Posted in ਚਰਚਾ

ਪੰਜਾਬੀ ਭਾਸ਼ਾ ਪਸਾਰ ਭਾਈਚਾਰਾ

ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਇਕ ਅਜਿਹੀ ਘੁਲਾਟੀਆ ਜਥੇਬੰਦੀ ਹੈ ਜਿ ਕਿ ਠੋਸ ਰੂਪ ਵਿੱਚ ਤਾਂ ਲੁਧਿਆਣੇ ਤੋਂ ਕੰਮ ਕਰਦੀ ਹੈ ਪਰ ਸਮਾਜਕ ਮਾਧਿਅਮ ਰਾਹੀਂ ਦੁਨੀਆਂ ਭਰ ਵਿੱਚ ਫੈਲੀ ਹੋਈ ਹੈ। ਮੁੱਖ ਤੌਰ ਤੇ ਇਹ ਭਾਈਚਾਰਾ ਹੇਠ ਲਿਖੇ ਕੰਮ ਪਹਿਲੇ ਪੜਾਅ ਵੱਜੋਂ ਕਰ ਰਿਹਾ ਹੈ। ਵਕਾਲਤ ਅਤੇ ਵਫ਼ਦਾਂ ਦੇ ਵਜ਼ਨ ਨਾਲ ਹੁਣ ਤੱਕ ਕਾਫੀ ਹੱਦ ਤੱਕ ਕਾਮਯਾਬ ਵੀ ਰਹੇ ਹਨ। 

ਭਾਈਚਾਰੇ ਦੇ ਪਹਿਲੇ ਪੜਾਅ ਦੇ ਉਦੇਸ਼:

1. ਪੰਜਾਬ ਰਾਜ ਭਾਸ਼ਾ ਐਕਟ 1967 ਦੀਆਂ ਵਿਵਸਥਾਵਾਂ ਨੂੰ ਪੰਜਾਬ ਸਰਕਾਰ ਦੀਆਂ ਸਾਰੀਆਂ ਸੰਸਥਾਵਾਂ ਵਿੱਚ ਲਾਗੂ ਕਰਾਉਣਾ।

2. ਪੰਜਾਬ ਵਿਚ ਸਥਿਤ ਸਾਰੇ ਪ੍ਰਾਈਵੇਟ ਸਕੂਲਾਂ ਵਿਚ ਦਸਵੀਂ ਜਮਾਤ ਤੱਕ ਲਾਜ਼ਮੀ ਵਿਸ਼ੇ ਦੇ ਤੌਰ ਤੇ ਪੰਜਾਬੀ ਦੀ ਪੜ੍ਹਾਈ ਕਰਾਏ ਜਾਣ ਨੂੰ ਯਕੀਨੀ ਬਣਾਉਣਾ।

3. ਪੰਜਾਬੀ ਬੋਲਣ ਤੇ ਲਾਈ ਜਾਂਦੀ ਪਾਬੰਦੀ ਹਟਾਉਣਾ ਅਤੇ ਹੁੰਦੇ ਜੁਰਮਾਨੇ ਰੁਕਵਾਉਣਾ।

ਅੱਜ ਦੇ ਮੁਕਾਮ ਤੇ ਭਾਈਚਾਰਾ ਵਧੇਰੇ ਕਰ ਕੇ ਇਸ ਗੱਲ ਨਾਲ ਜੂਝ ਰਿਹਾ ਹੈ ਕਿ ਦੂਜੇ ਪੜਾਅ ਦੀ ਪੁਲਾਂਘ ਕਿਵੇਂ ਪੁੱਟੀ ਜਾਵੇ। ਆਓ, ਥੋੜ੍ਹਾ ਸਿਰ ਖੁਰਕੀਏ!

ਉੱਪਰ ਲਿਖੇ ਪਹਿਲੇ ਉਦੇਸ਼ ਦੇ ਲਈ ਆਓ ਪੰਜਾਬ ਦੇ ਸੰਨ 1967-68  ਦੌਰਾਨ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਹੋਰਾਂ ਦੀ ਗੱਲ ਕਰੀਏ। ਉਹ ਲਗਭਗ ਨੌਂ ਮਹੀਨੇ ਪੰਜਾਬ ਦੇ ਮੁੱਖ ਮੰਤਰੀ ਰਹੇ ਪਰ ਇਸ ਸਮੇਂ ਦੌਰਾਨ ਜਿਸ ਤਰ੍ਹਾਂ ਉਨ੍ਹਾਂ ਨੇ ਰਾਜ ਭਾਸ਼ਾ ਪੰਜਾਬੀ ਲਾਗੂ ਕਰਵਾਈ ਉਸਦੀ ਕੋਈ ਹੋਰ ਮਿਸਾਲ ਹੁਣ ਤੱਕ ਨਹੀਂ ਮਿਲਦੀ।  

ਠੀਕ ਉਸੇ ਤਰ੍ਹਾਂ ਭਾਈਚਾਰੇ ਨੂੰ ਹੁਣ ਚਾਹੀਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚ ਕਰਨ ਅਤੇ ਵਿਰੋਧੀ ਧਿਰ ਦੇ ਨੇਤਾ ਤੱਕ ਵੀ ਪਹੁੰਚ ਕਰਨ ਅਤੇ ਪੰਜਾਬੀ ਨੂੰ ਬਣਦਾ ਮਾਨ ਦਵਾਉਣ ਦੇ ਲਈ ਉੱਪਰੋਂ ਹੇਠਾਂ ਨੂੰ ਕਾਰਵਾਈ ਸ਼ੁਰੂ ਕਰਵਾਉਣ। ਇਹ ਗੱਲ ਸਿਰਫ ਇਸੇ ਤਰ੍ਹਾਂ ਹੀ ਨੇਪਰੇ ਚੜ੍ਹੇਗੀ ਤੇ ਲਛਮਣ ਸਿੰਘ ਗਿੱਲ ਹੋਰਾਂ ਦੀ ਮਿਸਾਲ ਨੂੰ ਅੱਜ ਦੁਹਰਾਉਣ ਦੀ ਲੋੜ ਹੈ।

ਹੇਠਲੇ ਪੱਧਰ ਦੇ ਦਫ਼ਤਰਾਂ ਵਿੱਚ ਜਾ ਕੇ ਜਿੰਨਾ ਕੁ ਕੰਮ ਕਰਨ ਦੀ ਲੋੜ ਸੀ ਭਾਈਚਾਰੇ ਨੇ ਉਹ ਕਰ ਲ਼ਿਆ ਗਿਆ ਹੈ ਸੋ ਹੁਣ ਮਨਸ਼ਾ ਸਿਰਫ ਉੱਪਰ ਵੱਲ ਹੋਣਾ ਚਾਹੀਦਾ ਹੈ ਜਿਵੇਂ ਕਿ ਉੱਪਰ ਲਿਖਿਆ ਹੋਇਆ ਹੈ।

ਉੱਪਰ ਜਿਹੜਾ ਦੂਜਾ ਉਦੇਸ਼ ਲਿਖਿਆ ਗਿਆ ਹੈ ਉਸ ਦੇ ਵਿੱਚ ਨਿਸ਼ਾਨਾ ਪ੍ਰਾਈਵੇਟ ਸਕੂਲਾਂ ਦੇ ਉੱਤੇ ਹੈ। ਸਾਰਿਆਂ ਨੂੰ ਪਤਾ ਹੈ ਕਿ ਪ੍ਰਾਈਵੇਟ ਸਕੂਲ ਇੱਕ ਵਪਾਰਕ ਢਾਂਚੇ ਦੇ ਆਧਾਰ ਤੇ ਚੱਲਦੇ ਹਨ ਤੇ ਉਸ ਵਪਾਰਕ ਢਾਂਚੇ ਨੂੰ ਕਾਇਮ ਰੱਖਣ ਦੀ ਕੀਮਤ ਸਕੂਲ ਦੇ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਮਾਤਾ-ਪਿਤਾ ਅਦਾ ਕਰ ਰਹੇ ਹੁੰਦੇ ਹਨ। ਸੋ ਇਨ੍ਹਾਂ ਹਾਲਾਤ ਦੇ ਵਿੱਚ ਤਾਕਤ ਦਾ ਧੁਰਾ ਮਾਤਾ-ਪਿਤਾ ਦੇ ਹੱਥ ਵਿੱਚ ਹੈ। ਲੋੜ ਹੈ ਕਿ ਭਾਈਚਾਰੇ ਦੇ ਸਰਗਰਮ ਜੁੱਟ, ਸਕੂਲਾਂ ਵਿੱਚ ਜਦ ਛੁੱਟੀ ਹੁੰਦੀ ਹੈ ਤਾਂ ਬੱਚਿਆਂ ਨੂੰ ਲੈਣ ਆਏ ਮਾਤਾ-ਪਿਤਾ ਨੂੰ ਪੰਜਾਬੀ ਭਾਸ਼ਾ ਦੇ ਹੱਕ ਵਿੱਚ ਛਪੇ ਹੋਏ ਪਰਚੇ ਫੜਾਉਣ। ਟੈਂਪੂ ਰਿਕਸ਼ਾ ਤੇ ਘਰ ਜਾ ਰਹੇ ਬੱਚਿਆਂ ਨੂੰ ਪਰਚੇ ਫੜਾ ਦਿੱਤੇ ਜਾਣ ਅਤੇ ਬੇਨਤੀ ਕੀਤੀ ਜਾਵੇ ਕਿ ਘਰੇ ਜਾ ਕੇ ਆਪਣੇ ਮਾਤਾ-ਪਿਤਾ ਨੂੰ ਇਹ ਪਰਚੇ ਦੇ ਦੇਣ। ਜੇਕਰ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਵਿੱਚ ਆਪ ਦਿਲਚਸਪੀ ਲੈਣਗੇ ਤਾਂ ਉਨ੍ਹਾਂ ਨੂੰ ਕੋਈ ਰੋਕ ਨਹੀਂ ਸਕਦਾ।

