ਕੁਝ ਦਿਨ ਪਹਿਲਾਂ ਅਚਾਨਕ ਰੌਲ਼ਾ ਪੈ ਗਿਆ ਕਿ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਉੱਤੇ ਸਭਿਆਚਾਰਕ ਬੁੱਤਾਂ ਨੂੰ ਤੋੜਨ ਦੀ ਕੋਸ਼ਿਸ਼ ਕਰਨ ਦੀ ਖਾਤਰ ਕੁਝ ਨੌਜਵਾਨ ਹਿਰਾਸਤ ਵਿੱਚ ਲਏ ਗਏ ਹਨ। ਇਹ ਬੁੱਤ ਅਕਤੂਬਰ 2016 ਵਿੱਚ ਲਾਏ ਗਏ ਸਨ।

ਫਿਰ ਗੱਲ ਕਈ ਪਾਸੇ ਤੁਰ ਪਈ। ਪਹਿਲੀ ਤਾਂ ਇਹ ਮੰਗ ਉੱਠੀ ਕਿ ਉਨ੍ਹਾਂ ਨੌਜਵਾਨਾਂ ਨੂੰ ਹਿਰਾਸਤ ‘ਚੋਂ ਛੱਡ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਖਿਲਾਫ਼ ਪਾਏ ਗਏ ਮਾਮਲੇ ਵੀ ਵਾਪਸ ਲੈਣੇ ਚਾਹੀਦੇ ਹਨ। ਇਸ ਸਭ ਕਾਸੇ ਦੌਰਾਨ ਬੁੱਤਾਂ ਦੇ ਆਲੇ ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਤੇ ਹੋਰ ਕਈ ਤਰ੍ਹਾਂ ਦੀਆਂ ਇੰਟਰਨੈੱਟ ਉੱਤੇ ਬਹਿਸਾਂ ਛਿੜ ਪਈਆਂ। ਕਈ ਇਹ ਕਹਿ ਰਹੇ ਸਨ ਕਿ ਇਹ ਤਾਂ ਵਿਰਾਸਤ ਹੈ ਜਿਸ ਦੇ ਬੁੱਤ ਚਾਹੀਦੇ ਵੀ ਹਨ। ਕਈਆਂ ਨੇ ਇਹ ਵੀ ਕਿਹਾ ਕਿ ਇਸ ਵਿਰਾਸਤ ਮਾਰਗ ਦੇ ਉੱਤੇ ਜਲ੍ਹਿਆਂ ਵਾਲਾ ਬਾਗ਼ ਵੀ ਹੈ ਜੋ ਪੰਜਾਬੀਅਤ ਦੀ ਨਿਸ਼ਾਨੀ ਹੈ। ਬੁੱਤ ਪੰਜਾਬੀਅਤ ਦੀ ਸ਼ਾਨ ਦੀ ਪ੍ਰਤੀਨਿਧਤਾ ਕਰਦੇ ਹਨ ਸੋ ਲੱਗੇ ਰਹਿਣੇ ਚਾਹੀਦੇ ਹਨ।
ਦੂਜੇ ਪਾਸੇ ਚਰਚਾ ਇਸ ਗੱਲ ਦੀ ਛਿੜ ਪਈ ਕਿ ਇਹ ਬੁੱਤ ਇੱਥੇ ਨਹੀਂ ਹੋਣੇ ਚਾਹੀਦੇ ਇਨ੍ਹਾਂ ਦੀ ਥਾਂ ਦੇ ਉੱਤੇ ਧਾਰਮਿਕ ਬੁੱਤ ਹੋਣੇ ਚਾਹੀਦੇ ਹਨ ਜਿਵੇਂ ਕਿ ਸਿੱਖ ਸ਼ਹੀਦਾਂ ਦੇ ਬੁੱਤ ਲਾਉਣੇ ਚਾਹੀਦੇ ਹਨ। ਯੂਟਿਊਬ ਉੱਪਰ ਵੀ ਇਸ ਵਿਸ਼ੇ ਉੱਤੇ ਮਸਾਲਾ ਲਾ-ਲਾ ਕੇ ਕਈ ਕਿਸਮ ਦੇ ਹਾਂ ਜਾਂ ਨਾਂਹ ਦੇ ਪੱਖ ਵਿੱਚ ਵੀਡੀਓ ਚੱਲਦੇ ਰਹੇ।
