ਛੋਟੇ ਹੁੰਦਿਆਂ ਇੱਕ ਕਹਾਵਤ ਆਮ ਹੀ ਸੁਣਦੇ ਹੁੰਦੇ ਸਾਂ ਕਿ ਕੁਝ ਲੋਕ ਜਿਊਣ ਲਈ ਖਾਂਦੇ ਹਨ ਤੇ ਕੁਝ ਖਾਣ ਲਈ ਜਿਊਂਦੇ ਹਨ। ਗੱਲ ਉਦੋਂ ਕਾਫੀ ਗੁੰਝਲਦਾਰ ਲੱਗਦੀ ਹੁੰਦੀ ਸੀ ਪਰ ਹੁਣ ਇਹਦੇ ਹੋਰ ਕਈ ਪਹਿਲੂ ਵੀ ਸਾਹਮਣੇ ਆ ਰਹੇ ਹਨ।
ਅੱਜ ਭਾਵੇਂ ਕਿਸੇ ਸੁਪਰਮਾਰਕਿਟ ਚਲੇ ਜਾਵੋ ਤੇ ਭਾਵੇਂ ਕਿਤੇ ਘੁੰਮਣ-ਫਿਰਨ। ਸਭ ਰਸਤੇ ਅਤੇ ਰਾਹ ਖਾਣ ਪੀਣ ਵਾਲੀਆਂ ਥਾਵਾਂ ਨਾਲ ਭਰੇ, ਸੁਪਰ ਮਾਰਕੀਟਾਂ ਦੇ ਖਾਨੇ ਖਾਣ ਪੀਣ ਵਾਲੀਆਂ ਵਸਤਾਂ ਨਾਲ ਭਰੇ ਅਤੇ ਸੰਚਾਰ ਮਾਧਿਅਮਾਂ ਉੱਤੇ ਖਾਸ ਤੌਰ ਤੇ ਟੀਵੀ ਦੇ ਉੱਤੇ ਚੱਲਦੇ ਖਾਣੇ ਬਣਾਉਣ ਦੇ ਪ੍ਰੋਗਰਾਮ ਵੇਖ ਕੇ ਇਹ ਲੱਗਦਾ ਹੈ ਕਿ ਸ਼ਾਇਦ ਮਨੁੱਖਤਾ ਦਾ ਸਾਰਾ ਧਿਆਨ ਹੁਣ ਸਿਰਫ਼ ਖਾਣ ਪੀਣ ਦੇ ਉਪਰ ਹੀ ਹੈ।
ਇਸ ਸਭ ਦੇ ਚੱਲਦੇ, ਅੱਜ ਕੱਲ੍ਹ ਇਨਸਾਨੀ ਸਰੀਰ ਦੀ ਬਨਾਵਟ ਅਤੇ ਸਰੀਰਕ ਸਮਤੋਲ ਖਾਣ ਪੀਣ ਦੇ ਉੱਤੇ ਹੀ ਨਿਰਭਰ ਹੋ ਗਿਆ ਹੈ ਖਾਸ ਤੌਰ ਤੇ ਉਸ ਵੇਲੇ ਜਦਕਿ ਹੁਣ ਸਰੀਰਕ ਕੰਮ ਘਟਦਾ ਜਾ ਰਿਹਾ ਹੈ ਤੇ ਉਸ ਦਾ ਖੱਪਾ ਪੂਰਾ ਕਰਨ ਦੇ ਲਈ ਕਸਰਤ ਕਰਣ ਲਈ ਜਿੰਮ ਵਿੱਚ ਜਾਣ ਦੇ ਰੁਝਾਨ ਵੱਧ ਰਹੇ ਹਨ।
ਅੱਜ ਕੱਲ੍ਹ ਸਰੀਰਾਂ ਨੂੰ ਕਈ ਕਿਸਮ ਦੀਆਂ ਬਿਮਾਰੀਆਂ ਨੇ ਵੀ ਆਣ ਘੇਰਿਆ ਹੈ। ਪੰਜਾਬ ਦੇ ਮਾਲਵੇ ਦੀ ਬੈਲਟ ਦੇ ਵਿੱਚ ਜਦੋਂ ਕੈਂਸਰ ਆਮ ਹੋਣਾ ਸ਼ੁਰੂ ਹੋ ਗਿਆ ਤਾਂ ਕਈ ਸਮਾਜ ਸੇਵੀ ਸੰਸਥਾਵਾਂ ਵੀ ਲੋਕ ਭਲਾਈ ਦੇ ਉੱਦਮ ਵਿੱਚ ਜੁਟ ਗਈਆਂ ਤਾਂ ਜੋ ਲੋਕਾਂ ਦੀ ਮਦਦ ਕੀਤੀ ਜਾਵੇ। ਅਜਿਹੀ ਇੱਕ ਸੰਸਥਾ ਨੇ ਲੋਕਾਂ ਨੂੰ ਘਾਹ ਦਾ ਰਸ (wheat grass) ਪੀਣ ਦੇ ਰਾਹ ਪਾ ਦਿੱਤਾ ਅਤੇ ਆਮ ਜਿਵੇਂ ਫਲਾਂ ਦੇ ਰਸਾਂ ਦੀਆਂ ਰੇਹੜੀਆਂ ਲੱਗੀਆਂ ਹੁੰਦੀਆਂ ਹਨ ਉਸੇ ਤਰ੍ਹਾਂ ਘਾਹ ਦਾ ਰਸ ਵੀ ਰੇਹੜੀਆਂ ਤੇ ਮਿਲਣਾ ਸ਼ੁਰੂ ਹੋ ਗਿਆ।
ਅਸੀਂ ਜਿਸ ਚੀਜ਼ ਨੂੰ ਆਮ ਕਰਕੇ ਨਹੀਂ ਸਮਝਦੇ ਹੋ ਇਹ ਹੈ ਕਿ ਚੰਗੀ ਖ਼ੁਰਾਕ ਦਾ ਫ਼ਾਇਦਾ ਜ਼ਰੂਰ ਹੁੰਦਾ ਹੈ ਪਰ ਕਿਸੇ ਦਵਾਈ ਮਾਫ਼ਕ ਨਹੀਂ। ਚੰਗੀ ਅਤੇ ਸੰਤੁਲਿਤ ਖ਼ੁਰਾਕ ਦਾ ਫ਼ਾਇਦਾ ਇਕ ਰਾਤ ਜਾਂ ਹਫ਼ਤੇ ਵਿੱਚ ਨਹੀਂ ਪਤਾ ਲੱਗ ਜਾਂਦਾ ਇਸ ਦਾ ਫ਼ਾਇਦਾ ਹੁੰਦਿਆਂ ਮਹੀਨੇ ਸਾਲ ਲੱਗ ਜਾਂਦੇ ਹਨ।
ਇਸੇ ਤਰ੍ਹਾਂ ਇਨ੍ਹਾਂ ਖ਼ੁਰਾਕਾਂ ਦੀ ਗੱਲ ਕਰਦੇ ਕਰਦੇ ਅੱਜ ਕੱਲ੍ਹ ਕੋਧਰੇ (Paspalum scrobiculatum) ਬਾਰੇ ਕਾਫ਼ੀ ਪ੍ਰਚਾਰ ਕੀਤਾ ਜਾ ਰਿਹਾ ਹੈ। ਕਈ ਤਾਂ ਇੱਥੋਂ ਤੱਕ ਕਹਿਣ ਲੱਗ ਪਏ ਹਨ ਕਿ ਇਹ ਤਾਂ ਰਵਾਇਤੀ ਖ਼ੁਰਾਕ ਹੁੰਦਾ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕੋਧਰਾ ਆਮ ਹੀ ਖਾਧਾ ਜਾਂਦਾ ਸੀ ਅਤੇ ਖਾਸ ਤੌਰ ਤੇ ਗੁਰੂ ਨਾਨਕ ਸਾਹਿਬ ਦੇ ਵਕਤ ਕੋਧਰੇ ਦੀਆਂ ਰੋਟੀਆਂ ਖਾਣ ਦਾ ਰਿਵਾਜ਼ ਆਮ ਸੀ।

ਜੇਕਰ ਅਸੀਂ ਇਤਿਹਾਸ ਉੱਤੇ ਨਜ਼ਰ ਮਾਰੀਏ ਤਾਂ ਸਾਨੂੰ ਇਸ ਤਰ੍ਹਾਂ ਦਾ ਕੋਈ ਵੀ ਸਰੋਤ ਜਾਂ ਹਵਾਲਾ ਨਹੀਂ ਲੱਭਦਾ ਜਿਹੜਾ ਕਿ ਇਸ ਕਥਨ ਦੀ ਪੁਸ਼ਟੀ ਕਰਦਾ ਹੋਵੇ। ਇਹ ਗੱਲ ਬਿਨਾਂ ਸ਼ੱਕ ਜ਼ਰੂਰ ਕਹੀ ਜਾ ਸਕਦੀ ਹੈ ਕਿ ਕੋਧਰਾ ਇੱਕ ਚੰਗਾ ਅਨਾਜ ਹੈ ਪਰ ਇਹ ਵੀ ਨਾਲ ਦੱਸਣਾ ਜ਼ਰੂਰੀ ਹੈ ਕਿ ਇਹ ਕਾਫੀ ਭਾਰਾ ਹੁੰਦਾ ਹੈ ਅਤੇ ਪਚਣ ਦੇ ਲਈ ਮਿਹਦੇ ਦੇ ਉੱਤੇ ਕਾਫ਼ੀ ਜ਼ੋਰ ਪਾਉਂਦਾ ਹੈ।
ਅੱਜ ਤੋਂ ਨੂੰ ਕੋਈ ਸੱਤਰ-ਅੱਸੀ ਸਾਲ ਪਹਿਲਾਂ ਤੱਕ ਪੰਜਾਬ ਦੇ ਹਰ ਪਿੰਡ ਤੱਕ ਬਿਜਲੀ ਨਹੀਂ ਸੀ ਪਹੁੰਚੀ ਹੋਈ ਅਤੇ ਨਾ ਹੀ ਥਾਂ-ਥਾਂ ਟਿਊਬਵੈੱਲ ਹੁੰਦੇ ਸਨ ਇਸ ਕਰਕੇ ਖੇਤੀ ਖੂਹਾਂ ਦੇ ਪਾਣੀ ਅਤੇ ਸੂਇਆਂ ਨਾਲਿਆਂ ਦੇ ਪਾਣੀ ਦੇ ਉੱਤੇ ਜਾਂ ਬਰਸਾਤ ਦੇ ਉੱਤੇ ਨਿਰਭਰ ਹੁੰਦੀ ਸੀ। ਉਦੋਂ ਲੋਕ ਆਮ ਤੌਰ ਤੇ ਇੱਕ ਦੋ ਖੇਤ ਕੋਧਰਾ ਇਸ ਕਰਕੇ ਬੀਜ ਦਿੰਦੇ ਸਨ ਕਿ ਜੇਕਰ ਕਿਤੇ ਸੋਕਾ ਪੈ ਗਿਆ ਤਾਂ ਚਲੋ ਘਰੇ ਖਾਣ ਜੋਗੇ ਦਾਣੇ ਕੋਧਰੇ ਦੇ ਹੋ ਜਾਣਗੇ ਕਿਉਂਕਿ ਕੋਧਰਾ ਇੱਕ ਜਿਹੋ ਜਿਹਾ ਬੂਟਾ ਹੈ ਜਿਸ ਨੂੰ ਕਿ ਵਧਣ ਫੁੱਲਣ ਦੇ ਲਈ ਜ਼ਿਆਦਾ ਪਾਣੀ ਅਤੇ ਚੰਗੇ ਮੌਸਮ ਦੀ ਲੋੜ ਨਹੀਂ ਹੈ।
ਜੇਕਰ ਸੋਕਾ ਨਹੀਂ ਸੀ ਪੈਂਦਾ ਅਤੇ ਫਸਲ ਵੀ ਹੋ ਜਾਂਦੀ ਸੀ ਤਾਂ ਫਿਰ ਲੋਕ ਕੋਧਰੇ ਨੂੰ ਆਮ ਤੌਰ ਤੇ ਡੰਗਰ-ਮਾਲ ਦੇ ਖਾਣ ਦੇ ਲਈ ਰੱਖ ਲੈਂਦੇ ਸਨ। ਜਿਵੇਂ-ਜਿਵੇਂ ਟਿਊਬਵੈੱਲ ਵਧਦੇ ਗਏ, ਪੰਜਾਬ ਵਿੱਚ ਕੋਧਰਾ ਬੀਜਣ ਦੀ ਲੋੜ ਖ਼ਤਮ ਹੋ ਗਈ। ਹਰੇ ਇਨਕਲਾਬ ਕਰਕੇ ਹੋਏ ਮਸ਼ੀਨੀਕਰਨ ਕਰਕੇ ਪੰਜਾਬ ਵਿੱਚ ਡੰਗਰ-ਮਾਲ ਵੀ ਘਟਣਾ ਸ਼ੁਰੂ ਹੋ ਗਿਆ।
ਇਸ ਤਰ੍ਹਾਂ ਕੋਧਰਾ ਕਦੀ ਵੀ ਪੰਜਾਬ ਦੇ ਵਿੱਚ ਆਮ ਖੁਰਾਕ ਨਹੀਂ ਸੀ ਬਣਿਆ। ਹਾਂ, ਮਜਬੂਰੀ ਦੇ ਵਿੱਚ ਜਦੋਂ ਕਦੀ ਸੋਕਾ ਪੈਂਦਾ ਸੀ ਤਾਂ ਲੋਕ ਇਸ ਨੂੰ ਜ਼ਰੂਰ ਖਾਂਦੇ ਰਹੇ।