ਇੱਕ ਬੜੀ ਮਸ਼ਹੂਰ ਕਹਾਵਤ ਹੈ ਕਿ ਰਾਹ ਪਏ ਜਾਣੀਏ ਜਾਂ ਵਾਹ ਪਏ ਜਾਣੀਏ। ਕਈ ਵਾਰੀ ਅਸੀਂ ਆਮ ਗੱਲਾਂ ਤਾਂ ਕਰ ਜਾਂਦੇ ਹਾਂ ਪਰ ਉਹ ਗੱਲਾਂ ਜ਼ਿੰਦਗੀ ਦੀ ਅਸਲ ਸੱਚਾਈ ਤੋਂ ਬਹੁਤ ਦੂਰ ਹੁੰਦੀਆਂ ਹਨ। ਜਾਂ ਫਿਰ ਉਸ ਵਿੱਚ ਜ਼ਿੰਦਗੀ ਦਾ ਕੋਈ ਤਜ਼ਰਬਾ ਸ਼ਾਮਲ ਨਹੀਂ ਹੁੰਦਾ। ਅਚਾਨਕ ਕੋਈ ਘਟਣਾ ਤੁਹਾਡਾ ਸਾਰਾ ਨਜ਼ਰੀਆ ਬਦਲ ਕੇ ਰੱਖ ਦਿੰਦੀ ਹੈ।
ਅੱਜ ਮੈਨੂੰ ਅਜਿਹੀ ਹੀ ਇੱਕ ਗੱਲ ਯਾਦ ਆ ਗਈ ਜੋ ਕਿ ਸੰਨ 1980ਵਿਆਂ ਦੀ ਹੈ। ਯੂਨੀਵਰਸਿਟੀ ਵਿੱਚ ਮੇਰੇ ਇੱਕ ਦੋਸਤ ਦੀ ਭੈਣ ਦਾ ਵਿਆਹ ਕੈਨੇਡਾ ਹੋ ਗਿਆ ਅਤੇ ਉਸ ਤੋਂ ਬਾਅਦ ਛੇਤੀ ਹੀ ਉਸ ਦੇ ਮਾਤਾ ਪਿਤਾ ਵੀ ਕੈਨੇਡਾ ਪੱਕੇ ਤੌਰ ਤੇ ਪਰਵਾਸ ਕਰ ਗਏ।
ਮੇਰੇ ਦੋਸਤ ਦੇ ਪਿਤਾ ਜੀ ਰਿਟਾਇਰਡ ਸਕੂਲ ਹੈੱਡਮਾਸਟਰ ਸਨ ਤੇ ਜ਼ਾਹਿਰ ਹੈ ਉਨ੍ਹਾਂ ਨੂੰ ਆਪਣੇ ਸੁਭਾਅ ਦੇ ਮੁਤਾਬਕ ਉੱਥੇ ਸਾਥ ਨਾ ਮਿਲਣ ਕਰਕੇ ਕੈਨੇਡਾ ਵਿੱਚ ਰਹਿਣ ਤੋਂ ਉਨ੍ਹਾਂ ਦਾ ਮਨ ਛੇਤੀ ਹੀ ਉਚਾਟ ਹੋ ਗਿਆ ਸੀ। ਉਹ ਵਾਰ ਵਾਰ ਕਹਿੰਦੇ ਸਨ ਕਿ ਮੈਂ ਵਾਪਸ ਪੰਜਾਬ ਪਰਤਣਾ ਚਾਹੁੰਦਾ ਹਾਂ ਜਿੱਥੇ ਉਹ ਆਪਣੇ ਦੋਸਤਾਂ ਮਿੱਤਰਾਂ ਦੇ ਮਿਲਾਪ ਵਿੱਚ ਰਹਿ ਕੇ ਆਪਣਾ ਰਿਟਾਇਰਡ ਜੀਵਨ ਬਿਤਾਉਣਾ ਚਾਹੁੰਦੇ ਸਨ।
ਮੇਰੇ ਦੋਸਤ ਨੇ ਕਈ ਵਾਰ ਮੈਨੂੰ ਇਹ ਵੀ ਦੱਸਣਾ ਕਿ ਉਥੇ ਜਦੋਂ ਬਰਫ ਪੈਂਦੀ ਸੀ ਤਾਂ ਘਰੋਂ ਬਾਹਰ ਨਾ ਜਾਣ ਦਾ ਮੌਕਾ ਲੱਗਣ ਕਰਕੇ ਉਸ ਦੇ ਪਿਤਾ ਜੀ ਖਿੜਕੀ ਚੋਂ ਬਾਹਰ ਡਿੱਗਦੀ ਬਰਫ਼ ਵੇਖ ਕੇ ਅਕਸਰ ਹੀ ਅੱਥਰੂ ਕੇਰਦੇ ਰਹਿੰਦੇ ਸਨ ਅਤੇ ਭਾਵੁਕ ਹੋ ਕੇ ਇਹੀ ਕਹਿੰਦੇ ਸਨ ਕਿ ਪਤਾ ਨਹੀਂ ਜ਼ਿੰਦਗੀ ਦੇ ਵਿੱਚ ਵਾਪਸ ਪੰਜਾਬ ਜਾ ਕੇ ਰਹਿਣਾ ਨਸੀਬ ਹੋਵੇਗਾ ਕਿ ਨਹੀਂ?
