ਨਿਊਜ਼ੀਲੈਂਡ ਵਿੱਚ ਕੋਵਿਡ-19 ਤਾਲਾਬੰਦੀ ਦੋ ਹਫ਼ਤੇ ਪੂਰੀ ਕਰ ਚੁੱਕੀ ਹੈ। ਚਾਰ ਹਫ਼ਤਿਆਂ ਦੀ ਇਹ ਤਾਲਾਬੰਦੀ ਹੁਣ ਤੀਜੇ ਹਫ਼ਤੇ ਵਿੱਚ ਹੈ। ਲੋਕਾਂ ਦਾ ਘਰ ਵਿੱਚ ਇਕਾਂਤਵਾਸ ਹੋਣ ਕਰਕੇ ਮੈਂ ਇਹ ਸੋਚਿਆ ਸੀ ਕਿ ਇਸ ਵੇਲ਼ੇ ਖਾਸ ਤੌਰ ਤੇ ਸਮਾਜਿਕ ਮਾਧਿਅਮ ਜਿਸਦੇ ਵਿੱਚ ਫੇਸਬੁੱਕ ਅਤੇ ਵ੍ਹਾਟਸਐਪ ਸ਼ਾਮਿਲ ਹੈ ਇਸ ਦੇ ਉੱਪਰ ਕਾਫੀ ਲੋਕ ਆਪਣੇ ਮੌਲਿਕ ਵਿਚਾਰ ਅਤੇ ਤਾਲਾਬੰਦੀ ਦੇ ਤਜਰਬੇ ਸਾਂਝੇ ਕਰਨਗੇ ਜਾਂ ਫਿਰ ਕੋਈ ਫ਼ਨ ਜਾਂ ਕਲਾਕਾਰੀ ਦਾ ਇਜ਼ਹਾਰ ਕਰਨਗੇ। ਪਰ ਜਿਵੇਂ ਜਿਵੇਂ ਵਕਤ ਬੀਤਦਾ ਗਿਆ ਮੈਂ ਇਹ ਵੇਖਿਆ ਕਿ ਲੋਕਾਂ ਦੀ ਹਾਜ਼ਰੀ ਫੇਸਬੁੱਕ ਅਤੇ ਵ੍ਹਾਟਸਐਪ ਉੱਤੇ ਘਟਦੀ ਹੀ ਗਈ।
ਇਹ ਸਮਾਜਿਕ ਮਾਧਿਅਮ ਆਪਸ ਵਿੱਚ ਜਾਣਕਾਰੀ ਸਾਂਝੀ ਕਰਨ ਲਈ ਜਾਂ ਵਿਚਾਰਾਂ ਦੇ ਆਦਾਨ ਪ੍ਰਦਾਨ ਅਤੇ ਸਮਾਜਿਕ ਸਾਂਝ ਬਣਾਉਣ ਲਈ ਹੀ ਬਣੇ ਦੱਸੇ ਜਾਂਦੇ ਸਨ। ਪਰ ਅੱਜ ਜਦ ਇਸ ਦੀ ਭਰਪੂਰ ਲੋੜ ਹੈ ਅਤੇ ਇਮਤਿਹਾਨ ਦੀ ਘੜ੍ਹੀ ਦਰ ਖੜਕਾ ਰਹੀ ਹੈ ਤਾਂ ਵੇਖਿਆ ਕਿ ਇਹ ਸਮਾਜਿਕ ਮਾਧਿਅਮ ਆਪਣੇ ਟੀਚੇ ਤੇ ਪੂਰੇ ਨਹੀਂ ਸਨ ਉੱਤਰ ਰਹੇ।
ਟਾਵਾਂ ਟਾਵਾਂ ਕੋਈ ਨਾ ਕੋਈ ਕੋਈ ਸੁਨੇਹਾ ਜ਼ਰੂਰ ਛੱਡ ਦਿੰਦਾ ਸੀ ਪਰ ਉਹ ਵੀ ਅਜਿਹੇ ਸੁਨੇਹੇ ਜਿਹਦੇ ਵਿੱਚ ਕੋਈ ਸਥਾਨਕ ਸਮਾਜਿਕ ਸਾਂਝ ਬਣਾਉਣ ਦਾ ਕੋਈ ਵੀ ਉਪਰਾਲਾ ਨਹੀਂ। ਜ਼ਾਹਰ ਹੈ ਕਿ ਜਦ ਅਜਿਹੇ ਤਾਲਾਬੰਦੀ ਦੇ ਹਾਲਾਤ ਬਣੇ ਹੋਣ ਤਾਂ ਲੋਕਾਂ ਦੇ ਉੱਤੇ ਮਾਨਸਿਕ ਦਬਾਅ ਵੀ ਵਧਦਾ ਹੈ। ਪਰ ਜੋ ਵੀ ਅੱਜ ਸਮਾਜਿਕ ਮਾਧਿਅਮਾਂ ਦੇ ਉੱਤੇ ਚੱਲ ਰਿਹਾ ਹੈ ਉਸ ਤੋਂ ਕਿਤੇ ਵੀ ਇਹ ਜ਼ਾਹਰ ਨਹੀਂ ਹੁੰਦਾ ਕਿ ਮਾਨਸਿਕ ਸਿਹਤ ਨੂੰ ਨਰੋਇਆ ਰੱਖਣ ਲਈ ਇਹ ਸਮਾਜਿਕ ਮਾਧਿਅਮ ਕਿਸੇ ਕਿਸਮ ਦਾ ਯੋਗਦਾਨ ਦੇ ਰਹੇ ਹੋਣ।
ਇਸ ਤੋਂ ਸਾਨੂੰ ਇਹ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ ਕਿ ਜਦੋਂ ਸਭ ਕੁਝ ਖੁੱਲ੍ਹਾ ਹੁੰਦਾ ਹੈ ਤਾਂ ਸਮਾਜਿਕ ਮਾਧਿਅਮ ਉੱਤੇ ਮੱਖੀ ਤੇ ਮੱਖੀ ਮਾਰੀ ਜਾ ਰਹੀ ਹੁੰਦੀ ਹੈ। ਕੀ ਵਾਕਿਆ ਹੀ ਇਸ ਵਤੀਰੇ ਨਾਲ ਅਸੀਂ ਆਪਣੇ ਸਮਾਜ ਨੂੰ ਕੋਈ ਸੁਚਾਰੂ ਅਤੇ ਸੁਚੱਜਾ ਯੋਗਦਾਨ ਦੇ ਰਹੇ ਹੁੰਦੇ ਹਾਂ? ਇਹ ਸਾਡੀਆਂ ਮਾਨਸਿਕ ਕਿਰਿਆਵਾਂ ਨੂੰ ਜ਼ਾਹਰ ਕਰਦਾ ਹੈ ਕਿ ਅਸੀਂ ਕਿੱਥੇ ਅਤੇ ਕੀ ਸੋਚ ਰਹੇ ਹੁੰਦੇ ਹਾਂ? ਇਸੇ ਕਰਕੇ ਹਾਲ ਵਿੱਚ ਹੀ ਚੰਗੇ ਪਾਸੇ ਵੱਲੋਂ ਇਕ ਦੋ ਪੰਜਾਬੀ ਕਵਿਤਾਵਾਂ-ਗਾਣੇ ਵੀ ਆ ਗਏ ਜਿੰਨ੍ਹਾਂ ਵਿੱਚ ਇਹ ਸੁਆਲ ਖੜ੍ਹਾ ਕੀਤਾ ਗਿਆ ਹੈ ਕਿ ਹੁਣ ਵੀ ਤਾਂ ਦੁਨੀਆਂ ਖੜ੍ਹ ਹੀ ਗਈ ਹੈ – ਪਤਾ ਨਹੀਂ ਪਹਿਲਾਂ ਸਮਾਜਿਕ ਮਾਧਿਅਮ ਉੱਤੇ ਵਿਚਰਦਾ ਇਨਸਾਨ ਇਹ ਕਿਉਂ ਸੋਚਣ ਲੱਗ ਪੈਂਦਾ ਸੀ ਕਿ ਖੌਰੇ ਧਰਤੀ ਹੇਠਲਾ ਬਲਦ ਉਹ ਆਪ ਹੀ ਹੈ।
