ਦਿਨ ਬੁੱਧਵਾਰ, 25 ਮਾਰਚ 2020 ਦੀ ਅੱਧੀ ਰਾਤੀਂ ਨਿਊਜ਼ੀਲੈਂਡ ਦੇ ਵਿੱਚ ਕੋਵਿਡ-19 ਦੇ ਚੱਲਦੇ ਚਾਰ ਹਫ਼ਤੇ ਦੀ ਤਾਲਾਬੰਦੀ ਸ਼ੁਰੂ ਹੋ ਗਈ। ਇਸ ਤਾਲਾਬੰਦੀ ਦੌਰਾਨ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਲੱਗਭਗ ਹਰ ਅਦਾਰਾ, ਹਰ ਵਪਾਰ ਤੇ ਹੋਰ ਸੰਸਥਾਵਾਂ ਬੰਦ ਰਹਿਣਗੀਆਂ। ਵਪਾਰਕ ਨੁਕਸਾਨ ਅਤੇ ਰੁਜ਼ਗਾਰ ਪੱਖੋਂ ਸਰਕਾਰੀ ਸਹੂਲਤ ਫੌਰੀ ਤੌਰ ਤੇ ਬਾਰਾਂ ਹਫਤਿਆਂ ਲਈ ਭੱਤੇ ਦੇ ਰੂਪ ਵਿੱਚ ਇਕਮੁਸ਼ਤ ਰਕਮ ਦੇ ਤੌਰ ਤੇ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚ ਚੁੱਕੀ ਹੈ। ਜਿਸ ਕਰਕੇ ਜਿੰਨ੍ਹਾਂ ਦਾ ਦਿਲ ਤਲਾਬੰਦੀ ਦੇ ਨਾਂ ਤੇ ਦਹਿਲਣ ਲੱਗ ਪਿਆ ਸੀ, ਉਹ ਥੋੜ੍ਹੇ ਸ਼ਾਂਤ ਜਿਹੇ ਹੋ ਗਏ।
ਨਿਊਜ਼ੀਲੈਂਡ ਦੇ ਹਵਾਈ ਅੱਡੇ ਅਤੇ ਬੰਦਰਗਾਹਾਂ ਵੀ ਜ਼ਰੂਰੀ ਸੇਵਾਵਾਂ ਲਈ ਚੱਲਣਗੀਆਂ ਜਿਸ ਵਿੱਚ ਮਾਲ ਢੁਆਈ ਵੀ ਸ਼ਾਮਲ ਹੈ ਪਰ ਆਮ ਸਵਾਰੀਆਂ ਦਾ ਕੰਮ ਠੱਪ ਹੈ।
ਵਿਅੰਗ ਵਾਲੇ ਪਾਸੇ ਵੇਖੀਏ ਤਾਂ ਕਈ ਥਾਂ ਇਹ ਗੱਲ ਉਭਰ ਰਹੀ ਹੈ ਕਿ ਹੁਣ ਵ੍ਹਾਟਸਐਪ ਯੂਨੀਵਰਸਿਟੀ ਧੜਾਧੜ ਡਿਗਰੀਆਂ ਛਾਪ ਰਹੀ ਹੈ ਕਿਉਂਕਿ ਇਸ ਤਾਲਾਬੰਦੀ ਤੋਂ ਬਾਅਦ ਲੋਕਾਂ ਨੂੰ ਪੀਐੱਚਡੀ ਦੀਆਂ ਡਿਗਰੀਆਂ ਦੇਣੀਆਂ ਪੈਣੀਆਂ ਹਨ। ਕਰੋਨਾ ਵਾਇਰਸ ਦੇ ਮਾਹਰ ਬਣ ਕੇ ਹਰੇਕ ਨੇ ਇੰਨੇ ਸੁਨੇਹੇ ਸਾਂਝੇ ਕੀਤੇ ਹਨ ਕਿ ਬਸ ਪੁੱਛੋ ਨਾ। ਬਹੁਤਿਆਂ ਨੇ ਤਾਂ ਉੱਚ ਮੁਹਾਰਤ ਦਿਨ ਵਿੱਚ ਚਾਰ ਵਾਰ ਭਾਫ਼ ਲੈਣ ਜਾਂ ਲੂਣ ਵਾਲੇ ਗਰਾਰਿਆਂ ਦੀ ਹਾਸਲ ਕੀਤੀ ਹੋਈ ਹੈ।
