ਇਹ ਗੱਲ ਸੰਨ 1985-86 ਦੀ ਹੈ। ਉਨ੍ਹਾਂ ਦਿਨਾਂ ਦੇ ਵਿੱਚ ਭਾਰਤ ਭਰ ਤੋਂ 4 ਪ੍ਰੋਫੈਸਰਾਂ ਤੇ ਇੱਕ ਉਪ ਕੁਲਪਤੀ ਦਾ ਵਫ਼ਦ ਚੰਡੀਗੜ੍ਹ ਡੀ.ਏ.ਵੀ ਕਾਲਜ ਆਇਆ ਹੋਇਆ ਸੀ। ਉਨ੍ਹਾਂ ਦਾ ਇਹ ਦੌਰਾ ਭਾਰਤ ਦੇ ਚੋਟੀ ਦੇ ਕਾਲਜਾਂ ਦੇ ਬਾਰੇ ਫੈਸਲਾ ਕਰਨ ਲਈ ਸੀ ਅਤੇ ਡੀ.ਏ.ਵੀ ਕਾਲਜ, ਚੰਡੀਗੜ੍ਹ ਚੋਟੀ ਦੇ ਕਾਲਜਾਂ ਦੀ ਸੂਚੀ ਵਿੱਚ ਸੀ।
ਇਸ ਵਫ਼ਦ ਨਾਲ ਮਿਲਵਾਉਣ ਲਈ ਕਾਲਜ ਨੂੰ ਪੰਜ ਛੇ ਵਿਦਿਆਰਥੀ ਵੀ ਤਿਆਰ ਕਰਨੇ ਪੈਣੇ ਸਨ। ਮੈਂ ਉਨ੍ਹਾਂ ਦਿਨਾਂ ਵਿੱਚ ਡੀ.ਏ.ਵੀ ਕਾਲਜ ਚੰਡੀਗੜ੍ਹ ਵਿਖੇ ਪੜ੍ਹਦਾ ਸੀ। ਕਾਲਜ ਦੇ ਪ੍ਰਿੰਸੀਪਲ ਨੇ ਖਾਸ ਤੌਰ ਤੇ ਇਸ ਵਫ਼ਦ ਨਾਲ ਮਿਲਣ ਲਈ ਉਨ੍ਹਾਂ ਵਿਦਿਆਰਥੀਆਂ ਨੂੰ ਚੁਣਿਆ ਜੋ ਪੜ੍ਹਾਈ ਵਿੱਚ ਤਾਂ ਚੰਗੇ ਹੈ ਹੀ ਸਨ ਨਾਲੇ ਉਹ ਵੀ ਜਿਹੜੇ ਯੁਵਕ ਅਗਵਾਈ ਵਿੱਚ ਵੀ ਕਾਫੀ ਸਰਗਰਮ ਸਨ।
ਸਾਰੇ ਕਾਲਜ ਵਿੱਚ ਘੁੰਮਣ ਤੋਂ ਬਾਅਦ ਤਿੰਨ ਵਜੇ ਇਸ ਡੈਲੀਗੇਸ਼ਨ ਨੇ ਚਾਹ ਪਾਣੀ ਪੀਣਾ ਸੀ। ਚਾਹ ਪਾਣੀ ਦਾ ਬੰਦੋਬਸਤ ਕਾਲਜ ਦੀ ਲਾਇਬ੍ਰੇਰੀ ਵਿੱਚ ਸੀ। ਲਾਇਬ੍ਰੇਰੀ ਦੇ ਮੇਜ਼ਾਂ ਦੇ ਉੱਤੇ ਦੁਨੀਆਂ ਭਰ ਦਾ ਖਾਣ ਪੀਣ ਦਾ ਸਾਮਾਨ ਰੱਖਿਆ ਹੋਇਆ ਸੀ। ਵਫ਼ਦ ਅਤੇ ਵਿਦਿਆਰਥੀਆਂ ਦਾ ਆਪਸ ਵਿੱਚ ਵਿਚਾਰ ਵਟਾਂਦਰਾ ਬਹੁਤ ਪ੍ਰਭਾਵਸ਼ਾਲੀ ਰਿਹਾ ਤੇ ਬਾਅਦ ਵਿੱਚ ਜਿਵੇਂ ਹੀ ਚਾਹ ਪਾਣੀ ਦਾ ਦੌਰ ਚੱਲਿਆ ਤਾਂ ਹਰ ਕੋਈ ਖਾਣ ਪੀਣ ਤੋਂ ਬਹੁਤ ਸੰਕੋਚ ਕਰ ਰਿਹਾ ਸੀ। ਭਾਵੇਂ ਕਿ ਉੱਥੇ ਸਮੋਸੇ, ਜਲੇਬੀਆਂ ਭਾਂਤ-ਭਾਂਤ ਦੀਆਂ ਮਠਿਆਈਆਂ ਤੇ ਕਈ ਕਿਸਮ ਦੇ ਨਮਕੀਨ ਅਤੇ ਕਚੌੜੀਆਂ ਵੀ ਰੱਖੀਆਂ ਹੋਈਆਂ ਸਨ। ਖਾਸ ਤੌਰ ਤੇ ਵਫ਼ਦ ਨੇ ਕਈ ਵਾਰ ਸਾਨੂੰ ਵਿਦਿਆਰਥੀਆਂ ਨੂੰ ਖਾਣ ਪੀਣ ਲਈ ਸੁਲਾਹ ਮਾਰੀ। ਪਰ ਅਸੀਂ ਸਾਰੇ ਇੱਕ ਦੂਜੇ ਦਾ ਮੂੰਹ ਵੇਖਦੇ ਤੇ ਬੜੇ ਹੀ ਸੰਕੋਚ ਨਾਲ ਇੱਕ-ਅੱਧ ਚੀਜ਼ ਪਲੇਟ ਵਿੱਚ ਧਰ ਕੇ ਪਿੱਛੇ ਹਟ ਜਾਂਦੇ।
ਉਸੇ ਦਿਨ ਸ਼ਾਮ ਨੂੰ ਕਾਲਜ ਵਿੱਚ ਐਨ.ਐਸ.ਐਸ ਦਾ ਸਾਲਾਨਾ ਸਮਾਰੋਹ ਵੀ ਹੋ ਰਿਹਾ ਸੀ। ਐਨ.ਐਸ.ਐਸ ਦੇ ਪ੍ਰੋਫੈਸਰ ਇੰਚਾਰਜ ਨੂੰ ਤਾਂ ਸਾਡੇ ਬਾਰੇ ਪਤਾ ਹੀ ਸੀ ਤੇ ਮਲਕੜੇ ਜਿਹੇ ਉਨ੍ਹਾਂ ਸਾਨੂੰ ਇਹ ਸੁਨੇਹਾ ਭਿਜਵਾ ਦਿੱਤਾ ਕਿ ਵਫ਼ਦ ਤੋਂ ਵਿਹਲੇ ਹੋ ਕੇ ਅਸੀਂ ਐਨ.ਐਸ.ਐਸ ਦੇ ਪ੍ਰੋਗਰਾਮ ਵਿੱਚ ਜਾ ਸ਼ਾਮਿਲ ਹੋਈਏ।
ਜਦੋਂ ਅਸੀਂ ਉੱਥੇ ਪਹੁੰਚੇ ਤਾਂ ਚੰਗੀ ਰੌਣਕ ਲੱਗੀ ਹੋਈ ਸੀ। ਇਨਾਮ ਵੰਡ ਸਮਾਰੋਹ ਹੋਇਆ ਤੇ ਬਾਅਦ ਵਿੱਚ ਉੱਥੇ ਵੀ ਖਾਣ ਪੀਣ ਦੇ ਲਈ ਮੇਜ਼ਾਂ ਸਜੀਆਂ ਹੋਈਆਂ ਸਨ। ਹਾਲਾਂਕਿ ਉੱਥੇ ਖਾਣ ਪੀਣ ਲਈ ਇੰਨੀਆਂ ਕਿਸਮ ਦੀਆਂ ਚੀਜ਼ਾਂ ਨਹੀਂ ਸਨ ਜਿਵੇਂ ਕਿ ਵਫ਼ਦ ਦੀ ਖਾਤਰਦਾਰੀ ਵਾਸਤੇ ਵਾਸਤੇ ਰੱਖੀਆਂ ਸਨ। ਜਿਵੇਂ ਹੀ ਖਾਣ ਪੀਣ ਦੀ ਸ਼ੁਰੂਆਤ ਹੋਈ ਉਥੇ ਹਰ ਕੋਈ ਇੰਞ ਵਰਤਾਅ ਕਰ ਰਿਹਾ ਸੀ ਕਿ ਬੱਸ ਜਿਵੇਂ ਸਾਰੀ ਭੁੱਖ ਅੱਜ ਹੀ ਲੱਗੀ ਹੋਵੇ। ਅੱਖ ਦੇ ਫੋਰ ਵਿੱਚ ਖਾਣ ਵਾਲੀਆਂ ਚੀਜ਼ਾਂ ਖਤਮ ਹੋ ਗਈਆਂ। ਮੈਂ ਸੋਚਿਆ ਸੀ ਕਿ ਵੇਖੋ ਉਹੀ ਵਿਦਿਆਰਥੀ ਪਰ ਮਾਹੌਲ ਦੇ ਬਦਲ ਜਾਣ ਨਾਲ ਕਿੰਨਾ ਫਰਕ ਪੈ ਜਾਂਦਾ ਹੈ! ਵਫ਼ਦ ਦੇ ਸਾਹਮਣੇ ਅਸੀਂ ਕੁਝ ਖਾਸ ਨਹੀਂ ਖਾਧਾ ਪਰ ਇਥੇ ਐਨ.ਐਸ.ਐਸ ਦੇ ਸਾਲਾਨਾ ਸਮਾਰੋਹ ਵਿੱਚ ਅਸੀਂ ਖਾਣ-ਪੀਣ ਦੀਆਂ ਡੰਝਾਂ ਲਾਹ ਕੇ ਰੱਖ ਦਿੱਤੀਆਂ।