ਮਾਨਸਿਕਤਾ ਦੀ ਇੱਕ ਮਿਸਾਲ ਮੈਨੂੰ ਕੱਲ੍ਹ ਹੀ ਮਿਲੀ ਜਦ ਮੈਂ ਇੱਕ ਸੱਜਣ ਨਾਲ ਆਕਲੈਂਡ ਫ਼ੋਨ ਤੇ ਗੱਲ ਕਰ ਰਿਹਾ ਸੀ। ਚੰਗੀ ਕਿਸਮਤ ਨੂੰ ਇਹ ਸੱਜਣ ਤਾਲਾਬੰਦੀ ਦੇ ਦੌਰਾਨ ਵੀ ਕੰਮ ਤੋਂ ਬਾਹਰੇ ਕਈ ਕਿਸਮ ਦੇ ਸ਼ੌਕ ਹੋਣ ਕਰਕੇ, ਕਈ ਤਰ੍ਹਾਂ ਦੇ ਭਾਈਚਾਰਿਆਂ ਜਾਂ ਜੁੱਟਾਂ ਨਾਲ ਆਨਲਾਈਨ ਮਿਲਾਪ ਵਿੱਚ ਹਨ। ਪਰ ਇਕ ਖਾਸ ਸਲਾਹ-ਮਸ਼ਵਰਾ ਜੋ ਇਨ੍ਹਾਂ ਨੂੰ ਆਪਣੇ ਭਾਈਚਾਰੇ ਦੇ ਲੋਕ ਦੇ ਰਹੇ ਹਨ ਉਹ ਇਨ੍ਹਾਂ ਨੂੰ ਕਿਤਿਓਂ ਹੋਰੋਂ ਨਹੀਂ ਮਿਲਿਆ। ਉਹ ਇਹ ਸੀ ਕਿ ਹਾਲ-ਦੁਹਾਈ ਪਾ ਦਿਓ। ਆਪਣੇ ਮਕਾਨ ਮਾਲਕ ਨੂੰ ਕਹੋ ਕਿ ਮੇਰੇ ਕੋਲ ਕਿਰਾਇਆ ਦੇਣ ਜੋਗਾ ਕੁਝ ਵੀ ਨਹੀਂ ਹੈ ਅਤੇ ਹਰ ਹੀਲਾ ਵਸੀਲਾ ਕਰੋ ਕਿ ਸਰਕਾਰੇ-ਦਰਬਾਰੇ ਤੋਂ ਜੋ ਵੀ ਮਿਲ ਸਕਦਾ ਹੈ ਉਹ ਝਾੜੀ ਚੱਲੋ।
ਇਨ੍ਹਾਂ ਸੱਜਣ ਨੂੰ ਇਸ ਗੱਲ ਦੀ ਹੈਰਾਨੀ ਹੋਈ ਕਿ ਬੱਸ ਏਡੀ ਛੇਤੀ ਦਮ ਖੁਸ਼ਕ ਹੋ ਗਿਆ! ਉਹ ਦਿਨ ਕਿੱਥੇ ਗਏ ਜਦੋਂ ਬੜੀ ਆਕੜ ਨਾਲ ਇਹ ਗਾਣੇ ਗਾਉਂਦੇ ਤੇ ਕਾਰਾਂ ਵਿੱਚ ਵਜਾਉਂਦੇ ਸਨ ਕਿ ਪਹਿਲਾਂ ਗੋਲੀ ਮਾਰੀ ਦੀ ਹੈ ਪਿੱਛੋਂ ਨਾਂ ਪੁੱਛੀ ਦਾ ਹੈ? ਜਾਂ ਫਿਰ ਕੱਲ ਤਕ ਤਾਂ ਬੜੇ ਸੁਆਦ ਲੈ ਲੈ ਕੇ ਕਿੱਸੇ ਸੁਣਾਉਂਦੇ ਸਨ ਕਿ ਕਿਵੇਂ ਪੰਜਾਬ ਗਿਆਂ ਤੇ ਨਵੇਂ ਰਵਾਜ਼ ਮੁਤਾਬਕ ਯਾਰਾਂ ਦੋਸਤਾਂ ਨੂੰ ਆਪਣੇ ਖਰਚੇ ਤੇ ਗੋਆ ਜਾਂ ਥਾਈਲੈਂਡ ਲਿਜਾ ਕੇ ਅੱਇਆਸ਼ੀ ਕਰਵਾਈ ਸੀ।
ਕੀ ਫਲੈਟ ਦਾ ਕਰਾਇਆ ਅੱਇਆਸ਼ੀ ਤੇ ਕੀਤੇ ਖਰਚੇ ਨਾਲੋਂ ਵੀ ਵੱਧ ਹੈ?