ਅੱਜ ਤੋਂ ਦੋ ਦਹਾਕੇ ਪਹਿਲਾਂ ਤਕ ਜਦ ਵੀ ਜਨ ਸੰਚਾਰ ਦੀ ਕੋਈ ਗੱਲ ਚੱਲਦੀ ਸੀ ਤਾਂ ਜਨ ਸੰਚਾਰ ਦਾ ਮੰਤਵ ਇਹੀ ਦੱਸਿਆ ਜਾਂਦਾ ਸੀ ਕਿ ਇਸ ਦਾ ਕੰਮ ਜਾਣਕਾਰੀ-ਖਬਰਾਂ ਦੇਣਾ, ਮਨੋਰੰਜਨ ਕਰਨਾ ਅਤੇ ਸਿੱਖਿਆ ਦੇਣਾ ਹੈ। ਬੀਤੇ ਕੁਝ ਸਾਲਾਂ ਤੋਂ ਸਮਾਜਕ ਮਾਧਿਅਮ ਦੇ ਵਧਦੇ ਰੁਝਾਨ ਕਰਕੇ ਇਹ ਮੰਤਵ ਆਪਸ ਵਿੱਚ ਕਾਫੀ ਹੱਦ ਤੱਕ ਧੁੰਦਲਾ ਹੋ ਗਿਆ ਹੈ।
ਇੱਕ ਹੋਰ ਵੱਡਾ ਫ਼ਰਕ ਇਹ ਪਿਆ ਹੈ ਕਿ ਪਹਿਲਾਂ ਤਾਂ ਅਖ਼ਬਾਰਾਂ ਰੇਡੀਓ ਟੈਲੀਵਿਜ਼ਨ ਦੇ ਸੰਪਾਦਕਾਂ ਅਤੇ ਪੱਤਰਕਾਰਾਂ ਦੇ ਹੱਥ ਵਿੱਚ ਕਾਫੀ ਹੱਦ ਤੱਕ ਜ਼ਬਤ ਸੀ ਪਰ ਸਮਾਜਕ ਮਾਧਿਅਮ ਉੱਤੇ ਹਰ ਖਪਤਕਾਰ ਦਾ ਹੱਥ ਇੰਨਾ ਤਾਕਤਵਰ ਹੋ ਚੁੱਕਾ ਹੈ ਕਿ ਉਹ ਕੋਈ ਵੀ ਚੀਜ਼ ਅੱਗੇ ਤੋਂ ਅੱਗੇ ਚੱਲਦੀ ਕਰ ਸਕਦੇ ਹਨ ਅਤੇ ਲੋੜ ਪੈਣ ਤੇ ਆਪੋ-ਆਪਣੇ ਵੀਡੀਓ ਵੀ ਚਲਾ ਸਕਦੇ ਹਨ।
ਜ਼ਾਹਰ ਹੈ ਜਦ ਅਸੀਂ ਪੁਰਾਣੇ ਜਨ ਸੰਚਾਰ ਦਾ ਟਾਕਰਾ ਸਮਾਜਕ ਮਾਧਿਅਮ ਨਾਲ ਕਰਦੇ ਹਾਂ ਤਾਂ ਸਮਾਜਕ ਮਾਧਿਅਮ ਦੇ ਉੱਤੇ ਇਹ ਚੀਜ਼ਾਂ ਭਾਰੂ ਨਜ਼ਰ ਆਉਂਦੀਆਂ ਹਨ ਜਿਸ ਦੀ ਸੂਚੀ ਵਿੱਚ ਧੱਕੇਸ਼ਾਹੀ ਅਤੇ ਸ਼ਰਧਾ ਦਾ ਵਗਦਾ ਹੜ੍ਹ ਸ਼ਾਮਲ ਹਨ।