ਤੀਜਾ ਉਦੇਸ਼ ਜ਼ਾਹਰਾ ਤੌਰ ਤੇ ਉੱਪਰ ਲਿਖੇ ਦੂਜੇ ਉਦੇਸ਼ ਦਾ ਹੀ ਹਿੱਸਾ ਹੈ। ਇਸ ਕਰਕੇ ਜੇ ਦੂਜੇ ਉਦੇਸ਼ ਨੂੰ ਚੰਗੀ ਤਰ੍ਹਾਂ ਹੱਥ ਪਾ ਲਿਆ ਗਿਆ ਤਾਂ ਤੀਜਾ ਵੀ ਨਾਲ ਦੇ ਨਾਲ ਆਪੇ ਹੀ ਹੱਲ ਹੋ ਜਾਵੇਗਾ।

Posted in ਕਿਤਾਬਾਂ, ਚਰਚਾ

ਮਾਂ-ਬੋਲੀ ਦਿਹਾੜਾ ੨੦੨੦

ਦੁਨੀਆਂ ਭਰ ਵਿੱਚ ਇਸ ਵੇਲ਼ੇ ਮਾਂ-ਬੋਲੀ ਦਿਹਾੜਾ ਮਣਾਇਆ ਜਾ ਰਿਹਾ ਹੈ। ਸਮਾਜਿਕ ਮਾਧਿਅਮ ਉਪਰ ਸੁਨੇਹੇ ਸਾਂਝੇ ਕੀਤੇ ਜਾ ਰਹੇ ਅਤੇ ਬਹਿਸਾਂ ਛਿੜੀਆਂ ਹੋਈਆਂ ਹਨ। ਪਰ ਇਸ ਸਭ ਦੇ ਚੱਲਦੇ ਇਸ ਗੱਲ ਧਿਆਨ ਵਿੱਚ ਰੱਖਣੀ ਬਹੁਤ ਜ਼ਰੂਰੀ ਹੈ ਕਿ, ਜਦ ਵੀ ਕੋਈ ਵਿਚਾਰ ਚਰਚਾ ਚੱਲਦੀ ਹੈ ਤਾਂ ਭਾਵੁਕਤਾ ਅਤੇ ਸ਼ਰਧਾ ਗੱਲ ਤੋਰਦੀ ਹੈ ਅਤੇ ਤੱਥ-ਅਸਲੀ ਹਾਲਾਤ ਉਸ ਨੂੰ ਅੱਗੇ ਲੈ ਕੇ ਤੁਰਦੇ ਹਨ। ਕਿਸੇ ਵੀ ਹਾਲਤ ਵਿੱਚ ਸ਼ਰਧਾ ਅਸਲੀਅਤ ਉੱਤੇ ਭਾਰੂ ਨਹੀਂ ਹੋਣੀ ਚਾਹੀਦੀ, ਨਹੀਂ ਤਾਂ ਗੱਲ ਵਿੱਚੇ ਰਹਿ ਜਾਂਦੀ ਹੈ। 

ਮਿਸਾਲ ਦੇ ਤੌਰ ਤੇ ਸੰਨ ੨੦੦੦ ਲਾਗੇ ਨਿਊਜ਼ੀਲੈਂਡ ਵਿੱਚ ਸਬੱਬੀਂ ਮੌਕਾ ਇਹ ਬਣਿਆ ਕਿ ਇਕ ਪ੍ਰਾਇਮਰੀ ਸਕੂਲ ਵਿੱਚ ਤਕਰੀਬਨ ਇਕ ਤਿਹਾਈ ਬੱਚੇ ਪੰਜਾਬੀ ਪਿਛੋਕੜ ਤੋਂ ਸਨ। ਉਸ ਸਕੂਲ ਵਿੱਚ ਇਕ ਅਧਿਆਪਕਾ ਵੀ ਪੰਜਾਬੀ ਪਿਛੋਕੜ ਦੀ ਸੀ। ਨਾ ਕਿਸੇ ਨੇ ਕੋਈ ਮੰਗ ਰੱਖੀ ਤੇ ਨਾ ਹੀ ਕਿਸੇ ਨੇ ਧਰਨੇ ਲਾਏ। ਪ੍ਰਬੰਧਕਾਂ ਨੇ ਆਂਕੜੇ ਵੇਖ ਕੇ ਆਪੇ ਹੀ ਪੰਜਾਬੀ ਮਾਪਿਆਂ ਨੂੰ ਸੁਲਾਹ ਮਾਰ ਦਿੱਤੀ ਕਿ ਬੱਚਿਆਂ ਲਈ ਸਕੂਲ ਵਿੱਚ ਪੰਜਾਬੀ ਪੜਾਉਣ ਦਾ ਕੋਈ ਬੰਦੋਬਸਤ ਕਰਨਾ ਹੈ ਤਾਂ ਕਰ ਲਵੋ। ਪਾਠਕ੍ਰਮ ਦਾ ਸਾਰਾ ਖਰਚਾ ਸਕੂਲ ਚੁੱਕੇਗਾ। 

ਇਸ ਗੱਲ ਉੱਤੇ ਭਾਵੁਕਤਾ ਅਤੇ ਸ਼ਰਧਾ ਨਾਲ ਖੁਸ਼ੀ ਤਾਂ ਬਹੁਤ ਮਨਾ ਲਈ ਗਈ ਪਰ ਗੱਲ ਕਿਸੇ ਸਿਰੇ ਨਾ ਚੜ੍ਹ ਸਕੀ ਕਿਉਂਕਿ ਪੰਜਾਬੀ ਪੜਾਉਣ ਲਈ ਕੌਮਾਂਤਰੀ ਪੱਧਰ ਦਾ ਕੋਈ ਪਾਠਕ੍ਰਮ ਹੀ ਨਹੀਂ ਸੀ। ਨਾ ਕੋਈ ਕੌਮਾਂਤਰੀ ਪੱਧਰ ਦੀ ਪੰਜਾਬੀ ਵਿਆਕਰਨ। ਧੰਨਵਾਦ ਹੈ ਪ੍ਰੋ: ਮੰਗਤ ਭਾਰਦ੍ਵਾਜ ਦਾ ਜਿੰਨ੍ਹਾਂ ਨੇ ਹੁਣ ਕੌਮਾਂਤਰੀ ਪੱਧਰ ਦੀ ਪੰਜਾਬੀ ਵਿਆਕਰਣ ਅਤੇ ਪੰਜਾਬੀ ਸਿੱਖਣ ਲਈ ਕਿਤਾਬਾਂ ਦੇ ਦਿੱਤੀਆਂ ਹਨ।

ਦੁਨੀਆਂ ਵਿੱਚ ਭਾਰਤ ਤੋਂ ਬਾਹਰ ਸਿਰਫ਼ ਵਲੈਤ ਵਿੱਚ ਹੀ ਹਾਈ ਸਕੂਲ ਪੱਧਰ ਦਾ ਪੰਜਾਬੀ ਪਾਠਕ੍ਰਮ ਦਾ ਪ੍ਰਬੰਧ ਹੈ। ਪਰ ਇਹ ਵੀ ਦਿਨ-ਬ-ਦਿਨ ਖੁਰਦਾ ਜਾ ਰਿਹਾ ਹੈ। ਵਿਦਿਆਰਥੀਆਂ ਦੀ ਘਟਦੀ ਗਿਣਤੀ ਵੇਖ ਕੇ ਇਕ ਵਾਰ ਤਾਂ ਇਸ ਨੂੰ ਬੰਦ ਕਰਨ ਦਾ ਫੈਸਲਾ ਲੈ ਲਿਆ ਗਿਆ ਸੀ। ਇਸ ਵੇਲ਼ੇ ਇਹ ਸ਼ਰਧਾ ਦੇ ਟੀਕੇ ਦੀ ਬਦੌਲਤ ਔਖੇ-ਔਖੇ ਸਾਹ ਭਰ ਰਿਹਾ ਹੈ। ਵੇਖੋ ਕਿ ਇਹ ਮੁੜ-ਸੁਰਜੀਤ ਹੁੰਦਾ ਹੈ ਕਿ ਨਹੀਂ। 

