Posted in ਚਰਚਾ

ਕੋਵਿਡ-19 ਤਾਲਾਬੰਦੀ

ਦਿਨ ਬੁੱਧਵਾਰ, 25 ਮਾਰਚ 2020 ਦੀ ਅੱਧੀ ਰਾਤੀਂ ਨਿਊਜ਼ੀਲੈਂਡ ਦੇ ਵਿੱਚ ਕੋਵਿਡ-19 ਦੇ ਚੱਲਦੇ ਚਾਰ ਹਫ਼ਤੇ ਦੀ ਤਾਲਾਬੰਦੀ ਸ਼ੁਰੂ ਹੋ ਗਈ। ਇਸ ਤਾਲਾਬੰਦੀ ਦੌਰਾਨ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਲੱਗਭਗ ਹਰ ਅਦਾਰਾ, ਹਰ ਵਪਾਰ ਤੇ ਹੋਰ ਸੰਸਥਾਵਾਂ ਬੰਦ ਰਹਿਣਗੀਆਂ। ਵਪਾਰਕ ਨੁਕਸਾਨ ਅਤੇ ਰੁਜ਼ਗਾਰ ਪੱਖੋਂ ਸਰਕਾਰੀ ਸਹੂਲਤ ਫੌਰੀ ਤੌਰ ਤੇ ਬਾਰਾਂ ਹਫਤਿਆਂ ਲਈ ਭੱਤੇ ਦੇ ਰੂਪ ਵਿੱਚ ਇਕਮੁਸ਼ਤ ਰਕਮ ਦੇ ਤੌਰ ਤੇ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚ ਚੁੱਕੀ ਹੈ। ਜਿਸ ਕਰਕੇ ਜਿੰਨ੍ਹਾਂ ਦਾ ਦਿਲ ਤਲਾਬੰਦੀ ਦੇ ਨਾਂ ਤੇ ਦਹਿਲਣ ਲੱਗ ਪਿਆ ਸੀ, ਉਹ ਥੋੜ੍ਹੇ ਸ਼ਾਂਤ ਜਿਹੇ ਹੋ ਗਏ।

ਨਿਊਜ਼ੀਲੈਂਡ ਦੇ ਹਵਾਈ ਅੱਡੇ ਅਤੇ ਬੰਦਰਗਾਹਾਂ ਵੀ ਜ਼ਰੂਰੀ ਸੇਵਾਵਾਂ ਲਈ ਚੱਲਣਗੀਆਂ ਜਿਸ ਵਿੱਚ ਮਾਲ ਢੁਆਈ ਵੀ ਸ਼ਾਮਲ ਹੈ ਪਰ ਆਮ ਸਵਾਰੀਆਂ ਦਾ ਕੰਮ ਠੱਪ ਹੈ।

ਵਿਅੰਗ ਵਾਲੇ ਪਾਸੇ ਵੇਖੀਏ ਤਾਂ ਕਈ ਥਾਂ ਇਹ ਗੱਲ ਉਭਰ ਰਹੀ ਹੈ ਕਿ ਹੁਣ ਵ੍ਹਾਟਸਐਪ ਯੂਨੀਵਰਸਿਟੀ ਧੜਾਧੜ ਡਿਗਰੀਆਂ ਛਾਪ ਰਹੀ ਹੈ ਕਿਉਂਕਿ ਇਸ ਤਾਲਾਬੰਦੀ ਤੋਂ ਬਾਅਦ ਲੋਕਾਂ ਨੂੰ ਪੀਐੱਚਡੀ ਦੀਆਂ ਡਿਗਰੀਆਂ ਦੇਣੀਆਂ ਪੈਣੀਆਂ ਹਨ। ਕਰੋਨਾ ਵਾਇਰਸ ਦੇ ਮਾਹਰ ਬਣ ਕੇ ਹਰੇਕ ਨੇ ਇੰਨੇ ਸੁਨੇਹੇ ਸਾਂਝੇ ਕੀਤੇ ਹਨ ਕਿ ਬਸ ਪੁੱਛੋ ਨਾ। ਬਹੁਤਿਆਂ ਨੇ ਤਾਂ ਉੱਚ ਮੁਹਾਰਤ ਦਿਨ ਵਿੱਚ ਚਾਰ ਵਾਰ ਭਾਫ਼ ਲੈਣ ਜਾਂ ਲੂਣ ਵਾਲੇ ਗਰਾਰਿਆਂ ਦੀ ਹਾਸਲ ਕੀਤੀ ਹੋਈ ਹੈ।