ਅਚਾਨਕ ਹੀ ਪੰਜਾਬ ਸਰਕਾਰ ਦੇ ਇੱਕ ਟਵੀਟ ਨੇ ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਪੰਜਾਬ ਨੇ ਹੁਕਮ ਦੇ ਦਿੱਤੇ ਹਨ ਕਿ ਬੁੱਤ ਕਿਧਰੇ ਹੋਰ ਲਾ ਦੇਣੇ ਚਾਹੀਦੇ ਹਨ, ਇੰਟਰਨੈੱਟ ਦੇ ਉੱਤੇ ਇਸ ਵਿਸ਼ੇ ਉੱਪਰ ਭਖ਼ਦੀ ਬਹਿਸ ਇੱਕ ਦੱਮ ਠੰਢੀ ਪੈ ਗਈ। ਜੇਕਰ ਤਾਜ਼ੀਆਂ ਖਬਰਾਂ ਪੜ੍ਹੀਏ ਤਾਂ ਇਹ ਪਤਾ ਲੱਗਦਾ ਹੈ ਕਿ ਬੁੱਤ ਤਾਂ ਟਰਾਲੀਆਂ ਵਿੱਚ ਪਾ ਉੱਥੋਂ ਚੁੱਕ ਕੇ ਕਿਤੇ ਹੋਰ ਲਿਜਾਏ ਵੀ ਜਾ ਚੁੱਕੇ ਹਨ।
ਲੱਗਦਾ ਹੈ ਕਿ ਫ਼ਿਲਹਾਲ ਗੱਲ ਆਈ-ਚਲਾਈ ਹੋਈ ਹੈ ਪਰ ਇਸ ਦੇ ਕਈ ਪਹਿਲੂ ਸਾਨੂੰ ਧਿਆਨ ਦੇ ਵਿੱਚ ਰੱਖਣ ਦੀ ਲੋੜ ਹੈ।
ਅੰਮ੍ਰਿਤਸਰ ਦੇ ਉਸ ਇਲਾਕੇ ਦੇ ਵਿੱਚ ਜਿੱਥੇ ਦਰਬਾਰ ਸਾਹਿਬ ਹੈ, ਉਹ ਹੀ ਇਕ ਵਿਰਾਸਤ ਹੈ ਅਤੇ ਹੋਰ ਕੋਈ ਨਹੀਂ। ਜਿਹੜੇ ਪੰਜਾਬੀਅਤ ਕਰਕੇ ਜੱਲ੍ਹਿਆਂ ਵਾਲੇ ਬਾਗ਼ ਦਾ ਨਾਂਅ ਲੈ ਰਹੇ ਹਨ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਧਨੀਰਾਮ ਚਾਤ੍ਰਿਕ ਨੇ 1931 ਦੀ ਕਵਿਤਾ “ਅੰਮ੍ਰਿਤਸਰ, ਸਿਫਤੀਂ ਦਾ ਘਰ” ਵਿੱਚ ਜੱਲ੍ਹਿਆਂ ਵਾਲੇ ਬਾਗ਼ ਦਾ ਨਾਂ ਤੱਕ ਨਹੀਂ ਲਿਆ ਸੀ ਅਤੇ ਸਾਰੀ ਗੱਲ ਦਰਬਾਰ ਸਾਹਿਬ ਤੇ ਕੇਂਦਰਿਤ ਰੱਖੀ ਸੀ।
ਇੱਕ ਹੋਰ ਪਹਿਲੂ ਜਿਹੜਾ ਸਾਨੂੰ ਬਹੁਤ ਧਿਆਨ ਵਿੱਚ ਰੱਖਣ ਦੀ ਲੋੜ ਹੈ ਉਹ ਇਹ ਹੈ ਕਿ ਸਿੱਖ ਸ਼ਹੀਦਾਂ ਦੇ ਨਾਂ ਉੱਤੇ ਬੁੱਤ ਬਣਵਾਉਣ ਦੀ ਸਾਡੇ ਅੰਦਰ ਕੋਈ ਖ਼ਾਹਸ਼ ਪੈਦਾ ਨਹੀਂ ਹੋਣੀ ਚਾਹੀਦੀ। ਇਹ ਸਭ ਕੁਝ ਸਾਨੂੰ ਬੁੱਤ ਪੂਜਣ ਵਾਲੇ ਪਾਸੇ ਹੀ ਧੱਕਦਾ ਹੈ ਜੋ ਕਿ ਗੁਰਬਾਣੀ ਦੇ ਬਿਲਕੁਲ ਉਲਟ ਹੈ। ਬੁੱਤ ਬਣਾਉਣੇ ਸਾਨੂੰ ਹੁਣ ਸ਼ਾਇਦ ਆਮ ਜਿਹੀ ਗੱਲ ਇਸ ਕਰਕੇ ਜਾਪਣ ਲੱਗ ਪਈ ਹੈ ਕਿਉਂਕਿ ਪਿਛਲੇ ਤੀਹ ਸਾਲਾਂ ਦੇ ਵਿੱਚ ਬਹੁਤ ਸਾਰੇ ਡੇਰਿਆਂ ਨਾਲ ਸਬੰਧਤ ਧਰਮ ਸਥਾਨਾਂ ਦੇ ਉੱਤੇ ਸਿੱਖ ਸ਼ਹੀਦਾਂ ਦੇ ਬੁੱਤ ਲਗਾਏ ਗਏ ਹਨ ਜਿਸ ਕਰਕੇ ਇਸ ਅਸੀਂ ਸੁੱਤੇ-ਸਿੱਧ ਹੀ ਬੁੱਤਾਂ ਵੱਲ ਖਿੱਚੇ ਜਾ ਰਹੇ ਹਾਂ।