ਸਮਾਜਕ ਮਾਧਿਅਮ ਉੱਤੇ ਚੱਲਦੇ ਵੱਟੇ-ਸੱਟੇ ਤੋਂ ਅਸੀਂ ਇਹ ਵੀ ਸਿੱਖਦੇ ਹਾਂ ਕਿ ਹਰ ਕੋਈ ਇਨਸਾਨ ਆਪਣੀ ਸੋਚ ਦੇ ਮੁਤਾਬਕ ਹੀ ਚੀਜ਼ ਅੱਗੇ ਸਾਂਝੀ ਕਰਦਾ ਹੈ ਨਾ ਕਿ ਉਹ ਜਾਣਕਾਰੀ ਜਿਹਦੇ ਵਿੱਚ ਕੋਈ ਲੋਕ ਹਿੱਤ ਲਈ ਜਾਣਕਾਰੀ ਹੋਵੇ ਜਾਂ ਫਿਰ ਤਰਕ ਜਾਂ ਸੱਚਾਈ ਹੋਵੇ। ਪੁਸ਼ਟੀਕਰਨ ਜੋਗੇ ਹਵਾਲੇ ਤਾਂ ਸਮਾਜਕ ਮਾਧਿਅਮ ਉੱਤੇ ਕਿਤੇ ਵਿਰਲੇ ਟਾਂਵੇਂ ਹੀ ਲੱਭਦੇ ਹਨ।
ਮੌਜੂਦਾ ਹਾਲਾਤ ਵਿੱਚ ਬਿਨਾਂ ਕਿਸੇ ਘਟਨਾ ਦਾ ਜ਼ਿਕਰ ਕੀਤਿਆਂ ਮੈਂ ਇੱਥੇ ਦੋ ਮਿਸਾਲਾਂ ਦੇਣੀਆਂ ਚਾਹੁੰਦਾ ਹਾਂ ਜਿਸ ਤੋਂ ਇਹ ਪਤਾ ਲੱਗੇਗਾ ਕਿ ਸਾਡੀ ਸਮਝ ਅਤੇ ਕਾਰਵਾਈ ਕਿੱਥੋਂ ਤਕ ਧੱਕੇਸ਼ਾਹੀ ਜਾਂ ਫਿਰ ਸ਼ਰਧਾ ਭਾਵਨਾ ਵਿੱਚ ਗੜੁੱਚ ਰਹਿੰਦੀ ਹੈ।
1970ਵਿਆਂ ਦੀ ਗੱਲ ਹੈ ਕਿ ਕਿਸੇ ਪਿੰਡ ਦੇ ਹਾਈ ਸਕੂਲ ਦੇ ਵਿੱਚ ਇੱਕ ਨਵਾਂ-ਨਵਾਂ ਖੇਡਾਂ ਦਾ ਅਧਿਆਪਕ ਗਿਆ। ਉਸ ਦੀ ਇਹ ਬਹੁਤ ਦਿਲੀ ਇੱਛਾ ਸੀ ਕਿ ਉਸ ਦੇ ਸਕੂਲ ਦੀ ਵੀ ਕੋਈ ਟੀਮ ਅੱਗੇ ਜ਼ਿਲ੍ਹਾ ਪੱਧਰ ਤੱਕ ਦੇ ਟੂਰਨਾਮੈਂਟ ਖੇਡੇ ਪਰ ਉਸ ਪਿੰਡ ਦੇ ਸਕੂਲ ਦੇ ਵਿੱਚ ਖੇਡਾਂ ਵਾਲੇ ਪਾਸੇ ਕੋਈ ਖ਼ਾਸ ਰੁਝਾਨ ਨਹੀਂ ਸੀ। ਉਸ ਅਧਿਆਪਕ ਨੇ ਆਪਣੀ ਅੜੀ ਤੇ ਆਏ ਹੋਏ ਨੇ ਹਾਕੀ ਦੀ ਇੱਕ ਟੀਮ ਖੜ੍ਹੀ ਕਰ ਹੀ ਦਿੱਤੀ।
ਉਸ ਨੇ ਦਸਵੀਂ ਜਮਾਤ ਵਿੱਚੋਂ ਲੰਮੇ-ਤਕੜੇ ਮੁੰਡੇ ਚੁਣੇ ਅਤੇ ਉਨ੍ਹਾਂ ਦੇ ਹੱਥ ਹਾਕੀਆਂ ਫੜਾ ਕੇ ਅਤੇ ਥੋੜ੍ਹੀ ਬਹੁਤ ਮਸ਼ਕ ਅਤੇ ਖੇਡ ਦੀ ਜਾਣਕਾਰੀ ਦੇ ਕੇ ਇੱਕ ਨਵੀਂ ਟੀਮ ਖੜ੍ਹੀ ਕਰ ਦਿੱਤੀ। ਸਕੂਲ ਦੇ ਹੈੱਡਮਾਸਟਰ ਨੇ ਉਸ ਅਧਿਆਪਕ ਨੂੰ ਕਾਫੀ ਸਮਝਾਇਆ ਕਿ ਭਾਈ ਇਹ ਗੱਲ ਕਿਤੇ ਸਿਰੇ ਨਹੀਂ ਚੜ੍ਹਣੀ ਪਰ ਉਹ ਖੇਡਾਂ ਦਾ ਅਧਿਆਪਕ ਨਾ ਮੰਨਿਆ।