ਨਿਊਜ਼ੀਲੈਂਡ ਵਿੱਚ ਹਮੇਸ਼ਾਂ ਹੀ ਕਿਰਾਏ ਤੇ ਮਿਲਣ ਵਾਲੇ ਘਰਾਂ ਦੀ ਘਾਟ ਰਹਿੰਦੀ ਸੀ। ਪਰ ਹੁਣ ਜਦ ਦਾ ਯਾਤਰੂਆਂ ਦਾ ਕੰਮ ਠੱਪ ਹੋਇਆ ਹੈ ਤਾਂ ਬਹੁਤ ਸਾਰੇ ਘਰ ਜੋ ਕਿ ਏਅਰ ਬੀ ਐੱਨ ਬੀ ਦੇ ਲਈ ਕਮਰੇ ਆਦਿ ਕਿਰਾਏ ਤੇ ਦਿੰਦੇ ਸਨ ਉਨ੍ਹਾਂ ਲਈ ਹੁਣ ਆਮਦਨ ਦਾ ਠਾਠਾਂ ਮਾਰਦਾ ਦਰਿਆ ਸੁੱਕ ਚੁੱਕਾ ਹੈ। ਉਨ੍ਹਾਂ ਮਕਾਨ ਮਾਲਕਾਂ ਨੇ ਆਪਣੇ ਘਰ ਕਿਰਾਏ ਤੇ ਦੇਣ ਲਈ ਆਨਲਾਈਨ ਇਸ਼ਤਿਹਾਰਬਾਜ਼ੀ ਸ਼ੁਰੂ ਕਰ ਦਿੱਤੀ ਹੈ। ਪਰ ਜਦੋਂ ਚਾਰ ਹਫ਼ਤੇ ਦੀ ਤਾਲਾਬੰਦੀ ਹੋ ਚੁੱਕੀ ਹੋਵੇ ਤਾਂ ਕੌਣ ਨਿਕਲੇਗਾ ਕਿਰਾਏ ਦੇ ਉੱਤੇ ਘਰ ਲੈਣ ਦੇ ਲਈ?

ਇੱਕ ਹੋਰ ਚੰਗਾ ਪੱਖ ਜਿਹੜਾ ਕਿ ਨਿਊਜ਼ੀਲੈਂਡ ਤੇ ਬਹੁਤਾ ਲਾਗੂ ਨਹੀਂ ਹੁੰਦਾ ਪਰ ਜਿਸ ਦੇ ਬਾਰੇ ਦੁਨੀਆਂ ਭਰ ਵਿੱਚ ਕਈ ਥਾਵਾਂ ਤੋਂ ਚੰਗੀਆਂ ਖਬਰਾਂ ਮਿਲ ਰਹੀਆਂ ਹਨ ਉਹ ਇਹ ਕਿ ਪ੍ਰਦੂਸ਼ਣ ਬਹੁਤ ਘੱਟ ਗਿਆ ਹੈ। ਕਈ ਪੰਛੀ ਅਤੇ ਹੋਰ ਜੀਵਾਂ ਨੇ ਉੱਥੇ ਵਿਚਰਨਾ ਸ਼ੁਰੂ ਕਰ ਦਿੱਤਾ ਹੈ ਜਿੱਥੇ ਪਹਿਲਾਂ ਉਹ ਇਨਸਾਨ ਤੋਂ ਡਰ ਕੇ ਨਹੀਂ ਸਨ ਜਾਂਦੇ।

ਹੁਣ ਵੀ ਤਾਂ ਦੁਨੀਆਂ ਦੇ ਰੁਝੇਵੇਂ ਮੁੱਕੇ ਹਨ। ਇਸ ਕਰਕੇ ਜਦ ਵੀ ਇਹ ਤਾਲਾਬੰਦੀ ਖਤਮ ਹੁੰਦੀ ਹੈ ਤਾਂ ਸਾਨੂੰ ਹਰੇਕ ਨੂੰ ਆਪੋ-ਆਪਣੇ ਪੱਧਰ ਤੇ ਸੋਚ ਵਿਚਾਰ ਜ਼ਰੂਰ ਕਰਨਾ ਚਾਹੀਦਾ ਹੈ ਕਿ ਅਸੀਂ ਪ੍ਰਦੂਸ਼ਣ ਘਟਾਉਣ ਵਿੱਚ ਨਿਜੀ ਤੌਰ ਤੇ ਕਿਵੇਂ ਸਹਾਈ ਹੋ ਸਕਦੇ ਹਾਂ? ਦੂਜਾ ਇਹ ਕਿ ਰੋਜ਼ ਦਿਹਾੜੇ ਹੁੰਦਾ ਆਮ ਵਰਤੋਂ ਵਾਲੀਆਂ ਚੀਜ਼ਾਂ ਦਾ ਉਜਾੜਾ ਅਸੀਂ ਕਿਵੇਂ ਘਟਾ ਸਕਦੇ ਹਾਂ?

Posted in ਚਰਚਾ

ਕੋਵਿਡ-19

ਅੱਜ ਦੇ ਦਿਨ ਮੈਂ ਆਕਲੈਂਡ ਵਿਖੇ ਇਕ ਸੰਮੇਲਨ ਨੂੰ ਸੰਬੋਧਨ ਕਰਨਾ ਸੀ ਅਤੇ ਉਸੇ ਬਾਰੇ ਇਥੇ ਲਿਖਣਾ ਵੀ ਸੀ। ਪਰ ਕੋਵਿਡ-19 ਕਰਕੇ ਇਹ ਸੰਮੇਲਨ ਮੁਲਤਵੀ ਹੋ ਗਿਆ ਹੈ। ਸੰਮੇਲਨ ਦੇ ਪ੍ਰਬੰਧਕ ਚਾਹੁੰਦੇ ਹਨ ਕਿ ਮੈਂ ਆਪਣੀ ਯਾਤਰਾ ਰੱਦ ਨਾ ਕਰਾਂ ਤਾਂ ਜੋ ਆਕਲੈਂਡ ਮਿਲ-ਬੈਠ ਕੇ ਕੁਝ ਮੁੱਦਿਆਂ ਤੇ ਵਿਚਾਰ ਕੀਤੀ ਜਾਵੇ।

ਸੋ ਕੁਝ ਕੁ ਦੇਰ ਤਕ ਮੈਂ ਵੈਲਿੰਗਟਨ ਹਵਾਈ ਅੱਡੇ ਲਈ ਰਵਾਨਾ ਹੋ ਜਾਵਾਂਗਾ।

Posted in ਚਰਚਾ

ਰਵਾਇਤੀ ਅਨਾਜ ਦੀ ਬੁਝਾਰਤ

ਛੋਟੇ ਹੁੰਦਿਆਂ ਇੱਕ ਕਹਾਵਤ ਆਮ ਹੀ ਸੁਣਦੇ ਹੁੰਦੇ ਸਾਂ ਕਿ ਕੁਝ ਲੋਕ ਜਿਊਣ ਲਈ ਖਾਂਦੇ ਹਨ ਤੇ ਕੁਝ ਖਾਣ ਲਈ ਜਿਊਂਦੇ ਹਨ। ਗੱਲ ਉਦੋਂ ਕਾਫੀ ਗੁੰਝਲਦਾਰ ਲੱਗਦੀ ਹੁੰਦੀ ਸੀ ਪਰ ਹੁਣ ਇਹਦੇ ਹੋਰ ਕਈ ਪਹਿਲੂ ਵੀ ਸਾਹਮਣੇ ਆ ਰਹੇ ਹਨ।

ਅੱਜ ਭਾਵੇਂ ਕਿਸੇ ਸੁਪਰਮਾਰਕਿਟ ਚਲੇ ਜਾਵੋ ਤੇ ਭਾਵੇਂ ਕਿਤੇ ਘੁੰਮਣ-ਫਿਰਨ। ਸਭ ਰਸਤੇ ਅਤੇ ਰਾਹ ਖਾਣ ਪੀਣ ਵਾਲੀਆਂ ਥਾਵਾਂ ਨਾਲ ਭਰੇ, ਸੁਪਰ ਮਾਰਕੀਟਾਂ ਦੇ ਖਾਨੇ ਖਾਣ ਪੀਣ ਵਾਲੀਆਂ ਵਸਤਾਂ ਨਾਲ ਭਰੇ ਅਤੇ ਸੰਚਾਰ ਮਾਧਿਅਮਾਂ ਉੱਤੇ ਖਾਸ ਤੌਰ ਤੇ ਟੀਵੀ ਦੇ ਉੱਤੇ ਚੱਲਦੇ ਖਾਣੇ ਬਣਾਉਣ ਦੇ ਪ੍ਰੋਗਰਾਮ ਵੇਖ ਕੇ ਇਹ ਲੱਗਦਾ ਹੈ ਕਿ ਸ਼ਾਇਦ ਮਨੁੱਖਤਾ ਦਾ ਸਾਰਾ ਧਿਆਨ ਹੁਣ ਸਿਰਫ਼ ਖਾਣ ਪੀਣ ਦੇ ਉਪਰ ਹੀ ਹੈ।  

ਇਸ ਸਭ ਦੇ ਚੱਲਦੇ, ਅੱਜ ਕੱਲ੍ਹ ਇਨਸਾਨੀ ਸਰੀਰ ਦੀ ਬਨਾਵਟ ਅਤੇ ਸਰੀਰਕ ਸਮਤੋਲ ਖਾਣ ਪੀਣ ਦੇ ਉੱਤੇ ਹੀ ਨਿਰਭਰ ਹੋ ਗਿਆ ਹੈ ਖਾਸ ਤੌਰ ਤੇ ਉਸ ਵੇਲੇ ਜਦਕਿ ਹੁਣ ਸਰੀਰਕ ਕੰਮ ਘਟਦਾ ਜਾ ਰਿਹਾ ਹੈ ਤੇ ਉਸ ਦਾ ਖੱਪਾ ਪੂਰਾ ਕਰਨ ਦੇ ਲਈ ਕਸਰਤ ਕਰਣ ਲਈ ਜਿੰਮ ਵਿੱਚ ਜਾਣ ਦੇ ਰੁਝਾਨ ਵੱਧ ਰਹੇ ਹਨ।  

