਸ ਨੇ ਅੱਜ ਤੱਕ ਜੋ ਵੀ ਕੀਤਾ ਹੈ ਉਹਦੇ ਨਾਲ ਦੁਨੀਆਂ ਦੇ ਅਮੀਰ ਆਦਮੀ ਹੋਰ ਅਮੀਰ ਹੁੰਦੇ ਜਾ ਰਹੇ ਹਨ। ਹੇਠਲੇ ਟਵਿੱਟਰ ਲਿੰਕ ਦੇ ਵਿੱਚ ਇਹ ਵਿਚਾਰ ਸੁਣੋ:   

ਦੂਜੇ ਪਾਸੇ ਮੈਂ ਦੈਵੋਸ ਦੇ ਪਿਛਲੇ ਸਾਲ ਦੇ ਫੋਰਮ ਤੋਂ ਇੱਕ ਵੀਡੀਓ ਪਾ ਰਿਹਾ ਹਾਂ ਰੱਟਜੱਰ ਬਰੈਗਮਨ ਦਾ ਜਿਸ ਦੇ ਵਿੱਚ ਉਸ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜਦ ਇਹ ਸਵਾਲ ਖੜ੍ਹਾ ਕੀਤਾ ਜਾਂਦਾ ਹੈ ਕਿ ਦੁਨੀਆਂ ਦੇ ਧੰਨਾਢ ਲੋਕ ਹੋਰ ਵੀ ਅਮੀਰ ਹੁੰਦੇ ਜਾ ਰਹੇ ਹਨ ਤਾਂ ਅਜਿਹੇ ਸਵਾਲਾਂ ਨੂੰ ਦੱਬਣ ਲਈ ਮੋੜਵੇਂ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਸਾਨੂੰ ਸਵਾਲ ਨਾ ਕਰੋ ਕਿਉਂਕਿ ਹੁਣ ਵਧੇਰੇ ਲੋਕ ਨੌਕਰੀਆਂ ਕਰ ਰਹੇ ਹਨ ਅਤੇ ਬੇਰੁਜ਼ਗਾਰੀ ਘੱਟ ਰਹੀ ਹੈ। ਤਾਂ ਧੰਨਾਢਾਂ ਦੀ ਅਮੀਰੀ ਬਾਰੇ ਸਵਾਲ ਖੜ੍ਹਾ ਕਰਣ ਵਾਲਿਆਂ ਨੇ ਇਹ ਮਿਸਾਲ ਦਿੱਤੀ ਕਿ ਕੀ ਤੁਸੀਂ ਇਸ ਕੰਮ ਨੂੰ ਨੌਕਰੀ ਕਹਿੰਦੇ ਹੋ ਜਿੱਥੇ ਅਮਰੀਕਾ ਦੇ ਵਿੱਚ ਮੁਰਗ਼ੀ ਮਾਸ ਦੀਆਂ ਕੰਪਨੀਆਂ ਦੇ ਕੰਮ ਲਈ ਕਾਮਿਆਂ ਨੂੰ ਪੋਤੜਾ (ਡਾਇਪਰ) ਪਾ ਕੇ ਜਾਣਾ ਪੈਂਦਾ ਹੈ ਕਿਉਂਕਿ ਇਸ ਕੰਮ ਤੇ ਕਾਮਿਆਂ ਨੂੰ ਪਿਸ਼ਾਬ ਕਰਨ ਜਾਣ ਦੇ ਲਈ ਵੀ ਕੋਈ ਛੋਟ ਨਹੀਂ ਮਿਲਦੀ ਅਤੇ ਬਿਨਾਂ ਰੁਕੇ ਕਾਮਿਆਂ ਨੂੰ ਪੂਰੇ ਘੰਟੇ ਕੰਮ ਕਰਨਾ ਪੈਂਦਾ ਹੈ। ਇਸ ਗੱਲਬਾਤ ਨੂੰ ਵੇਖਣ ਦੇ ਲਈ ਹੇਠਲਾ ਯੂਟਿਊਬ ਲਿੰਕ ਕਲਿੱਕ ਕਰੋ:

ਅਖੀਰ ਵਿੱਚ ਇੱਕ ਹੋਰ ਲੇਖ ਦਾ ਲਿੰਕ ਸਾਂਝਾ ਕਰ ਰਿਹਾ ਹਾਂ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਕਿਵੇਂ ਦੁਨੀਆਂ ਦਾ ਅਜੋਕਾ ਅਰਥਚਾਰਾ ਤੁਹਾਨੂੰ ਗ਼ੁਲਾਮੀ ਵੱਲ ਧੱਕ ਰਿਹਾ ਹੈ। ਇਹ ਲੇਖ ਪੜ੍ਹ ਕੇ ਅਤੇ ਉਪਰੋਕਤ ਸਾਂਝੀਆਂ ਕੀਤੀਆਂ ਵੀਡੀਓ ਕੜੀਆਂ ਵੇਖ ਕੇ ਤੁਸੀਂ ਆਪ ਸੋਚੋ ਤੇ ਇਸ ਬਾਰੇ ਆਪਣਾ ਫੈਸਲਾ ਕਰੋ।  

https://www.theatlantic.com/technology/archive/2019/03/what-happened-uber-x-companies/584236/