ਮਾਂ-ਬੋਲੀ ਦੇ ਲਈ ਹੋਰ ਵੀ ਕਈ ਕਿਸਮ ਦੀਆਂ ਪਹਿਲ ਕਦਮੀਆਂ ਕੀਤੀਆਂ ਜਾਂਦੀਆਂ ਹਨ। ਨਿਊਜ਼ੀਲੈਂਡ ਸਰਕਾਰ ਪਰਵਾਸੀ ਭਾਈਚਾਰਿਆਂ ਦੇ ਵਿਦਿਆਰਥੀਆਂ ਨੂੰ ਮਾਂ-ਬੋਲੀ ਦਾ ਹਾਈ ਸਕੂਲ ਪੱਧਰ ਦਾ ਇਮਤਿਹਾਨ ਪਾਸ ਕਰਨ ਲਈ ਵਜ਼ੀਫ਼ਾ ਵੀ ਦਿੰਦੀ ਹੈ। ਪਰਵਾਸੀਆਂ ਦੀ ਗਿਣਤੀ ਵਿੱਚ ਵੱਡਾ ਨੰਬਰ ਪੰਜਾਬੀਆਂ ਦਾ ਹੈ ਪਰ ਇਹ ਵਜ਼ੀਫ਼ਾ ਲੈਣ ਵਾਲਿਆਂ ਦੀ ਕਤਾਰ ਵਿੱਚ ਇਕ ਵੀ ਪੰਜਾਬੀ ਨਹੀਂ ਹੁੰਦਾ। 

ਮਾਂ-ਬੋਲੀ ਨੂੰ ਬਣਦਾ ਸਨਮਾਨ ਦਵਾਉਣ ਲਈ ਬਹੁਤ ਸਾਰੇ ਮਤੇ ਲਾਗੂ ਕਰਵਾਉਣੇ ਜ਼ਰੂਰੀ ਹਨ। ਪਰ ਲਾਗੂ ਹੋਏ ਮਤਿਆਂ ਨੂੰ ਅਮਲੀ ਜਾਮਾ ਪੁਆਉਣ ਲਈ ਢਾਂਚੇ ਖੜ੍ਹੇ ਕਰਨਾ ਅਤੇ ਲੋੜ ਬਰਕਰਾਰ ਰੱਖਣੀ ਵੀ ਬਹੁਤ ਜ਼ਰੂਰੀ ਹੈ। ਆਓ ਸਭ ਰਲ਼ ਕੇ ਢਾਂਚੇ ਵੀ ਖੜ੍ਹੇ ਕਰਦੇ ਰਹੀਏ ਅਤੇ ਪੰਜਾਬੀ ਮਾਂ-ਬੋਲੀ ਦੀ ਲੋੜ ਵੀ ਬਰਕਰਾਰ ਰੱਖੀਏ!

Posted in ਚਰਚਾ

ਪੰਜਾਬ ਅਤੇ ਆਮ ਆਦਮੀ ਪਾਰਟੀ

ਹਾਲੀਆ ਦਿੱਲੀ ਚੋਣਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਆਪਣਾ ਰਾਜ-ਪਾਟ ਕਾਇਮ ਰੱਖਣ ਦੇ ਵਿੱਚ ਕਾਮਯਾਬ ਰਹੀ ਹੈ। ਉਂਞ ਤਾਂ ਭਾਵੇਂ ਮੈਂ ਇਨ੍ਹਾਂ ਚੋਣਾਂ ਦੇ ਬਾਰੇ ਕੋਈ ਬਲਾਗ ਨਾ ਹੀ ਲਿਖਦਾ ਪਰ ਕਿਉਂਕਿ ਦਿੱਲੀ ਤੋਂ ਬਾਹਰ ਆਮ ਆਦਮੀ ਪਾਰਟੀ ਦੀ ਇਸ ਜਿੱਤ ਦੀ ਖੁਸ਼ੀ ਸਭ ਤੋਂ ਜ਼ਿਆਦਾ ਪੰਜਾਬ ਵਿੱਚ ਮਣਾਈ ਗਈ ਹੈ ਇਸ ਲਈ ਮੈਂ ਇਸ ਦੇ ਬਾਰੇ ਥੋੜ੍ਹੀ ਜਿਹੀ ਗੱਲ ਜ਼ਰੂਰ ਕਰਨੀ ਚਾਹਵਾਂਗਾ।  

ਕੀ ਦਿੱਲੀ ਵਾਲਾ ਅਰਵਿੰਦ ਕੇਜਰੀਵਾਲ ਦਾ ਮਾਡਲ ਪੰਜਾਬ ਵਿੱਚ ਚੱਲ ਸਕਦਾ ਹੈ ਜਿੱਥੇ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਵਿਰੋਧੀ ਧਿਰ ਹੈ? ਇਸ ਦੇ ਬਾਰੇ ਗੱਲਬਾਤ ਅੱਗੇ ਜਾਰੀ ਰੱਖਣ ਤੋਂ ਪਹਿਲਾਂ ਸਾਨੂੰ ਇਹ ਜ਼ਰੂਰ ਸਮਝ ਲੈਣਾ ਚਾਹੀਦਾ ਹੈ ਕਿ ਦਿੱਲੀ ਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਅਤੇ ਦਿੱਲੀ ਦੇ ਸਥਾਨਕ ਨਗਰ ਨਿਗਮ ਦੀਆਂ ਚੋਣਾਂ ਵਿੱਚ ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਦਿੱਲੀ ਵਿੱਚ ਹੀ ਬੁਰੀ ਤਰ੍ਹਾਂ ਹਰਾਇਆ ਸੀ। ਪਰ ਕੁਝ ਲੋਕ ਇਹ ਵੀ ਕਹਿ ਰਹੇ ਹਨ ਕਿ ਇਹ ਤਾਂ ਅਰਵਿੰਦ ਕੇਜਰੀਵਾਲ ਦੇ ਵਿਕਾਸ ਦੇ ਮੁੱਦੇ ਦੀ ਜਿੱਤ ਹੈ ਕਿਉਂਕਿ ਦਿੱਲੀ ਵਿੱਚ ਵਿੱਦਿਆ ਅਤੇ ਸਿਹਤ ਦੇ ਲਈ ਬਹੁਤ ਪੈਸਾ ਖ਼ਰਚਿਆ ਗਿਆ ਹੈ ਅਤੇ ਵਿਕਾਸ ਦੇ ਲਈ ਕਈ ਕੰਮ ਕੀਤੇ ਹਨ।

ਇੱਥੇ ਸਾਨੂੰ ਇਹ ਜ਼ਰੂਰ ਧਿਆਨ ਵਿੱਚ ਰੱਖਣਾ ਪਵੇਗਾ ਕਿ ਵਿਕਾਸ ਦਾ ਨਾਅਰਾ ਤਾਂ ਨਰਿੰਦਰ ਮੋਦੀ ਵੀ ਦੇ ਰਿਹਾ ਹੈ ਅਤੇ ਮੋਦੀ ਇਹ ਦਾਅਵਾ ਵੀ ਕਰਦਾ ਹੈ ਕਿ ਬਹੁਤ ਵਿਕਾਸ ਹੋਇਆ ਹੈ। ਕੀ ਚੋਣਾਂ ਸਿਰਫ਼ ਵਿਕਾਸ ਦੇ ਨਾਂ ਤੇ ਹੀ ਲੜੀਆਂ ਜਾਂਦੀਆਂ ਹਨ?

ਨਾਗਰਿਕਤਾ ਬਾਰੇ ਜਿਹੜੇ ਨਵੇਂ ਕਾਨੂੰਨ ਭਾਰਤੀ ਜਨਤਾ ਪਾਰਟੀ ਲਿਆਈ ਹੈ ਉਨ੍ਹਾਂ ਦੇ ਚੱਲਦੇ ਦਿੱਲੀ ਦੀਆਂ ਯੂਨੀਵਰਸਿਟੀਆਂ ਵਿੱਚ ਬਹੁਤ ਮੁਜ਼ਾਹਰੇ ਹੋਏ ਹਨ ਤੇ ਸ਼ਾਹੀਨ ਬਾਗ ਦੇ ਵਿੱਚ ਹਾਲੇ ਵੀ ਮੁਜ਼ਾਹਰਾ ਚੱਲ ਰਿਹਾ ਹੈ। ਪਰ ਇਸ ਸਭ ਕਾਸੇ ਬਾਰੇ ਆਮ ਆਦਮੀ ਪਾਰਟੀ ਚੁੱਪ ਚਾਪ ਬੈਠੀ ਰਹੀ। ਜੇਕਰ ਕਿਸੇ ਨੇ ਸਵਾਲ ਵੀ ਪੁੱਛਿਆ ਤਾਂ ਆਮ ਆਦਮੀ ਪਾਰਟੀ ਨੇ ਜ਼ਿੰਮੇਦਾਰੀ ਦਾ ਸਾਰਾ ਗਲਾਵਾਂ ਕੇਂਦਰ ਸਰਕਾਰ ਤੇ ਗਲ਼ ਪਾ ਦਿੱਤਾ ਜਿਸ ਤੋਂ ਇਹੀ ਜ਼ਾਹਿਰ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦਾ ਰਵੱਈਆ ‘ਦੜ ਵੱਟ ਗੁਜ਼ਾਰਾ ਕਰ ਭਲੇ ਦਿਨ ਆਉਣਗੇ’ ਵਾਲੇ ਵਰਗਾ ਲੱਗਦਾ ਹੈ ਜਾਂ ਫਿਰ ਇਸ ਦੇ ਪਿੱਛੇ ਕੋਈ ਗੁੱਝੀ ਸਾਜ਼ਿਸ਼ ਹੈ ਕਿ ਹੱਕ-ਸੱਚ ਦੀ ਆਵਾਜ਼ ਨੂੰ ਵਿਕਾਸ ਦਾ ਹੋਕਾ ਦੇ ਕੇ ਦਰੜ ਦਿਓ। 