ਅੱਜ ਕੱਲ੍ਹ ਸਰੀਰਾਂ ਨੂੰ ਕਈ ਕਿਸਮ ਦੀਆਂ ਬਿਮਾਰੀਆਂ ਨੇ ਵੀ ਆਣ ਘੇਰਿਆ ਹੈ। ਪੰਜਾਬ ਦੇ ਮਾਲਵੇ ਦੀ ਬੈਲਟ ਦੇ ਵਿੱਚ ਜਦੋਂ ਕੈਂਸਰ ਆਮ ਹੋਣਾ ਸ਼ੁਰੂ ਹੋ ਗਿਆ ਤਾਂ ਕਈ ਸਮਾਜ ਸੇਵੀ ਸੰਸਥਾਵਾਂ ਵੀ ਲੋਕ ਭਲਾਈ ਦੇ ਉੱਦਮ ਵਿੱਚ ਜੁਟ ਗਈਆਂ ਤਾਂ ਜੋ ਲੋਕਾਂ ਦੀ ਮਦਦ ਕੀਤੀ ਜਾਵੇ।  ਅਜਿਹੀ ਇੱਕ ਸੰਸਥਾ ਨੇ ਲੋਕਾਂ ਨੂੰ ਘਾਹ ਦਾ ਰਸ (wheat grass) ਪੀਣ ਦੇ ਰਾਹ ਪਾ ਦਿੱਤਾ ਅਤੇ ਆਮ ਜਿਵੇਂ ਫਲਾਂ ਦੇ ਰਸਾਂ ਦੀਆਂ ਰੇਹੜੀਆਂ ਲੱਗੀਆਂ ਹੁੰਦੀਆਂ ਹਨ ਉਸੇ ਤਰ੍ਹਾਂ ਘਾਹ ਦਾ ਰਸ ਵੀ ਰੇਹੜੀਆਂ ਤੇ ਮਿਲਣਾ ਸ਼ੁਰੂ ਹੋ ਗਿਆ।

ਅਸੀਂ ਜਿਸ ਚੀਜ਼ ਨੂੰ ਆਮ ਕਰਕੇ ਨਹੀਂ ਸਮਝਦੇ ਹੋ ਇਹ ਹੈ ਕਿ ਚੰਗੀ ਖ਼ੁਰਾਕ ਦਾ ਫ਼ਾਇਦਾ ਜ਼ਰੂਰ ਹੁੰਦਾ ਹੈ ਪਰ ਕਿਸੇ ਦਵਾਈ ਮਾਫ਼ਕ ਨਹੀਂ। ਚੰਗੀ ਅਤੇ ਸੰਤੁਲਿਤ ਖ਼ੁਰਾਕ ਦਾ ਫ਼ਾਇਦਾ ਇਕ ਰਾਤ ਜਾਂ ਹਫ਼ਤੇ ਵਿੱਚ ਨਹੀਂ ਪਤਾ ਲੱਗ ਜਾਂਦਾ ਇਸ ਦਾ ਫ਼ਾਇਦਾ ਹੁੰਦਿਆਂ ਮਹੀਨੇ ਸਾਲ ਲੱਗ ਜਾਂਦੇ ਹਨ।  

ਇਸੇ ਤਰ੍ਹਾਂ ਇਨ੍ਹਾਂ ਖ਼ੁਰਾਕਾਂ ਦੀ ਗੱਲ ਕਰਦੇ ਕਰਦੇ ਅੱਜ ਕੱਲ੍ਹ ਕੋਧਰੇ (Paspalum scrobiculatum) ਬਾਰੇ ਕਾਫ਼ੀ ਪ੍ਰਚਾਰ ਕੀਤਾ ਜਾ ਰਿਹਾ ਹੈ। ਕਈ ਤਾਂ ਇੱਥੋਂ ਤੱਕ ਕਹਿਣ ਲੱਗ ਪਏ ਹਨ ਕਿ ਇਹ ਤਾਂ ਰਵਾਇਤੀ ਖ਼ੁਰਾਕ ਹੁੰਦਾ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕੋਧਰਾ ਆਮ ਹੀ ਖਾਧਾ ਜਾਂਦਾ ਸੀ ਅਤੇ ਖਾਸ ਤੌਰ ਤੇ ਗੁਰੂ ਨਾਨਕ ਸਾਹਿਬ ਦੇ ਵਕਤ ਕੋਧਰੇ ਦੀਆਂ ਰੋਟੀਆਂ ਖਾਣ ਦਾ ਰਿਵਾਜ਼ ਆਮ ਸੀ।  

