ਇਹ ਗੱਲ ਸੰਨ 1996 ਦੀ ਹੈ। ਉਨ੍ਹਾਂ ਦਿਨਾਂ ਦੇ ਵਿੱਚ ਮੈਂ ਸ੍ਰੀਨਗਰ, ਕਸ਼ਮੀਰ ਦੇ ਵਿੱਚ ਤੈਨਾਤ ਸੀ। ਸਰਦਾਰ ਮਨੋਹਰ ਸਿੰਘ ਗਿੱਲ ਉਸੇ ਸਾਲ ਚੀਫ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਵਜੋਂ ਨਿਯੁਕਤ ਹੋਏ ਸਨ। ਨਿਯੁਕਤੀ ਤੋਂ ਬਾਅਦ ਉਹ ਸਾਰੇ ਭਾਰਤ ਦਾ ਦੌਰਾ ਕਰ ਰਹੇ ਸਨ ਤੇ ਕਸ਼ਮੀਰ ਵੀ ਉਨ੍ਹਾਂ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਸੀ। ਕਸ਼ਮੀਰ ਦੇ ਦੌਰੇ ਦੇ ਦੌਰਾਨ ਸਰਦਾਰ ਗਿੱਲ ਹੋਰਾਂ ਨੇ ਕਸ਼ਮੀਰ ਦੇ ਮੁੱਖ ਮੰਤਰੀ, ਨਾਗਰਿਕ ਪ੍ਰਸ਼ਾਸਨ ਅਧਿਕਾਰੀਆਂ, ਫ਼ੌਜੀ ਅਧਿਕਾਰੀਆਂ ਅਤੇ ਸੁਰੱਖਿਆ ਬਲਾਂ ਦੇ ਅਧਿਕਾਰੀਆਂ ਨਾਲ ਮਿਲਣਾ ਸੀ।
ਇਸੇ ਸਿਲਸਿਲੇ ਵਿੱਚ ਉਨ੍ਹਾਂ ਨੇ ਸ੍ਰੀਨਗਰ ਵਿੱਚ ਸੰਨਤ ਨਗਰ ਵਿਖੇ ਬਾਰਡਰ ਸਕਿਓਰਟੀ ਫੋਰਸ ਦੇ ਹੈੱਡਕੁਆਰਟਰ ਵਿੱਚ ਆ ਕੇ ਇੰਸਪੈਕਟਰ ਜਨਰਲ ਨੂੰ ਮਿਲਣਾ ਸੀ। ਮੁਲਾਕਾਤ ਵਾਲੇ ਦਿਨ ਸਵੇਰੇ ਹੀ ਇੰਸਪੈਕਟਰ ਜਨਰਲ ਨੂੰ ਕਿਤੇ ਬਾਹਰ ਜਾਣਾ ਪੈ ਗਿਆ ਤੇ ਵਾਪਸੀ ਵੇਲੇ ਉਹ ਸਰਦਾਰ ਗਿੱਲ ਨਾਲ ਬੈਠਕ ਦੇ ਵਕਤ ਤੋਂ ਖੁੰਝ ਰਹੇ ਜਾਪਦੇ ਸਨ। ਉਨ੍ਹਾਂ ਦੇ ਕਾਫਲੇ ਤੋਂ ਸੁਨੇਹਾ ਆ ਗਿਆ ਕਿ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਪਹੁੰਚਣ ਵਿੱਚ ਥੋੜ੍ਹੀ ਦੇਰ ਹੋ ਜਾਵੇ ਇਸ ਕਰਕੇ ਗੁਰਤੇਜ ਨੂੰ ਜ਼ਿੰਮੇਵਾਰੀ ਦੇ ਦਿਓ ਕਿ ਉਹ ਸਰਦਾਰ ਗਿੱਲ ਹੋਰਾਂ ਦਾ ਸਵਾਗਤ ਕਰ ਲੈਣ।