ਇਹੋ ਜਿਹਾ ਰਵੱਈਆ ਕੀ ਪੰਜਾਬ ਦੇ ਵਿੱਚ ਵੀ ਚੱਲ ਸਕਦਾ ਹੈ ਜਿੱਥੇ ਪਿਛਲੀ ਵਾਰ ਦੀਆਂ ਵਿਧਾਨ ਸਭਾ ਚੋਣਾਂ ਵੇਲੇ ਆਮ ਆਦਮੀ ਪਾਰਟੀ ਦੀ ਇਸ ਗੱਲ ਤੋਂ ਬੜੀ ਆਲੋਚਨਾ ਹੋਈ ਸੀ ਕਿ ਉਨ੍ਹਾਂ ਨੇ ਪੰਜਾਬ ਦੇ ਕਿਸੇ ਵੀ ਰਾਜਸੀ ਮੁੱਦੇ ਤੇ ਕੋਈ ਗੱਲ ਨਹੀਂ ਕੀਤੀ ਅਤੇ ਸਾਰੀ ਚੋਣ ਸਿਰਫ਼ ਅਤੇ ਸਿਰਫ਼ ਰਿਸ਼ਵਤਖੋਰੀ ਦੇ ਖਿਲਾਫ ਨਾਅਰਾ ਲਾ ਕੇ ਹੀ ਲੜੀ ਸੀ। ਆਮ ਆਦਮੀ ਪਾਰਟੀ ਨੇ ਪੰਜਾਬ ਦੀ ਆਰਥਿਕਤਾ ਅਤੇ ਕਿਸਾਨੀ ਬਾਰੇ ਕੋਈ ਨੀਤੀ ਪੱਤਰ ਨਹੀਂ ਸੀ ਦਿੱਤਾ। ਪੰਜਾਬ ਵਿੱਚ ਹੋਈਆਂ ਪੁਲਿਸ ਵਧੀਕੀਆਂ ਦੀ ਪੜਤਾਲ ਕਰਵਾਉਣ ਬਾਰੇ ਕੋਈ ਜ਼ਿਕਰ ਤੱਕ ਨਹੀਂ। ਪੰਜਾਬ ਦੇ ਪਾਣੀਆਂ ਦੀ ਕੋਈ ਸੁਧ-ਬੁਧ ਨਹੀਂ। ਪੰਜਾਬ ਵਿੱਚ ਡਿਗਦੇ ਵਿਦਿਅਕ ਮਿਆਰ ਨੂੰ ਠੱਲ੍ਹ ਪਾਉਣ ਬਾਰੇ ਕੋਈ ਐਲਾਨ ਨਾਮਾ ਨਹੀਂ। ਰੁਲਦੀ ਫਿਰਦੀ ਮਾਂ ਬੋਲੀ ਪੰਜਾਬੀ ਨੂੰ ਬਣਦਾ ਇੱਜ਼ਤ ਮਾਨ ਦੇਣ ਦਾ ਕੋਈ ਇਕਰਾਰ ਨਹੀਂ।  

ਜਦ ਕਿ ਹੁਣ ਆਮ ਆਦਮੀ ਪਾਰਟੀ ਪੰਜਾਬ ਦੀ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ਹੈ, ਕੀ ਇਸ ਨੇ ਹੁਣ ਤੱਕ ਉੱਪਰ ਲਿਖੇ ਕਿਸੇ ਵੀ ਪੰਜਾਬ ਦੇ ਮੁੱਦੇ ਉੱਤੇ ਗੰਭੀਰਤਾ ਅਤੇ ਸੁਹਿਰਦਤਾ ਦੇ ਨਾਲ ਪੰਜਾਬ ਦੀ ਵਿਧਾਨ ਸਭਾ ਵਿੱਚ ਕੋਈ ਵਿਚਾਰ ਕੀਤਾ ਹੈ? ਹੋ ਸਕਦਾ ਹੈ ਕਿ ਇਸ ਬਾਰੇ ਮੇਰੀ ਯਾਦਦਾਸ਼ਤ ਬਹੁਤ ਕਮਜ਼ੋਰ ਹੋਵੇ ਜਾਂ ਫਿਰ ਇੰਟਰਨੈੱਟ ਤੋਂ ਕੁਝ ਲੱਭਣ ਵਿੱਚ ਮੇਰੀ ਵਿੱਚ ਹੀ ਕੋਈ ਘਾਟ ਰਹਿ ਗਈ ਹੋਵੇ। ਇਸ ਕਰਕੇ ਜੇਕਰ ਤੁਹਾਨੂੰ ਇਹ ਪਤਾ ਹੋਵੇ ਕਿ ਪੰਜਾਬ ਦੇ ਮੁੱਦਿਆਂ ਉੱਤੇ ਆਮ ਆਦਮੀ ਪਾਰਟੀ ਨੇ ਕੋਈ ਕਦਮ ਪੁੱਟਣ ਦੀ ਕੋਸ਼ਿਸ਼ ਕੀਤੀ ਹੈ ਤਾਂ ਇਸ ਬਾਰੇ ਹੇਠਾਂ ਟਿੱਪਣੀ ਜਾਂ ਜਾਣਕਾਰੀ ਜ਼ਰੂਰ ਸਾਂਝੀ ਕਰ ਦਿਓ।   

Posted in ਚਰਚਾ

ਪੰਜਾਬੀ ਭਾਸ਼ਾ ਦਾ ਪਸਾਰ

ਦਸੰਬਰ 2019 ਦੇ ਪਹਿਲੇ ਹਫ਼ਤੇ ਦੀ ਗੱਲ ਹੈ ਕਿ ਮੈਨੂੰ ਇੱਕ ਫੋਨ ਕਾਲ ਆਉਣ ਤੋਂ ਬਾਅਦ ਲਗਾਤਾਰ ਕਾਲਾਂ ਦਾ ਸਿਲਸਿਲਾ ਸ਼ੁਰੂ ਜਿਹਾ ਹੋ ਗਿਆ। ਨਿਊਜ਼ੀਲੈਂਡ ਤੋਂ ਕੈਨੇਡਾ, ਇੰਗਲੈਂਡ, ਭਾਰਤ ਅਤੇ ਆਸਟ੍ਰੇਲੀਆ ਕਈ ਸੱਜਣਾਂ ਨਾਲ ਗੱਲਬਾਤ ਚੱਲੀ। ਅਸਲ ਵਿੱਚ ਇਹ ਸਾਰੇ ਹੀ ਵ੍ਹਾਟਸਐਪ ਦੇ ਉੱਤੇ ਸਰਗਰਮ ਹਨ ਅਤੇ ਇਨ੍ਹਾਂ ਨੇ ਪੰਜਾਬੀ ਭਾਸ਼ਾ ਦੀ ਵਰਤੋਂ ਅਤੇ ਪਸਾਰ ਦੇ ਲਈ ਕਈ ਮੰਚ ਬਣਾ ਰੱਖੇ ਹੋਏ ਹਨ।