ਕੋਧਰੇ ਦਾ ਖੇਤ

ਜੇਕਰ ਅਸੀਂ ਇਤਿਹਾਸ ਉੱਤੇ ਨਜ਼ਰ ਮਾਰੀਏ ਤਾਂ ਸਾਨੂੰ ਇਸ ਤਰ੍ਹਾਂ ਦਾ ਕੋਈ ਵੀ ਸਰੋਤ ਜਾਂ ਹਵਾਲਾ ਨਹੀਂ ਲੱਭਦਾ ਜਿਹੜਾ ਕਿ ਇਸ ਕਥਨ ਦੀ ਪੁਸ਼ਟੀ ਕਰਦਾ ਹੋਵੇ। ਇਹ ਗੱਲ ਬਿਨਾਂ ਸ਼ੱਕ ਜ਼ਰੂਰ ਕਹੀ ਜਾ ਸਕਦੀ ਹੈ ਕਿ ਕੋਧਰਾ ਇੱਕ ਚੰਗਾ ਅਨਾਜ ਹੈ ਪਰ ਇਹ ਵੀ ਨਾਲ ਦੱਸਣਾ ਜ਼ਰੂਰੀ ਹੈ ਕਿ ਇਹ ਕਾਫੀ ਭਾਰਾ ਹੁੰਦਾ ਹੈ ਅਤੇ ਪਚਣ ਦੇ ਲਈ ਮਿਹਦੇ ਦੇ ਉੱਤੇ ਕਾਫ਼ੀ ਜ਼ੋਰ ਪਾਉਂਦਾ ਹੈ।  

ਅੱਜ ਤੋਂ ਨੂੰ ਕੋਈ ਸੱਤਰ-ਅੱਸੀ ਸਾਲ ਪਹਿਲਾਂ ਤੱਕ ਪੰਜਾਬ ਦੇ ਹਰ ਪਿੰਡ ਤੱਕ ਬਿਜਲੀ ਨਹੀਂ ਸੀ ਪਹੁੰਚੀ ਹੋਈ ਅਤੇ ਨਾ ਹੀ ਥਾਂ-ਥਾਂ ਟਿਊਬਵੈੱਲ ਹੁੰਦੇ ਸਨ ਇਸ ਕਰਕੇ ਖੇਤੀ ਖੂਹਾਂ ਦੇ ਪਾਣੀ ਅਤੇ ਸੂਇਆਂ ਨਾਲਿਆਂ ਦੇ ਪਾਣੀ ਦੇ ਉੱਤੇ ਜਾਂ ਬਰਸਾਤ ਦੇ ਉੱਤੇ ਨਿਰਭਰ ਹੁੰਦੀ ਸੀ। ਉਦੋਂ ਲੋਕ ਆਮ ਤੌਰ ਤੇ ਇੱਕ ਦੋ ਖੇਤ ਕੋਧਰਾ ਇਸ ਕਰਕੇ ਬੀਜ ਦਿੰਦੇ ਸਨ ਕਿ ਜੇਕਰ ਕਿਤੇ ਸੋਕਾ ਪੈ ਗਿਆ ਤਾਂ ਚਲੋ ਘਰੇ ਖਾਣ ਜੋਗੇ ਦਾਣੇ ਕੋਧਰੇ ਦੇ ਹੋ ਜਾਣਗੇ ਕਿਉਂਕਿ ਕੋਧਰਾ ਇੱਕ ਜਿਹੋ ਜਿਹਾ ਬੂਟਾ ਹੈ ਜਿਸ ਨੂੰ ਕਿ ਵਧਣ ਫੁੱਲਣ ਦੇ ਲਈ ਜ਼ਿਆਦਾ ਪਾਣੀ ਅਤੇ ਚੰਗੇ ਮੌਸਮ ਦੀ ਲੋੜ ਨਹੀਂ ਹੈ।  

ਜੇਕਰ ਸੋਕਾ ਨਹੀਂ ਸੀ ਪੈਂਦਾ ਅਤੇ ਫਸਲ ਵੀ ਹੋ ਜਾਂਦੀ ਸੀ ਤਾਂ ਫਿਰ ਲੋਕ ਕੋਧਰੇ ਨੂੰ ਆਮ ਤੌਰ ਤੇ ਡੰਗਰ-ਮਾਲ ਦੇ ਖਾਣ ਦੇ ਲਈ ਰੱਖ ਲੈਂਦੇ ਸਨ।  ਜਿਵੇਂ-ਜਿਵੇਂ ਟਿਊਬਵੈੱਲ ਵਧਦੇ ਗਏ, ਪੰਜਾਬ ਵਿੱਚ ਕੋਧਰਾ ਬੀਜਣ ਦੀ ਲੋੜ ਖ਼ਤਮ ਹੋ ਗਈ। ਹਰੇ ਇਨਕਲਾਬ ਕਰਕੇ ਹੋਏ ਮਸ਼ੀਨੀਕਰਨ ਕਰਕੇ ਪੰਜਾਬ ਵਿੱਚ ਡੰਗਰ-ਮਾਲ ਵੀ ਘਟਣਾ ਸ਼ੁਰੂ ਹੋ ਗਿਆ।   

ਇਸ ਤਰ੍ਹਾਂ ਕੋਧਰਾ ਕਦੀ ਵੀ ਪੰਜਾਬ ਦੇ ਵਿੱਚ ਆਮ ਖੁਰਾਕ ਨਹੀਂ ਸੀ ਬਣਿਆ। ਹਾਂ, ਮਜਬੂਰੀ ਦੇ ਵਿੱਚ ਜਦੋਂ ਕਦੀ ਸੋਕਾ ਪੈਂਦਾ ਸੀ ਤਾਂ ਲੋਕ ਇਸ ਨੂੰ ਜ਼ਰੂਰ ਖਾਂਦੇ ਰਹੇ।