ਮਿੱਥੇ ਹੋਏ ਵਕਤ ਸਰਦਾਰ ਗਿੱਲ ਉੱਥੇ ਪਹੁੰਚ ਗਏ ਅਤੇ ਮੈਂ ਉਨ੍ਹਾਂ ਨੂੰ ਲੈ ਕੇ ਆਓ-ਭਗਤ ਲਈ ਆਪਣੇ ਦਫ਼ਤਰ ਵਿੱਚ ਲੈ ਆਇਆ। ਉਨ੍ਹਾਂ ਨੂੰ ਇੰਸਪੈਕਟਰ ਜਨਰਲ ਦੇ ਕਾਫਲੇ ਦੇ ਪਛੜਣ ਅਤੇ ਹਾਲਾਤ ਦੀ ਵਾਕਫ਼ੀਅਤ ਕਰਾਉਣ ਤੋਂ ਬਾਅਦ ਸਾਡੀ ਰਸਮੀ ਗੱਲਬਾਤ ਫਿਰ ਛੇਤੀ ਹੀ ਖਤਮ ਹੋ ਗਈ। ਪਰ ਚੰਗੇ ਸਬੱਬ ਨੂੰ ਸਾਡੀਆਂ ਗੱਲਾਂ ਮੇਰੇ ਪਿਛੋਕੜ, ਮੇਰੀ ਪੜ੍ਹਾਈ ਆਦਿ ਵੱਲ ਮੁੜ ਪਈਆਂ ਅਤੇ ਸਾਡੀਆਂ ਗੱਲਾਂ ਯੂਨੀਵਰਸਿਟੀਆਂ, ਵਿੱਦਿਅਕ ਪੜ੍ਹਾਈਆਂ ਅਤੇ ਸਾਹਿਤਕ ਸ਼ੌਕਾਂ ਦੇ ਦੁਆਲੇ ਘੁੰਮਦੀਆਂ ਰਹੀਆਂ। ਗੱਲਾਂ-ਗੱਲਾਂ ਦੇ ਵਿੱਚ ਸਰਦਾਰ ਗਿੱਲ ਨੇ ਥੋੜ੍ਹੇ ਜਿਹੇ ਮਾਯੂਸ ਹੁੰਦਿਆਂ ਕਿਹਾ ਕਿ “ਗੁਰਤੇਜ ਹੁਣ ਪਿੰਡਾਂ ਚੋਂ ਪੜ੍ਹ ਕੇ ਮੁੰਡੇ ਅਫ਼ਸਰ ਨਹੀਂ ਬਣਦੇ ਅਤੇ ਪੜ੍ਹਾਈ ਦਾ ਸ਼ੌਕ ਦਿਨ-ਬ-ਦਿਨ ਘਟਦਾ ਹੀ ਜਾ ਰਿਹਾ ਹੈ”।

ਇਸ ਤੋਂ ਪਹਿਲਾਂ ਕਿ ਮੈਂ ਗੱਲ ਹੋਰ ਅੱਗੇ ਜਾਰੀ ਰੱਖਦਾ ਇੰਸਪੈਕਟਰ ਜਨਰਲ ਦੀਆਂ ਗੱਡੀਆਂ ਦਾ ਕਾਫਲਾ ਆ ਕੇ ਸਾਹਮਣੇ ਖੜ੍ਹਾ ਹੋਣਾ ਸ਼ੁਰੂ ਹੋ ਗਿਆ ਤੇ ਮੈਂ ਸਰਦਾਰ ਗਿੱਲ ਨੂੰ ਲੈ ਕੇ ਉਧਰ ਨੂੰ ਤੁਰ ਪਿਆ। ਉਨ੍ਹਾਂ ਦੀ ਦਾਰਸ਼ਨਿਕ ਅਤੇ ਸਾਦਾ ਸ਼ਖ਼ਸਿਅਤ ਨੇ ਮੇਰੇ ਮਨ ਤੇ ਉਸ ਦਿਨ ਡਾਢਾ ਅਸਰ ਛੱਡਿਆ।
ਇਹ ਯਾਦ ਮੇਰੇ ਮਨ ਥਾਣੀਂ ਹਫ਼ਤਾ ਦੋ ਹਫ਼ਤੇ ਪਹਿਲਾਂ ਇੱਕ ਵਾਰ ਫੇਰ ਘੁੰਮੀ ਤਾਂ ਮੈਂ ਸੋਚਿਆ ਕਿ ਮੈਂ ਪਿੰਡਾਂ ਦੀ ਪੜ੍ਹਾਈ ਬਾਰੇ ਥੋੜ੍ਹੀ ਬਹੁਤ ਹੋਰ ਘੋਖ ਜ਼ਰੂਰ ਕਰੂੰਗਾ। ਮੈਂ ਅਮੂਮਨ ਹਰ ਹਫ਼ਤੇ ਪੰਜਾਬ ਵਿੱਚ ਆਪਣੇ ਪਿਤਾ ਜੀ ਦੇ ਨਾਲ ਫੋਨ ਦੇ ਉੱਤੇ ਇੱਕ ਵਾਰੀ ਜ਼ਰੂਰ ਗੱਲ ਕਰਦਾ ਹਾਂ। ਪਿਛਲੇ ਹਫਤੇ ਜਦੋਂ ਉਨ੍ਹਾਂ ਨਾਲ ਫੋਨ ਤੇ ਗੱਲ ਹੋ ਰਹੀ ਸੀ ਤਾਂ ਮੈਂ ਫ਼ਤਿਹ ਬੁਲਾਉਣ ਤੋਂ ਬਾਅਦ ਸਿੱਧੀ ਗੱਲ ਪਿੰਡਾਂ ਦੀ ਪੜ੍ਹਾਈ ਵੱਲ ਲੈ ਆਇਆ ਅਤੇ ਉਨ੍ਹਾਂ ਨੂੰ ਉਚੇਚੇ ਤੌਰ ਦੇ ਪੁੱਛਿਆ ਕਿ ਉਨ੍ਹਾਂ ਦੀ ਆਪਣੀ ਮੁੱਢਲੀ ਪੜ੍ਹਾਈ ਕਿਸ ਤਰ੍ਹਾਂ ਦੇ ਹਾਲਾਤ ਵਿੱਚ ਹੋਈ ਸੀ? ਤੇ ਉਹ ਕਿਵੇਂ ਪਿੰਡ ਦੇ ਸਕੂਲ ਤੋਂ ਪੜ੍ਹਾਈ ਸ਼ੁਰੂ ਕਰਕੇ ਅਫ਼ਸਰ ਬਣੇ?
ਪਿਤਾ ਜੀ ਨੇ ਮੈਨੂੰ ਸੰਨ 1941 ਤੋਂ ਸ਼ੁਰੂ ਕਰਕੇ ਆਪਣੀ ਮੁੱਢਲੀ ਪੜ੍ਹਾਈ ਬਾਰੇ ਚਾਨਣਾ ਪਾਇਆ। ਇਹ ਵੀ ਦੱਸਿਆ ਕਿ ਚੌਥੀ ਜਮਾਤ ਵਿੱਚੋਂ ਪਹਿਲੇ ਨੰਬਰ ਉੱਤੇ ਆਉਣ ਕਰਕੇ ਕਿਵੇਂ ਇੱਕ ਪਰਿਵਾਰਕ ਜਾਣ-ਪਛਾਣ ਵਾਲੇ ਸੱਜਣ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਹੁਣ ਪਿੰਡ ਜਸਰਾਊਰ ਦਾ ਸਕੂਲ ਛੱਡ ਕੇ ਸਰਕਾਰੀ ਹਾਈ ਸਕੂਲ ਅਜਨਾਲਾ ਵਿਖੇ ਦਾਖਲਾ ਲੈਣ। ਇਸਦਾ ਕਾਰਨ ਇਹ ਸੀ ਕਿ ਜੇਕਰ ਉਹ ਪਿੰਡ ਦੇ ਸਕੂਲ ਵਿੱਚ ਛੇਵੀਂ ਪੂਰੀ ਕਰਕੇ ਅਜਨਾਲੇ ਜਾਂਦੇ ਸਨ ਤਾਂ ਇੱਕ ਸਾਲ ਖਰਾਬ ਹੋਣਾ ਸੀ ਕਿਉਂਕਿ ਅਜਨਾਲਾ ਹਾਈ ਸਕੂਲ ਵਾਲਿਆਂ ਨੇ ਉਹ ਪੂਰਾ ਸਾਲ ਉਨ੍ਹਾਂ ਦੀ ਅੰਗਰੇਜ਼ੀ ਪੜ੍ਹਾਈ ਲਈ ਲਵਾਉਣਾ ਸੀ।
ਉਨ੍ਹਾਂ ਦਿਨਾਂ ਦੇ ਵਿੱਚ ਸਾਰੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਦੋ ਹੀ ਸਰਕਾਰੀ ਹਾਈ ਸਕੂਲ ਹੁੰਦੇ ਸਨ। ਇੱਕ ਅੰਮ੍ਰਿਤਸਰ ਅਤੇ ਇਕ ਅਜਨਾਲਾ ਅਤੇ ਇਨ੍ਹਾਂ ਦੋਹਾਂ ਸਕੂਲਾਂ ਦੇ ਵਿੱਚ ਦਾਖਲਾ, ਪ੍ਰੀਖਿਆ ਦੇ ਕੇ ਹੀ ਮਿਲਦਾ ਸੀ। ਉਨ੍ਹਾਂ ਦਿਨਾਂ ਵਿੱਚ ਸਾਰੇ ਅੰਮ੍ਰਿਤਸਰ ਜ਼ਿਲੇ ਵਿੱਚ ਦੋ ਹੀ ਪੱਕੀਆਂ ਸੜਕਾਂ ਵੀ ਹੁੰਦੀਆਂ ਸਨ। ਇੱਕ ਕੌਮੀ ਸ਼ਾਹ-ਰਾਹ ਜਿਹੜੀ ਜਲੰਧਰ ਵੱਲੋਂ ਆਉਂਦੀ ਸੀ ਅਤੇ ਅੰਮ੍ਰਿਤਸਰ ਤੋਂ ਲਾਹੌਰ ਵੱਲ ਜਾਂਦੀ ਸੀ ਤੇ ਦੂਜੀ ਅੰਮ੍ਰਿਤਸਰ ਤੋਂ ਸਿਆਲਕੋਟ ਦੀ ਸੜਕ। ਇਸੇ ਸੜਕ ਉੱਪਰ ਹੀ ਅਜਨਾਲਾ ਅਬਾਦ ਸੀ।