ਇਸ ਦੋ ਮਹੀਨੇ ਦੇ ਅਰਸੇ ਦੌਰਾਨ ਮੈਂ ਇਹ ਵੀ ਵੇਖਿਆ ਹੈ ਕਿ ਪੰਜਾਬੀ ਭਾਸ਼ਾ ਦੀ ਵਰਤੋਂ ਅਤੇ ਪਸਾਰ ਦੇ ਲਈ ਬਹੁਤ ਜੋਸ਼ ਹੈ। ਪਰ ਜਿਵੇਂ ਪੰਜਾਬੀ ਦੀ ਇਕ ਕਹਾਵਤ ਹੈ ਕਿ ਜੋਸ਼ ਦੇ ਨਾਲ ਹੋਸ਼ ਵੀ ਬਹੁਤ ਜ਼ਰੂਰੀ ਹੈ। ਪੰਜਾਬੀ ਭਾਸ਼ਾ ਦੀ ਸਾਂਭ-ਸਭਾਲ ਅਤੇ ਪਸਾਰ ਦੇ ਟੀਚਿਆਂ ਉੱਤੇ ਕਈ ਤਰੀਕਿਆਂ ਨਾਲ ਇਨ੍ਹਾਂ ਮੰਚਾਂ ਉਪਰ ਇਹ ਕੰਮ ਕੀਤਾ ਜਾ ਰਿਹਾ ਹੈ। ਟੀਚੇ ਨੇਪਰੇ ਚੜ੍ਹਣਗੇ ਕਿ ਨਹੀਂ ਇਹ ਸਾਡੇ ਤਰੀਕੇ ਤੇ ਵੀ ਨਿਰਭਰ ਹੈ। ਚੰਗੀ ਗੱਲ ਤੇ ਇਹ ਹੈ ਕਿ ਬਹੁਤ ਕੁਝ ਚੰਗੇ ਤਰੀਕੇ ਨਾਲ ਹੋ ਰਿਹਾ ਹੈ। 

ਪਰ ਕਈ ਟੀਚੀਆਂ ਨੂੰ ਅਸੀਂ ਹੱਥ ਠੀਕ ਤਰ੍ਹਾਂ ਨਹੀਂ ਪਾਇਆ ਹੋਇਆ। ਤਾਂ ਜੋ ਕੋਈ ਪਛਾਣਿਆ ਨਾ ਜਾਵੇ ਇਸ ਕਰਕੇ ਮੈਂ ਤਰੀਕੇ ਬਾਰੇ ਇਕ ਪੁਰਾਣੀ ਮਿਸਾਲ ਦੇਣੀ ਚਾਹਵਾਂਗਾ। ਕੁਝ ਸਾਲ ਪਹਿਲਾਂ ਜਦ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਦੀ ਸੱਰੀ ਕੌਂਸਲ ਨੇ ਆਪਣਾ ਵੈੱਬਸਾਈਟ ਨਵਿਆਇਆ ਸੀ ਤਾਂ ਛੇਤੀ ਹੀ ਪੰਜਾਬੀ ਜਗਤ ਵਿੱਚ ਇਹ ਰੌਲਾ ਪੈ ਗਿਆ ਕਿ ਸੱਰੀ ਬੀਸੀ ਕੌਂਸਲ ਦੇ ਵੈੱਬਸਾਈਟ ਤੋਂ ਪੰਜਾਬੀ ਹੀ ਗਾਇਬ ਹੈ ਜਦਕਿ ਸੱਰੀ ਵਾਸੀਆਂ ਵਿੱਚ ਪੰਜਾਬੀਆਂ ਦੀ ਗਿਣਤੀ ਸਭ ਤੋਂ ਵੱਧ ਹੈ। 

ਜਗਿਆਸਾ ਵੱਸ ਹੋ ਕੇ ਮੈਂ ਵੀ ਸੱਰੀ ਬੀਸੀ ਕੌਂਸਲ ਦਾ ਵੈੱਬਸਾਈਟ ਵੇਖਿਆ ਤਾਂ ਇਹ ਪਤਾ ਲੱਗਿਆ ਕਿ ਕੌਂਸਲ ਨੇ ਕੋਈ ਬਹੁ-ਭਾਸ਼ੀ ਵੈੱਬਸਾਈਟ ਨਹੀਂ ਬਣਾਇਆ ਸਗੋਂ ਉੱਥੇ ਗੂਗਲ ਦੀ ਇੱਕ ਵਿੱਜਟ ਗੂਗਲ ਟਰਾਂਸਲੇਟ ਪਾ ਦਿੱਤੀ ਸੀ ਜਿਹੜੀ ਕਿ ਉਸ ਵੈੱਬਸਾਈਟ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕਰ ਦਿੰਦੀ ਸੀ। ਜ਼ਾਹਿਰ ਹੈ ਉਨ੍ਹਾਂ ਦਿਨਾਂ ਦੇ ਵਿੱਚ ਹਾਲੇ ਗੂਗਲ ਨੇ ਪੰਜਾਬੀ ਉੱਤੇ ਕੰਮ ਨਹੀਂ ਸੀ ਸ਼ੁਰੂ ਕੀਤਾ ਸੋ ਪੰਜਾਬੀ ਉੱਥੋਂ ਗਾਇਬ ਸੀ। ਇਹ ਵੇਖ ਕੇ ਮੈਂ ਝੱਟ ਆਪਣੇ ਪੁਰਾਣੇ ਮਿੱਤਰ ਵੈਨਕੂਵਰ ਵਾਸੀ ਜਸਦੀਪ ਵਾਹਲਾ ਨੂੰ ਫੋਨ ਖੜਕਾ ਦਿੱਤਾ ਅਤੇ ਕਿਹਾ ਕਿ ਸੱਰੀ ਬੀਸੀ ਕੌਂਸਲ ਨਾਲ ਉਲਝ ਕੇ ਜੱਗ ਹਸਾਈ ਕਰਵਾਉਣ ਦੀ ਲੋੜ ਨਹੀਂ। ਜੇ ਪੰਗਾ ਲੈਣਾ ਹੈ ਤਾਂ ਗੂਗਲ ਨਾਲ ਲਵੋ ਅਤੇ ਪੁੱਛੋ ਕਿ ਪੰਜਾਬੀ ਦਾ ਕੰਮ ਹਾਲੇ ਤੱਕ ਸ਼ੁਰੂ ਕਿਉਂ ਨਹੀਂ ਕੀਤਾ ਹੈ? ਉਸ ਤੋਂ ਬਾਅਦ ਮੈਂ ਕੈਨੇਡਾ ਵਾਸੀ ਇਕ ਹੋਰ ਦੋਸਤ ਆਲਮ ਨੂੰ ਵੀ ਇਹ ਗੱਲਬਾਤ ਕਰਨ ਲਈ ਫ਼ੋਨ ਕੀਤਾ ਕਿ ਕਿਸ ਤਰ੍ਹਾਂ ਗੂਗਲ ਅਤੇ ਮਾਈਕ੍ਰੋਸਾਫਟ ਤੱਕ ਪਹੁੰਚ ਕੀਤੀ ਜਾਵੇ ਤਾਂ ਜੋ ਉਹ ਵੀ ਪੰਜਾਬੀ ਭਾਸ਼ਾ ਦਾ ਕੰਮ ਸ਼ੁਰੂ ਕਰਨ। 

ਪਰ ਜਿਹੜੇ ਵ੍ਹਾਟਸਐਪ ਦੇ ਪੰਜਾਬੀ ਮੰਚਾਂ ਦੀ ਮੈਂ ਗੱਲ ਉੱਪਰ ਕੀਤੀ ਹੈ ਉਥੇ ਹੁੰਦੇ ਵਿਚਾਰ ਵਟਾਂਦਰੇ ਅਤੇ ਹੁੰਦੀਆਂ ਕਾਰਵਾਈਆਂ ਤੋਂ ਹੁਣ ਤੱਕ ਮੈਨੂੰ ਇਹੀ ਅਹਿਸਾਸ ਹੋਇਆ ਹੈ ਕਿ ਪੰਜਾਬੀ ਬਾਰੇ ਜੋਸ਼ ਹਾਲੇ ਤੱਕ ਸਭਿਆਚਾਰ ਦੇ ਪੱਧਰ ਤੱਕ ਹੀ ਸੀਮਤ ਹੈ। ਸਭਿਆਚਾਰ ਦਾ ਭਾਵ ਇਹ ਕਿ ਆਮ ਬੋਲਚਾਲ ਅਤੇ ਕਵਿਤਾ ਕਹਾਣੀਆਂ। ਪੰਜਾਬੀ ਨੂੰ ਵਿਗਿਆਨ ਅਤੇ ਗਿਆਨ ਦੀ ਭਾਸ਼ਾ ਬਨਾਉਣ ਵਾਲੇ ਪਾਸੇ ਦਾ ਕੰਮ ਤਾਂ ਹਾਲੇ ਸ਼ੁਰੂ ਹੋਣਾ ਹੈ।

ਪਰ ਅਸੀਂ ਸਭਿਆਚਾਰ ਤੇ ਹੀ ਕਿਉਂ ਅਟਕੇ ਪਏ ਹਾਂ, ਵਿਗਿਆਨ ਅਤੇ ਗਿਆਨ ਵਾਲੇ ਪਾਸੇ ਕਿਉਂ ਨਹੀਂ ਚਾਲੇ ਪਾ ਸਕੇ? ਇਹ ਮੁੱਦਾ ਗੰਭੀਰਤਾ ਨਾਲ ਅੱਗੇ ਵਿਚਾਰ ਕਰਨ ਵਾਲਾ ਹੈ। ਇਥੇ ਮਿੱਤਰ ਸੈਨ ਮੀਤ ਅਤੇ ਹਰੀ ਚੰਦ ਅਰੋੜਾ ਹੋਰਾਂ ਦਾ ਵੀ ਧੰਨਵਾਦ ਕਰਨਾ ਬਣਦਾ ਹੈ ਜਿੰਨ੍ਹਾਂ ਨੇ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਹੋਏ ਆਪਣੀ ਵਕਾਲਤ ਦੇ ਜ਼ੋਰ ਤੇ ਪੰਜਾਬ ਦੇ ਕਈ ਦਫ਼ਤਰਾਂ ਨੂੰ ਪੰਜਾਬੀ ਵਰਤਣ ਵਾਲੇ ਪਾਸੇ ਲਾ ਦਿੱਤਾ ਹੈ।