Posted in ਚਰਚਾ

ਪੰਜਾਬੀ ਭਾਸ਼ਾ ਬਾਰੇ ਮਤੇ

ਪਿਛਲੇ ਹਫ਼ਤੇ ਜਦ ਮੈਂ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੇ ਉਦੇਸ਼ਾਂ ਬਾਰੇ ਲਿਖਿਆ ਸੀ ਤਾਂ ਛੇਤੀ ਹੀ ਮੈਨੂੰ ਕਈ ਕਿਸਮ ਦੇ ਸੁਨੇਹੇ ਆਉਣੇ ਸ਼ੁਰੂ ਹੋ ਗਏ ਕਿ ਫਿਕਰ ਨਾ ਕਰੋ ਅਗਲੇ ਹਫ਼ਤੇ ਬਹੁਤ ਕੁਝ ਹੋਣ ਜਾ ਰਿਹਾ ਹੈ। ਪੰਜਾਬੀ ਭਾਸ਼ਾ ਦੇ ਬਾਰੇ ਪੰਜਾਬ ਸਰਕਾਰ ਛੇਤੀ ਹੀ ਕੋਈ ਬਹੁਤ ਵੱਡਾ ਐਲਾਨ ਕਰ ਸਕਦੀ ਹੈ। ਇਹ ਗੱਲਾਂ ਸੁਣ ਕੇ ਮੈਂ ਵਾਕਿਆ ਹੀ ਸਾਹ ਰੋਕ ਕੇ ਬਹਿ ਗਿਆ ਅਤੇ ਉਡੀਕਣ ਲੱਗਾ ਕਿ ਚਲੋ ਵੇਖਦੇ ਹਾਂ ਕਿ ਏਡਾ ਵੱਡਾ ਕਿਹੜਾ ਐਲਾਨਨਾਮਾ ਹੁੰਦਾ ਹੈ ਜਿਸਦੇ ਕਰਕੇ ਪੰਜਾਬੀ ਭਾਸ਼ਾ ਪ੍ਰਫੁੱਲਤ ਹੋਏਗੀ।  

ਮੰਗਲਵਾਰ ਵਾਲੇ ਦਿਨ 3 ਮਾਰਚ ਨੂੰ ਇਹ ਪਤਾ ਲੱਗਾ ਕਿ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ, ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਅਤੇ ਰੁਜ਼ਗਾਰ ਉੱਤਪਤੀ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਤਾ ਪੇਸ਼ ਕੀਤਾ ਤੇ ਜਿਹੜਾ ਸਰਬਸੰਮਤੀ ਨਾਲ ਸਾਰੀਆਂ ਹੀ ਰਾਜਸੀ ਧਿਰਾਂ ਵੱਲੋਂ ਪ੍ਰਵਾਨ ਚੜ੍ਹ ਗਿਆ।

ਉਸਾਰੂ ਅਤੇ ਹਾਂ-ਪੱਖੀ ਸੋਚ ਰੱਖਦੇ ਹੋਏ ਜੇ ਕੋਈ ਨਵਾਂ ਮਤਾ ਆਇਆ ਹੈ ਤਾਂ ਉਹਦਾ ਜ਼ਰੂਰ ਸੁਆਗਤ ਕਰਨਾ ਬਣਦਾ ਹੈ ਅਤੇ ਆਸ ਵੀ ਰੱਖਣੀ ਬਣਦੀ ਹੈ ਕਿ ਚਲੋ ਸ਼ਾਇਦ ਕੁਝ ਭਲਾ ਹੋਵੇਗਾ। ਪਰ ਵਾਕਿਆ ਹੀ ਉਸਾਰੂ ਅਤੇ ਹਾਂ-ਪੱਖੀ ਰਹਿ ਕੇ ਕੋਈ ਆਸ ਰੱਖਣੀ ਬਣਦੀ ਹੈ ਜਾਂ ਫਿਰ ਇਹ ਜੋ ਕੁਝ ਹੋਇਆ ਇਹ ਸਭ ਕੁਝ ਗੋਂਗਲੂਆਂ ਤੋਂ ਮਿੱਟੀ ਝਾੜਣ ਤੋਂ ਵੱਧ ਕੁਝ ਨਹੀਂ ਸੀ?  