ਇੱਕ ਦਿਨ ਛੁੱਟੀ ਵਾਲੇ ਦਿਨ ਜਦ ਉਹ ਆਪਣੇ ਧੀ ਜਵਾਈ ਦੇ ਨਾਲ ਮਾਲ ਦੇ ਵਿੱਚ ਸ਼ਾਪਿੰਗ ਕਰਨ ਗਏ ਹੋਏ ਸਨ ਤਾਂ ਉੱਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਉਨ੍ਹਾਂ ਨੂੰ ਮਾਲ ਵਿੱਚ ਫੌਰੀ ਮੁੱਢਲੀ ਸਹਾਇਤਾ ਮਿਲੀ ਅਤੇ ਛੇਤੀ ਹੀ ਐਂਬੂਲੈਂਸ ਉਨ੍ਹਾਂ ਨੂੰ ਹਸਪਤਾਲ ਲੈ ਗਈ ਜਿੱਥੇ ਉਨ੍ਹਾਂ ਦਾ ਆਪ੍ਰੇਸ਼ਨ ਵੀ ਹੋ ਗਿਆ। ਜਿਸ ਦਿਨ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਹਸਪਤਾਲ ਵੱਲੋਂ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦਿੱਤਾ ਗਿਆ ਅਤੇ ਨਰਸ ਉਚੇਚੇ ਤੌਰ ਤੇ ਉਨ੍ਹਾਂ ਨੂੰ ਕਾਰ ਤੱਕ ਛੱਡਣ ਆਈ। ਉਸ ਤੋਂ ਬਾਅਦ ਘਰੇ ਵੀ ਉਨ੍ਹਾਂ ਨੂੰ ਹਸਪਤਾਲੋਂ ਨੇਮ ਨਾਲ ਫੋਨ ਆਉਂਦਾ ਜਿਸ ਵਿੱਚ ਉਨ੍ਹਾਂ ਦੀ ਸਿਹਤ ਬਾਰੇ ਗੱਲ ਕੀਤੀ ਜਾਂਦੀ।
ਮੇਰੇ ਦੋਸਤ ਨੇ ਮੈਨੂੰ ਦੱਸਿਆ ਕਿ ਇਸ ਘਟਨਾਂ ਤੋਂ ਬਾਅਦ ਉਸ ਦੇ ਪਿਤਾ ਜੀ ਦਾ ਸਾਰਾ ਨਜ਼ਰੀਆ ਹੀ ਬਦਲ ਗਿਆ। ਜਿੱਥੇ ਉਹ ਪਹਿਲਾਂ ਪੰਜਾਬ ਵਾਪਸ ਜਾਣ ਦੀ ਰਟ ਲਾਈ ਰੱਖਦੇ ਸਨ ਹੁਣ ਅਕਸਰ ਆਖ ਦਿੰਦੇ ਸਨ ਕਿ ਜੇ ਮੈਂ ਅਜਿਹੇ ਹਾਲਾਤ ਵਿੱਚ ਕਿਤੇ ਪੰਜਾਬ ਵਿੱਚ ਹੁੰਦਾ ਤਾਂ ਖੌਰੇ ਕਿਤੇ ਸੜਕ ਤੇ ਹੀ ਮਰ ਖਪ ਜਾਣਾ ਸੀ। ਉਹ ਅੱਗੇ ਕਹਿੰਦੇ ਕਿ ਚੰਗਾ ਹੋਇਆ ਕਿ ਮੈਂ ਕੈਨੇਡਾ ਵਿੱਚ ਸਾਂ ਜਿੱਥੇ ਮੇਰੀ ਸਿਹਤ ਸੰਭਾਲ ਹੋ ਗਈ ਤੇ ਮੈਂ ਅੱਜ ਵੀ ਜਿਉਂਦਾ ਵੱਸਦਾ ਹਾਂ। ਇੱਕ ਦਿਲ ਦੇ ਦੌਰੇ ਨੇ ਮੇਰੇ ਦੋਸਤ ਦੇ ਪਿਤਾ ਜੀ ਦਾ ਸਾਰਾ ਨਜ਼ਰੀਆ ਹੀ ਬਦਲ ਕੇ ਰੱਖ ਦਿੱਤਾ। ਜੇਕਰ ਉਨ੍ਹਾਂ ਨਾਲ ਇਸ ਤਰ੍ਹਾਂ ਨਾ ਹੋਇਆ ਹੁੰਦਾ ਤਾਂ ਪਤਾ ਨਹੀਂ ਸ਼ਾਇਦ ਉਹ ਹੋਰ ਕਿੰਨੇ ਸਾਲ ਕੈਨੇਡਾ ਵਿੱਚ ਡਿੱਗਦੀ ਬਰਫ਼ ਵੇਖ ਵੇਖ ਕੇ ਅੱਥਰੂ ਕੇਰਦੇ ਰਹਿੰਦੇ ਤੇ ਸ਼ਾਇਦ ਮਾਨਸਕ ਤੌਰ ਤੇ ਦਿਲਗੀਰੀ ਵਿੱਚ ਚਲੇ ਜਾਂਦੇ।
ਬੰਦਾ ਐਨਾ ਵੱਡੇ-੨ ਉਸਤਾਦਾਂ ਤੋਂ, ਧਾਰਮਿਕ ਤੇ ਕਿਤਾਬੀ ਗ੍ਰੰਥਾਂ ਤੋਂ ਨਹੀਂ ਸਿੱਖਦਾ ਜਿਨਾਂ ਇੱਕ ਸੜਕ ਤੇ ਪਏ ਰੋੜੇ ਦੇ ਠੁੱਡਾ ਲੱਗਣ ਨਾਲ਼ ਸਿੱਖਦਾ ਹੈ। ਤੁਹਾਡਾ ਲਿਖਿਆ ਇੱਕ ਦ੍ਰਿਸ਼ਟਾਂਤ ਸਮਝਣ ਲਈ ਕਈ ਪਰਤਾਂ ਖੋਲ੍ਹਦਾ ਹੈ।
bahut vadia ji