ਸੰਦਰਭੀ ਤੌਰ ਤੇ ਮੈਂ ਇਕ ਹੋਰ ਪੁਰਾਣੀ ਮਿਸਾਲ ਦੇਣੀ ਚਾਹਵਾਂਗਾ। ਅੱਜ ਤੋਂ ਚੌਦਾਂ ਕੁ ਵਰ੍ਹੇ ਪਹਿਲਾਂ ਦੀ ਗੱਲ ਹੈ ਕਿ ਵੈਲਿੰਗਟਨ ਸ਼ਹਿਰ ਦੀ ਇੱਕ ਵਰਕਸ਼ਾਪ ਦੇ ਦੌਰਾਨ ਮੈਨੂੰ ਇੱਕ ਗੋਰੀ ਬੀਬੀ ਮਿਲੀ। ਇਸ ਬੀਬੀ ਨੂੰ ਪੰਜਾਬੀ ਬੋਲਣੀ ਆਉਂਦੀ ਸੀ ਤੇ ਉਹ ਮੇਰੇ ਨਾਲ ਕਾਫੀ ਦੇਰ ਤੱਕ ਗੱਲੀਂ ਬਾਤੀਂ ਰੁੱਝੀ ਰਹੀ। ਮੈਨੂੰ ਹੈਰਾਨੀ ਹੋਈ ਕਿ ਮੇਰੇ ਨਾਲ ਗੱਲਬਾਤ ਕਰਦੇ ਵੇਲ਼ੇ ਉਹ ਇਸ ਗੱਲ ਦੀ ਵੀ ਪਰਖ ਕਰਦੀ ਰਹੀ ਕਿ ਮੈਨੂੰ ਪੰਜਾਬੀ ਆਉਂਦੀ ਵੀ ਹੈ ਕਿ ਨਹੀਂ। ਪਰਵਾਸੀ ਭਾਈਚਾਰੇ ਦੇ ਕੰਮਾਂ ਵਿੱਚ ਸਰਗਰਮ ਹੋਣ ਕਰਕੇ ਉਨ੍ਹਾਂ ਦਿਨਾਂ ਵਿੱਚ ਮੈਨੂੰ ਅਕਸਰ ਹੀ ਨਿਊਜ਼ੀਲੈਂਡ ਦੇ ਮਹਿਕਮਿਆਂ ਅਤੇ ਵਜ਼ਾਰਤਾਂ ਦੇ ਸੈਮੀਨਾਰਾਂ ਅਤੇ ਵਰਕਸ਼ਾਪਾਂ ਦੇ ਸੱਦੇ ਮਿਲਦੇ ਰਹਿੰਦੇ ਸਨ। 

ਜਦ ਉਸ ਬੀਬੀ ਦੀ ਪੂਰੀ ਤਰ੍ਹਾਂ ਤਸੱਲੀ ਹੋ ਗਈ ਕਿ ਮੈਨੂੰ ਵਾਕਿਆਂ ਹੀ ਚੰਗੀ ਤਰ੍ਹਾਂ ਪੰਜਾਬੀ ਆਉਂਦੀ ਹੈ ਤਾਂ ਗੱਲ ਖੁੱਲ੍ਹੀ ਕਿ ਇਸ ਪਰਖ ਦਾ ਪਿਛੋਕੜ ਕੀ ਸੀ? ਉਸ ਨੇ ਬੜੀ ਮਾਯੂਸੀ ਦੇ ਨਾਲ ਮੇਰੇ ਨਾਲ ਆਪਣੀ ਹੱਡ ਬੀਤੀ ਸਾਂਝੀ ਕੀਤੀ। ਉਹ ਬੀਬੀ ਵੈਲਿੰਗਟਨ ਤੋਂ ਬਾਹਰ ਕਿਸੇ ਹੋਰ ਖੇਤਰ ਤੋਂ ਸੀ ਅਤੇ ਸੋਸ਼ਲ ਵਰਕਰ ਸੀ। ਉਸ ਖੇਤਰ ਵਿੱਚ ਬਹੁਤ ਸਾਰੇ ਪੰਜਾਬੀ ਵੱਸਦੇ ਵੇਖ ਕੇ ਉਸ ਨੇ ਪੰਜਾਬੀ ਸਿੱਖ ਲਈ ਅਤੇ ਉਸ ਨੇ ਸੋਚਿਆ ਕਿ ਚਲੋ ਪੰਜਾਬੀਆਂ ਨਾਲ ਵਿਹਾਰ ਕਰਦੇ ਵਕ਼ਤ ਸਿੱਖੀ ਹੋਈ ਪੰਜਾਬੀ ਉਸ ਨੂੰ ਬਹੁਤ ਕੰਮ ਦੇਵੇਗੀ।

ਪਰ ਪੰਜਾਬੀਆਂ ਦੇ ਨਾਲ ਮਿਲਾਪ ਦੇ ਵਿੱਚ ਆਉਣ ਤੋਂ ਬਾਅਦ ਉਸ ਨੂੰ ਛੇਤੀ ਹੀ ਪਤਾ ਲੱਗ ਗਿਆ ਕਿ ਬਹੁਤੇ ਪੰਜਾਬੀਆਂ ਨੂੰ ਪੰਜਾਬੀ ਚੱਜ ਨਾਲ ਲਿਖਣੀ-ਪੜ੍ਹਣੀ ਵੀ ਨਹੀਂ ਸੀ ਆਉਂਦੀ। ਇਨ੍ਹਾਂ ਪੰਜਾਬੀਆਂ ਦਾ ਬੋਲਚਾਲ ਦਾ ਪੰਜਾਬੀ ਸ਼ਬਦ-ਭੰਡਾਰ ਵੀ ਬਹੁਤ ਛੋਟਾ ਸੀ। ਇਸ ਗੱਲ ਦਾ ਪਤਾ ਲੱਗਣ ਤੇ ਉਸ ਨੂੰ ਆਪਣੇ ਆਪ ਤੇ ਇਸ ਗੱਲ ਦੀ ਬੜੀ ਨਿਰਾਸਤਾ ਹੋਈ ਕਿ ਹੁਣ ਉਸ ਦੀ ਸਿੱਖੀ ਹੋਈ ਪੰਜਾਬੀ ਬਹੁਤਾ ਕੰਮ ਨਹੀਂ ਆਵੇਗੀ? ਫਿਰ ਉਸ ਨੇ ਹੱਸਦੇ ਹੱਸਦੇ ਇਹ ਕਿਹਾ ਕਿ ਉਸ ਦੇ ਅੰਦਰ ਹੋਰ ਪੰਜਾਬੀ ਸਿੱਖਣ ਦੀ ਭਾਵਨਾ ਹੀ ਮਰ ਗਈ ਤੇ ਮਜ਼ਾਕ ਦੇ ਵਿੱਚ ਕਿਹਾ ਕਿ ਪੰਜਾਬੀ ਤਾਂ ਮਾਂ-ਬੋਲੀ ਅਨਪੜ੍ਹ ਕੌਮ ਹੈ।

ਉਸ ਦੀ ਇਹ ਗੱਲ ਮੈਨੂੰ ਚੁਭੀ ਤਾਂ ਜ਼ਰੂਰ, ਪਰ ਫੇਰ ਮੈਂ ਸੋਚਿਆ ਕਿ ਇਸ ਦੇ ਵਿੱਚ ਸੱਚ ਵੀ ਹੈ ਜੋ ਕਿ ਆਹ ਦਿਨ-ਬਦਿਨ ਦੇ ਰਾਜਨੀਤਿਕ-ਆਰਥਕ-ਸਮਾਜਕ ਮਸਲਿਆਂ ਨੂੰ ਲੈ ਕੇ ਜੋ ਸਾਡਾ ਵਿਹਾਰ ਹੈ ਉਹ ਵਾਕਿਆ ਹੀ ਮਾਂ-ਬੋਲੀ ਅਨਪੜ੍ਹਾਂ ਵਾਲਾ ਹੈ। ਜੇਕਰ ਸਾਨੂੰ ਲਿਖਣ-ਪੜ੍ਹਨ ਦਾ ਸ਼ੌਕ ਨਹੀਂ ਤਾਂ ਅਸੀਂ ਕਿਸੇ ਵੀ ਗੱਲ ਨੂੰ ਡੂੰਘਾਈ ਨਾਲ ਨਹੀਂ ਸਮਝ ਸਕਦੇ। ਇੱਕ ਗੱਲ ਹੋਰ। ਘਰਾਂ ਵਿੱਚ ਘਟਦੇ ਪੰਜਾਬੀ ਸ਼ਬਦ-ਭੰਡਾਰ ਕਰਕੇ ਹੀ ਅਤੇ ਪੰਜਾਬੀ ਸਰੋਤਾਂ ਦੀ ਕਮੀ ਕਰਕੇ ਭਾਵੇਂ ਪੰਜਾਬ ਹੋਵੇ ਤੇ ਭਾਵੇਂ ਬਾਹਰ, ਸਿਆਣੇ ਹੋ ਰਹੇ ਬੱਚੇ ਆਪਣੇ ਹਾਵ-ਭਾਵ ਜ਼ਾਹਰ ਕਰਣ ਲਈ ਛੇਤੀ ਹੀ ਕਿਸੇ ਦੂਜੀ ਭਾਸ਼ਾ ਦਾ ਆਸਰਾ ਲੈਣ ਲੱਗ ਪੈਂਦੇ ਹਨ।