ਅੱਜ ਕੱਲ੍ਹ ਤਕਨਾਲੋਜੀ ਦਾ ਜ਼ਮਾਨਾ ਹੈ ਅਤੇ ਇਸੇ ਤਕਨਾਲੋਜੀ ਦੇ ਕਰਕੇ ਅਸੀਂ ਕਈ ਕਿਸਮ ਦੇ ਜ਼ਰੂਰੀ ਸੁਨੇਹੇ ਸਾਈਨ ਬੋਰਡਾਂ ਉੱਤੇ ਪਾ ਸਕਦੇ ਹਾਂ। ਦਰਬਾਰ ਸਾਹਿਬ ਆਉਣ ਵਾਲੇ ਬਹੁਤ ਸਾਰੇ ਲੋਕ ਗ਼ੈਰ-ਸਿੱਖ ਅਤੇ ਗ਼ੈਰ-ਪੰਜਾਬੀ ਵੀ ਹੁੰਦੇ ਹਨ। ਇਸ ਕਰਕੇ ਜੋ ਵੀ ਇਸ ਵਿਰਾਸਤੀ ਮਾਰਗ ਤੇ ਤੁਰਦੇ ਹਨ, ਉਨ੍ਹਾਂ ਦੇ ਲਈ ਤਕਨਾਲੋਜੀ ਵਾਲੇ ਬੋਰਡ ਲਾ ਦੇਣੇ ਚਾਹੀਦੇ ਹਨ ਜਿਨ੍ਹਾਂ ਦੇ ਉੱਤੇ ਖ਼ਾਸ ਤੌਰ ਤੇ ਗੁਰਬਾਣੀ ਦੇ ਹੇਠ ਲਿਖੇ ਸ਼ਬਦ ਜ਼ਰੂਰ ਪ੍ਰਚਾਰੇ ਜਾਣ। ਇਨ੍ਹਾਂ ਦਾ ਅਨੁਵਾਦ ਦੂਜੀਆਂ ਭਾਸ਼ਾਵਾਂ ਵਿੱਚ ਵੀ ਨਾਲ-ਨਾਲ ਚੱਲਦਾ ਰਹੇ ਤਾਂ ਕਿ ਜੋ ਆਉਣ ਵਾਲੇ ਪੰਜਾਬੀ ਜਾਂ ਸਿੱਖ ਨਹੀਂ ਹਨ ਉਹ ਵੀ ਗੁਰਬਾਣੀ ਨੂੰ ਸਮਝ ਸਕਣ ਅਤੇ ਉਨ੍ਹਾਂ ਨੂੰ ਵੀ ਇਹ ਪਤਾ ਲੱਗ ਸਕੇ ਕਿ ਸਾਡੀ ਵਿਰਾਸਤ ਕੀ ਹੈ:
ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥ ਤਾ ਮੇਰੈ ਮਨਿ ਭਇਆ ਨਿਧਾਨਾ ॥੧॥ (੧੮੬)
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥ ਲੋਗਾ ਭਰਮਿ ਨ ਭੂਲਹੁ ਭਾਈ ॥ ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥੧॥ ਰਹਾਉ ॥ (੧੩੪੯)
ਮਨ ਤੂ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ॥ (੪੪੧)।
ਇਸੁ ਮਨ ਕਉ ਨਹੀ ਆਵਣ ਜਾਨਾ॥ ਜਿਸ ਕਾ ਭਰਮ ਗਿਆ ਤਿਨਿ ਸਾਚੁ ਪਛਾਣਾ॥ (੩੩੦)
ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥ ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ ॥੧॥ (੫੯੫)