ਅੱਗੇ ਚੱਲਦਿਆਂ ਪਿਤਾ ਜੀ ਨੇ ਵੀ ਦੱਸਿਆ ਕਿ ਸਰਕਾਰੀ ਹਾਈ ਸਕੂਲ ਅਜਨਾਲਾ ਦਾਖ਼ਲਾ ਮਿਲਣ ਤੋਂ ਬਾਅਦ ਉਨ੍ਹਾਂ ਦਾ ਇੱਕ ਤਾਂ ਪਿੰਡ ਤੋਂ ਅਜਨਾਲੇ ਤੱਕ ਦਾ ਹਰ ਰੋਜ਼ ਦਸ ਕਿਲੋਮੀਟਰ ਆਉਣ-ਜਾਣ ਦਾ ਸਫਰ ਸ਼ੁਰੂ ਹੋ ਗਿਆ ਅਤੇ ਨਾਲ ਹੀ ਨਾਲ ਅੰਗਰੇਜ਼ੀ ਵਿੱਦਿਆ ਦਾ ਵੀ। ਅੰਗਰੇਜ਼ੀ ਦੀ ਵਿੱਦਿਆ ਲਈ ਕਿਸ ਤਰ੍ਹਾਂ ਪਹੁੰਚ ਕੀਤੀ ਜਾਂਦੀ ਸੀ, ਉਸ ਦੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਾਰਾ ਮਿਆਰ ਹੀ ਗਰਾਮਰ (ਵਿਆਕਰਣ) ਦੇ ਮੁੱਢ ਨਾਲ ਬੱਝਾ ਹੋਇਆ ਸੀ ਅਤੇ ਅੰਗਰੇਜ਼ੀ ਦੀ ਪੜ੍ਹਾਈ ਦਾ ਮਿਆਰ ਵੀ ਬਹੁਤ ਉੱਚਾ ਹੁੰਦਾ ਸੀ।
ਜਗਿਆਸਾ ਵੱਸ ਮੈਂ ਉਨ੍ਹਾਂ ਕੋਲੋਂ ਇਹ ਵੀ ਪੁੱਛ ਲਿਆ ਕਿ ਉਹ ਉਨ੍ਹਾਂ ਦਾ ਪੜ੍ਹਾਈ ਦਾ ਮਾਧਿਅਮ ਕੀ ਸੀ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਉੱਥੇ ਪੜ੍ਹਾਈ ਦਾ ਖਾਸ ਤੌਰ ਤੇ ਵਿਗਿਆਨ ਦੀ ਪੜ੍ਹਾਈ ਦਾ ਮਾਧਿਅਮ ਅੰਗਰੇਜ਼ੀ ਹੀ ਸੀ ਅਤੇ ਹੋਰ ਜਿਹੜੀਆਂ ਭਾਸ਼ਾਵਾਂ ਉਹ ਪੜ੍ਹਦੇ ਸਨ ਉਹਦੇ ਵਿੱਚ ਜਾਂ ਤਾਂ ਤੁਸੀਂ ਉਰਦੂ ਫ਼ਾਰਸੀ ਤੇ ਜਾਂ ਫਿਰ ਉਰਦੂ ਸੰਸਕ੍ਰਿਤ ਲੈ ਸਕਦੇ ਸੀ। ਫ਼ਾਰਸੀ ਅਤੇ ਸੰਸਕ੍ਰਿਤ ਨੂੰ ਕਲਾਸਕੀ ਭਾਸ਼ਾਵਾਂ ਦਾ ਦਰਜਾ ਹਾਸਲ ਸੀ। ਮੈਨੂੰ ਇਹ ਸੁਣ ਕੇ ਬੜੀ ਹੈਰਾਨੀ ਹੋਈ ਤੇ ਮੈਂ ਪੁੱਛਿਆ ਕਿ ਉਨ੍ਹਾਂ ਦਿਨਾਂ ਵਿੱਚ ਪੰਜਾਬੀ ਪੜ੍ਹਾਉਣ ਦਾ ਕੋਈ ਉਪਰਾਲਾ ਨਹੀਂ ਸੀ ਹੁੰਦਾ? ਇਸ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਪੰਜਾਬੀ ਆਮ ਤੌਰ ਤੇ ਕੁਝ ਚੋਣਵੇਂ ਖ਼ਾਲਸਾ ਸਕੂਲਾਂ ਵਿੱਚ ਹੀ ਪੜ੍ਹਾਈ ਜਾਂਦੀ ਸੀ ਤੇ ਸਰਕਾਰੀ ਸਕੂਲਾਂ ਵਿੱਚ ਨਹੀਂ। ਜਾਂ ਫਿਰ ਤੁਸੀਂ ਪੰਜਾਬੀ ਆਪਣੇ ਘਰੇ ਹੀ ਸਿੱਖਦੇ ਸੀ।
1947 ਤੋਂ ਬਾਅਦ ਇਕ ਦਮ ਵੱਡਾ ਬਦਲਾਅ ਆਇਆ। ਉਨ੍ਹਾਂ ਮੈਨੂੰ ਦੱਸਿਆ ਕਿ 1947 ਤੋਂ ਬਾਅਦ ਉਰਦੂ ਦੀ ਥਾਂ ਪੰਜਾਬੀ ਨੇ ਲੈ ਲਈ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਸੱਤਵੀਂ ਜਮਾਤ ਤੋਂ ਉਸੇ ਸਰਕਾਰੀ ਹਾਈ ਸਕੂਲ ਦੇ ਵਿੱਚ ਪੰਜਾਬੀ ਦੀ ਪੜ੍ਹਾਈ ਸ਼ੁਰੂ ਕਰ ਲਈ। ਪੜ੍ਹਾਈ ਦੀਆਂ ਹੋਰ ਗੱਲਾਂ ਕਰਦਿਆਂ ਪਿਤਾ ਜੀ ਮੈਨੂੰ ਇਹ ਵੀ ਦੱਸਿਆ ਕਿ ਪੜ੍ਹਨ ਦੇ ਸ਼ੌਕ ਕਰਕੇ ਹੀ ਉਹ ਸਰਦੀਆਂ ਵਿੱਚ ਕਿਵੇਂ ਪਿੰਡ ਵਿੱਚ ਆਮ ਤਪਦੀਆਂ ਸ਼ਾਮ ਦੀਆਂ ਧੂਣੀਆਂ ਤੋਂ ਦੂਰ ਹੀ ਰਹਿੰਦੇ ਹੁੰਦੇ ਸਨ ਜਿੱਥੇ ਗੱਪ-ਗਪੌੜ ਦਾ ਕੁਣਕਾ ਬਹੁਤ ਖਾਧਾ ਜਾਂਦਾ ਹੁੰਦਾ ਸੀ।
ਮੈਂ ਜਦੋਂ ਉਨ੍ਹਾਂ ਨੂੰ ਪਿੰਡਾਂ ਵਿੱਚ ਪੜ੍ਹਨ ਦੇ ਘਟਦੇ ਰੁਝਾਨ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਹਾਮੀ ਭਰਦਿਆਂ ਇਹ ਜ਼ਰੂਰ ਕਿਹਾ ਕਿ ਵਕਤ ਬਦਲਣ ਨਾਲ ਕਈ ਕੁਝ ਬਦਲਦਾ ਹੈ ਪਰ ਹਰ ਜਗ੍ਹਾ ਇਹ ਗੱਲ ਠੀਕ ਨਹੀਂ ਢੁਕਦੀ ਕਿਉਂਕਿ ਇਹ ਸਭ ਕੁਝ ਮਾਹੌਲ ਦੇ ਉੱਤੇ ਵੀ ਮੁਨੱਸਰ ਹੈ। ਜਿੱਥੇ ਉਤਸ਼ਾਹ-ਪ੍ਰੇਰਨਾ ਦਾ ਚੰਗਾ ਮਾਹੌਲ ਮਿਲ ਜਾਂਦਾ ਹੈ ਉੱਥੇ ਪੜ੍ਹਨ ਦਾ ਸ਼ੌਕ ਬਰਕਰਾਰ ਰਹਿੰਦਾ ਹੈ।