ਸੋ ਵਕਤ ਆਉਣ ਤੇ ਸਭ ਤੋਂ ਪਹਿਲਾਂ ਬਲਾਕ ਪੱਧਰ ਦੇ ਖੇਡਾਂ ਦੇ ਮੁਕਾਬਲੇ ਸ਼ੁਰੂ ਹੋਏ। ਜਿੱਦਾਂ ਕਿ ਇਸ ਖੇਡਾਂ ਦੇ ਅਧਿਆਪਕ ਨੇ ਸੋਚਿਆ ਸੀ, ਲੰਮੇ-ਤਕੜੇ ਜੁੱਸੇ ਵਾਲੇ ਮੁੰਡਿਆਂ ਨੂੰ ਵੇਖ ਕੇ ਵਿਰੋਧੀ ਟੀਮ ਦਾ ਦਿਲ ਪਹਿਲਾਂ ਹੀ ਹੌਲ਼ ਜਾਂਦਾ ਸੀ ਅਤੇ ਇਸ ਤਰ੍ਹਾਂ ਧੱਕੇ ਦੇ ਨਾਲ ਇਸ ਸਕੂਲ ਦੀ ਟੀਮ ਬਲਾਕ ਪੱਧਰ ਦੇ ਸਾਰੇ ਮੈਚ ਜਿੱਤ ਗਈ।
ਇਹ ਟੀਮ ਅੱਗੇ ਚੱਲ ਤਹਿਸੀਲ ਪੱਧਰ ਦੇ ਉੱਤੇ ਹੋਏ ਮੁਕਾਬਲਿਆਂ ਚ ਵੀ ਕਿਸੇ ਤਰ੍ਹਾਂ ਔਖੀ-ਸੌਖੀ ਮੈਚ ਜਿੱਤਦੀ ਗਈ ਤੇ ਅਖੀਰ ਦੇ ਵਿੱਚ ਜ਼ਿਲ੍ਹਾ ਪੱਧਰ ਤੇ ਪਹੁੰਚ ਗਈ। ਜ਼ਿਲ੍ਹਾ ਪੱਧਰ ਦੇ ਮੈਚ ਖੇਡਣ ਦੇ ਲਈ ਜਦ ਇਹ ਪਿੰਡ ਦੇ ਸਕੂਲ ਦੀ ਟੀਮ ਜਲੰਧਰ ਪਹੁੰਚੀ ਤਾਂ ਉੱਥੇ ਪਹਿਲੇ ਮੈਚ ਦੇ ਵਿੱਚ ਵਿਰੋਧੀ ਟੀਮ ਨੇ ਬੜੇ ਤਰੀਕੇ ਦੇ ਨਾਲ ਪਾਸਾਂ ਦੇ ਸਿਰ ਤੇ ਖੇਡ ਖੇਡੀ ਅਤੇ ਮੈਚ ਦੇ ਪਹਿਲੇ ਅੱਧ ਵਿੱਚ ਹੀ ਦਸ ਗੋਲ ਦਾਗ ਦਿੱਤੇ।
ਪਿੰਡ ਦੇ ਸਕੂਲ ਦੀ ਟੀਮ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਝੁੰਡ ਬਣਾ ਕੇ ਆਪਣੇ ਲੰਮੇ-ਤਕੜੇ ਜੁੱਸੇ ਦੇ ਨਾਲ ਦੂਜੀ ਟੀਮ ਦੇ ਉੱਪਰ ਕੋਈ ਜ਼ੋਰ ਪਾ ਲੈਣ ਪਰ ਉਨ੍ਹਾਂ ਦੀ ਵਿਰੋਧੀ ਟੀਮ ਸਾਹਮਣੇ ਕੁਝ ਨਾ ਚੱਲੀ ਅਤੇ ਇੱਕ ਤੋਂ ਬਾਅਦ ਇੱਕ ਗੋਲ ਹੁੰਦੇ ਹੀ ਰਹੇ। ਹੋਇਆ ਕੀ ਕਿ ਵਿਰੋਧੀ ਟੀਮ ਨੂੰ ਛੇਤੀ ਹੀ ਇਸ ਗੱਲ ਦੀ ਸਮਝ ਆ ਗਈ ਸੀ ਕਿ ਪਿੰਡ ਦੇ ਸਕੂਲ ਦੀ ਟੀਮ ਦੇ ਲੰਮੇ-ਤਕੜੇ ਜੁੱਸੇ ਵਾਲੇ ਖਿਡਾਰੀ ਕਿੰਨੇ ਕੁ ਜੋਗੇ ਹਨ।
ਪਹਿਲੇ ਅੱਧ ਦੀ ਖੇਡ ਤੋਂ ਬਾਅਦ ਪਿੰਡ ਦੇ ਸਕੂਲ ਦੀ ਟੀਮ ਨੇ ਫੈਸਲਾ ਲਿਆ ਕਿ ਉਹ ਦੂਸਰਾ ਅੱਧ ਨਹੀਂ ਖੇਡਣਗੇ ਅਤੇ ਉਹ ਮੈਚ ਸਪੁਰਦਗੀ ਕਰ ਕੇ ਟੂਰਨਾਮੈਂਟ ਚੋਂ ਬਾਹਰ ਹੋ ਗਏ। ਜਦ ਉਹ ਟੀਮ ਵਾਪਸ ਪਿੰਡ ਪਹੁੰਚੀ ਤਾਂ ਉਹ ਖੇਡਾਂ ਦਾ ਅਧਿਆਪਕ ਹੈੱਡਮਾਸਟਰ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੀ ਨਾ ਵੇਖ ਸਕਿਆ।
ਦੂਜੀ ਮਿਸਾਲ ਦੇ ਤੌਰ ਤੇ ਅਸੀਂ ਆਮ ਵੇਖਦੇ ਹਾਂ ਕਿ ਅੰਗਰੇਜ਼ੀ ਬੋਲਣ ਵਾਲੇ ਮੁਲਕਾਂ ਦੇ ਵਿੱਚ ਅਦਾਲਤਾਂ ਦੇ ਕਈ ਫੈਸਲੇ ਜਿਊਰੀ ਰਾਹੀਂ ਹੁੰਦੇ ਹਨ। ਇਸ ਜਿਊਰੀ ਤੋਂ ਇਹੀ ਆਸ ਰੱਖੀ ਜਾਂਦੀ ਹੈ ਕਿ ਉਹ ਇਨਸਾਫ਼ ਕਰੇਗੀ ਅਤੇ ਇਨਸਾਫ਼ ਪ੍ਰਤੱਖ ਕਰਨ ਲਈ ਜਿਊਰੀ ਦੇ ਨਾਂ ਦੇ ਉੱਤੇ ਉਸ ਦੇ ਮੈਂਬਰ ਵੀ ਬੜੇ ਤਰੀਕੇ ਦੇ ਨਾਲ ਚੁਣੇ ਜਾਂਦੇ ਹਨ।