ਇਸ ਗੱਲ ਦਾ ਅੰਦਾਜ਼ਾ ਹੁਣ ਤੁਸੀਂ ਆਪ ਹੀ ਲਾਓ ਕਿ ਇਹ ਮਤਾ ਕਿੰਨੀ ਕੁ ਗੰਭੀਰਤਾ ਨਾਲ ਲਿਆ ਗਿਆ ਹੋਵੇਗਾ। ਜਦੋਂ ਇਹ ਮਤਾ ਪੇਸ਼ ਕੀਤਾ ਜਾ ਰਿਹਾ ਸੀ ਤਾਂ ਉਸ ਵਕਤ ਪੰਜਾਬ ਵਿਧਾਨ ਸਭਾ ਦੇ ਵਿੱਚ ਨਾ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੌਜੂਦ ਸੀ ਅਤੇ ਨਾ ਹੀ ਉਸ ਵੇਲੇ ਵਿਧਾਨ ਸਭਾ ਦੀ ਕਾਰਵਾਈ ਸਪੀਕਰ ਰਾਣਾ ਕੇ ਪੀ ਸਿੰਘ ਚਲਾ ਰਿਹਾ ਸੀ। ਕਾਰਵਾਈ ਉਸ ਮੌਕੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੇ ਹੱਥ ਸੀ।

ਚਲੋ ਮੰਨ ਲੈਂਦੇ ਹਾਂ ਕਿ ਦੋਵਾਂ ਨੂੰ ਕੋਈ ਖਾਸ ਕੰਮ ਪੈ ਗਏ ਹੋਣਗੇ ਜਾਂ ਕਿਤੇ ਹੋਰ ਬਾਹਰ ਚਲੇ ਗਏ ਹੋਣਗੇ। ਪਰ ਉਸ ਤੋਂ ਬਾਅਦ ਉਨ੍ਹਾਂ ਦੋਹਾਂ ਦਾ ਇਸ ਮਤੇ ਬਾਰੇ ਕੋਈ ਬਿਆਨ ਨਹੀਂ ਆਇਆ। ਚਲੋ ਇਹ ਵੀ ਮੰਨ ਲੈਂਦੇ ਹਾਂ ਕਿ ਉਹ ਕਿਤੇ ਰੁੱਝ ਗਏ ਸੀ ਪਰ ਕੈਪਟਨ ਅਮਰਿੰਦਰ ਸਿੰਘ ਦੀ ਸਮਾਜਿਕ ਮਾਧਿਅਮ ਉੱਤੇ ਚੰਗੀ ਪੈੜਛਾਪ ਹੈ ਜਿਹਦੇ ਵਿੱਚ ਟਵਿੱਟਰ ਵੀ ਹੈ। ਪਰ ਉਨ੍ਹਾਂ ਦੇ ਟਵਿੱਟਰ ਦੇ ਖਾਤੇ ਚੋਂ ਇਸ ਮਤੇ ਬਾਰੇ ਕੋਈ ਵੀ ਟਵੀਟ ਨਹੀਂ ਆਇਆ ਅਤੇ ਨਾ ਹੀ ਕਦੀ ਏਦਾਂ ਹੋਇਆ ਹੈ ਕਿ ਮੁੱਖ ਮੰਤਰੀ ਨੇ ਕਦੀ ਪੰਜਾਬੀ ਭਾਸ਼ਾ ਵਿੱਚ ਟਵੀਟ ਕੀਤਾ ਹੋਵੇ। ਜੇ ਕਿਤੇ ਇੱਕ ਅੱਧੀ ਵਾਰ ਹੋਇਆ ਵੀ ਹੋਵੇਗਾ ਤਾਂ ਇਹ ਗੱਲ ਕੋਈ ਵਜ਼ਨ ਨਹੀਂ ਰੱਖਦੀ।

ਕੀ ਮੰਤਰੀ ਚੰਨੀ ਨੇ ਇਸ ਮਤੇ ਬਾਰੇ ਮੁੱਖ ਮੰਤਰੀ ਨਾਲ ਕੋਈ ਸਲਾਹ ਕੀਤੀ ਵੀ ਸੀ? ਜੇਕਰ ਨਹੀਂ ਕੀਤੀ ਤਾਂ ਮਾੜੀ ਗੱਲ ਹੈ ਅਤੇ ਜੇਕਰ ਕੀਤੀ ਸੀ ਤਾਂ ਮੁੱਖ ਮੰਤਰੀ ਦੀ ਗ਼ੈਰ-ਹਾਜ਼ਰੀ ਇਹੀ ਦਰਸਾਉਂਦੀ ਹੈ ਕਿ ਮਤਾ ਸਿਰਫ ਕਾਰਵਾਈ ਪਾਉਣ ਤੱਕ ਹੀ ਸੀਮਤ ਸੀ। 