ਨਿਊਜ਼ੀਲੈਂਡ ਵਿੱਚ ਹਮੇਸ਼ਾਂ ਹੀ ਕਿਰਾਏ ਤੇ ਮਿਲਣ ਵਾਲੇ ਘਰਾਂ ਦੀ ਘਾਟ ਰਹਿੰਦੀ ਸੀ। ਪਰ ਹੁਣ ਜਦ ਦਾ ਯਾਤਰੂਆਂ ਦਾ ਕੰਮ ਠੱਪ ਹੋਇਆ ਹੈ ਤਾਂ ਬਹੁਤ ਸਾਰੇ ਘਰ ਜੋ ਕਿ ਏਅਰ ਬੀ ਐੱਨ ਬੀ ਦੇ ਲਈ ਕਮਰੇ ਆਦਿ ਕਿਰਾਏ ਤੇ ਦਿੰਦੇ ਸਨ ਉਨ੍ਹਾਂ ਲਈ ਹੁਣ ਆਮਦਨ ਦਾ ਠਾਠਾਂ ਮਾਰਦਾ ਦਰਿਆ ਸੁੱਕ ਚੁੱਕਾ ਹੈ। ਉਨ੍ਹਾਂ ਮਕਾਨ ਮਾਲਕਾਂ ਨੇ ਆਪਣੇ ਘਰ ਕਿਰਾਏ ਤੇ ਦੇਣ ਲਈ ਆਨਲਾਈਨ ਇਸ਼ਤਿਹਾਰਬਾਜ਼ੀ ਸ਼ੁਰੂ ਕਰ ਦਿੱਤੀ ਹੈ। ਪਰ ਜਦੋਂ ਚਾਰ ਹਫ਼ਤੇ ਦੀ ਤਾਲਾਬੰਦੀ ਹੋ ਚੁੱਕੀ ਹੋਵੇ ਤਾਂ ਕੌਣ ਨਿਕਲੇਗਾ ਕਿਰਾਏ ਦੇ ਉੱਤੇ ਘਰ ਲੈਣ ਦੇ ਲਈ?
ਇੱਕ ਹੋਰ ਚੰਗਾ ਪੱਖ ਜਿਹੜਾ ਕਿ ਨਿਊਜ਼ੀਲੈਂਡ ਤੇ ਬਹੁਤਾ ਲਾਗੂ ਨਹੀਂ ਹੁੰਦਾ ਪਰ ਜਿਸ ਦੇ ਬਾਰੇ ਦੁਨੀਆਂ ਭਰ ਵਿੱਚ ਕਈ ਥਾਵਾਂ ਤੋਂ ਚੰਗੀਆਂ ਖਬਰਾਂ ਮਿਲ ਰਹੀਆਂ ਹਨ ਉਹ ਇਹ ਕਿ ਪ੍ਰਦੂਸ਼ਣ ਬਹੁਤ ਘੱਟ ਗਿਆ ਹੈ। ਕਈ ਪੰਛੀ ਅਤੇ ਹੋਰ ਜੀਵਾਂ ਨੇ ਉੱਥੇ ਵਿਚਰਨਾ ਸ਼ੁਰੂ ਕਰ ਦਿੱਤਾ ਹੈ ਜਿੱਥੇ ਪਹਿਲਾਂ ਉਹ ਇਨਸਾਨ ਤੋਂ ਡਰ ਕੇ ਨਹੀਂ ਸਨ ਜਾਂਦੇ।
ਹੁਣ ਵੀ ਤਾਂ ਦੁਨੀਆਂ ਦੇ ਰੁਝੇਵੇਂ ਮੁੱਕੇ ਹਨ। ਇਸ ਕਰਕੇ ਜਦ ਵੀ ਇਹ ਤਾਲਾਬੰਦੀ ਖਤਮ ਹੁੰਦੀ ਹੈ ਤਾਂ ਸਾਨੂੰ ਹਰੇਕ ਨੂੰ ਆਪੋ-ਆਪਣੇ ਪੱਧਰ ਤੇ ਸੋਚ ਵਿਚਾਰ ਜ਼ਰੂਰ ਕਰਨਾ ਚਾਹੀਦਾ ਹੈ ਕਿ ਅਸੀਂ ਪ੍ਰਦੂਸ਼ਣ ਘਟਾਉਣ ਵਿੱਚ ਨਿਜੀ ਤੌਰ ਤੇ ਕਿਵੇਂ ਸਹਾਈ ਹੋ ਸਕਦੇ ਹਾਂ? ਦੂਜਾ ਇਹ ਕਿ ਰੋਜ਼ ਦਿਹਾੜੇ ਹੁੰਦਾ ਆਮ ਵਰਤੋਂ ਵਾਲੀਆਂ ਚੀਜ਼ਾਂ ਦਾ ਉਜਾੜਾ ਅਸੀਂ ਕਿਵੇਂ ਘਟਾ ਸਕਦੇ ਹਾਂ?