ਇਹੋ ਜਿਹੇ ਮਾਹੌਲ ਬਦਲ ਜਾਣ ਦੀ ਇੱਕ ਮਿਸਾਲ ਮੈਨੂੰ ਬੀਤੇ ਹਫ਼ਤੇ ਵੀ ਮਿਲੀ। ਸਾਡਾ ਕੁਝ ਪੁਰਾਣੇ ਦੋਸਤਾਂ ਦਾ ਇਕ ਐਪ ਦੇ ਉੱਤੇ ਗਰੁੱਪ ਹੈ ਜੋ ਕਿ ਕਾਫੀ ਸਾਲਾਂ ਤੋਂ ਚੱਲ ਰਿਹਾ ਹੈ। ਅਸੀਂ ਵਕਤ ਦਰ ਵਕਤ ਇੱਕ ਦੂਜੇ ਨਾਲ ਰਸਮੀ ਸੁਨੇਹੇ ਵੀ ਸਾਂਝੇ ਕਰਦੇ ਰਹਿੰਦੇ ਹਾਂ ਤੇ ਆਪਸੀ ਮਿਲਾਪ ਵੀ ਬਣਾ ਕੇ ਰੱਖਦੇ ਹਾਂ। ਪਰ ਬੀਤੇ ਹਫ਼ਤੇ ਸਾਡੇ ਵਿੱਚੋਂ ਹੀ ਇੱਕ ਨੇ ਸਲਾਹ ਦਿੱਤੀ ਕਿ ਬਹੁਤੀ ਗੱਲਬਾਤ ਨਹੀਂ ਚੱਲ ਰਹੀ ਚੱਲੋ ਅਸੀਂ ਵ੍ਹਾਟਸਐਪ ਗਰੁੱਪ ਬਣਾ ਲਈਏ ਤੇ ਵ੍ਹਾਟਸਐਪ ਗਰੁੱਪ ਬਣ ਗਿਆ।
ਗਰੁੱਪ ਬਣਨ ਦੀ ਦੇਰ ਸੀ ਕਿ ਤੜੱਕ ਦੇਣੇ ਸਵੇਰ ਤੋਂ ਸ਼ਾਮ ਤੱਕ ਚੁਟਕਲੇ, ਠਿੱਠ, ਮਸ਼ਕਰੀ ਅਤੇ ਹੋਰ ਕਈ ਕਿਸਮ ਦੇ ਵੀਡੀਓ ਚੱਲਣੇ ਸ਼ੁਰੂ ਹੋ ਗਏ ਸਮੇਤ ਟਿਕ ਟੌਕ ਦੇ ਵੀਡੀਓ ਕਲਿੱਪ ਵੀ। ਮੈਨੂੰ ਲੱਗਿਆ ਕਿ ਜਿਹੜੀ ਦੂਜੀ ਐਪ ਸੀ ਉਸ ਉੱਤੇ ਅਸੀਂ ਇਕ ਦੂਜੇ ਨਾਲ ਮਿਲਾਪ ਵਿੱਚ ਸੀ ਅਤੇ ਉਥੇ ਰਸਮੀ ਤੌਰ ਤੇ ਅਸੀਂ ਬੜੇ ਸੰਕੋਚ ਨਾਲ ਚੱਲਦੇ ਸੀ।
ਵ੍ਹਾਟਸਐਪ ਦਾ ਕਿਰਦਾਰ ਹੀ ਇਹ ਹੈ ਕਿ ਬੇਸਿਰ-ਪੈਰ ਗੱਲਾਂ ਧੜਾਧੜ ਅੱਗੇ ਤੋਂ ਅੱਗੇ ਸਾਂਝੀਆਂ ਕਰੀ ਜਾਓ। ਇਸ ਖੋਖਲੇ ਰੁਝੇਵੇਂ ਵਿੱਚੋਂ ਖੁਸ਼ੀਆਂ ਲੱਭਣ ਲਈ ਪਤਾ ਨਹੀਂ ਕਿਉਂ ਅਸੀਂ ਪੱਬਾਂ ਭਾਰ ਹੋਏ ਫਿਰਦੇ ਹਾਂ?