ਮੁੱਕਦੀ ਗੱਲ। ਮਾਓਰੀ ਲੋਕ ਨਿਊਜ਼ੀਲੈਂਡ ਦੇ ਮੂਲ ਨਿਵਾਸੀ ਹਨ। ਨਿਊਜ਼ੀਲੈਂਡ ਦੀ ਪੰਜਤਾਲੀ ਲੱਖ ਆਬਾਦੀ ਵਿੱਚੋਂ ਇਹ ਸਿਰਫ ਵੀਹ ਕੁ ਫ਼ੀਸਦੀ ਹੀ ਹਨ। ਇਨ੍ਹਾਂ ਨੂੰ ਵੀ ਇਸ ਗੱਲ ਦਾ ਬਹੁਤ ਫਿਕਰ ਹੈ ਕਿ ਬਸਤੀਵਾਦ ਦੌਰਾਨ ਦੱਬੀ-ਕੁਚਲੀ ਗਈ ਮਾਓਰੀ ਭਾਸ਼ਾ ਦਾ ਭਵਿੱਖ ਬਚਾਉਣ ਦੀ ਲੋੜ ਹੈ।

ਇਸ ਕਰਕੇ ਪਿਛਲੇ ਦਸ ਕੁ ਸਾਲਾਂ ਤੋਂ ਇਹ ਕਾਫੀ ਸਰਗਰਮ ਹਨ। ਇਸ ਵਕਤ ਦੇ ਵਿੱਚ ਇਨ੍ਹਾਂ ਨੇ ਅੱਜ ਤਕਨੀਕੀ ਤੌਰ ਦੇ ਉੱਤੇ ਮਾਓਰੀ ਭਾਸ਼ਾ ਦੇ ਕਈ ਸਰੋਤ ਮੁਹੱਈਆ ਕਰਵਾ ਦਿੱਤੇ ਹਨ ਜੋ ਕਿ ਪੰਜਾਬੀ ਭਾਸ਼ਾ ਦੇ ਤਕਨੀਕੀ ਸਰੋਤਾਂ ਨਾਲੋਂ ਵੀ ਵੱਧ ਹਨ। ਜੋਸ਼ ਅਤੇ ਹੋਸ਼ ਦੇ ਚੱਲਦੇ, ਮੈਂ ਇੱਕ ਮਾਓਰੀ ਅਖਾਣ ਵੀ ਏਥੇ ਸਾਂਝਾ ਕਰਦਾ ਹਾਂ ਜਿਸ ਨੂੰ ਪੰਜਾਬੀ ਰੂਪ ਵਿੱਚ ਕੁਝ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ:

ਜਿਹੜਾ ਪੰਛੀ ਟੀਸੀ ਦਾ ਬੇਰ ਖਾਂਦਾ ਹੈ ਉਹ ਵਧ ਤੋਂ ਵੱਧ ਜੰਗਲ ਦਾ ਰਾਜਾ ਬਣ ਸਕਦਾ ਹੈ ਪਰ ਜਿਹੜਾ ਪੰਛੀ ਗਿਆਨ ਦਾ ਦਾਣਾ ਚੁਗਦਾ ਹੈ ਉਹ ਦੁਨੀਆਂ ਉੱਤੇ ਰਾਜ ਕਰਦਾ ਹੈ।

Posted in ਚਰਚਾ

ਬੁੱਤਾਂ ਦਾ ਰੌਲ਼ਾ

ਕੁਝ ਦਿਨ ਪਹਿਲਾਂ ਅਚਾਨਕ ਰੌਲ਼ਾ ਪੈ ਗਿਆ ਕਿ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਉੱਤੇ ਸਭਿਆਚਾਰਕ ਬੁੱਤਾਂ ਨੂੰ ਤੋੜਨ ਦੀ ਕੋਸ਼ਿਸ਼ ਕਰਨ ਦੀ ਖਾਤਰ ਕੁਝ ਨੌਜਵਾਨ ਹਿਰਾਸਤ ਵਿੱਚ ਲਏ ਗਏ ਹਨ। ਇਹ ਬੁੱਤ ਅਕਤੂਬਰ 2016 ਵਿੱਚ ਲਾਏ ਗਏ ਸਨ।   

ਵਿਰਾਸਤ ਮਾਰਗ

ਫਿਰ ਗੱਲ ਕਈ ਪਾਸੇ ਤੁਰ ਪਈ। ਪਹਿਲੀ ਤਾਂ ਇਹ ਮੰਗ ਉੱਠੀ ਕਿ ਉਨ੍ਹਾਂ ਨੌਜਵਾਨਾਂ ਨੂੰ ਹਿਰਾਸਤ ‘ਚੋਂ ਛੱਡ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਖਿਲਾਫ਼ ਪਾਏ ਗਏ ਮਾਮਲੇ ਵੀ ਵਾਪਸ ਲੈਣੇ ਚਾਹੀਦੇ ਹਨ। ਇਸ ਸਭ ਕਾਸੇ ਦੌਰਾਨ ਬੁੱਤਾਂ ਦੇ ਆਲੇ ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਤੇ ਹੋਰ ਕਈ ਤਰ੍ਹਾਂ ਦੀਆਂ ਇੰਟਰਨੈੱਟ ਉੱਤੇ ਬਹਿਸਾਂ ਛਿੜ ਪਈਆਂ।  ਕਈ ਇਹ ਕਹਿ ਰਹੇ ਸਨ ਕਿ ਇਹ ਤਾਂ ਵਿਰਾਸਤ ਹੈ ਜਿਸ ਦੇ ਬੁੱਤ ਚਾਹੀਦੇ ਵੀ ਹਨ। ਕਈਆਂ ਨੇ ਇਹ ਵੀ ਕਿਹਾ ਕਿ ਇਸ ਵਿਰਾਸਤ ਮਾਰਗ ਦੇ ਉੱਤੇ ਜਲ੍ਹਿਆਂ ਵਾਲਾ ਬਾਗ਼ ਵੀ ਹੈ ਜੋ ਪੰਜਾਬੀਅਤ ਦੀ ਨਿਸ਼ਾਨੀ ਹੈ। ਬੁੱਤ ਪੰਜਾਬੀਅਤ ਦੀ ਸ਼ਾਨ ਦੀ ਪ੍ਰਤੀਨਿਧਤਾ ਕਰਦੇ ਹਨ ਸੋ ਲੱਗੇ ਰਹਿਣੇ ਚਾਹੀਦੇ ਹਨ।  

ਦੂਜੇ ਪਾਸੇ ਚਰਚਾ ਇਸ ਗੱਲ ਦੀ ਛਿੜ ਪਈ ਕਿ ਇਹ ਬੁੱਤ ਇੱਥੇ ਨਹੀਂ ਹੋਣੇ ਚਾਹੀਦੇ ਇਨ੍ਹਾਂ ਦੀ ਥਾਂ ਦੇ ਉੱਤੇ ਧਾਰਮਿਕ ਬੁੱਤ ਹੋਣੇ ਚਾਹੀਦੇ ਹਨ ਜਿਵੇਂ ਕਿ ਸਿੱਖ ਸ਼ਹੀਦਾਂ ਦੇ ਬੁੱਤ ਲਾਉਣੇ ਚਾਹੀਦੇ ਹਨ। ਯੂਟਿਊਬ ਉੱਪਰ ਵੀ ਇਸ ਵਿਸ਼ੇ ਉੱਤੇ ਮਸਾਲਾ ਲਾ-ਲਾ ਕੇ ਕਈ ਕਿਸਮ ਦੇ ਹਾਂ ਜਾਂ ਨਾਂਹ ਦੇ ਪੱਖ ਵਿੱਚ ਵੀਡੀਓ ਚੱਲਦੇ ਰਹੇ।  