ਪਰ ਅੱਜ ਦੇ ਲੇਖ ਦੇ ਨਾਲ ਸਬੰਧਤ ਜਿਊਰੀ ਦੀ ਮੁੱਖ ਗੱਲ ਇਹ ਹੁੰਦੀ ਹੈ ਕਿ ਉਸ ਨੂੰ ਮੁਜਰਮ ਦੇ ਉਸੇ ਦੋਸ਼ ਬਾਰੇ ਹੀ ਜਾਣਕਾਰੀ ਦਿੱਤੀ ਜਾਂਦੀ ਹੈ ਜਿਸ ਦਾ ਮੁਕੱਦਮਾ ਚੱਲ ਰਿਹਾ ਹੁੰਦਾ ਹੈ। ਉਨ੍ਹਾਂ ਨੂੰ ਮੁਜਰਮ ਦੇ ਪਿਛੋਕੜ ਦੀ ਬਿਲਕੁਲ ਵੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਤਾਂ ਜੋ ਉਨ੍ਹਾਂ ਜਿਊਰੀ ਕਿਤੇ ਇਨਸਾਫ਼ ਦਿੰਦੀ-ਦਿੰਦੀ ਪੱਖ-ਪਾਤੀ ਨਾ ਹੋ ਜਾਵੇ। ਭਾਵ ਇਹ ਕਿ ਪੱਖ-ਪਾਤ ਤਾਂ ਇਨਸਾਫ਼ ਦੇ ਕਿੱਧਰੇ ਲਾਗੇ ਵੀ ਨਹੀਂ ਢੁਕ ਸਕਦਾ।
ਜੇ ਅਸੀਂ ਸਮਾਜਕ ਮਾਧਿਅਮ, ਖ਼ਾਸ ਤੌਰ ਤੇ ਵ੍ਹਾਟਸਐਪ ਦੇ ਗਰੁੱਪਾਂ ਦੇ ਉੱਤੇ ਝਾਤ ਮਾਰੀਏ ਤਾਂ ਇਹੀ ਪਤਾ ਲੱਗਦਾ ਹੈ ਕਿ ਬਹੁਤਿਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਧੱਕੇ ਨਾਲ ਜਾਂ ਸ਼ਰਧਾ ਨਾਲ ਜਾਂ ਫਿਰ ਮਨ ਦੀ ਪਹਿਲੀ ਹੀ ਪੱਖ-ਪਾਤੀ ਸੋਚ ਦੇ ਨਾਲ ਕਿਸੇ ਵੀ ਵਿਸ਼ੇ ਉਪਰ ਆਪਣਾ “ਆਖਰੀ ਫੈਸਲਾ” ਸੁਨਾਉਣ ਲਈ ਕਾਹਲ਼ੇ ਪੈ ਜਾਂਦੇ ਹਾਂ। ਭਾਵੇਂ ਕਿ ਇਸ ਆਖਰੀ ਫੈਸਲੇ ਵਿੱਚ ਕੋਈ ਤਰਕ ਜਾਂ ਸੱਚਾਈ ਨਾ ਵੀ ਹੋਵੇ। ਅਜਿਹਾ ਵਤੀਰਾ ਕੀ ਲੰਮੇ ਪੈਂਡੇ ਪੂਰੇ ਕਰ ਸਕਦਾ ਹੈ? ਇਨ੍ਹਾਂ ਸਮਾਜਕ ਮਾਧਿਅਮ ਦੇ ਗਰੁੱਪਾਂ ਦੇ ਮਾਇਆ ਜਾਲ ਵਿੱਚੋਂ ਨਿਕਲ ਕੇ ਜੇ ਤੁਸੀਂ ਇਹੀ ਗੱਲਾਂ ਬਾਹਰ ਦੁਨੀਆਂ ਵਿੱਚ ਕਰੀਏ ਤਾਂ ਸਾਡੀ ਗੱਲ ਨੂੰ ਕਿੰਨੀ ਗੰਭੀਰਤਾ ਨਾਲ ਲਿਆ ਜਾਏਗਾ ਅਤੇ ਜੱਗ ਹੱਸਾਈ ਕਿੰਨੀ ਕੁ ਹੋਵੇਗੀ?
ਇਸ ਸਭ ਦਾ ਫੈਸਲਾ ਹੁਣ ਤੁਸੀਂ ਆਪ ਹੀ ਕਰੋ!