ਇੱਕ ਵਾਰੀ ਤਾਂ ਇਸ ਮਤੇ ਤੋਂ ਬਾਅਦ ਖ਼ਬਰਾਂ ਦਾ ਆਬਸ਼ਾਰ ਵਰ੍ਹ ਗਿਆ ਅਤੇ ਸਾਰੇ ਪਾਸੇ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਕਿ ਹੁਣ ਵੇਖੋ ਕਿਵੇਂ ਅੱਖ ਦੇ ਫੋਰ ਵਿੱਚ ਪੰਜਾਬੀ ਦਾ ਸੁੱਕ ਰਿਹਾ ਬੂਟਾ ਬੋਹੜ ਬਣ ਜਾਵੇਗਾ। ਪਰ ਕੋਈ ਵੀ ਇਹ ਗੱਲ ਨਹੀਂ ਸੋਚ ਰਿਹਾ ਕਿ ਰਾਜ ਭਾਸ਼ਾ ਐਕਟ 1967 ਵਿੱਚ ਬਣਿਆ ਅਤੇ ਫਿਰ ਸੰਨ 2009 ਵਿੱਚ ਕੁਝ ਸੁਧਾਈਆਂ ਕੀਤੀਆਂ ਗਈਆਂ ਪਰ ਲਾਗੂ ਕੁਝ ਨਹੀਂ ਹੋਇਆ। ਗੱਲ ਤਾਂ ਸਾਰੀ ਲਾਗੂ ਕਰਨ ਦੇ ਉੱਤੇ ਹੈ, ਜੇਕਰ ਕੋਈ ਕਾਨੂੰਨ ਲਾਗੂ ਹੀ ਨਹੀਂ ਹੁੰਦਾ ਤਾਂ ਉਹ ਭਾਵੇਂ ਐਕਟ ਬਣੀ ਜਾਣ ਤੇ ਭਾਵੇਂ ਉਸ ਦੇ ਬਾਰੇ ਮਤੇ ਪਾਸ ਹੁੰਦੇ ਰਹਿਣ, ਪਰਨਾਲਾ ਉੱਥੇ ਦਾ ਉੱਥੇ ਹੀ ਰਹੇਗਾ।  

ਭਾਵੇਂ ਹੋਵੇ ਰਾਜ ਭਾਸ਼ਾ ਐਕਟ, ਭਾਵੇਂ ਉਸ ਵਿੱਚ ਹੋਈਆਂ ਤਰਮੀਮਾਂ ਤੇ ਭਾਵੇਂ ਅਜਿਹੇ ਵਿਧਾਨ ਸਭਾ ਵਿੱਚ ਪਾਸ ਹੋਏ ਮਤੇ। ਅਸਲੀ ਕੰਮ ਜਿਵੇਂ ਪਿਛਲੇ ਦੋ-ਤਿੰਨ ਸਾਲਾਂ ਤੋਂ ਹੋ ਰਿਹਾ ਹੈ ਕਿ ਜ਼ਮੀਨੀ ਪੱਧਰ ਦੇ ਉੱਤੇ ਅਤੇ ਕਾਨੂੰਨੀ ਦਾਅ ਪੇਚ ਖੇਡ ਕੇ ਜਿਸ ਤਰ੍ਹਾਂ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਨੇ ਕਈ ਥਾਵਾਂ ਤੇ ਪੰਜਾਬੀ ਲਾਗੂ ਕਰਵਾਈ ਹੈ, ਉਹ ਜਦੋਂ ਜਹਿਦ ਉਸੇ ਤਰ੍ਹਾਂ ਹੀ ਚੱਲਦੀ ਰਹਿਣੀ ਚਾਹੀਦੀ ਹੈ। ਇਹ ਵੇਲ਼ਾ ਮਤਿਆਂ ਦੀ ਖੁਸ਼ੀ ਵਿੱਚ ਖੀਵੇ ਹੋ ਕੇ ਅਵੇਸਲੇ ਹੋ ਜਾਣ ਦਾ ਨਹੀਂ ਹੈ। ਇਹ  ਬੁਲਬੁਲਾ ਫਟਦਿਆਂ ਜ਼ਿਆਦਾ ਦੇਰ ਨਹੀਂ ਲੱਗਣੀਂ!

ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੇ ਮਿੱਤਰ ਸੈਨ ਮੀਤ ਜਿਸ ਤਰ੍ਹਾਂ ਕਾਨੂੰਨ ਦੀ ਮਦਦ ਨਾਲ ਸਿਰਲੱਥ ਕੋਸ਼ਿਸ਼ ਕਰਦੇ ਰਹੇ ਹਨ, ਦੂਜੇ ਬੰਨੇ ਵੈਨਕੂਵਰ ਵਾਲੇ ਕੁਲਦੀਪ ਸਿੰਘ ਜਿਸ ਤਰ੍ਹਾਂ ਰੇਡੀਓ ਪ੍ਰੋਗਰਾਮਾਂ ਦੇ ਵਿੱਚ ਵੱਧ ਤੋਂ ਵੱਧ ਇਸ ਦਾ ਪ੍ਰਚਾਰ ਕਰਦੇ ਰਹੇ ਹਨ ਅਤੇ ਭਾਈਚਾਰੇ ਦੀਆਂ ਸਾਰੀਆਂ ਇਕਾਈਆਂ ਜਿਸ ਪੱਧਰ ਦੇ ਉੱਤੇ ਸਰਗਰਮ ਰਹੀਆਂ ਹਨ, ਇਨ੍ਹਾਂ ਸਭ ਨੂੰ ਇਸੇ ਤਰ੍ਹਾਂ ਆਪਣੀ ਗਤੀ ਕਾਇਮ ਰੱਖਣੀ ਪਵੇਗੀ।