ਅਚਾਨਕ ਹੀ ਪੰਜਾਬ ਸਰਕਾਰ ਦੇ ਇੱਕ ਟਵੀਟ ਨੇ ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਪੰਜਾਬ ਨੇ ਹੁਕਮ ਦੇ ਦਿੱਤੇ ਹਨ ਕਿ ਬੁੱਤ ਕਿਧਰੇ ਹੋਰ ਲਾ ਦੇਣੇ ਚਾਹੀਦੇ ਹਨ, ਇੰਟਰਨੈੱਟ ਦੇ ਉੱਤੇ ਇਸ ਵਿਸ਼ੇ ਉੱਪਰ ਭਖ਼ਦੀ ਬਹਿਸ ਇੱਕ ਦੱਮ ਠੰਢੀ ਪੈ ਗਈ। ਜੇਕਰ ਤਾਜ਼ੀਆਂ ਖਬਰਾਂ ਪੜ੍ਹੀਏ ਤਾਂ ਇਹ ਪਤਾ ਲੱਗਦਾ ਹੈ ਕਿ ਬੁੱਤ ਤਾਂ ਟਰਾਲੀਆਂ ਵਿੱਚ ਪਾ ਉੱਥੋਂ ਚੁੱਕ ਕੇ ਕਿਤੇ ਹੋਰ ਲਿਜਾਏ ਵੀ ਜਾ ਚੁੱਕੇ ਹਨ।  

ਲੱਗਦਾ ਹੈ ਕਿ ਫ਼ਿਲਹਾਲ ਗੱਲ ਆਈ-ਚਲਾਈ ਹੋਈ ਹੈ ਪਰ ਇਸ ਦੇ ਕਈ ਪਹਿਲੂ ਸਾਨੂੰ ਧਿਆਨ ਦੇ ਵਿੱਚ ਰੱਖਣ ਦੀ ਲੋੜ ਹੈ।  

ਅੰਮ੍ਰਿਤਸਰ ਦੇ ਉਸ ਇਲਾਕੇ ਦੇ ਵਿੱਚ ਜਿੱਥੇ ਦਰਬਾਰ ਸਾਹਿਬ ਹੈ, ਉਹ ਹੀ ਇਕ ਵਿਰਾਸਤ ਹੈ ਅਤੇ ਹੋਰ ਕੋਈ ਨਹੀਂ।  ਜਿਹੜੇ ਪੰਜਾਬੀਅਤ ਕਰਕੇ ਜੱਲ੍ਹਿਆਂ ਵਾਲੇ ਬਾਗ਼ ਦਾ ਨਾਂਅ ਲੈ ਰਹੇ ਹਨ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਧਨੀਰਾਮ ਚਾਤ੍ਰਿਕ ਨੇ 1931 ਦੀ ਕਵਿਤਾ “ਅੰਮ੍ਰਿਤਸਰ, ਸਿਫਤੀਂ ਦਾ ਘਰ” ਵਿੱਚ ਜੱਲ੍ਹਿਆਂ ਵਾਲੇ ਬਾਗ਼ ਦਾ ਨਾਂ ਤੱਕ ਨਹੀਂ ਲਿਆ ਸੀ ਅਤੇ ਸਾਰੀ ਗੱਲ ਦਰਬਾਰ ਸਾਹਿਬ ਤੇ ਕੇਂਦਰਿਤ ਰੱਖੀ ਸੀ। 

ਇੱਕ ਹੋਰ ਪਹਿਲੂ ਜਿਹੜਾ ਸਾਨੂੰ ਬਹੁਤ ਧਿਆਨ ਵਿੱਚ ਰੱਖਣ ਦੀ ਲੋੜ ਹੈ ਉਹ ਇਹ ਹੈ ਕਿ ਸਿੱਖ ਸ਼ਹੀਦਾਂ ਦੇ ਨਾਂ ਉੱਤੇ ਬੁੱਤ ਬਣਵਾਉਣ ਦੀ ਸਾਡੇ ਅੰਦਰ ਕੋਈ ਖ਼ਾਹਸ਼ ਪੈਦਾ ਨਹੀਂ ਹੋਣੀ ਚਾਹੀਦੀ। ਇਹ ਸਭ ਕੁਝ ਸਾਨੂੰ ਬੁੱਤ ਪੂਜਣ ਵਾਲੇ ਪਾਸੇ ਹੀ ਧੱਕਦਾ ਹੈ ਜੋ ਕਿ ਗੁਰਬਾਣੀ ਦੇ ਬਿਲਕੁਲ ਉਲਟ ਹੈ। ਬੁੱਤ ਬਣਾਉਣੇ ਸਾਨੂੰ ਹੁਣ ਸ਼ਾਇਦ ਆਮ ਜਿਹੀ ਗੱਲ ਇਸ ਕਰਕੇ ਜਾਪਣ ਲੱਗ ਪਈ ਹੈ ਕਿਉਂਕਿ ਪਿਛਲੇ ਤੀਹ ਸਾਲਾਂ ਦੇ ਵਿੱਚ ਬਹੁਤ ਸਾਰੇ ਡੇਰਿਆਂ ਨਾਲ ਸਬੰਧਤ ਧਰਮ ਸਥਾਨਾਂ ਦੇ ਉੱਤੇ ਸਿੱਖ ਸ਼ਹੀਦਾਂ ਦੇ ਬੁੱਤ ਲਗਾਏ ਗਏ ਹਨ ਜਿਸ ਕਰਕੇ ਇਸ ਅਸੀਂ ਸੁੱਤੇ-ਸਿੱਧ ਹੀ ਬੁੱਤਾਂ ਵੱਲ ਖਿੱਚੇ ਜਾ ਰਹੇ ਹਾਂ। 

ਅੱਜ ਕੱਲ੍ਹ ਤਕਨਾਲੋਜੀ ਦਾ ਜ਼ਮਾਨਾ ਹੈ ਅਤੇ ਇਸੇ ਤਕਨਾਲੋਜੀ ਦੇ ਕਰਕੇ ਅਸੀਂ ਕਈ ਕਿਸਮ ਦੇ ਜ਼ਰੂਰੀ ਸੁਨੇਹੇ ਸਾਈਨ ਬੋਰਡਾਂ ਉੱਤੇ ਪਾ ਸਕਦੇ ਹਾਂ। ਦਰਬਾਰ ਸਾਹਿਬ ਆਉਣ ਵਾਲੇ ਬਹੁਤ ਸਾਰੇ ਲੋਕ ਗ਼ੈਰ-ਸਿੱਖ ਅਤੇ ਗ਼ੈਰ-ਪੰਜਾਬੀ ਵੀ ਹੁੰਦੇ ਹਨ। ਇਸ ਕਰਕੇ ਜੋ ਵੀ ਇਸ ਵਿਰਾਸਤੀ ਮਾਰਗ ਤੇ ਤੁਰਦੇ ਹਨ, ਉਨ੍ਹਾਂ ਦੇ ਲਈ ਤਕਨਾਲੋਜੀ ਵਾਲੇ ਬੋਰਡ ਲਾ ਦੇਣੇ ਚਾਹੀਦੇ ਹਨ ਜਿਨ੍ਹਾਂ ਦੇ ਉੱਤੇ ਖ਼ਾਸ ਤੌਰ ਤੇ ਗੁਰਬਾਣੀ ਦੇ ਹੇਠ ਲਿਖੇ ਸ਼ਬਦ ਜ਼ਰੂਰ ਪ੍ਰਚਾਰੇ ਜਾਣ। ਇਨ੍ਹਾਂ ਦਾ ਅਨੁਵਾਦ ਦੂਜੀਆਂ ਭਾਸ਼ਾਵਾਂ ਵਿੱਚ ਵੀ ਨਾਲ-ਨਾਲ ਚੱਲਦਾ ਰਹੇ ਤਾਂ ਕਿ ਜੋ ਆਉਣ ਵਾਲੇ ਪੰਜਾਬੀ ਜਾਂ ਸਿੱਖ ਨਹੀਂ ਹਨ ਉਹ ਵੀ ਗੁਰਬਾਣੀ ਨੂੰ ਸਮਝ ਸਕਣ ਅਤੇ ਉਨ੍ਹਾਂ ਨੂੰ ਵੀ ਇਹ ਪਤਾ ਲੱਗ ਸਕੇ ਕਿ ਸਾਡੀ ਵਿਰਾਸਤ ਕੀ ਹੈ:

ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥ ਤਾ ਮੇਰੈ ਮਨਿ ਭਇਆ ਨਿਧਾਨਾ ॥੧॥ (੧੮੬)

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥ ਲੋਗਾ ਭਰਮਿ ਨ ਭੂਲਹੁ ਭਾਈ ॥ ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥੧॥ ਰਹਾਉ ॥ (੧੩੪੯)

ਮਨ ਤੂ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ॥ (੪੪੧)।

ਇਸੁ ਮਨ ਕਉ ਨਹੀ ਆਵਣ ਜਾਨਾ॥ ਜਿਸ ਕਾ ਭਰਮ ਗਿਆ ਤਿਨਿ ਸਾਚੁ ਪਛਾਣਾ॥ (੩੩੦)

ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥ ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ ॥੧॥ (੫੯੫)